ਮਨੁੱਖੀ ਤਸਕਰੀ ਵਿਰੁੱਧ ਜੰਗ ’ਚ ਏ.ਐਮ.ਟੀ.ਏ. ਨੇ ਵੀ #NotInMyCity ਨਾਲ ਹੱਥ ਮਿਲਾਇਆ

Avatar photo

ਅਲਬਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ (ਏ.ਐਮ.ਟੀ.ਏ.) ਨੇ ਮਨੁੱਖੀ ਤਸਕਰੀ ਅਤੇ ਜਿਨਸੀ ਸੋਸ਼ਣ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਸਿੱਖਿਅਤ ਕਰਨ ਲਈ #NotInMyCity ਨਾਲ ਹੱਥ ਮਿਲਾਇਆ ਹੈ। ਇਹ ਸੰਗਠਨ ਸਮਾਜ ਸਾਹਮਣੇ ਪੈਦਾ ਇਸ ਖ਼ਤਰੇ ਨਾਲ ਨਜਿੱਠਣ ਲਈ ਬੱਚਿਆਂ ਅਤੇ ਨੌਜੁਆਨਾਂ ’ਤੇ ਕੇਂਦਰਤ ਹੈ।

ਪ੍ਰੋਵਿੰਸ ’ਚ ਏ.ਐਮ.ਟੀ.ਏ. ਦੀਆਂ ਮੈਂਬਰ ਕੰਪਨੀਆਂ, ਮੁਲਾਜ਼ਮ ਅਤੇ ਡਰਾਈਵਰ 30 ਮਿੰਟਾਂ ਦੇ ਛੋਟੇ ਕੋਰਸ ’ਚ ਹਿੱਸਾ ਲੈ ਸਕਦੇ ਹਨ ਜੋ ਕਿ ਮੁਫ਼ਤ ’ਚ ਹੋਵੇਗਾ। ਕੋਰਸ ਮੁਕੰਮਲ ਹੋਣ ’ਤੇ ਇੱਕ ਸਰਟੀਫ਼ੀਕੇਟ ਦਿੱਤਾ ਜਾਵੇਗਾ। ਆਵਾਜਾਈ ਉਦਯੋਗ ਲਈ ਮਨੁੱਖੀ ਤਸਕਰੀ ਬਾਰੇ ਆਨਲਾਈਨ ਕੋਰਸ ਕੈਨੇਡਾ ’ਚ ਇਕਲੌਤਾ ਹੈ।

ਟਰੱਕ ’ਤੇ  #NotInMyCity  ਡੀਕੈਲ ਲਗਾਉਂਦੇ ਹੋਏ ਏ.ਐਮ.ਟੀ.ਏ. ਦੇ ਪ੍ਰੈਜ਼ੀਡੈਂਟ ਕਰਿਸ ਨੈਸ਼। ਤਸਵੀਰ – ਏ.ਐਮ.ਟੀ.ਏ.

ਏ.ਐਮ.ਟੀ.ਏ. ਦੇ ਪ੍ਰੈਜ਼ੀਡੈਂਟ ਕਿ੍ਰਸ ਨੈਸ਼ ਨੇ ਕਿਹਾ, ‘‘ਸਾਡੀ ਐਸੋਸੀਏਸ਼ਨ ਦਾ ਮੁੱਖ ਟੀਚਾ ਸੁਰੱਖਿਆ ਹੈ ਅਤੇ ਇਸ ਦਾ ਫੈਲਾਅ ਕਮਰਸ਼ੀਅਲ ਆਵਾਜਾਈ ਤੋਂ ਕਾਫ਼ੀ ਅੱਗੇ ਤਕ ਹੈ; ਇਸ ’ਚ ਸਾਰੇ ਅਲਬਰਟਾ ਵਾਸੀਆਂ ਦੀ ਸੁਰੱਖਿਆ ਸ਼ਾਮਲ ਹੈ। ਸੜਕ ’ਤੇ ਹਰ ਰੋਜ਼ ਅਣਗਿਣਤ ਅੱਖਾਂ ਅਤੇ ਕੰਨ ਹੋਣ ਕਰਕੇ ਸਾਡੀ ਮੈਂਬਰਸ਼ਿਪ ਇਸ ਭਿਆਨਕ ਮੁੱਦੇ ਬਾਰੇ ਜਾਗਰੂਕਤਾ ਫੈਲਾਉਣ ’ਚ ਸਰਗਰਮ ਰੋਲ ਅਦਾ ਕਰ ਸਕਦੀ ਹੈ ਅਤੇ ਇਸ ਨੂੰ ਹੱਲ ਕਰਨ ’ਚ ਪ੍ਰਮੁੱਖ ਯੋਗਦਾਨ ਪਾ ਸਕਦੀ ਹੈ।’’

