ਨੌਜੁਆਨਾਂ ਦੇ ਹੁਨਰ ਨੂੰ ਤਰਾਸ਼ਣ ਲਈ ਫ਼ੰਡ ਦੇਵੇਗਾ ਟਰੱਕਿੰਗ ਐਚ.ਆਰ. ਕੈਨੇਡਾ

Avatar photo

ਟਰੱਕਿੰਗ ਐਚ.ਆਰ. ਕੈਨੇਡਾ ਨੇ ਮੰਗਲਵਾਰ ਨੂੰ ਆਪਣੇ ਕੈਰੀਅਰ ਐਕਸਪ੍ਰੈੱਸ ਵੇਅ ਪ੍ਰੋਗਰਾਮ ਰਾਹੀਂ ਵਿਸਤਾਰਿਤ ਫ਼ੰਡਿੰਗ ਸਟ੍ਰੀਮ ਦਾ ਐਲਾਨ ਕੀਤਾ ਹੈ। ਮਨਜ਼ੂਰਸ਼ੁਦਾ ਰੁਜ਼ਗਾਰਦਾਤਾਵਾਂ ਲਈ 10,000 ਡਾਲਰ ਤੱਕ ਦੀਆਂ ਤਨਖ਼ਾਹ ਸਬਸਿਡੀਆਂ ਨਾਲ ਡਰਾਈਵਰ ਸਿਖਲਾਈ ਸਬਸਿਡੀਆਂ ਵੀ ਮੌਜੂਦ ਰਹਿਣਗੀਆਂ।

ਟਰੱਕਿੰਗ ਐਚ.ਆਰ. ਕੈਨੇਡਾ ਦੀ ਸੀ.ਈ.ਓ. ਐਂਜੇਲਾ ਸਪਲਿੰਟਰ ਨੇ ਕਿਹਾ, ‘‘ਇਹ ਗੱਲ ਸਾਫ਼ ਹੈ ਕਿ ਸਾਡੇ ਉਦਯੋਗ ਨੂੰ ਡਰਾਈਵਿੰਗ ਅਤੇ ਗ਼ੈਰ- ਡਰਾਈਵਿੰਗ ਰੋਲ ’ਚ ਨੌਜੁਆਨਾਂ ਨੂੰ ਭਰਤੀ ਕਰਨ ਦੀ ਜ਼ਰੂਰਤ ਹੈ। ਨਵੇਂ ਵਰਕਰਾਂ ਨੂੰ ਭਰਤੀ ਕਰਨ ਦੀ ਮੁਕਾਬਲੇਬਾਜ਼ੀ ਹੋਰ ਜ਼ਿਆਦਾ ਸਖ਼ਤ ਹੁੰਦੀ ਜਾ ਰਹੀ ਹੈ। ਕੈਰੀਅਰ ਐਕਸਪ੍ਰੈੱਸ ਵੇਅ – ਅਤੇ ਇਸ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਫ਼ੰਡਿੰਗ – ਉਹ ਪਾਸਾ ਪਲਟਣ ਵਾਲੀ ਚਾਲ ਸਾਬਤ ਹੋ ਸਕਦਾ ਹੈ ਜਿਸ ਦੀ ਤੁਹਾਨੂੰ ਜ਼ਰੂਰਤ ਹੈ।’’

ਟਰੱਕਿੰਗ ਐਚ.ਆਰ. ਕੈਨੇਡਾ ਨੇ ਪਿੱਛੇ ਜਿਹੇ ਇੱਕ ਲੇਬਰ ਮਾਰਕੀਟ ਸੂਚਨਾ ਖਾਕਾ ਜਾਰੀ ਕੀਤਾ ਸੀ ਜਿਸ ’ਚ ਦੱਸਿਆ ਗਿਆ ਸੀ ਕਿ 2021 ਦੀਆਂ ਪਹਿਲੀਆਂ ਦੋ ਤਿਮਾਹੀਆਂ ’ਚ 18,000 ਟਰੱਕ ਡਰਾਈਵਰਾਂ ਦੀਆਂ ਆਸਾਮੀਆਂ ਖ਼ਾਲੀ ਪਈਆਂ ਸਨ। ਪਿੱਛੇ ਜਿਹੇ ਰੁਜ਼ਗਾਰਦਾਤਾਵਾਂ ਵੱਲੋਂ ਕੀਤੇ ਗਏ ਸਰਵੇਖਣਾਂ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਡਰਾਈਵਰਾਂ ਦੀ ਕਮੀ ਪ੍ਰਮੁੱਖ ਚਿੰਤਾ ਹੋਣ ਤੋਂ ਇਲਾਵਾ, ਗ਼ੈਰ-ਡਰਾਈਵਿੰਗ ਰੋਲ ਨਿਭਾਉਣ ਲਈ ਵੀ ਭਰਤੀਆਂ ਕਰਨ ਦੀ ਚੁਨੌਤੀ ਵਧਦੀ ਜਾ ਰਹੀ ਹੈ।

ਟਰੱਕਿੰਗ ਐਚ.ਆਰ. ਕੈਨੇਡਾ ਨੇ ਇਹ ਜਾਣਨ ਲਈ ਨੌਜੁਆਨਾਂ ਦਾ ਸਿੱਧਾ ਸਰਵੇਖਣ ਵੀ ਕੀਤਾ, ਕਿ ਉਹ ਟਰੱਕ ਡਰਾਈਵਿੰਗ ਦੀ ਬਜਾਏ ਹੋਰ ਇਸੇ-ਤਰ੍ਹਾਂ ਦੇ ਉਦਯੋਗਾਂ ’ਚ ਜਾਣਾ ਕਿਉਂ ਪਸੰਦ ਕਰਨਗੇ। ਇੱਕ ਪ੍ਰਮੁੱਖ ਕਾਰਨ ਸਿਖਲਾਈ ਦੀ ਲਾਗਤ ਦੱਸਿਆ ਗਿਆ। ਇਹ ਪ੍ਰੋਗਰਾਮ ਲਾਗਤ ਦੀ ਭਰਪਾਈ ਕਰ ਕੇ ਇਸੇ ਰੁਕਾਵਟ ਨੂੰ ਖ਼ਤਮ ਕਰ ਰਿਹਾ ਹੈ। ਇਸ ਤੋਂ ਇਲਾਵਾ, ਹਰ ਕੰਮਕਾਜ ਲਈ ਤਨਖ਼ਾਹ ਸਬਸਿਡੀ ਬਾਰੇ ਬਿਨੈ ਕੀਤਾ ਜਾ ਸਕਦਾ ਹੈ।

ਕੈਰੀਅਰ ਐਕਸਪ੍ਰੈੱਸ ਵੇਅ ਪ੍ਰੋਗਰਾਮ ਲਈ ਇੱਕ ਸੂਚਨਾ ਸੈਸ਼ਨ 28 ਅਕਤੂਬਰ ਨੂੰ ਹੋਵੇਗਾ। ਤੁਸੀਂ ਇੱਥੇ ਰਜਿਸਟਰ ਕਰ ਸਕਦੇ ਹੋ।