ਨਵੇਂ ਸਾਲ ’ਚ ਵੀ ਪੁਰਾਣੀਆਂ ਸਮੱਸਿਆਵਾਂ ਤੋਂ ਨਹੀਂ ਮਿਲੇਗਾ ਛੁਟਕਾਰਾ : ਐਕਟ ਰਿਸਰਚ

Avatar photo

2021 ਦੀਆਂ ਪ੍ਰਮੁੱਖ ਸਮੱਸਿਆਵਾਂ – ਸਪਲਾਈ ਚੇਨ ’ਚ ਮੁਸ਼ਕਲਾਂ, ਕੋਵਿਡ, ਮਹਿੰਗਾਈ, ਊਰਜਾ ਦੀਆਂ ਵੱਧ ਕੀਮਤਾਂ, ਵੱਧ ਫ਼ਰੇਟ ਅਤੇ ਰੇਟ – ਨਵੇਂ ਸਾਲ 2022 ’ਚ ਵੀ ਪ੍ਰਮੁੱਖ ਮੁੱਦੇ ਬਣੇ ਰਹਿਣ ਦੀ ਸੰਭਾਵਨਾ ਹੈ।

(ਤਸਵੀਰ: ਆਈਸਟਾਕ)

ਇਹ ਕਹਿਣਾ ਉਦਯੋਗਿਕ ਸਮੀਖਿਆਕਰਤਾ ਐਕਟ ਰਿਸਰਚ ਦਾ ਹੈ। ਐਕਟ ਦੇ ਪ੍ਰੈਜ਼ੀਡੈਂਟ ਅਤੇ ਸੀਨੀਅਰ ਐਨਾਲਿਸਟ ਕੇਨੀ ਵੇਥ ਨੇ ਕਿਹਾ, ‘‘ਸ਼੍ਰੇਣੀ 8 ਦੀ ਮੰਗ ਮਜ਼ਬੂਤ ਰਹੀ ਹੈ, ਪਰ ਨਿਰਮਾਤਾਵਾਂ ਵੱਲੋਂ ਇਸ ਮੰਗ ਨੂੰ ਹੁੰਗਾਰਾ ਦੇਣ ਦੀ ਸਮਰੱਥਾ ਅਜੇ ਵੀ ਕਮਜ਼ੋਰ ਹੈ। ਵੱਧ ਕੀਮਤਾਂ ਨੂੰ ਕੋਈ ਰੋਕ ਨਹੀਂ ਸਕਦਾ, ਅਤੇ ਇਹ ਮੁੱਦਾ ਪੂਰੇ ਸਾਲ 2022 ’ਚ ਛਾਇਆ ਰਹੇਗਾ। ਸਾਨੂੰ ਉਮੀਦ ਹੈ ਕਿ ਇਹ ਹਾਲਾਤ ਹੌਲੀ-ਹੌਲੀ ਸੁਧਰਨਗੇ, ਪਰ ਜ਼ੋਖ਼ਮ ਆਮ ਤੋਂ ਵੱਧ ਹੀ ਰਹਿਣਗੇ। ਫ਼ਰੇਟ ਬਾਜ਼ਾਰ ਸੰਤੁਲਨ, ਉਪਕਰਨਾਂ ਅਤੇ ਡਰਾਈਵਰਾਂ ਤੇ ਫ਼ਰੇਟ ਮਾਤਰਾ ਵਿਚਕਾਰ ਸਪਲਾਈ-ਮੰਗ ਸੰਤੁਲਨ, ਸ਼ਾਇਦ ਅਗਲੇ ਸਾਲ ਦੀ ਚੌਥੀ ਤਿਮਾਹੀ ਤੱਕ ਪ੍ਰਾਪਤ ਨਹੀਂ ਕੀਤਾ ਜਾ ਸਕੇਗਾ।’’

