ਡਾਇਮਲਰ ਅਤੇ ਵੇਮੋ ਨੇ ਸਵੈਚਾਲਿਤ ਟਰੱਕਾਂ ਲਈ ਕੀਤੀ ਸਾਂਝੇਦਾਰੀ

Avatar photo
(ਤਸਵੀਰ: ਵੇਮੋ)

ਡਾਇਮਲਰ ਟਰੱਕਸ ਵੱਲੋਂ ਟਰੱਕਾਂ ਦੇ ਬਾਜ਼ਾਰ ‘ਚ ਉੱਚ ਪੱਧਰੀ ਸਵੈਚਾਲਿਤ ਗੱਡੀਆਂ ਲਿਆਉਣ ਲਈ ਵੇਮੋ ਨਾਲ ਭਾਈਵਾਲੀ ਕੀਤੀ ਜਾ ਰਹੀ ਹੈ, ਜਿਸ ਦਾ ਪਹਿਲਾਂ ਨਾਂ ਗੂਗਲ ਸੈਲਫ਼-ਡਰਾਈਵਿੰਗ ਕਾਰ ਪ੍ਰਾਜੈਕਟ ਸੀ।

ਅਮਰੀਕਾ ‘ਚ ਇਸ ਦੀ ਪਹਿਲ ਫ਼ਰੇਟਲਾਈਨਰ ਕਾਸਕੇਡੀਆ ‘ਚ ਵੇਮੋ ਡਰਾਈਵਰ ਸਿਸਟਮ ਨੂੰ ਜੋੜਨ ‘ਤੇ ਹੋਵੇਗੀ, ਜਿਸ ਨਾਲ ਲੈਵਲ 4 ਦੀਆਂ ਸਵੈਚਾਲਨ ਸਮਰਥਾਵਾਂ ਵਾਲਾ ਟਰੱਕ ਤਿਆਰ ਹੋਵੇਗਾ।

ਅਜਿਹੇ ਕੰਟਰੋਲਸ ਦਾ ਮਤਲਬ ਹੈ ਕਿ ਨਿਰਧਾਰਤ ਹਾਲਾਤ ‘ਚ ਟਰੱਕ ਖ਼ੁਦ ਹੀ ਡਰਾਈਵਿੰਗ ਦਾ ਹਰ ਕੰਮ ਕਰਨ ‘ਚ ਸਮਰੱਥ ਹੋਵੇਗਾ।

ਇਹ ਕੌਮਾਂਤਰੀ ਭਾਈਵਾਲੀ ਹੋਰਨਾਂ ਬਾਜ਼ਾਰਾਂ ਅਤੇ ਗੱਡੀਆਂ ਦੇ ਮਾਮਲੇ ‘ਚ ਵੀ ਅਜਿਹੇ ਹੋਰ ਮੌਕੇ ਤਲਾਸ਼ੇਗੀ।

ਇਸ ਸੰਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਡਾਇਮਲਰ ਟਰੱਕ ਏ.ਜੀ. ਦੇ ਬੋਰਡ ਆਫ਼ ਮੈਨੇਜਮੈਂਟ ਦੇ ਚੇਅਰਮੈਨ ਮਾਰਟਿਨ ਡੌਮ ਨੇ ਕਿਹਾ, ”ਮੇਰੇ ਲਈ ਇਹ ਇੱਕ ਇਤਿਹਾਸਕ ਪਲ ਹੈ ਜਦੋਂ ਟਰੱਕਿੰਗ ਦੇ ਖੇਤਰ ‘ਚ ਸਰਬੋਤਮ ਨਿਰਮਾਣ ਦਾ ਮੇਲ ਬਿਹਤਰੀਨ ਸਾਫ਼ਟਵੇਅਰ ਨਾਲ ਹੋਇਆ ਹੈ।”

ਸਵੈਚਾਲਿਤ ਗੱਡੀਆਂ ਦੇ ਨਿਰਮਾਣ ‘ਚ ਇਹ ਡਾਇਮਲਰ ਦਾ ਇੱਕੋ-ਇੱਕ ਉੱਦਮ ਨਹੀਂ ਹੈ।

ਡਾਇਮਲਰ ਟਰੱਕਸ ਨੇ ਇੱਕ ਸਾਲ ਪਹਿਲਾਂ ਟੋਰਕ ਰੋਬੋਟਿਕਸ ਦਾ ਵੱਡਾ ਹਿੱਸਾ ਖ਼ਰੀਦ ਲਿਆ ਸੀ ਅਤੇ ਇੱਕ ਦਹਾਕੇ ਅੰਦਰ ਉੱਚ ਪੱਧਰ ਦੀਆਂ ਸਵੈਚਾਲਿਤ ਗੱਡੀਆਂ ਵਿਕਸਤ ਕਰਨ ਦਾ ਵਾਅਦਾ ਕੀਤਾ ਸੀ।