ਸਿਰਫ਼ ਤਿੰਨ ਸਾਲਾਂ ਅੰਦਰ #NotInMyCity  ਬਹੁਤ ਛੇਤੀ ਇੱਕ ਮਜ਼ਬੂਤ, ਸਹਿਯੋਗ ਕਰਨ ਵਾਲਾ ਸੰਗਠਨ ਬਣ ਗਿਆ ਹੈ, ਜੋ ਕਿ ਸਥਾਪਤ ਏਜੰਸੀਆਂ ਅਤੇ ਗਰੁੱਪਾਂ ਨਾਲ ਜਾਗਰੂਕਤਾ ਫੈਲਾਉਣ ’ਚ ਮੱਦਦ ਕਰ ਰਿਹਾ ਹੈ ਅਤੇ ਰਣਨੀਤਕ ਭਾਈਵਾਲੀ ’ਚ ਮੱਦਦ ਕਰ ਰਿਹਾ ਹੈ।

ਕੰਟਰੀ ਸੂਪਰਸਟਾਰ ਪੌਲ ਬਰੈਂਡਟ  #NotInMyCity   ਦੇ ਸੰਸਥਾਪਕ ਹਨ। ਤਸਵੀਰ – ਜੌਨ ਸਵੀਟ

#NotInMyCity  ਦੇ ਸੰਸਥਾਪਕ ਅਤੇ ਕੰਟਰੀ ਸੂਪਰਸਟਾਰ ਪੌਲ ਬਰੈਂਡਟ ਨੇ ਕਿਹਾ, ‘‘ਸਾਨੂੰ ਪਤਾ ਹੈ ਕਿ ਪੀੜਤ ਲੋਕਾਂ ਨੂੰ ਜਨਤਕ ਆਵਾਜਾਈ ਰਾਹੀਂ ਲਿਆਂਦਾ ਜਾਂਦਾ ਹੈ। ਕਮਰਸ਼ੀਅਲ ਟਰਾਂਸਪੋਰਟੇਸ਼ਨ ਕੰਪਨੀਆਂ ਅਤੇ ਡਰਾਈਵਰਾਂ ਨੂੰ ਸੂਚਨਾ ਅਤੇ ਪ੍ਰੈਕਟੀਕਲ ਟੂਲਜ਼ ਮੁਹੱਈਆ ਕਰਵਾਏ ਜਾਣ ਤਾਂ ਕਿ ਜੇਕਰ ਉਹ ਕੁੱਝ ਸ਼ੱਕੀ ਵੇਖਦੇ ਹਨ ਤਾਂ ਇਸ ਦੀ ਜਾਣਕਾਰੀ ਦੇਣ ਲਈ ਉਹ ਵੱਧ ਸਮਰੱਥ ਹੋ ਸਕਣਗੇ।’’

ਆਵਾਜਾਈ ਉਦਯੋਗ ਲਈ ਆਨਲਾਈਨ ਈ-ਲਰਨਿੰਗ ਪਲੇਟਫ਼ਾਰਮ ਲਈ ਧਿਆਨ ਦੇ ਮੁੱਖ ਕੇਂਦਰ ’ਚ ਕੈਨੇਡਾ ਅੰਦਰ ਜਿਨਸੀ ਸੋਸ਼ਣ ਅਤੇ ਮਨੁੱਖੀ ਤਸਕਰੀ ਦੀਆਂ ਘਟਨਾਵਾਂ ਬਾਰੇ ਸੂਚਨਾ, ਸੋਸ਼ਿਤ ਵਿਅਕਤੀ ਨੂੰ ਦਰਸਾਉਣ ਵਾਲੇ ਹਾਵ-ਭਾਵ ਦੀ ਜਾਣਕਾਰੀ, ਅਤੇ ਸੰਬੰਧਤ ਵਿਅਕਤੀ ਨੂੰ ਕਿਸੇ ਨੁਕਸਾਨ ਤੋਂ ਬਗ਼ੈਰ ਸੂਚਨਾ ਮੁਹੱਈਆ ਕਰਵਾਉਣਾ ਸ਼ਾਮਲ ਹੈ।

ਜਿਨਸੀ ਸੋਸ਼ਣ ਲਈ ਮਨੁੱਖੀ ਤਸਕਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਅਪਰਾਧਾਂ ’ਚ ਸ਼ਾਮਲ ਹੈ ਅਤੇ ਇਹ ਕੌਮਾਂਤਰੀ ਪੱਧਰ ’ਤੇ ਆਮਦਨ ਦਾ ਦੂਜਾ ਸਭ ਤੋਂ ਵੱਡਾ ਸਰੋਤ ਹੈ। ਕੈਨੇਡਾ ’ਚ ਤਸਕਰੀ ਦੇ ਸ਼ਿਕਾਰ ਲੋਕਾਂ ’ਚੋਂ 26% 18 ਸਾਲ ਦੀ ਉਮਰ ਤੋਂ ਘੱਟ ਹੁੰਦੇ ਹਨ। ਦੇਸ਼ ਦੀ ਵਸੋਂ ਦਾ 4% ਹਿੱਸਾ ਹੋਣ ਦੇ ਬਾਵਜੂਦ, ਤਸਕਰੀ ਦੇ ਪੀੜਤ 50% ਲੋਕਾਂ ’ਚ ਮੂਲ ਵਾਸੀ ਸ਼ਾਮਲ ਹਨ।