ਧਰਮਪਾਲ ਸੰਧੂ – ਸ਼ਰਨਾਰਥੀ ਤੋਂ ਲੈ ਕੇ ਸੋਸ਼ਲ ਵਰਕਰ ਤਕ ਦਾ ਸਫ਼ਰ

Avatar photo

ਧਰਮਪਾਲ ਸੰਧੂ ਜੋ ਕੁੱਝ ਵੀ ਕਰਦਾ ਹੈ ਆਪਣੇ ਭਾਈਚਾਰੇ ਲਈ ਕਰਦਾ ਹੈ। ਇਸ ਤਰ੍ਹਾਂ ਕਰ ਕੇ ਉਹ ਕਈ ਸਾਲ ਪਹਿਲਾਂ ਆਪਣੇ ਆਪ ਨੂੰ ਕੈਨੇਡੀਅਨ ਲੋਕਾਂ ਤੋਂ ਮਿਲੀ ਮੱਦਦ ਦਾ ਹੀ ਕਰਜ਼ਾ ਉਤਾਰ ਰਿਹਾ ਹੈ।

ਇੱਕ ਸਮਾਂ ਸੀ ਜਦੋਂ ਉਹ ਕੈਨੇਡਾ ‘ਚ ਸ਼ਰਨਾਰਥੀ ਸੀ, ਪਰ ਹੁਣ ਉਸ ਦਾ ਆਪਣਾ ਟਰੱਕਿੰਗ ਦਾ ਵਪਾਰ ਹੈ ਅਤੇ ਇੱਕ ਪਿਆਰਾ ਪਰਿਵਾਰ ਵੀ ਹੈ। ਹਾਲਾਂਕਿ ਪੰਜਾਬ ਦੇ ਪਿੰਡ ਤੋਂ ਕੈਨੇਡਾ ਤਕ ਉਸ ਦਾ ਸਫ਼ਰ ਆਸਾਨ ਨਹੀਂ ਰਿਹਾ।

ਧਰਮਪਾਲ ਸੰਧੂ: ਮੇਰੀ ਸਫ਼ਲਤਾ ਦਾ ਰਾਜ਼ ਹੈ ਭਾਈਚਾਰੇ ਵੱਲੋਂ ਮਿਲ ਰਿਹਾ ਸਹਿਯੋਗ। ਤਸਵੀਰ: ਸਪਲਾਈਡ

ਸੰਧੂ 1986 ‘ਚ ਅੰਮ੍ਰਿਤਸਰ ਦੇ 260 ਕਿਲੋਮੀਟਰ ਦੱਖਣ-ਪੂਰਬ ‘ਚ ਵਸੇ ਘੱਗਾ ਤੋਂ ਇੱਥੇ ਆਇਆ ਸੀ। ਉਦੋਂ ਉਹ ਸਿਰਫ਼ 20 ਸਾਲਾਂ ਦਾ ਸੀ।

ਉਹ ਪਹਿਲਾਂ ਜਰਮਨੀ ਪੁੱਜਾ ਅਤੇ ਫਿਰ ਨੀਦਰਲੈਂਡ ਗਿਆ। ਉਥੋਂ ਉਹ ਐਮਸਟਰਡਮ ਤੋਂ ਅਟਲਾਂਟਿਕ ਕੈਨੇਡਾ ਆਉਣ ਵਾਲੇ ਇੱਕ ਕਾਰਗੋ ਜਹਾਜ ‘ਚ ਚੜ੍ਹਿਆ ਅਤੇ ਜੂਨ 1987 ਨੂੰ ਕੈਨੇਡਾ ਪੁੱਜਾ।

ਸੰਧੂ ਨੇ ਕਿਹਾ ਕਿ ਉਸ ਨੇ ਇਸ ਸਫ਼ਰ ਲਈ ਉਸ ਵੇਲੇ ਜਰਮਨੀ ਦੀ ਕਰੰਸੀ ‘ਚ 5,000 ਡੱਚ ਮਾਰਕ (4,000 ਡਾਲਰ) ਅਦਾ ਕੀਤੇ ਸਨ।

ਰੋਡ ਟੂਡੇ ਨੂੰ ਦਿੱਤੀ ਇੱਕ ਇੰਟਰਵਿਊ ‘ਚ ਉਸ ਨੇ ਕਿਹਾ, ”ਉਸ ਜਹਾਜ਼ ‘ਤੇ 174 ਮੁਸਾਫ਼ਰ ਸਨ।”

