ਨਵੇਂ ਮਾਲਕਾਂ ਨੇ ਬਾਇਜ਼ਨ ਲਈ ਭਵਿੱਖ ਦੀ ਤਰੱਕੀ ਦਾ ਰਾਹ ਖੋਲ੍ਹਿਆ

Avatar photo
(ਤਸਵੀਰ : ਬਾਇਜ਼ਨ ਟਰਾਂਸਪੋਰਟ)

ਬਾਇਜ਼ਨ ਟਰਾਂਸਪੋਰਟ ਦੀ ਮਲਕੀਅਤ ‘ਚ ਤਬਦੀਲੀ ਹੋਈ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਸ ਨਾਲ ਉਹ ਆਪਣੀਆਂ ਉਤਸ਼ਾਹੀ ਤਰੱਕੀ ਦੀਆਂ ਯੋਜਨਾਵਾਂ ਪੂਰੀਆਂ ਕਰਨ ‘ਚ ਮੱਦਦ ਕਰੇਗਾ।

1 ਜਨਵਰੀ ਨੂੰ ਮੇਨੀਟੋਬਾ-ਅਧਾਰਤ ਸਮੂਹ ਜੇਮਸ ਰਿਚਰਡਸਨ ਐਂਡ ਸਨਜ਼ (ਜੇ.ਆਰ.ਐਸ.ਐਲ.), ਜਿਸ ਦੇ ਕਾਰੋਬਾਰ ਖੇਤੀਬਾੜੀ ਤੋਂ ਲੈ ਕੇ ਤੇਲ ਅਤੇ ਗੈਸ ਉਤਪਾਦਨ ਤਕ ਫੈਲੇ ਹੋਏ ਹਨ, ਨੇ ਜੈਸੀਮਨ ਪਰਿਵਾਰ ਦੀ ਇਸ ਕੰਪਨੀ ਨਾਲ ਸਮਝੌਤਾ ਸਿਰੇ ਚਾੜ੍ਹ ਦਿੱਤਾ। ਬਾਇਜ਼ਨ ਦੀ ਸਥਾਪਨਾ 1969 ‘ਚ ਡੰਕਨ ਜੈਸੀਮਨ ਨੇ ਕੀਤੀ ਸੀ ਅਤੇ ਪਰਿਵਾਰ ਦੀ ਹੋਲਡਿੰਗ ਕੰਪਨੀ ਵੇਸਕੇਨ ਉਦੋਂ ਤੋਂ ਲੈ ਕੇ ਇਸ ਦੀ ਮਾਲਕ ਰਹੀ ਹੈ।

ਬਾਇਜ਼ਨ ਕੈਨੇਡਾ ਦੀਆਂ ਸਭ ਤੋਂ ਪ੍ਰਮੁੱਖ ਟਰੱਕਿੰਗ ਕੰਪਨੀਆਂ ‘ਚੋਂ ਇੱਕ ਬਣ ਚੁੱਕੀ ਹੈ, ਜਿਸ ਕੋਲ ਪੂਰੇ ਉੱਤਰੀ ਅਮਰੀਕਾ ‘ਚ 2,100 ਤੋਂ ਵੱਧ ਟਰੈਕਟਰ ਅਤੇ 6,000 ਤੋਂ ਵੱਧ ਟਰੇਲਰਾਂ ਦੇ ਨਾਲ 3,700 ਤੋਂ ਵੱਧ ਮੁਲਾਜ਼ਮ ਅਤੇ ਠੇਕੇਦਾਰ ਹਨ। ਇਸ ਕੋਲ ਐਚ.ਓ. ਵੋਲਡਿੰਗ, ਸੀਏਰਸੀ ਟਰੱਕਿੰਗ ਅਤੇ ਬ੍ਰਿਟੋਨ ਟਰਾਂਸਪੋਰਟ ਦੀ ਮਲਕੀਅਤ ਵੀ ਹੈ।

ਬਾਇਜ਼ਨ ਟਰਾਂਸਪੋਰਟ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਰੋਬ ਪੈਨਰ ਨੇ ਕਿਹਾ ਕਿ ਬਾਇਜ਼ਨ ਕੋਲ ਪੰਜ ਸਾਲਾਂ ਤਕ ਤੇਜ਼ ਤਰੱਕੀ ਪ੍ਰਾਪਤ ਕਰਨ ਦੀ ਯੋਜਨਾ ਹੈ, ਜਿਸ ਨੂੰ ਪੂਰਾ ਕਰਨ ਲਈ ਇਸ ਨੂੰ ਕਾਫ਼ੀ ਪੈਸੇ ਦੀ ਜ਼ਰੂਰਤ ਸੀ।

ਬਾਇਜ਼ਨ ਆਪਣੇ ਮੌਜੂਦਾ ਬ੍ਰਾਂਡ ਦੇ ਨਾਂ ਹੇਠ ਹੀ ਕੰਮ ਕਰਦੀ ਰਹੇਗੀ ਅਤੇ ਇਸ ਦੀ ਕਾਰਜਕਾਰੀ ਜਾਂ ਪ੍ਰਬੰਧਕੀ ਟੀਮ ‘ਚ ਕੋਈ ਤਬਦੀਲੀ ਨਹੀਂ ਹੋਵੇਗੀ। ਪੈਨਰ ਨੇ ਕਿਹਾ ਕਿ ਮਲਕੀਅਤ ‘ਚ ਤਬਦੀਲੀ ਨਾਲ ਮੁਲਾਜ਼ਮਾਂ, ਠੇਕੇਦਾਰਾਂ ਅਤੇ ਗ੍ਰਾਹਕਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ, ਬਾਇਜ਼ਨ ਰਲੇਵੇਂ ਅਤੇ ਪ੍ਰਾਪਤੀਆਂ ਦੇ ਮਾਮਲੇ ‘ਚ ਵੱਡੀ ਛਾਲ ਲਾ ਸਕਦਾ ਹੈ।

ਕੰਪਨੀ ਕੋਲ 1.5 ਬਿਲੀਅਨ ਦੀ ਵਿਕਰੀ ਪ੍ਰਾਪਤ ਕਰਨ ਲਈ ਪੰਜ ਸਾਲਾਂ ਦੀ ਯੋਜਨਾ ਹੈ, ਜੋ ਕਿ ਇਸ ਦੇ ਮੌਜੂਦਾ ਪੱਧਰ ਤੋਂ 50% ਦੀ ਤਰੱਕੀ ਹੋਵੇਗੀ ਅਤੇ ਇਸ ‘ਚੋਂ 500 ਮਿਲੀਅਨ ਡਾਲਰ ਅਮਰੀਕੀ ਕਾਰਵਾਈਆਂ ਤੋਂ ਆਉਣਗੇ – ਜੋ ਕਿ ਭਵਿੱਖ ਦੀ ਤਰੱਕੀ ਲਈ ਪ੍ਰਮੁੱਖ ਟੀਚਾ ਹੈ।