ਡਿਸਪੈਚ ਦਾ ਰੋਲ ਅਦਾ ਕਰਨ ਲਈ ਮਹੱਤਵਪੂਰਨ ਹੈ ਸੰਚਾਰ ਮੁਹਾਰਤ ਅਤੇ ਹਮਦਰਦੀ

Avatar photo

ਉੱਤਰੀ ਅਮਰੀਕੀ ਹਾਈਵੇਜ਼ ’ਤੇ ਆਪਣੀ ਮੰਜ਼ਿਲ ਵੱਲ ਵਧਦੇ ਲੱਖਾਂ ਟਰੱਕਾਂ ਦੀ ਯੋਜਨਾਬੰਦੀ, ਨਿਗਰਾਨੀ ਅਤੇ ਸਮੱਸਿਆਵਾਂ ਦਾ ਹੱਲ ਕਰਨ ਲਈ ਕਈ ਲੋਕ ਦਿਨ ਅਤੇ ਰਾਤ ਆਪਣੀਆਂ ਕੰਪਿਊਟਰ ਸ੍ਰਕੀਨਾਂ ’ਤੇ ਸਿਰ ਸੁੱਟੀ ਅਤੇ ਫ਼ੋਨ ਕੰਨਾਂ ’ਤੇ ਲਾਈ ਕੰਮ ਕਰਦੇ ਰਹਿੰਦੇ ਹਨ।

ਡਿਸਪੈਚਰਾਂ ਨੂੰ ਡਰਾਈਵਰਾਂ ਅਤੇ ਗ੍ਰਾਹਕਾਂ ਨਾਲ ਨਿਭਦਿਆਂ ਟਰੈਫ਼ਿਕ ਦਾ ਐਸਾ ਪ੍ਰਬੰਧ ਯਕੀਨੀ ਕਰਨਾ ਪੈਂਦਾ ਹੈ ਕਿ ਗ੍ਰਾਹਕਾਂ ਦੀ ਸੇਵਾ ਵਾਲੇ ਟੀਚੇ ਪੂਰੇ ਹੋਣ। ਉਨ੍ਹਾਂ ਨੂੰ ਇਹ ਯਕੀਨੀ ਕਰਨਾ ਪੈਂਦਾ ਹੈ ਕਿ ਸਪਲਾਈ ਲੜੀਆਂ ’ਚ ਕੋਈ ਸਮੱਸਿਆ ਪੈਦਾ ਨਾ ਹੋਵੇ।

ਇਸ ਰੋਲ ਨੂੰ ਅਦਾ ਕਰਨ ਲਈ ਬਿਹਤਰੀਨ ਸੰਚਾਰ ਮੁਹਾਰਤ, ਹਮਦਰਦੀ ਅਤੇ ਸੰਜਮ ਭਰਿਆ ਵਿਹਾਰ ਬਹੁਤ ਜ਼ਰੂਰੀ ਹੈ।

ਕੈਂਬਰਿਜ, ਓਂਟਾਰੀਓ ਵਿਖੇ ਸ਼ਾਰਪ ਟਰਾਂਸਪੋਰਟੇਸ਼ਨ ਦੇ ਡਿਸਪੈਚ ਮੈਨੇਜਰ ਡੇਵੋਨ ਟਰਨਬੁੱਲ, ਨੇ ਕਿਹਾ ਕਿ 10 ਸਾਲਾਂ ਤੱਕ ਟਰੱਕ ਡਰਾਈਵਰ ਵਜੋਂ ਕੰਮ ਕਰਨਾ ਉਸ ਲਈ ਡਿਸਪੈਚਰ ਵਜੋਂ ਕਰੀਅਰ ਬਣਾਉਣ ’ਚ ਬਹੁਤ ਲਾਹੇਵੰਦ ਰਿਹਾ।