ਹਾਲਾਂਕਿ ਵੇਮੋ ਨਾਲ ਨਵੀਂ ਸਾਂਝੇਦਾਰੀ ਦੇ ਮਾਮਲੇ ‘ਚ ਕਾਰੋਬਾਰ ‘ਚ ਹਿੱਸਾ ਖ਼ਰੀਦਣਾ ਸ਼ਾਮਲ ਨਹੀਂ ਹੈ।

ਦੋਹਰੀ ਰਣਨੀਤੀ ਪਹੁੰਚ

ਡੌਮ ਨੇ ਸਵੈਚਾਲਿਤ ਟਰੱਕ ਪੇਸ਼ ਕਰਨ ਲਈ ਦੋ ਵੱਖੋ-ਵੱਖ ਪਹਿਲਾਂ, ਵੇਮੋ ਅਤੇ ਟੋਰਕ ਰੋਬੋਟਿਕਸ, ਅਪਨਾਉਣ ‘ਤੇ ਕਿਹਾ ਕਿ ਇਸ ਨਾਲ ਵਿਕਾਸ ਦੀਆਂ ਕੋਸ਼ਿਸ਼ਾਂ ਨੂੰ ਬਲ ਮਿਲੇਗਾ।

ਅਤੇ ਅਜੇ ਵੀ ਇਸ ਦੇ ਵਿਕਾਸ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ ਹੈ।

ਵੇਮੋ ਦੇ ਸੀ.ਈ.ਓ. ਜੌਨ ਕਰਾਫ਼ਸਿਕ ਨੇ ਕਿਹਾ ਕਿ ਸਵੈਚਾਲਿਤ ਟਰੱਕਾਂ ਦੇ ਰਾਹ ‘ਚ ਮੌਜੂਦ ਰੇੜਕਿਆਂ ‘ਚੋਂ ਇੱਕ ਹੈ ਸਟੀਅਰਿੰਗ ਦਾ ਵਿਅਰਥ ਪ੍ਰਯੋਗ, ਬ੍ਰੇਕਿੰਗ ਅਤੇ ਪਾਵਰਟਰੇਨ ਕੰਟਰੋਲ।

ਉਨ੍ਹਾਂ ਕਿਹਾ, ”ਹੈਵੀ ਟਰੱਕ ਦੇ ਮਾਮਲੇ ‘ਚ, ਸ਼੍ਰੇਣੀ 8 ਦੇ ਮਾਮਲੇ ‘ਚ, ਇਹ ਉਪਕਰਨ ਅੱਜ ਨਹੀਂ ਹਨ। ਇਹੀ ਇਸ ਤਕਨਾਲੋਜੀ ਨੂੰ ਦੁਨੀਆ ‘ਚ ਉਤਾਰਨ ਦੇ ਰਾਹ ਦਾ ਸਭ ਤੋਂ ਵੱਡਾ ਰੇੜਕਾ ਹੈ।”

ਡਾਇਮਲਰ ਟਰੱਕਸ ਉੱਤਰੀ ਅਮਰੀਕਾ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਰੋਜਰ ਨੀਲਸਨ ਨੇ ਕਿਹਾ ਕਿ ਵੇਮੋ ਨਾਲ ਭਾਈਵਾਲੀ ਸਪਲਾਈਕਰਤਾਵਾਂ ‘ਚ ਇਹ ਭਰੋਸਾ ਜਗਾਉਂਦੀ ਹੈ ਕਿ ਡਾਇਮਲਰ ਬਾਜ਼ਾਰ ‘ਚ ਲੈਵਲ 4 ਦਾ ਟਰੱਕ ਲਿਆਉਣ ਲਈ ਪ੍ਰਤੀਬੱਧ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਐਲਾਨ ਦਾ ਮਤਲਬ ਹੈ ਕਿ ਹੁਣ ਸਵੈਚਾਲਿਤ ਗੱਡੀਆਂ ਲਈ ਦੋ ਵੱਖੋ-ਵੱਖ ਪਹਿਲਾਂ ਕੰਮ ਕਰ ਰਹੀਆਂ ਹਨ, ਡਾਇਮਲਰ ਆਪਣੇ ਗ੍ਰਾਹਕਾਂ ਨੂੰ ਪਾਵਰਟਰੇਨ ਅਤੇ ਟਰਾਂਸਮਿਸ਼ਨ ਦੇ ਮਾਮਲੇ ‘ਚ ਵੱਖੋ-ਵੱਖ ਚੋਣ ਦਿੰਦਾ ਹੈ।