ਉਸ ਨੇ ਦੱਸਿਆ, ”ਉਨ੍ਹਾਂ ‘ਚੋਂ ਚਾਰ ਪਾਕਿਸਤਾਨ ਤੋਂ ਸਨ ਅਤੇ ਇੱਕ ਤੁਰਕੀ ਤੋਂ ਸੀ, ਜੋ ਕਿ ਕਿਸੇ ਦੀ ਗਰਲਫ਼ਰੈਂਡ ਜਾਂ ਪਤਨੀ ਸੀ ਅਤੇ ਪੂਰੇ ਗਰੁੱਪ ‘ਚ ਇੱਕੋ-ਇੱਕ ਔਰਤ ਸੀ। ਬਾਕੀ ਸਾਰੇ ਭਾਰਤ ਤੋਂ ਸਨ।”

ਉਨ੍ਹਾਂ ਦੇ ਇਸ ਸਫ਼ਰ ਨੂੰ 19 ਦਿਨ ਲੱਗੇ, ਪਰ ਜੋ ਮੁਸ਼ਕਲਾਂ ਉਨ੍ਹਾਂ ਨੇ ਹੈਲੀਫ਼ੈਕਸ ਦੇ ਦੱਖਣ-ਪੱਛਮ ਤੋਂ ਸੈਂਕੜੇ ਕਿਲੋਮੀਟਰ ਦੂਰ ਨੋਵਾ ਸਕੋਸ਼ੀਆ ਦੇ ਦੱਖਣੀ ਕੋਨੇ ‘ਤੇ ਪਹੁੰਚ ਕੇ ਝੱਲੀਆਂ, ਉਸ ਮੁਕਾਬਲੇ ਇਹ ਕੁੱਝ ਵੀ ਨਹੀਂ ਸਨ।

ਸ੍ਰੀਲੰਕਾ ਦੇ ਗ੍ਰਹਿਯੁੱਧ ਕਰਕੇ ਭੱਜੇ 155 ਤਮਿਲ ਸ਼ਰਨਾਰਥੀਆਂ ਨੂੰ ਨਿਊਫ਼ਾਊਂਡਲੈਂਡ ਅਤੇ ਲੈਬਰਾਡੋਰ ਦੇ ਸਮੁੰਦਰੀ ਕੰਢੇ ‘ਤੇ ਬਚਾਉਣ ਤੋਂ ਇੱਕ ਸਾਲ ਤੋਂ ਵੀ ਘੱਟ ਸਮੇਂ ਅੰਦਰ ਇਹ ਜਹਾਜ਼ ਗ਼ੈਰਕਾਨੂੰਨੀ ਮਨੁੱਖੀ ਕਾਰਗੋ ਲੈ ਕੇ ਪੁੱਜਾ ਸੀ।

ਇਸ ਲਈ ਕਿਸ਼ਤੀ ‘ਤੇ ਸਵਾਰ ਹੋ ਕੇ ਪੁੱਜਣ ਵਾਲੇ ਇਨ੍ਹਾਂ ਲੋਕਾਂ ਨੂੰ ਅਥਾਰਟੀਆਂ ਦੀ ਸਖ਼ਤ ਜਾਂਚ-ਪੜਤਾਲ ਦਾ ਸਾਹਮਣਾ ਕਰਨਾ ਪਿਆ।

ਸੰਧੂ ਨੇ ਕਿਹਾ, ”ਉਹ ਸਾਨੂੰ ਕਿਸ਼ਤੀ ਤੋਂ ਉਤਰਨ ਨਹੀਂ ਦੇ ਰਹੇ ਸਨ, ਪਰ ਕੁੱਝ ਲੋਕ ਸਾਡੀ ਮੱਦਦ ਲਈ ਅੱਗੇ ਆਏ।”

ਸਾਡੇ ਭਾਈਚਾਰੇ ਦੇ ਲੋਕਾਂ ਨੇ ਅਤੇ ਹੋਰ ਕੈਨੇਡੀਅਨਾਂ ਨੇ ਸਾਡੀ ਪੈਸੇ ਅਤੇ ਕਾਨੂੰਨੀ ਤੌਰ ‘ਤੇ ਮੱਦਦ ਕੀਤੀ ਅਤੇ ਸਾਨੂੰ ਸ਼ਰਨਾਰਥੀ ਦਾ ਰੁਤਬਾ ਮਿਲ ਗਿਆ।