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ ਵੱਲੋਂ ਵਰ੍ਹੇ ਦੇ ਰਿਕ ਆਸਟਿਨ ਮੈਮੋਰੀਅਲ ਡਿਸਪੈਚਰ ਪੁਰਸਕਾਰ ਦੇ ਜੇਤੂ ਟਰਨਬੁੱਲ ਨੇ ਕਿਹਾ, ‘‘ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਡਰਾਈਵਰ ’ਤੇ ਕੀ ਬੀਤ ਰਹੀ ਹੈ। ਜਦੋਂ ਡਰਾਈਵਰਾਂ ਨੂੰ ਪਤਾ ਹੁੰਦਾ ਹੈ ਕਿ ਤੁਸੀਂ ਵੀ ਪਹਿਲਾਂ ਡਰਾਈਵਰ ਸੀ ਤਾਂ ਉਨ੍ਹਾਂ ਦੇ ਮਨ ’ਚ ਤੁਹਾਡੇ ਲਈ ਵੱਖਰੀ ਕਦਰ ਹੁੰਦੀ ਹੈ।’’

ਟਰੱਕਿੰਗ ’ਚ ਕਈ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ, ਕਈ ਵਾਰੀ ਰੁਕਣਾ ਪੈਂਦਾ ਹੈ ਅਤੇ ਦੇਰੀਆਂ ਹੋ ਜਾਂਦੀਆਂ ਹਨ। ਬੋਲਟਨ, ਓਂਟਾਰੀਓ ਵਿਖੇ ਟਰਾਈਲਿੰਕ ਲੋਜਿਸਟਿਕਸ ’ਚ ਆਪਰੇਸ਼ਨਜ਼ ਮੈਨੇਜਰ ਹਰਪ੍ਰੀਤ ਕੌਰ ਨੇ ਕਿਹਾ, ‘‘ਡਰਾਈਵਰ ਅਤੇ ਕੰਪਨੀ ਤੁਹਾਡੇ ’ਤੇ ਨਿਰਭਰ ਹਨ। ਤੁਹਾਨੂੰ ਗ੍ਰਾਹਕਾਂ ਨੂੰ ਸਮੇਂ ਸਿਰ ਅਪਡੇਟ ਦਿੰਦੇ ਰਹਿਣਾ ਪੈਂਦਾ ਹੈ।’’

ਮਿਸੀਸਾਗਾ, ਓਂਟਾਰੀਓ ’ਚ ਪੋਲਾਰਿਸ ਟਰਾਂਸਪੋਰਟੇਸ਼ਨ ਦੇ ਟਰਮੀਨਲ ਮੈਨੇਜਰ ਜੇਸਨ ਰਘੂ ਨੇ ਕਿਹਾ ਕਿ ਡਿਸਪੈਚਰਾਂ ਨੂੰ ਛੋਟੇ ਤੋਂ ਛੋਟੇ ਵੇਰਵੇ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਤਸਵੀਰ : ਲੀਓ ਬਾਰੋਸ

ਮਿਸੀਸਾਗਾ, ਓਂਟਾਰੀਓ ਵਿਖੇ ਪੋਲਾਰਿਸ ਟਰਾਂਸਪੋਰਟੇਸ਼ਨ ਦੇ ਟਰਮੀਨਲ ਮੈਨੇਜਰ ਜੇਸਨ ਰਘੂ ਦਾ ਕਹਿਣਾ ਹੈ ਕਿ ਡਿਸਪੈਚਿੰਗ ਨੂੰ ਕਰੀਅਰ ਵਜੋਂ ਅਪਨਾਉਣ ਸਮੇਂ ਤੁਹਾਨੂੰ ਆਪਣੇ ਕੰਮ ’ਚ ਆਨੰਦ ਲੈਣ ਦੀ ਜ਼ਰੂਰਤ ਹੁੰਦੀ ਹੈ। ਰਘੂ ਨੇ ਕਿਹਾ, ‘‘ਇਸ ’ਚ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ, ਮੈਨੂੰ ਤੇਜ਼ੀ ਪਸੰਦ ਹੈ ਅਤੇ ਮੈਨੂੰ ਚੁਨੌਤੀ ਪਸੰਦ ਹੈ।’’ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੰਮ ਕਰਨ ਲਈ ਛੋਟੇ ਤੋਂ ਛੋਟੇ ਵੇਰਵੇ ਅਤੇ ਸੰਚਾਰ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੁੰਦੀ ਹੈ।

