ਨਵੀਂ ਮੋਬਾਈਲ ਐਪ ਨਾਲ ਵਰਕਸੇਫ਼ ਬੀ.ਸੀ. ਦੇ ਕੋਵਿਡ-19 ਬਾਰੇ ਸਰੋਤ ਕਿਤੋਂ ਵੀ ਪ੍ਰਾਪਤ ਕਰ ਸਕਣਗੇ ਵਰਕਰ ਅਤੇ ਮੁਲਾਜ਼ਮ

Avatar photo

ਕਈ ਹੋਰ ਜ਼ਰੂਰੀ ਸੇਵਾਵਾਂ ਵਾਂਗ, ਟਰੱਕਿੰਗ ਕੰਪਨੀਆਂ ਨੂੰ ਆਪਣੇ ਮੁਲਾਜ਼ਮ ਬਚਾਉਣ ਲਈ ਛੇਤੀ ਤੋਂ ਛੇਤੀ ਕਾਰਵਾਈ ਕਰਨ, ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਆਪਣਾ ਯੋਗਦਾਨ ਦੇਣ, ਅਤੇ ਸੁਰੱਖਿਅਤ ਢੰਗ ਨਾਲ ਕੰਮ ਨਿਪਟਾਉਣ ਦੀ ਜ਼ਰੂਰਤ ਹੈ।

ਟਰੱਕਿੰਗ ਉਦਯੋਗ ਦੇ ਬਹੁਤ ਸਾਰੇ ਮੁਲਾਜ਼ਮਾਂ ਲਈ ਸਿਹਤ ਅਤੇ ਸੁਰੱਖਿਆ ਸੂਚਨਾ ਪ੍ਰਾਪਤ ਕਰਨਾ ਚੁਨੌਤੀਪੂਰਨ ਕੰਮ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਕਾਰੋਬਾਰ ‘ਚ ਕੰਪਿਊਟਰ ਸਾਹਮਣੇ ਬੈਠਣ ਦਾ ਮੌਕਾ ਘੱਟ ਹੀ ਮਿਲਦਾ ਹੈ। ਅਕਸਰ ਉਹ ਗੋਦਾਮ ‘ਚ, ਜੌਬਸਾਈਟ, ਜਾਂ ਸੜਕ ‘ਤੇ ਹੁੰਦੇ ਹਨ ਜਿੱਥੇ ਕਿ ਸਮਾਰਟਫ਼ੋਨ ਅਤੇ ਹੋਰ ਮੋਬਾਈਲ ਉਪਕਰਨ ਹੀ ਸੂਚਨਾ ਦੇ ਪ੍ਰਮੁੱਖ ਸਰੋਤ ਹੁੰਦੇ ਹਨ।

ਇਸ ਸਮੱਸਿਆ ਦਾ ਹੱਲ ਕਰਨ ਲਈ ਵਰਕਸੇਫ਼ ਬੀ.ਸੀ. ਨੇ ਇੱਕ ਨਵੀਂ ਮੋਬਾਈਲ ਐਪ ਤਿਆਰ ਕੀਤੀ ਹੈ ਜਿਸ ‘ਚ ਉਪਯੋਗੀ ਸਰੋਤ, ਉਦਯੋਗ ਵਿਸ਼ੇਸ਼ ਹਦਾਇਤਾਂ ਅਤੇ ਕੋਵਿਡ-19 ਸੁਰੱਖਿਆ ਯੋਜਨਾ ਟੈਂਪਲੇਟ ਸ਼ਾਮਲ ਹਨ – ਇਨ੍ਹਾਂ ਸਾਰਿਆਂ ਨੂੰ ਸਮਾਰਟਫ਼ੋਨ ਜਾਂ ਟੈਬਲੈੱਟ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਨਵੀਂ ਐਪ worksafebc.com ‘ਤੇ ਮੌਜੂਦ ਸੂਚਨਾ ‘ਤੇ ਅਧਾਰਤ ਹੈ ਅਤੇ ਇਸ ਨੂੰ ਕਿਰਤੀਆਂ ਅਤੇ ਰੁਜ਼ਗਾਰਦਾਤਵਾਂ ਲਈ ਆਪਣੇ ਉਦਯੋਗ ਲਈ ਕੋਵਿਡ-19 ਤੋਂ ਬਚਾਅ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਇੱਕ ਹੋ ਜ਼ਰੀਏ ਵਜੋਂ ਬਣਾਇਆ ਗਿਆ ਹੈ।

