ਨਵੇਂ ਡਰਾਈਵਰਾਂ ਨੂੰ ਮੁਫ਼ਤ ਏ/ਜ਼ੈੱਡ ਲਾਈਸੰਸ ਸਿਖਲਾਈ ਮਿਲੇਗੀ

Avatar photo

ਓਂਟਾਰੀਓ ਦੀ ਸਰਕਾਰ 24 ਨਵੇਂ ਡਰਾਈਵਰਾਂ ਨੂੰ ਆਪਣਾ ਏ/ਜ਼ੈੱਡ ਡਰਾਈਵਰ ਲਾਇਸੰਸ ਪ੍ਰਾਪਤ ਕਰਨ ’ਚ ਮੱਦਦ ਕਰਕੇ ਉਨ੍ਹਾਂ ਨੂੰ ਗ੍ਰੇਟਰ ਟੋਰਾਂਟੋ ਅਤੇ ਹੈਮਿਲਟਨ ਖੇਤਰ ਦੇ ਟਰੱਕਿੰਗ ਉਦਯੋਗ ’ਚ ਆਪਣਾ ਕੈਰੀਅਰ ਬਣਾਉਣ ਲਈ ਤਿਆਰ ਕਰੇਗੀ।

ਇੱਕ ਵਿਦਿਆਰਥੀ ਟਰੱਕ ਡਰਾਈਵਰ ਪਾਰਕਿੰਗ ਦੀ ਸਿਖਲਾਈ ਪ੍ਰਾਪਤ ਕਰਦਾ ਹੋਇਆ।  ਫੋਟੋ: ਆਈਸਟਾਕ

ਹੁਨਰ ਸਿਖਲਾਈ ਪ੍ਰਾਜੈਕਟ ’ਚ 400,000 ਡਾਲਰ ਦਾ ਨਿਵੇਸ਼ ਲੋਕਾਂ ਨੂੰ ਅਰਥਪੂਰਨ, ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਲੱਭ ਕੇ ਦੇਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ, ਅਤੇ ਓਂਟਾਰੀਓ ਨੂੰ ਅਜਿਹੇ ਖੇਤਰ ’ਚ ਮੁਕਾਬਲੇਬਾਜ਼ ਵੀ ਬਣਾਈ ਰੱਖਣਾ ਹੈ ਜਿਸ ’ਚ 2023 ਤਕ 25,000 ਖ਼ਾਲੀ ਆਸਾਮੀਆਂ ਹੋਣ ਦੀ ਉਮੀਦ ਹੈ।

ਕਿਰਤ, ਸਿਖਲਾਈ ਅਤੇ ਸਕਿੱਲਜ਼ ਵਿਕਾਸ ਮੰਤਰੀ ਮੋਂਟੀ ਮੈਕਨੋਟਨ ਨੇ ਕਿਹਾ, ‘‘ਟਰੱਕ ਡਰਾਈਵਰ ਵਸਤਾਂ ਨੂੰ ਅਤੇ ਸਥਾਨਕ ਕਾਰੋਬਾਰਾਂ ਨੂੰ ਦੇਸ਼ ਅਤੇ ਵਿਦੇਸ਼ ’ਚ ਉਨ੍ਹਾਂ ਦੇ ਗ੍ਰਾਹਕਾਂ ਤਕ ਪਹੁੰਚਣਾ ਯਕੀਨੀ ਕਰ ਕੇ ਸਾਡੀ ਆਰਥਿਕਤਾ ’ਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਇਸ ਪ੍ਰੋਵਿੰਸ ’ਚ ਬਹੁਤ ਹੁਨਰ ਮੌਜੂਦ ਹੈ ਅਤੇ ਇਹ ਮੁਫ਼ਤ ਪ੍ਰੋਗਰਾਮ ਓਂਟਾਰੀਓ ’ਚ ਨਵੀਂਆਂ ਭਰਤੀਆਂ ਨੂੰ ਅਜਿਹੇ ਉਤਸ਼ਾਹਪੂਰਨ ਉਦਯੋਗ ’ਚ ਹਿੱਸਾ ਲੈ ਕੇ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਿਹਤਰ ਜ਼ਿੰਦਗੀ ਜੀਣ ’ਚ ਮੱਦਦ ਕਰੇਗਾ।