ਸੈਂਟੇਨੀਅਲ ਕਾਲਜ ਵਿਖੇ ਸਪਲਾਈ ਚੇਨ ਮੈਨੇਜਮੈਂਟ ਦੇ ਪ੍ਰੋਫ਼ੈਸਰ ਸਟੀਵ ਬਿਸ਼ਪ ਨੇ ਕਿਹਾ ਕਿ ਡਿਸਪੈਚਰਾਂ ਨੂੰ ਹਰ ਕਿਸੇ ਨਾਲ ਤੱਥਪੂਰਨ, ਭਰੋਸੇਯੋਗ ਅਤੇ ਈਮਾਨਦਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਸੰਚਾਰ ਹੀ ਇਸ ਕੰਮ ’ਚ ਸਫ਼ਲ ਰਹਿਣ ਦੀ ਕੁੰਜੀ ਹੈ। ਮੁਹਾਰਤ ਵਧਾਉਣ ਲਈ ਪ੍ਰਕਿਰਿਆ ’ਚ ਸੁਧਾਰ ਬਾਰੇ ਤੁਹਾਨੂੰ ਮੈਨੇਜਮੈਂਟ ਨਾਲ ਸੰਪਰਕ ਕਰਨ ਦੀ ਜ਼ਰੂਰਤ ਪੈਂਦੀ ਹੈ। ਜਦੋਂ ਸਮੱਸਿਆਵਾਂ ਆਉਂਦੀਆਂ ਹਨ ਤਾਂ ਡਿਸਪੈਚਰਾਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਡਰਾਈਵਰ ਉਨ੍ਹਾਂ ਬਾਰੇ ਜਾਣੂ ਰਹਿਣ।’’

ਬਿਸ਼ਪ ਨੇ ਕਿਹਾ ਕਿ ਸਪਲਾਈ ਚੇਨ ਮੈਨੇਜਮੈਂਟ ਕੋਰਸ ਅਤੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਟਰਾਂਸਪੋਰਟੇਸ਼ਨ ਡਿਸਪੈਚਰ ਬਣਨ ਅਤੇ ਸਪਲਾਈ ਚੇਨ ਦੀ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ।

ਉਨ੍ਹਾਂ ਕਿਹਾ ਕਿ ਇਹ ਕੋਰਸ ਕਰਨ ਵਾਲੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਸ ਕੰਮ ਦਾ ਕੋਈ ਤਜ਼ਰਬਾ ਨਹੀਂ ਹੁੰਦਾ। ਉਹ ਕੰਪਨੀਆਂ ’ਚ ਦਾਖ਼ਲਾ ਪੱਧਰੀ ਰੋਲ ਪ੍ਰਾਪਤ ਕਰਦੇ ਹਨ ਅਤੇ ਕੰਮ ਕਰਦਿਆਂ ਤਰੱਕੀ ਕਰਦੇ ਰਹਿੰਦੇ ਹਨ।

2017 ’ਚ ਸਪਲਾਈ ਚੇਨ ਮੈਨੇਜਮੈਂਟ ’ਚ ਆਪਣਾ ਡਿਪਲੋਮਾ ਪ੍ਰਾਪਤ ਕਰਨ ਵਾਲੀ ਕੌਰ ਹੁਣ 75 ਟਰੱਕਾਂ ਦਾ ਪ੍ਰਬੰਧਨ ਕਰਦੀ ਹੈ। ਉਸ ਨੇ ਟਰਾਈਲਿੰਕ ’ਚ ਕੁੱਝ ਘੰਟਿਆਂ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ, ਹੌਲੀ-ਹੌਲੀ ਉਹ ਡਿਸਪੈਚ ਕਰਨ ਲੱਗ ਪਈ ਅਤੇ ਹੁਣ ਆਪਰੇਸ਼ਨਜ਼ ਮੈਨੇਜਰ ਹੈ।