ਉਸ ਨੇ ਕੈਨੇਡਾ ‘ਚ ਆਪਣੇ ਸ਼ੁਰੂਆਤੀ ਸਾਲ ਖੇਤਾਂ ਅਤੇ ਫ਼ੈਕਟਰੀਆਂ ‘ਚ ਛੋਟੇ-ਮੋਟੇ ਕੰਮ ਕਰਦੇ ਹੋਏ ਬਿਤਾਏ ਜਿਸ ‘ਚ ਟੈਕਸੀ ਅਤੇ ਏਅਰਪੋਰਟ ਲਿਮੋਜ਼ਿਨ ਡਰਾਈਵਿੰਗ ਵੀ ਸ਼ਾਮਲ ਸੀ।

ਸੰਧੂ ਨੇ ਫ਼ਲੋਰੀਡਾ ‘ਚ ਜਾ ਕੇ ਵੀ ਕੰਮ ਕੀਤਾ, ਜਿੱਥੇ ਉਸ ਨੇ ਸੱਤ ਸਾਲਾਂ ਤਕ ਮੋਟਲ ਅਤੇ ਗੈਸ ਸਟੇਸ਼ਨ ਚਲਾਇਆ। ਪਰ 2003 ‘ਚ ਉਸ ਨੇ ਕੈਨੇਡਾ ‘ਚ ਪੱਕੇ ਤੌਰ ‘ਤੇ ਵਸਣ ਦਾ ਫ਼ੈਸਲਾ ਕਰ ਲਿਆ।

ਇੱਕ ਸਾਲ ਬਾਅਦ ਉਸ ਨੇ ਛੋਟਾ ਜਿਹਾ ਟਰੱਕਿੰਗ ਕਾਰੋਬਾਰ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਇਸ ਤਰ੍ਹਾਂ ਦੇ ਕਈ ਹੋਰ ਕਾਰੋਬਾਰ ਸਥਾਪਤ ਕਰ ਕੇ ਆਪਣੀ ਮੌਜੂਦਾ ਕੰਪਨੀ ਫ਼ਰੈਂਡੈਕਸ ਲਿਮਟਡ ਬਣਾਈ। ਉਸ ਦੇ ਫ਼ਲੀਟ ‘ਚ 18 ਟਰੱਕ ਹਨ।

ਧਰਮਪਾਲ ਸੰਧੂ ਅੰਤਰਰਾਸ਼ਟਰੀ ਗ਼ੈਰ-ਮੁਨਾਫ਼ਾ ਸਹਾਇਤਾ ਅਤੇ ਰਾਹਤ ਸੰਸਥਾ ਖ਼ਾਲਸਾ ਏਡ ਦੇ ਫਾਉਂਡਰ ਅਤੇ ਸੀ.ਈ.ਓ. ਰਵਿੰਦਰ ਸਿੰਘ ਦੇ ਨਾਲ। ਤਸਵੀਰ: ਸਪਲਾਈਡ

ਜਦੋਂ ਉਸ ਦਾ ਕਾਰੋਬਾਰ ਪੂਰੀ ਤਰ੍ਹਾਂ ਸਥਾਪਤ ਹੋ ਗਿਆ ਤਾਂ ਸੰਧੂ ਨੇ ਆਪਣਾ ਧਿਆਨ ਕਈ ਸਮਾਜਕ ਅਤੇ ਉਦਯੋਗ ਦੇ ਮਸਲਿਆਂ ਵਲ ਦੇਣਾ ਸ਼ੁਰੂ ਕੀਤਾ।

ਉਸ ਦੀ ਸਭ ਤੋਂ ਵੱਡੀ ਚਿੰਤਾ ਪੰਜਾਬੀ ਭਾਈਚਾਰੇ ‘ਚ ਡਰੱਗਜ਼ ਅਤੇ ਸ਼ਰਾਬ ਦਾ ਵੱਧਦਾ ਸੇਵਨ ਹੈ।

ਸੰਧੂ ਆਪਣੀ ਚੈਰਿਟੀ, ਡਰੱਗ ਅਵੇਅਰਨੈੱਸ ਸੁਸਾਇਟੀ ਆਫ਼ ਟੋਰਾਂਟੋ, ਰਾਹੀਂ ਇਸ ਬਾਰੇ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਸੰਧੂ ਬੀਮਾ ਦੇ ਖੇਤਰ ‘ਚ ਸੁਧਾਰ ਦੀ ਵੀ ਵਕਾਲਤ ਕਰਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਕਿ ਸਖ਼ਤ ਬੀਮਾ ਜ਼ਰੂਰਤਾਂ ਕਰਕੇ ਨਵੇਂ ਡਰਾਈਵਰਾਂ ਦਾ ਉਦਯੋਗ ‘ਚ ਆਉਣਾ ਲਗਭਗ ਨਾਮੁਮਕਿਨ ਹੋ ਗਿਆ ਹੈ।