ਡਾਇਮਲਰ ਦਾ ਸਵੈਚਾਲਿਤ ਸਫ਼ਰ

ਇਹ ਓ.ਈ.ਐਮ. 2014 ਤੋਂ ਹੀ ਸਵੈਚਾਲਿਤ ਕਮਰਸ਼ੀਅਲ ਗੱਡੀਆਂ ਦੀਆਂ ਸੰਭਾਵਨਾਵਾਂ ਦਾ ਪ੍ਰਦਰਸ਼ਨ ਕਰਦਾ ਆ ਰਿਹਾ ਹੈ, ਜਦੋਂ ਇਸ ਨੇ ਮਰਸੀਡੀਜ਼-ਬੈਂਜ਼ ਫ਼ਿਊਚਰ ਟਰੱਕ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਤੋਂ ਇੱਕ ਸਾਲ ਬਾਅਦ ਇਸ ਨੇ ਨਵੇਡਾ ‘ਚ ਫ਼ਰੇਟਲਾਈਨਰ ਇੰਸਪੀਰੇਸ਼ਨ ਟਰੱਕ ਲਿਆਂਦਾ ਸੀ।

ਇਸ ਹੇਠ ਲੁਕੀਆਂ ਬਹੁਤੀਆਂ ਤਕਨਾਲੋਜੀਆਂ ਡਿਟਰੋਇਟ ਅਸ਼ੋਅਰੈਂਸ 5.0 ਦੀਆਂ ਲੈਵਲ 2 ਦੀਆਂ ਸਮਰਥਾਵਾਂ ਵਜੋਂ ਸਾਹਮਣੇ ਆਈਆਂ ਸਨ, ਜਿਵੇਂ ਲੇਨ-ਕੀਪਿੰਗ ਅਸਿਸਟੈਂਸ ਜੋ ਕਿ ਅੱਜ ਦੇ ਫ਼ਰੇਟਲਾਈਨਰ ਕਾਸਕੇਡੀਆ ‘ਚ ਮੌਜੂਦ ਹੈ।

ਇਸ ਦੌਰਾਨ, ਪਿੱਛੇ ਜਿਹੇ ਬਣਾਇਆ ਡਾਇਮਲਰ ਟਰੱਕਸ ਖ਼ੁਦਮੁਖਤਿਆਰ ਤਕਨਾਲੋਜੀ ਗਰੁੱਪ ਅਮਰੀਕਾ ਦੇ ਦੱਖਣ-ਪੱਛਮੀ ਖੇਤਰ ‘ਚ ਐਲਬੂਕੁਰਕੀ, ਐਨ.ਐਮ. ਵਿਖੇ ਨਵੇਂ ਜਾਂਚ ਕੇਂਦਰ ਨੂੰ ਸਥਾਪਤ ਕਰ ਰਿਹਾ ਹੈ ਜੋ ਕਿ ਅਜਿਹੇ ਤਜ਼ਰਬਿਆਂ ਦਾ ਕੇਂਦਰ ਬਣ ਚੁੱਕਾ ਹੈ।

ਇਹੀ ਉਹ ਖੇਤਰ ਹੈ ਜਿੱਥੇ ਕਿ ਵੇਮੋ-ਸੰਬੰਧਤ ਟਰੱਕ ਦਾ ਅਧਿਐਨ ਕੀਤਾ ਜਾਵੇਗਾ।

ਵੇਮੋ ਦਾ ਟਰੱਕਾਂ ਨਾਲ ਤਜ਼ਰਬਾ

ਵੇਮੋ ਖ਼ੁਦ ਪਿਛਲੇ 11 ਸਾਲਾਂ ਤੋਂ ਸਵੈਚਾਲਿਤ ਵਹੀਕਲ ਤਕਨਾਲੋਜੀ ਦਾ ਵਿਕਾਸ ਕਰ ਰਿਹਾ ਹੈ, ਅਤੇ ਹੁਣ ਉਹ ਫ਼ੀਨਿਕਸ, ਐਰੀਜ਼ੋਨਾ ‘ਚ ਵੇਮੋ ਡਰਾਈਵਰ ਦੀ ਜਾਂਚ ਕਰ ਰਿਹਾ ਹੈ।