ਵੇਥ ਨੇ ਕਿਹਾ ਕਿ ਓਮੀਕਰੋਨ ਕੋਵਿਡ ਵੇਰੀਐਂਟ ਦਾ ਤੇਜ਼ੀ ਨਾਲ ਫੈਲਾਅ ਸਭ ਤੋਂ ਵੱਡਾ ਖ਼ਤਰਾ ਹੈ।

ਵੇਥ ਨੇ ਕਿਹਾ, ‘‘ਨੇੜ ਭਵਿੱਖ ’ਚ ਹੈਵੀ-ਡਿਊਟੀ ਪੇਸ਼ਨਗੋਈ ਨੂੰ ਪ੍ਰਭਾਵਤ ਕਰਨ ਵਾਲੀ, ਅਤੇ ਜ਼ੋਖ਼ਮ ’ਚ ਵਾਧਾ ਕਰਨ ਵਾਲੀ, ਇੱਕ ਸਭ ਤੋਂ ਮਹੱਤਵਪੂਰਨ ਘਟਨਾ ਕੋਵਿਡ ਓਮੀਕਰੋਨ ਵੇਰੀਐਂਟ ਦਾ ਕੌਮਾਂਤਰੀ ਪੱਧਰ ’ਤੇ ਫੈਲਾਅ ਹੈ। ਇਸ ਬਿਮਾਰੀ ਜਿੰਨੀ ਹੀ ਮਹੱਤਵਪੂਰਨ ਗੱਲ ਸਿਵਲ ਅਥਾਰਟੀਆਂ ਅਤੇ ਆਮ ਜਨਤਾ ਦੀ ਓਮੀਕਰੋਨ – ਅਤੇ ਨਾਲ ਹੀ 2022 ਅਤੇ ਉਸ ਤੋਂ ਬਾਅਦ ਵੀ ਇਸ ਦੇ ਨਵੇਂ ਆ ਸਕਣ ਵਾਲੇ ਵੇਰੀਐਂਟ ’ਤੇ ਪ੍ਰਤੀਕਿਰਿਆ ਹੈ।

‘‘ਅਸੀਂ ਉਮੀਦ ਪ੍ਰਗਟਾ ਸਕਦੇ ਹਾਂ ਕਿ ਪਿਛਲੇ ਦੋ ਸਾਲਾਂ ਦੇ ਤਜ਼ਰਬੇ ਤੋਂ ਸਿੱਖੇ ਸਬਕ ਸਾਨੂੰ ਛੋਟੇ ਅਤੇ ਸੂਖਮ ਆਧਾਰ ’ਤੇ ਦਿਸ਼ਾ ਦੇਣ ’ਚ ਮੱਦਦ ਕਰਨਗੇ। ਪੇਸ਼ਨਗੋਈ ਦੀ ਗੱਲ ਕਰੀਏ ਤਾਂ ਇੱਕ ਸਬਕ ਇਹ ਹੈ ਕਿ ਮਹਾਂਮਾਰੀ ਦੌਰਾਨ ਵਸਤਾਂ ਦੀ ਮੰਗ ਸੇਵਾਵਾਂ ਮੁਕਾਬਲੇ ਕਾਫ਼ੀ ਵੱਧ ਜਾਂਦੀ ਹੈ, ਵਿਸ਼ੇਸ਼ ਕਰ ਕੇ ਜੇਕਰ ਉਹ ਸੇਵਾਵਾਂ ਜਨਤਾ ਲਈ ਹਨ। ਵਸਤਾਂ ਦੇ ਉਤਪਾਦਨ ਅਤੇ ਵੰਡ ਨਾਲ ਸੰਬੰਧਤ ਖੇਤਰ (ਨਿਰਮਾਣ, ਉਸਾਰੀ, ਖੁਦਾਈ, ਖੇਤੀਬਾੜੀ, ਥੋਕ ਅਤੇ ਰਿਟੇਲ) ਆਵਾਜਾਈ-ਕੇਂਦਰਿਤ ਅਤੇ ਆਮ ਤੌਰ ’ਤੇ ਟਰੱਕਿੰਗ-ਕੇਂਦਰਿਤ ਹਨ। ਇਸ ਲਈ ਇਸ ਦੀ ਫ਼ਿਤਰਤ ਅਨੁਸਾਰ, ਹੈਵੀ ਟਰੱਕਾਂ ਦੀ ਮੰਗ ਕੁਦਰਤੀ ਤੌਰ ’ਤੇ ਕੋਵਿਡ ਦੇ ਖ਼ਤਰੇ ਤੋਂ ਮੁਕਤ ਹੈ।’’