ਹੈਮਿਲਟਨ ਦੇ ਇਮੀਗਰੈਂਟਸ ਵਰਕਿੰਗ ਸੈਂਟਰ, ਕਮਰਸ਼ੀਅਲ ਹੈਵੀ ਇਕੁਇਪਮੈਂਟ ਟਰੇਨਿੰਗ ਅਤੇ ਕਈ ਟਰਾਂਸਪੋਰਟ ਕੰਪਨੀਆਂ ਨਾਲ ਭਾਈਵਾਲੀ ਵਾਲੇ ਇਸ ਪ੍ਰੋਗਰਾਮ ਲਈ ਉਮੀਦਵਾਰਾਂ ਨੂੰ ਕੋਈ ਖ਼ਰਚ ਨਹੀਂ ਕਰਨਾ ਪੈਂਦਾ। ਉਨ੍ਹਾਂ ਨੂੰ ਆਪਣਾ ਏ/ਜ਼ੈੱਡ ਲਾਇਸੰਸ ਮਿਲ ਜਾਵੇਗਾ, ਜੋ ਕਿ ਓਂਟਾਰੀਓ ’ਚ ਕਮਰਸ਼ੀਅਲ ਟਰੱਕ ਡਰਾਈਵਰ ਬਣਨ ਲਈ ਚਾਹੀਦਾ ਹੈ। ਇਹ ਪ੍ਰੋਗਰਾਮ ਹਰ ਉਮੀਦਵਾਰ ਲਈ ਭਾਸ਼ਾ ਸਿਖਲਾਈ ਅਤੇ ਇੰਟਰਵਿਊ, ਤਨਖ਼ਾਹ ਵਾਲੀ ਨੌਕਰੀ ਪ੍ਰਾਪਤ ਕਰਨ ਅਤੇ ਸਫ਼ਰ ਕਰਨ ਜਾਂ ਬੱਚਿਆਂ ਦੀ ਦੇਖਭਾਲ ਵਰਗੇ ਖ਼ਰਚੇ ਦੇਣ ’ਚ ਵੀ ਮੱਦਦ ਕਰਦਾ ਹੈ।

ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਕਿਹਾ, ‘‘ਇਸ ਤਰ੍ਹਾਂ ਦੇ ਪ੍ਰੋਗਰਾਮ ਕਾਮਿਆਂ ਦੀ ਕਮੀ ਨੂੰ ਦੂਰ ਕਰਨ ’ਚ ਵੱਡਾ ਯੋਗਦਾਨ ਦੇ ਸਕਦੇ ਹਨ ਜੋ ਸਾਨੂੰ ਆਵਾਜਾਈ ਖੇਤਰ ’ਚ ਟਰੱਕ ਡਰਾਈਵਰਾਂ ਲਈ ਵੇਖਣ ਨੂੰ ਮਿਲ ਰਹੀ ਹੈ। ਪੂਰੇ ਓਂਟਾਰੀਓ ’ਚ ਪਰਿਵਾਰ ਅਤੇ ਕਾਰੋਬਾਰਾਂ ਦੇ ਮਾਲਕ ਇਹ ਸੋਚ ਕੇ ਰਾਹਤ ਦੀ ਸਾਹ ਲੈ ਸਕਦੇ ਹਨ ਕਿ ਭਵਿੱਖ ਦੇ ਡਰਾਈਵਰ ਰੋਜ਼ਾਨਾ ਆਪਣੀਆਂ ਕਮਿਊਨਿਟੀਜ਼ ’ਚ ਵਸਤਾਂ ਦੀ ਡਿਲੀਵਰੀ ਸੁਰੱਖਿਅਤ ਅਤੇ ਸਮੇਂ ਸਿਰ ਪਹੁੰਚਾਉਣਾ ਯਕੀਨੀ ਕਰਨਗੇ।’’

ਪ੍ਰੋਗਰਾਮ ’ਚ ਭਰਤੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਅਤੇ 12 ਉਮੀਦਵਾਰਾਂ ਦੇ ਪਹਿਲੇ ਸਮੂਹ ਦੀ ਸਿਖਲਾਈ ਮਈ ਦੇ ਅੰਤ ਤਕ ਸ਼ੁਰੂ ਹੋ ਜਾਵੇਗੀ। ਉਮੀਦਵਾਰ ਸਤੰਬਰ ਦੇ ਅਖ਼ੀਰ ਤਕ ਨੌਕਰੀ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਣਗੇ। ਦੂਜਾ ਸਮੂਹ ਅਗੱਸਤ ’ਚ ਸਿਖਲਾਈ ਸ਼ੁਰੂ ਕਰੇਗਾ।

ਇਸ ਸਥਾਨਕ ਸਕਿੱਲ ਅਡਵਾਂਸ ਓਂਟਾਰੀਓ ਪ੍ਰਾਜੈਕਟ ਲਈ ਬਿਨੈ ਕਰਨ ਦੇ ਇੱਛੁਕ ਇੰਪਲਾਈਮੈਂਟ ਓਂਟਾਰੀਓ ਨਾਲ ਸੰਪਰਕ ਕਰਨ।