ਬੋਲਟਨ, ਓਂਟਾਰੀਓ ਵਿਖੇ ਟ੍ਰਾਈਲਿੰਕ ਲੋਜਿਸਟਿਕਸ ’ਚ ਆਪਰੇਸ਼ਨਜ਼ ਮੈਨੇਜਰ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਡਰਾਈਵਰ ਅਤੇ ਕੰਪਨੀ ਡਿਸਪੈਚਰਾਂ ’ਤੇ ਨਿਰਭਰ ਹੈ। ਤਸਵੀਰ : ਲੀਓ ਬਾਰੋਸ

ਕੌਰ ਦਾ ਕਹਿਣਾ ਹੈ, ‘‘ਡਰਾਈਵਰ ਕੰਪਨੀ ਦੇ ਅਸਾਸੇ ਹਨ, ਤੁਹਾਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਉਹ ਖ਼ੁਸ਼ ਹਨ ਅਤੇ ਗ੍ਰਾਹਕਾਂ ਨੂੰ ਖ਼ੁਸ਼ ਰੱਖਦੇ ਹਨ।’’

ਸ਼ਾਰਪ ਦੇ ਟਰਨਬੁੱਲ ਨੇ ਕਿਹਾ ਕਿ ਉਹ ਆਪਣੇ ਡਰਾਈਵਰਾਂ ਨਾਲ ਹਮਦਰਦੀ ਰੱਖਦੇ ਹਨ ਅਤੇ ਸਾਰਿਆਂ ਲਈ ਬਰਾਬਰੀ ਦੇ ਮੌਕੇ ਪੈਦਾ ਕਰਦੇ ਹਨ।

ਟਰਨਬੁੱਲ ਨੇ ਕਿਹਾ, ‘‘ਮੈਂ ਕੁੱਝ ਹੱਦ ਤੱਕ ਦੋਸਤਾਨਾ ਮਾਹੌਲ ਕਾਇਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਕਈ ਵਾਰੀ ਤੁਹਾਨੂੰ ਜ਼ੋਰ ਦੇ ਕੇ ਕਹਿਣਾ ਪੈਂਦਾ ਹੈ ਕਿ ਕੰਮ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਇੱਥੇ ਮੈਨੂੰ ਇਹ ਕੁੱਝ ਕਰਨਾ ਨਹੀਂ ਪੈਂਦਾ। ਡਰਾਈਵਰ ਖ਼ੁਸ਼ੀ ਨਾਲ ਤੁਹਾਡੀ ਗੱਲ ਮੰਨ ਲੈਂਦੇ ਹਨ।’’

ਉਨ੍ਹਾਂ ਕਿਹਾ, ‘‘ਤੁਹਾਨੂੰ ਵਿਅਕਤੀਗਤ ਤੌਰ ’ਤੇ ਗੱਲ ਸਮਝਣ ਵਾਲਾ ਅਤੇ ਲੋਕਾਂ ਨਾਲ ਪਿਆਰ ਕਰਨ ਵਾਲਾ ਹੋਣ ਦੀ ਜ਼ਰੂਰਤ ਹੈ। ਹਰ ਡਰਾਈਵਰ ਦੀ ਸਥਿਤੀ ਵੱਖ ਹੁੰਦੀ ਹੈ, ਤੁਹਾਨੂੰ ਇਹੀ ਗੱਲ ਸਮਝਣ ਦੀ ਜ਼ਰੂਰਤ ਹੈ। ਤੁਸੀਂ ਇਸ ਤਰੀਕੇ ਨਾਲ ਉਨ੍ਹਾਂ ਨੂੰ ਡਿਸਪੈਚ ਕਰ ਸਕਦੇ ਹੋ ਜੋ ਹਰ ਕਿਸੇ ਲਈ ਬਿਹਤਰੀਨ ਰਹੇ।’’