ਰੁਜ਼ਗਾਰਦਾਤਾਵਾਂ ਨੂੰ ਕੋਵਿਡ-19 ਸੁਰੱਖਿਆ ਯੋਜਨਾ ਵਿਕਸਤ ਕਰਨ ਦੀ ਪ੍ਰਕਿਰਿਆ ਸਮਝਾਈ ਗਈ ਹੈ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਉਦਯੋਗ ਲਈ ਵਿਸ਼ੇਸ਼ ਸਰੋਤਾਂ ਤਕ ਪਹੁੰਚਾਇਆ ਜਾਂਦਾ ਹੈ। ਇਸ ਤੋਂ ਬਾਅਦ ਉਹ ਆਪਣੀ ਸੁਰੱਖਿਆ ਯੋਜਨਾ ਨੂੰ ਖ਼ੁਦ ਨੂੰ ਈ-ਮੇਲ ਕਰ ਸਕਦੇ ਹਨ ਤਾਂ ਕਿ ਇਸ ਦਾ ਵੱਡਾ ਪ੍ਰਿੰਟ ਕੱਢਿਆ ਜਾ ਸਕੇ। ਐਪ ‘ਚ ਮੁਲਾਜ਼ਮ ਆਪਣੇ ਉਦਯੋਗ ਦੀ ਚੋਣ ਕਰ ਸਕਦੇ ਹਨ ਤਾਂ ਕਿ ਉਨ੍ਹਾਂ ਨੂੰ ਆਪਣੇ ਕੰਮ ਨਾਲ ਸੰਬੰਧਤ ਪ੍ਰੋਟੋਕਾਲ ਦਾ ਪਤਾ ਲੱਗ ਸਕੇ।

ਟਰੱਕਿੰਗ ਉਦਯੋਗ ਲਈ ਜੋ ਸਰੋਤ ਮੱਦਦਗਾਰ ਸਾਬਤ ਹੋ ਸਕਦੇ ਹਨ, ਉਨ੍ਹਾਂ ‘ਚ ਸ਼ਾਮਲ ਹੈ:

  • ਜੇਕਰ ਤੁਸੀਂ ਕਿਸੇ ਹੋਰ ਨਾਲ ਕੈਬ ਸਾਂਝਾ ਕਰਦੇ ਹੋ ਜਾਂ ਪੂਲ ਵਹੀਕਲ ਚਲਾਉਂਦੇ ਹੋ ਤਾਂ ਕੀ ਕਰੀਏ।
  • ਰੀਫ਼ਿਊਲ ਕਰਨ ਵੇਲੇ ਸੁਰੱਖਿਆ ਕਿਸ ਤਰ੍ਹਾਂ ਕਾਇਮ ਰੱਖੀ ਜਾਵੇ।
  • ਵਿਅਕਤੀਗਤ ਸੁਰੱਖਿਆ ਉਪਕਰਨਾਂ ਨੂੰ ਵਿਸ਼ਾਣੂਮੁਕਤ ਕਰਨ ਅਤੇ ਪਹਿਨਣ ਲਈ ਹਦਾਇਤਾਂ
  • ਵਸਤਾਂ ਨੂੰ ਡਿਲੀਵਰ ਕਰਨ ਜਾਂ ਲੈ ਕੇ ਆਉਣ ਸਮੇਂ ਸੁਰੱਖਿਅਤ ਤਰੀਕੇ ਨਾਲ ਕਿਸ ਤਰ੍ਹਾਂ ਚੱਲਿਆ ਜਾਵੇ।
  • ਹੋਰ ਵੀ ਬਹੁਤ ਕੁੱਝ

ਇਨ੍ਹਾਂ ਮਹੱਤਵਪੂਰਨ ਸਿਹਤ ਅਤੇ ਸੁਰੱਖਿਆ ਸਰੋਤਾਂ ਤਕ ਪਹੁੰਚ ਬਿਹਤਰ ਕਰਨ ਨਾਲ, ਇਸ ਚਲਦੇ-ਫਿਰਦੇ ਉਦਯੋਗ ਕੋਲ ਹੁਣ ਉਹ ਸੂਚਨਾ ਹੈ ਜਿਸ ਨਾਲ ਉਹ ਸਿਹਤਮੰਦ ਅਤੇ ਸੁਰੱਖਿਅਤ ਰਹਿ ਸਕਦੇ ਹਨ।

ਇਹ ਐਪ ਆਈ.ਓ.ਐਸ. ਅਤੇ ਐਂਡਰਾਇਡ ਦੋਹਾਂ ਲਈ ਮੌਜੂਦ ਹੈ।