ਇਸ ਨੇ ਕਮਰਸ਼ੀਅਲ ਟਰੱਕਾਂ ਨਾਲ ਮਾਰਚ 2017 ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ। 2018 ‘ਚ ਕੀਤੇ ਇੱਕ ਪਾਇਲਟ ਪ੍ਰਾਜੈਕਟ ਦੌਰਾਨ ਅਟਲਾਂਟਾ ਸਥਿਤ ਗੂਗਲ ਦੇ ਡਾਟਾ ਸੈਂਟਰਾਂ ਤਕ ਜਾਣ ਅਤੇ ਆਉਣ ਦੇ ਕਈ ਸਫ਼ਲ ਸਫ਼ਰ ਮੁਕੰਮਲ ਕੀਤੇ ਗਏ।

ਕੰਪਨੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਫ਼ੀਐਟ ਕਰਾਇਸਲਰ ਨਾਲ ਮਿਲ ਕੇ ਸ਼੍ਰੇਣੀ 1-3 ਦੇ ਸਵੈਚਾਲਿਤ ਕਮਰਸ਼ੀਅਲ ਵਹੀਕਲਾਂ ਦਾ ਵਿਕਾਸ ਕਰ ਰਹੀ ਹੈ, ਜਿਸ ਵਿੱਚ ਪਹਿਲਾਂ ਸਾਫ਼ਟਵੇਅਰ ਨੂੰ ਰੈਮ ਪ੍ਰੋਮਾਸਟਰ ਵੈਨ ‘ਚ ਏਕੀਕ੍ਰਿਤ ਕੀਤਾ ਜਾ ਰਿਹਾ ਹੈ।

ਵੇਮੋ ਦਾ ਜ਼ਿਆਦਾਤਰ ਤਜ਼ਰਬਾ ਹਲਕੀਆਂ ਗੱਡੀਆਂ ‘ਤੇ ਕੇਂਦਰਤ ਰਿਹਾ ਹੈ, ਕਰਾਫ਼ਸਿਕ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਵੇਂ ਟਰੱਕਿੰਗ ਉੱਦਮਾਂ ਦਾ ਮਤਲਬ ਹੋਰਨਾਂ ਕੰਮਾਂ ਨੂੰ ਛੱਡ ਦੇਣਾ ਨਹੀਂ ਹੋਵੇਗਾ।

ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ”ਇਹ ਸਾਡੀ ਯੋਜਨਾ ‘ਚ ਕੋਵਿਡ ਕਰਕੇ ਹੋਈ ਤਬਦੀਲੀ ਨਹੀਂ ਹੈ।” ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਕੋਵਿਡ-19 ਦੌਰਾਨ ਲੋਕ ਡਿਲੀਵਰੀਆਂ ‘ਤੇ ਪਹਿਲਾਂ ਤੋਂ ਕਿਤੇ ਜ਼ਿਆਦਾ ਨਿਰਭਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਵੈਚਾਲਿਤ ਕਾਰਾਂ ਦੇ ਮਾਮਲੇ ‘ਚ ਹੋਏ ਕੰਮ ਤੋਂ ਸਬਕ ਸਿੱਖਣ ਦੇ ਵੀ ਮੌਕੇ ਹਨ।

”ਅਜਿਹਾ ਲਗਦਾ ਹੈ ਕਿ ਸ਼ਹਿਰਾਂ ‘ਚ ਡਰਾਈਵ ਕਰਨਾ ਅਤੇ ਵੱਡੇ ਟਰੱਕਾਂ ਨੂੰ ਚਲਾਉਣ ‘ਚ ਕਾਫ਼ੀ ਸਮਾਨਤਾਵਾਂ ਹਨ।”

ਹਾਲਾਂਕਿ ਕੁੱਝ ਫ਼ਰਕ ਵੀ ਹਨ ਜਿਨ੍ਹਾਂ ਬਾਰੇ ਵਿਚਾਰ ਕਰਨ ਦੀ ਜ਼ਰੂਰਤ ਹੈ। ਕਰਾਫ਼ਸਿਕ ਨੇ ਰੁਕਣ ਲਈ ਲੰਮੀ ਦੂੂਰੀ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇਹ ਗੱਡੀ ਦੀ ਲੰਮੀ-ਦੂੂਰੀ ਦੀ ਸੋਝੀ ਨੂੰ ਭੁਗਤਾਏਗਾ।

ਪਰ ਵੇਮੋ ਕੋਲ ਸਾਫ਼ ਤੌਰ ‘ਤੇ ਤਕਨਾਲੋਜੀ ਲਈ ਲੰਮੀ ਦੂਰੀ ਦਾ ਨਜ਼ਰੀਆ ਹੈ।

ਕਰਾਫ਼ਸਿਕ ਨੇ ਕਿਹਾ, ”ਅਸੀਂ ਯੂਰੋਪ ਅਤੇ ਹੋਰਨਾਂ ਬਾਜ਼ਾਰਾਂ ‘ਚ ਵੀ ਹੋਵਾਂਗੇ।”