ਦੂਜੀ ਤਿਮਾਹੀ ’ਚ ਰੱਖ-ਰਖਾਅ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਟਾਇਰ, ਟਰਾਂਸਮਿਸ਼ਨ ਰਹੇ

Avatar photo

2021 ਦੀ ਪਹਿਲੀ ਅਤੇ ਦੂਜੀ ਤਿਮਾਹੀ ’ਚ ਸ਼ਾਪ ਲੇਬਰ ਅਤੇ ਕਲਪੁਰਜ਼ਿਆਂ ਦੀਆਂ ਕੀਮਤਾਂ ’ਚ ਕਾਫ਼ੀ ਵਾਧਾ ਹੋਇਆ – ਜਿਨ੍ਹਾਂ ’ਚੋਂ ਟਾਇਰਾਂ ਅਤੇ ਟਰਾਂਸਮਿਸ਼ਨ ’ਚ ਸਭ ਤੋਂ ਜ਼ਿਆਦਾ ਵਾਧਾ ਵੇਖਿਆ ਗਿਆ।

ਡਿਸੀਜ਼ਿਵ/ਟੀ.ਐਮ.ਸੀ. ਉੱਤਰੀ ਅਮਰੀਕੀ ਸਰਵਿਸ ਈਵੈਂਟ ਬੈਂਚਮਾਰਕ ਰੀਪੋਰਟ ’ਚ ਦੱਸਿਆ ਗਿਆ ਕਿ ਇਸ ਸਮੇਂ ਦੌਰਾਨ ਮੁਰੰਮਤ ਅਤੇ ਰੱਖ-ਰਖਾਅ ਲਈ ਲੇਬਰ ਦੀ ਲਾਗਤ 2.6% ਵਧੀ, ਜਦਕਿ ਕਲਪੁਰਜ਼ਿਆਂ ਦੀ ਕੀਮਤ 2.8% ਵਧੀ। ਪਰ ਟਾਇਰਾਂ ਦੀ ਕੀਮਤ 10.7% ਵਧੀ ਅਤੇ ਟਰਾਂਸਮਿਸ਼ਨ ਕਲਪੁਰਜ਼ਿਆਂ ਦੀ ਕੀਮਤ 9% ਵਧੀ।

ਦੂਜੀ ਤਿਮਾਹੀ ਦੌਰਾਨ ਟਾਇਰ ਉਨ੍ਹਾਂ ਕਲਪੁਰਜ਼ਿਆਂ ’ਚ ਸ਼ਾਮਲ ਸਨ ਜਿਨ੍ਹਾਂ ਦੀ ਕੀਮਤ ’ਚ ਸਭ ਤੋਂ ਜ਼ਿਆਦਾ ਵਾਧਾ ਵੇਖਣ ਨੂੰ ਮਿਲਿਆ। (ਤਸਵੀਰ: ਜਿਮ ਪਾਰਕ)

ਡਿਸੀਜ਼ਿਵ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਡਿਕ ਹਿਆਤ ਨੇ ਕਿਹਾ ਕਿ ਗੱਡੀਆਂ ਦੀ ਵੱਧ ਮਾਈਲੇਜ ਅਤੇ ਟਰੱਕਾਂ ਦੀ ਗਿਣਤੀ ਵਧਣ ਦੇ ਨਾਲ ਹੀ ਆਮ ਤੌਰ ’ਤੇ ਸਰਵਿਸ ਗਤੀਵਿਧੀਆਂ ’ਚ ਵਾਧਾ ਵੇਖਣ ਨੂੰ ਮਿਲਿਆ। ‘‘ਚਲ ਰਹੇ ਆਰਥਕ ਵਾਧੇ ਕਰਕੇ ਫ਼ਰੇਟ ਦੀ ਮਾਤਰਾ ’ਚ ਵਾਧਾ ਹੋਇਆ ਹੈ ਜਿਸ ਨਾਲ ਇਸ ਨੂੰ ਲੈ ਕੇ ਜਾਣ ਦੀ ਸਮਰੱਥਾ ਦੀ ਮੰਗ ਵੀ ਵਧੀ ਹੈ। ਮਹਾਂਮਾਰੀ ਕਰਕੇ ਨਿਰਮਾਣ ਅਤੇ ਵੰਡ ਠੱਪ ਪੈ ਜਾਣ ਕਰਕੇ ਢਿੱਲੀ ਪਈ ਸਪਲਾਈ ਚੇਨ ਨੂੰ ਦਰੁਸਤ ਕਰਨ ਦੀ ਮੰਗ ਕਰਕੇ ਵੀ ਇਸ ’ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