ਇੱਕ ਹੋਰ ਮਸਲਾ ਜਿਸ ਨੇ ਉਨ੍ਹਾਂ ਦਾ ਧਿਆਨ ਖਿੱਚਿਆ ਹੈ, ਉਹ ਆਰਜ਼ੀ ਵਿਦੇਸ਼ੀ ਵਰਕਰ ਪ੍ਰੋਗਰਾਮ (ਟੀ.ਐਫ਼.ਡਬਲਿਊ.ਪੀ.) ਦੀ ਕੁਵਰਤੋਂ ਹੈ।

ਅਜਿਹੇ ਦੋਸ਼ ਲਗਦੇ ਰਹੇ ਹਨ ਕਿ ਕੁੱਝ ਫ਼ਲੀਟ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (ਐਲ.ਐਮ.ਆਈ.ਏ.) ਪ੍ਰਕਿਰਿਆ ਦੀ ਵਰਤੋਂ ਆਪਣੇ ਲਈ ਪੈਸਾ ਕਮਾਉਣ ਲਈ ਕਰਦੇ ਰਹੇ ਹਨ, ਜਿਸ ਰਾਹੀਂ ਕੰਪਨੀਆਂ ਟੀ.ਐਫ਼.ਡਬਲਿਊ.ਪੀ. ਹੇਠ ਲੋਕਾਂ ਨੂੰ ਕੰਮ ‘ਤੇ ਰਖ ਸਕਦੀਆਂ ਹਨ।

ਹਾਲਾਂਕਿ ਅਜਿਹੇ ਮੁੱਦੇ ਸੰਧੂ ਦੇ ਆਪਣੇ ਭਾਈਚਾਰੇ ਦੀ ਮੱਦਦ ਲਈ ਜੋਸ਼ ਨੂੰ ਠੰਢਾ ਨਹੀਂ ਕਰਦੇ।

ਕੰਮਕਾਜ ਅਤੇ ਸੋਸ਼ਲ ਵਰਕਰ ਤੋਂ ਇਲਾਵਾ ਉਹ ਫ਼ੁੱਟਬਾਲ ਜਾਂ ਕ੍ਰਿਕਟ ਵੇਖਣਾ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਪਸੰਦ ਕਰਦਾ ਹੈ।

ਸੰਧੂ ਅਤੇ ਉਸ ਦੀ ਬਸ ਡਰਾਈਵਰ ਪਤਨੀ ਪਰਮਜੀਤ ਬਰੈਂਪਟਨ ‘ਚ ਰਹਿੰਦੇ ਹਨ।

ਉਨ੍ਹਾਂ ਦੇ ਦੋ ਨੌਜੁਆਨ ਬੱਚੇ ਹਨ – 28 ਸਾਲਾਂ ਦੀ ਭਵਨ ਪਰਫ਼ਿਊਸ਼ਨਿਸਟ ਦਾ ਕੰਮ ਕਰਦੀ ਹੈ ਅਤੇ 26 ਸਾਲਾਂ ਦਾ ਹਰਜੋਤ ਵਕੀਲ ਬਣਨ ਦੀ ਪੜ੍ਹਾਈ ਕਰ ਰਿਹਾ ਹੈ।

ਮਾਰਚ ‘ਚ ਸੰਧੂ 55 ਸਾਲਾਂ ਦੇ ਹੋ ਗਏ ਸਨ।

ਉਨ੍ਹਾਂ ਕਿਹਾ, ”ਜਦੋਂ ਮੈਂ ਕੈਨੇਡਾ ਪੁੱਜਿਆ ਸੀ ਤਾਂ ਮੇਰੀ ਜੇਬ  ‘ਚ 20 ਮਾਰਕ ਸਨ। ਮੈਂ ਹੁਣ ਤਕ ਜੋ ਕੁੱਝ ਵੀ ਪ੍ਰਾਪਤ ਕੀਤਾ ਹੈ ਆਪਣੇ ਭਾਈਚਾਰੇ ਦੀ ਮੱਦਦ ਨਾਲ ਪ੍ਰਾਪਤ ਕੀਤਾ ਹੈ।”

ਅਬਦੁਲ ਲਤੀਫ਼ ਵੱਲੋਂ