ਡਰਾਈਵ ਕਰਨ ਲਈ ਸਰਬੋਤਮ ਫ਼ਲੀਟ ਲਈ ਨਾਮਜ਼ਦਗੀਆਂ ਖੁੱਲ੍ਹੀਆਂ

ਟਰੱਕਲੋਡ ਕੈਰੀਅਰਸ ਐਸੋਸੀਏਸ਼ਨ (ਟੀ.ਸੀ.ਏ.) ਅਤੇ ਕੈਰੀਅਰਸਐੱਜ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਪੇਸ਼ੇਵਰ ਡਰਾਈਵਰ ਅਤੇ ਸੁਤੰਤਰ ਠੇਕੇਦਾਰ ਆਪਣੀਆਂ ਕੰਪਨੀਆਂ ਨੂੰ ਡਰਾਈਵ ਕਰਨ ਲਈ ਸਰਬੋਤਮ ਫ਼ਲੀਟ ਦੇ ਮੁਕਾਬਲੇ ’ਚ ਨਾਮਜ਼ਦ ਕਰ ਸਕਦੇ ਹਨ। ਕੈਰੀਅਰਸ ਨੂੰ 31 ਅਕਤੂਬਰ ਤੱਕ ਨਾਮਜ਼ਦ ਕੀਤਾ ਜਾ ਸਕਦਾ ਹੈ।

2008 ਤੋਂ ਲੈ ਕੇ, ਟੀ.ਸੀ.ਏ. ਅਤੇ ਕੈਰੀਅਰਸਐੱਜ ਨੇ ਬਿਹਤਰੀਨ ਕੰਮ ਕਰਨ ਵਾਲੇ ਕੈਰੀਅਰਸ ਦੀ ਪਛਾਣ ਕਰਨ ਅਤੇ ਮਾਨਤਾ ਦੇਣ ਦਾ ਉਪਰਾਲਾ ਕੀਤਾ ਹੈ।

ਇੱਕ ਫ਼ਲੀਟ ਨੂੰ ਨਾਮਜ਼ਦ ਕਰਨ ਦੇ ਨਾਲ, ਇੱਕ ਪੇਸ਼ੇਵਰ ਟਰੱਕ ਡਰਾਈਵਰ ਰਸਮੀ ਤੌਰ ’ਤੇ ਕੰਪਨੀ ਦੇ ਸਭਿਆਚਾਰ, ਪ੍ਰੋਗਰਾਮਾਂ ਅਤੇ ਕੰਮਕਾਜ ਦੇ ਵਾਤਾਵਰਣ ਨੂੰ ਮਾਨਤਾ ਦੇ ਰਿਹਾ ਹੈ। ਜੇਕਰ ਕੋਈ ਕੈਰੀਅਰ ਇਸ ’ਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਸੀਨੀਅਰ ਮੈਨੇਜਮੈਂਟ ਨੂੰ ਭਰਨ ਲਈ ਇੱਕ ਪ੍ਰਸ਼ਨ ਪੱਤਰ ਦਿੱਤਾ ਜਾਵੇਗਾ ਅਤੇ ਇੰਟਰਵਿਊ ਲਈ ਜਾਵੇਗੀ, ਜਦਕਿ ਕੁੱਝ ਚੋਣਵੇਂ ਡਰਾਈਵਰਾਂ ਦਾ ਸਰਵੇ ਕੀਤਾ ਜਾਵੇਗਾ, ਜੋ ਕਿ ਕੰਪਨੀ ਦੀਆਂ ਨੀਤੀਆਂ ਅਤੇ ਅਭਿਆਸਾਂ ਦੀ ਡੂੰਘੀ ਪਰਖ ਕਰੇਗਾ।

Best Fleets to Drive For logo
(ਤਸਵੀਰ: ਸਪਲਾਈਡ)

ਕੈਰੀਅਰਸਐੱਜ ਦੀ ਸੀ.ਈ.ਓ. ਜੇਨ ਜੈਜ਼ਰਵੀ ਨੇ ਕਿਹਾ, ‘‘ਉਦਯੋਗ ’ਚ ਨਵੀਆਂ ਘਟਨਾਵਾਂ ਅਨੁਸਾਰ ਪ੍ਰੋਗਰਾਮ ’ਚ ਹਰ ਸਾਲ ਸੋਧ ਕੀਤੀ ਜਾਂਦੀ ਹੈ। ਪਿਛਲੇ ਦੋ ਸਾਲਾਂ ’ਚ, ਅਸੀਂ ਕੈਰੀਅਰਸ ਨੂੰ ਕੋਵਿਡ ਕਰਕੇ ਪੈਦਾ ਹੋਈਆਂ ਚੁਨੌਤੀਆਂ ਨਾਲ ਨਜਿੱਠਣ ਲਈ ਸਖ਼ਤ ਮਿਹਨਤ ਕਰਦਿਆਂ ਵੇਖਿਆ ਹੈ। ਅਸੀਂ ਇਹ ਵੇਖਣ ਲਈ ਉਤਸ਼ਾਹਿਤ ਹਾਂ ਕਿ ਮਹਾਂਮਾਰੀ ਦੇ ਅਸਰ ਤੋਂ ਬਾਹਰ ਨਿਕਲਣ ਅਤੇ  ਡਾਵਾਂਡੋਲ ਆਰਥਿਕਤਾ ਦੀਆਂ ਚੁਨੌਤੀਆਂ ਨਜਿੱਠਣ ਲਈ ਫ਼ਲੀਟ ਕਿਹੜੇ ਨਵੇਂ ਵਿਚਾਰ ਲੈ ਕੇ ਆਏ।’’

