ਡਾਇਮਲਰ ਵੱਲੋਂ ਇਲੈਕਟਿ੍ਰਕ ਆਈਲੈਂਡ ਦੇ ਖੁੱਲ੍ਹਣ ਦਾ ਸਵਾਗਤ

Avatar photo

ਡਾਇਮਲਰ ਟਰੱਕਸ ਉੱਤਰੀ ਅਮਰੀਕਾ (ਡੀ.ਟੀ.ਐਨ.ਏ.) ਅਤੇ ਪੋਰਟਲੈਂਡ ਜਨਰਲ ਇਲੈਕਟਿ੍ਰਕ (ਪੀ.ਜੀ.ਈ.) ਨੇ ਹੈਵੀ-ਡਿਊਟੀ ਇਲੈਕਟਿ੍ਰਕ ਟਰੱਕਾਂ ਨੂੰ ਚਾਰਜ ਕਰਨ ਲਈ ਆਪਣੀ ਤਰ੍ਹਾਂ ਦਾ ਪਹਿਲਾ ਇਲੈਕਟਿ੍ਰਕ ਆਈਲੈਂਡ ਖੋਲ੍ਹਿਆ ਹੈ।

(ਤਸਵੀਰ: ਡੀ.ਟੀ.ਐਨ.ਏ.)

ਕੰਪਨੀਆਂ ਨੇ ਕਿਹਾ ਕਿ ਇਸ ਨਾਲ ਇਲੈਕਟਿ੍ਰਕ ਟਰੱਕਾਂ ਦੇ ਵਿਕਾਸ, ਜਾਂਚ ਅਤੇ ਪ੍ਰਯੋਗ ਨੂੰ ਗਤੀ ਮਿਲੇਗੀ।

ਇਲੈਕਟਿ੍ਰਕ ਆਈਲੈਂਡ ’ਚ ਅੱਠ ਚਾਰਜਿੰਗ ਸਟੇਸ਼ਨ ਹੋਣਗੇ, ਜਿਨ੍ਹਾਂ ’ਚੋਂ ਜ਼ਿਆਦਾਤਰ ਇਲੈਕਟਿ੍ਰਕ ਕਾਰਾਂ, ਬੱਸਾਂ, ਬਾਕਸ ਵੈਨਾਂ ਅਤੇ ਸੈਮੀ-ਟਰੱਕਾਂ ਨੂੰ ਚਾਰਜ ਕਰਨ ਲਈ ਜਨਤਕ ਪ੍ਰਯੋਗ ਲਈ ਮੌਜੂਦ ਹਨ। ਡੀ.ਟੀ.ਐਨ.ਏ. ਨੇ ਕਿਹਾ ਕਿ ਇਹ ਸਾਈਟ ਇੱਕ ਇਨੋਵੇਸ਼ਨ ਕੇਂਦਰ ਵਜੋਂ ਵੀ ਕੰਮ ਦੇਵੇਗੀ, ਜਿਸ ਨਾਲ ਇਸ ਨੂੰ ਅਤੇ ਪੀ.ਜੀ.ਈ. ਨੂੰ ਊਰਜਾ ਪ੍ਰਬੰਧਨ, ਚਾਰਜਰ ਪ੍ਰਯੋਗ ਅਤੇ ਪਰਫ਼ਾਰਮੈਂਸ ਦੀ ਸਟੱਡੀ ਕਰਨ ਦਾ ਮੌਕਾ ਮਿਲੇਗਾ।

ਇਹ ਸਾਈਟ ਡੀ.ਟੀ.ਐਨ.ਏ. ਹੈੱਡਕੁਆਰਟਰ ਦੇ ਦੂਜੇ ਪਾਸੇ ਅਤੇ ਆਈ-5 ਤੋਂ ਇੱਕ ਮੀਲ ਦੂਰ ਸਥਿੱਤ ਹੈ। ਇਸ ਨੂੰ 1+ ਮੈਗਾਵਾਟ ਚਾਰਜਰ ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਨੂੰ ਥਾਂ ਦੇਣ ਲਈ ਬਣਾਇਆ ਗਿਆ ਹੈ, ਜਦੋਂ ਵੀ ਇਹ ਮੌਜੂਦ ਹੋ ਜਾਣਗੀਆਂ।

(ਤਸਵੀਰ: ਡੀ.ਟੀ.ਐਨ.ਏ.)

ਡੀ.ਟੀ.ਐਨ.ਏ. ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਜੌਨ ਓ’ਲੈਰੀ ਨੇ ਕਿਹਾ, ‘‘ਪੋਰਟਲੈਂਡ ਜਨਰਲ ਇਲੈਕਟਿ੍ਰਕ ਵਰਗੇ ਬਿਹਤਰੀਨ ਪਾਰਟਨਰਾਂ ਨਾਲ ਭਾਈਵਾਲੀ ਰਾਹੀਂ ਅਸੀਂ ਕਾਰਬਨ-ਮੁਕਤ ਫ਼ਰੇਟ ਟਰਾਂਸਪੋਰਟ ਦੇ ਭਵਿੱਖ ਨੂੰ ਆਕਾਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਦੀ ਸ਼ੁਰੂਆਤ ਪੋਰਟਲੈਂਡ ਸਿਟੀ ਤੋਂ ਹੋਵੇਗੀ। ਇਸ ਤੋਂ ਇਲਾਵਾ ਭਰੋਸੇਯੋਗ, ਟਿਕਾਊ ਅਤੇ ਸਮਰੱਥ ਮੀਡੀਅਮ- ਅਤੇ ਹੈਵੀ-ਡਿਊਟੀ ਬੈਟਰੀ ਇਲੈਕਟਿ੍ਰਕ ਟਰੱਕਾਂ ਦਾ ਨਿਰਮਾਣ ਸਾਡੀ ਪੋਰਟਲੈਂਡ ਟਰੱਕ ਨਿਰਮਾਣ ਪਲਾਂਟ ’ਚ ਕੀਤਾ ਜਾਵੇਗਾ, ਜਿਸ ਤੋਂ ਪ੍ਰਦਰਸ਼ਿਤ ਹੁੰਦਾ ਹੈ ਕਿ ਅਸੀਂ ਸੱਚਮੁਚ ਇੱਕ ਇਲੈਕਟਿ੍ਰਕ ਆਈਲੈਂਡ ਵਿਕਸਤ ਕਰ ਰਹੇ ਹਾਂ।’’