2021 ਦੀ ਦੂਜੀ ਤਿਮਾਹੀ ਦਾ 2020 ਦੇ ਇਸ ਸਮੇਂ ਨਾਲ ਮੁਕਾਬਲਾ ਕਰ ਕੇ ਵੇਖੀਏ ਤਾਂ ਲਾਈਟਿੰਗ ਸਿਸਟਮ ਦੀਆਂ ਲਾਗਤਾਂ ’ਚ 17.4% ਵਾਧਾ ਵੇਖਣ ਨੂੰ ਮਿਲਿਆ, ਟਰਾਂਸਮਿਸ਼ਨ ਦੀਆਂ ਲਾਗਤਾਂ 16.4% ਵਧੀਆਂ, ਅਤੇ ਬ੍ਰੇਕਾਂ ਦੀ ਲਾਗਤ 11.1% ਵੱਧ ਹੋਈ।

ਰੀਪੋਰਟ ’ਚ ਬ੍ਰੇਕਾਂ, ਸਟੀਅਰਿੰਗ, ਟਾਇਰਾਂ, ਟਰਾਂਸਮਿਸ਼ਨ, ਇਲੈਕਟ੍ਰੀਕਲ, ਚਾਰਜਿੰਗ, ਲਾਈਟਿੰਗ, ਐਗਜ਼ਾਸਟ ਅਤੇ ਇੰਜਣ ਸਿਸਟਮ ਦੇ ਕਲਪੁਰਜ਼ਿਆਂ ਅਤੇ ਲੇਬਰ ਦੀਆਂ ਲਾਗਤਾਂ ਦਾ ਵੇਰਵਾ ਇਕੱਠਾ ਕੀਤਾ ਜਾਂਦਾ ਹੈ।

ਅੰਕੜੇ ਉਨ੍ਹਾਂ 70 ਲੱਖ ਕਮਰਸ਼ੀਅਲ ਗੱਡੀਆਂ ਬਾਰੇ ਹਨ ਜੋ ਕਿ ਅਮਰੀਕਾ ਅਤੇ ਕੈਨੇਡਾ ’ਚ ਡਿਸੀਜ਼ਿਵ ਦੇ ਐਸ.ਆਰ.ਐਮ. ਪਲੇਟਫ਼ਾਰਮ ਰਾਹੀਂ ਸਰਵਿਸ ਕੀਤੀਆਂ ਜਾਂਦੀਆਂ ਹਨ। ਅੰਕੜਿਆਂ ’ਚ ਇਸ ਦੇ 5,000 ਟਿਕਾਣਿਆਂ ’ਤੇ ਹਰ ਮਹੀਨੇ 600,000 ਗੱਡੀਆਂ ਦਾ ਰੱਖ-ਰਖਾਅ ਅਤੇ ਮੁਰੰਮਤ ਕਾਰਵਾਈਆਂ ਸ਼ਾਮਲ ਹਨ।

ਇਹ ਵੇਰਵਾ ਅਮਰੀਕੀ ਟਰੱਕਿੰਗ ਐਸੋਸੀਏਸ਼ਨਾਂ ਦੀ ਤਕਨਾਲੋਜੀ ਅਤੇ ਰੱਖ-ਰਖਾਅ ਕੌਂਸਲ (ਟੀ.ਐਮ.ਸੀ.) ਦੀ ਹੋਈ ਮੀਟਿੰਗ ਦੌਰਾਨ ਨਸ਼ਰ ਕੀਤਾ ਗਿਆ।