ਟੀ.ਸੀ.ਏ. ਦੇ ਪ੍ਰੈਜ਼ੀਡੈਂਟ ਜਿਮ ਵਾਰਡ ਨੇ ਕਿਹਾ, ‘‘ਡਰਾਈਵ ਕਰਨ ਲਈ ਸਰਬੋਤਮ ਫ਼ਲੀਟ ਪ੍ਰੋਗਰਾਮ ਦੀ ਸ਼ੁਰੂਆਤ 15 ਸਾਲ ਪਹਿਲਾਂ 2008 ਦੇ ਮੰਦਵਾੜੇ ਹੋਈ ਸੀ, ਜਦੋਂ ਅਸੀਂ ਅਣਕਿਆਸੇ ਸਮਿਆਂ ਦੌਰਾਨ ਫ਼ਲੀਟਸ ਵੱਲੋਂ ਡਰਾਈਵਰਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਅਨੋਖੇ ਤਰੀਕਿਆਂ ਤੋਂ ਬਹੁਤ ਪ੍ਰਭਾਵਤ ਹੋਏ ਸੀ। ਮੈਂ ਇਹ ਵੇਖਣ ਲਈ ਉਤਸ਼ਾਹਿਤ ਹਾਂ ਕਿ ਪਿਛਲੇ ਸਾਲ ਦੇ ਪ੍ਰੋਗਰਾਮ ਤੋਂ ਬਾਅਦ ਕੈਰੀਅਰਸ ਨੇ ਕਿਹੜੇ ਨਵੇਂ ਮਾਨਕ ਸਥਾਪਤ ਕੀਤੇ ਹਨ ਤਾਂ ਕਿ ਪੇਸ਼ੇਵਰ ਡਰਾਈਵਰਾਂ, ਅਤੇ ਪੂਰੇ ਉਦਯੋਗ ਲਈ ਕੰਮਕਾਜ ਦੇ ਬਿਹਤਰ ਹਾਲਾਤ ਸਿਰਜੇ ਜਾ ਸਕਣ।’’

ਅਮਰੀਕਾ ਜਾਂ ਕੈਨੇਡਾ ’ਚ 10 ਜਾਂ ਇਸ ਤੋਂ ਵੱਧ ਟਰੈਕਟਰ-ਟਰੇਲਰ ਚਲਾ ਰਹੇ ਫ਼ਲੀਟ ਨਾਮਜ਼ਦਗੀਆਂ ਭਰਨ ਲਈ ਯੋਗ ਹਨ। ਪ੍ਰੋਗਰਾਮ ਬਾਰੇ ਜਾਣਨ ਲਈ ਅਤੇ ਨਾਮਜ਼ਦਗੀ ਭਰਨ ਬਾਰੇ ਜਾਣਕਾਰੀ ਲਈ BestFleetsToDriveFor.com ’ਤੇ ਜਾਓ। ਹਿੱਸਾ ਲੈਣ ਲਈ ਟੀ.ਸੀ.ਏ. ਦੀ ਮੈਂਬਰਸ਼ਿਪ ਲਾਜ਼ਮੀ ਨਹੀਂ ਹੈ।

ਸਮੀਖਿਆ ਦੀ ਪ੍ਰਕਿਰਿਆ ਤੋਂ ਬਾਅਦ ਸਿਖਰਲੇ 20 ਸਭ ਤੋਂ ਵੱਧ ਅੰਕ ਲੈਣ ਵਾਲੇ ਫ਼ਲੀਟਸ ਦੀ ਡਰਾਈਵ ਕਰਨ ਲਈ ਸਰਬੋਤਮ ਫ਼ਲੀਟ ਵਜੋਂ ਪਛਾਣ ਕੀਤੀ ਜਾਵੇਗੀ ਅਤੇ ਇਸ ਦਾ ਐਲਾਨ ਜਨਵਰੀ 2023 ’ਚ ਕੀਤਾ ਜਾਵੇਗਾ। ਇਨ੍ਹਾਂ 20 ਕੰਪਨੀਆਂ ਨੂੰ ਅੱਗੇ ‘ਛੋਟੇ’ ਅਤੇ ‘ਵੱਡੇ’ ਕੈਰੀਅਰ ਸ਼੍ਰੇਣੀਆਂ ’ਚ ਵੰਡਿਆ ਜਾਵੇਗਾ। ਇਸ ਤੋਂ ਬਾਅਦ 4-7 ਮਾਰਚ, 2023 ਨੂੰ ਕੀਸੀਮੀ, ਫ਼ਲੋਰੀਡਾ. ਵਿਖੇ ਹੋਣ ਵਾਲੇ ਟੀ.ਸੀ.ਏ. ਦੇ ਸਾਲਾਨਾ ਸਮਾਗਮ ’ਚ ਦੋ ਕੁੱਲ ਮਿਲਾ ਕੇ ਜੇਤੂਆਂ ਦਾ ਐਲਾਨ ਅਜਿਹੇ ਫ਼ਲੀਟਸ ਨਾਲ ਕੀਤਾ ਜਾਵੇਗਾ ਜੋ ਕਿ ਪ੍ਰੋਗਰਾਮ ਦੇ ਹਾਲ ਆਫ਼ ਫ਼ੇਮ ’ਚ ਦਰਜ ਹੋਣਗੇ।