ਪੋਲਾਰਿਸ ਦੇ ਰਘੂ ਨੇ 10 ਸਾਲ ਪਹਿਲਾਂ ਕੰਪਨੀ ’ਚ ਫ਼ੋਰਕਲਿਫ਼ਟ ਆਪਰੇਟਰ ਵਜੋਂ ਕੰਮ ਸ਼ੁਰੂ ਕੀਤਾ ਸੀ ਅਤੇ ਕੰਮ ਕਰਦਿਆਂ ਕਈ ਤਰੱਕੀਆਂ ਪ੍ਰਾਪਤ ਕੀਤੀਆਂ। ਉਸ ਨੂੰ ਲੋਜਿਸਟਿਕਸ ਜਾਂ ਟਰਾਂਸਪੋਰਟੇਸ਼ਨ ’ਚ ਕੋਈ ਰਸਮੀ ਸਿੱਖਿਆ ਪ੍ਰਾਪਤ ਨਹੀਂ ਹੈ। ਉਸ ਨੇ ਡਿਸਪੈਚਰ, ਡਿਸਪੈਚ ਮੈਨੇਜਰ ਵਜੋਂ ਕੰਮ ਕੀਤਾ ਹੈ ਅਤੇ ਪਿੱਛੇ ਜਿਹੇ ਉਸ ਨੂੰ ਟਰਮੀਨਲ ਮੈਨੇਜਰ ਵਜੋਂ ਤਰੱਕੀ ਦਿੱਤੀ ਗਈ। ਉਸ ਨੇ ਕਿਹਾ, ‘‘ਕੰਮ ਕਰਦਿਆਂ ਸਿੱਖਣਾ ਸੰਭਵ ਹੈ, ਇਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।’’

ਟਰਨਬੁੱਲ ਦਾ ਕਹਿਣਾ ਹੈ ਕਿ ਉਹ ਇਹ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦਾ ਕੰਮ ਘਰ ਨਾ ਪਹੁੰਚੇ, ‘‘ਪਰ ਮੈਨੂੰ ਲਗਭਗ 24 ਘੰਟੇ ਹੀ ਕੰਮ ਕਰਦੇ ਰਹਿਣਾ ਪੈਂਦਾ ਹੈ।’’ ਉਹ ਦਫ਼ਤਰ ਦਾ ਫ਼ੋਨ ਛੁੱਟੀ ਤੋਂ ਬਾਅਦ ਵੀ ਆਪਣੇ ਨਾਲ ਰੱਖਦੇ ਹਨ। ਉਨ੍ਹਾਂ ਕਿਹਾ, ‘‘ਮੈਨੂੰ ਆਪਣੇ ਬੰਦਿਆਂ ਦੀ ਮੱਦਦ ਕਰਨ ’ਚ ਕੋਈ ਖੇਚਲ ਨਹੀਂ ਲਗਦੀ। ਡਰਾਈਵਰਾਂ ਨੂੰ ਇਸ ਗੱਲ ਦਾ ਪਤਾ ਹੈ, ਅਤੇ ਉਹ ਉਦੋਂ ਤਕ ਮੈਨੂੰ ਕਾਲ ਨਹੀਂ ਕਰਦੇ ਜਦੋਂ ਤਕ ਕਿ ਬਹੁਤ ਜ਼ਰੂਰੀ ਨਾ ਹੋਵੇ।’’

ਟ੍ਰਾਈਲਿੰਕ ਦੀ ਕੌਰ ਨੇ ਕਿਹਾ ਕਿ ਉਹ ਕਈ ਵਾਰੀ ਕੰਮ ਦੇ ਘੰਟਿਆਂ ਤੋਂ ਬਾਹਰ ਵੀ ਕੰਮ ਬਾਰੇ ਆਏ ਫ਼ੋਨ ਚੁੱਕਦੀ ਰਹਿੰਦੀ ਹੈ ਅਤੇ ਈ-ਮੇਲ ਪੜ੍ਹਦੀ ਹੈ, ਅਤੇ ਕਈ ਵਾਰੀ ਤਾਂ ਉਹ ਸਮੇਂ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੀ ਹੈ।

ਉਸ ਨੇ ਕਿਹਾ, ‘‘ਮੈਨੂੰ ਇਹ ਕੰਮ ਕਰਨਾ ਪਸੰਦ ਹੈ, ਇਸ ਲਈ ਮੈਨੂੰ ਇਸ ’ਚ ਕੋਈ ਸਮੱਸਿਆ ਨਹੀਂ ਲਗਦੀ। ਸਾਡੇ 75 ਟਰੱਕ ਹਨ, ਅਤੇ ਉਹ ਹਮੇਸ਼ਾ ਸੜਕਾਂ ’ਤੇ ਦੌੜਦੇ ਰਹਿੰਦੇ ਹਨ। ਟਰੱਕਿੰਗ ’ਚ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ।’’

ਤਣਾਅ ਇਸ ਕੰਮ ਦੇ ਨਾਲ ਜੁੜਿਆ ਮੁੱਦਾ ਹੈ।

ਟਰਨਬੁੱਲ ਨੇ ਕਿਹਾ, ‘‘ਮੈਂ ਤਾਂ ਇਸ ਨੂੰ ਤਣਾਅ ਦਾ ਘਰ ਕਹਿੰਦਾ ਹਾਂ। 45 ਟਰੱਕ ਡਰਾਈਵਰਾਂ ਨੂੰ ਸਾਂਭਣਾ ਸੌਖਾ ਨਹੀਂ ਹੈ। ਹਰ ਕੋਈ ਦੂਜੇ ਪਾਸੇ ਜਾਣਾ ਚਾਹੁੰਦਾ ਹੈ, ਪਰ ਤੁਹਾਨੂੰ ਹਰ ਕਿਸੇ ਨੂੰ ਸ਼ਾਂਤ ਅਤੇ ਠੰਢਾ ਰੱਖਣਾ ਹੁੰਦਾ ਹੈ। ਤੁਸੀਂ ਜਿੰਨੇ ਸ਼ਾਂਤ ਹੋਵੋਗੇ, ਉਹ ਓਨੇ ਹੀ ਸ਼ਾਂਤ ਰਹਿਣਗੇ।’’

‘‘ਕਈ ਵਾਰੀ ਚੀਜ਼ਾਂ ਕਾਬੂ ਤੋਂ ਬਾਹਰ ਹੋ ਜਾਂਦੀਆਂ ਹਨ, ਪਰ ਤੁਹਾਨੂੰ ਇਸ ਨੂੰ ਦਿਲ ’ਤੇ ਲਾਉਣ ਦੀ ਜ਼ਰੂਰਤ ਨਹੀਂ ਹੈ। ਕਈ ਵਾਰੀ ਤੁਸੀਂ ਜਿੱਤ ਨਹੀਂ ਸਕਦੇ। ਤੁਸੀਂ ਸਿਰਫ਼ ਆਪਣਾ ਸਰਬੋਤਮ ਕੰਮ ਕਰਦਿਆਂ ਕੋਸ਼ਿਸ਼ ਕਰਦੇ ਰਹਿ ਸਕਦੇ ਹੋ।’’

ਟਰਨਬੁੱਲ ਲਈ ਡਰੰਮ ਵਜਾਉਣਾ ਤਣਾਅ ਤੋਂ ਮੁਕਤੀ ਪਾਉਣ ਦਾ ਚੰਗਾ ਰਸਤਾ ਹੈ। ਜਿਸ ਬੈਂਡ ਦਾ ਉਹ ਹਿੱਸਾ ਸਨ ਉਹ ਮਹਾਂਮਾਰੀ ਕਰ ਕੇ ਬੰਦ ਹੋ ਗਿਆ, ਪਰ ਉਨ੍ਹਾਂ ਨੂੰ ਉਮੀਦ ਹੈ ਕਿ ਜਦੋਂ ਸਾਰਾ ਕੁੱਝ ਖੁੱਲ੍ਹ ਜਾਵੇਗਾ ਤਾਂ ਉਹ ਲੋਕਾਂ ਸਾਹਮਣੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।

ਬੋਲਟਨ, ਓਂਟਾਰੀਓ ਵਿਖੇ ਆਪਣੇ ਦਫ਼ਤਰ ’ਚ ਟ੍ਰਾਈਲਿੰਕ ਲੋਜਿਸਟਿਕਸ ਫ਼ਲੀਟ ਦਾ ਡਿਸਪੈਚ ਸਟਾਫ਼। ਤਸਵੀਰ : ਲੀਓ ਬਾਰੋਸ

ਕੌਰ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਲਗਦਾ ਕਿ ਕੰਮ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਤਣਾਅਮੁਕਤ ਹੋਣ ਦਾ ਮੌਕਾ ਮਿਲਦਾ ਹੈ। ‘‘ਮੇਰਾ ਕੰਮ ਹਮੇਸ਼ਾ ਚਲਦਾ ਰਹਿੰਦਾ ਹੈ। ਮੈਨੂੰ ਪਤਾ ਹੈ ਕਿ ਤੁਹਾਨੂੰ ਆਪਣੀ ਪਰਿਵਾਰਕ ਜ਼ਿੰਦਗੀ ਅਤੇ ਕੰਮ ਨੂੰ ਵੱਖ ਰਖਣਾ ਚਾਹੀਦਾ ਹੈ। ਮੈਂ ਇਹ ਯਕੀਨੀ ਕਰਦੀ ਹਾਂ ਕਿ ਦਫ਼ਤਰੋਂ ਘਰ ਆਉਣ ਤੋਂ ਪਹਿਲਾਂ ਮਾਹੌਲ ਸ਼ਾਂਤ ਹੋਵੇ। ਕੁੱਝ ਚੀਜ਼ਾਂ ’ਤੇ ਤੁਸੀਂ ਕਾਬੂ ਨਹੀਂ ਕਰ ਸਕਦੇ।’’

ਸੈਂਟੀਨੀਅਲ ਕਾਲਜ ਦੇ ਬਿਸ਼ਪ ਕਹਿੰਦੇ ਹਨ ਕਿ ਤਣਾਅ ਤੋਂ ਮੁਕਤੀ ਪਾਉਣ ਲਈ ਕੰਮਕਾਜ ਅਤੇ ਜ਼ਿੰਦਗੀ ’ਚ ਸੰਤੁਲਨ ਬਿਠਾਉਣ ਦੀ ਜ਼ਰੂਰਤ ਹੈ ਪਰ ਇਹ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਉਨ੍ਹਾਂ ਕਿਹਾ, ‘‘ਕੁੱਝ ਵੀ ਵਿਅਕਤੀਗਤ ਤੌਰ ’ਤੇ ਨਾ ਲਵੋ, ਇਸ ਨੂੰ ਪੇਸ਼ੇਵਰ ਪੱਧਰ ’ਤੇ ਰੱਖੋ। ਇਹ ਯਕੀਨੀ ਕਰੋ ਕਿ ਕੰਮ ਨੂੰ ਠੀਕ ਤਰੀਕੇ ਨਾਲ ਅੰਜਾਮ ਦੇਣ ਲਈ ਮੈਨੇਜਮੈਂਟ ਤੁਹਾਨੂੰ ਲੋੜੀਂਦੇ ਸਰੋਤ ਮੁਹੱਈਆ ਕਰਵਾਏ।’’

ਕੋਈ ਵਿਅਕਤੀ ਇਸ ਕਰੀਅਰ ਦੀ ਚੋਣ ਕਿਉਂ ਕਰੇ? ਇਸ ਬਾਰੇ ਰਘੂ ਦਾ ਕਹਿਣਾ ਹੈ, ‘‘ਕਿਉਂ ਨਹੀਂ? ਤੁਹਾਨੂੰ ਤਸੱਲੀ ਹੁੰਦੀ ਹੈ ਕਿ ਤੁਸੀਂ ਇੱਕ ਚੰਗਾ ਕੰਮ ਕੀਤਾ। ਇਹ ਇਸ ਤਰ੍ਹਾਂ ਦਾ ਕੰਮ ਨਹੀਂ ਹੈ ਕਿ ਤੁਸੀਂ ਦਫ਼ਤਰ ਆਏ, ਕੰਮ ਕੀਤਾ ਅਤੇ ਘਰ ਚਲੇ ਗਏ। ਇਹ ਕੰਮ ਕਰ ਕੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਕੁੱਝ ਵੱਖਰਾ ਕੀਤਾ ਹੈ।’’

 

ਲੀਓ ਬਾਰੋਸ ਵੱਲੋਂ