ਪਖਾਨਿਆਂ ਦੀ ਵਰਤੋਂ ਲਈ ਡਰਾਈਵਰਾਂ ਨੂੰ ਰਾਹਤ

Avatar photo

ਪਖਾਨੇ ਜਾਣੈ, ਤਾਂ ਜਾਣੈ। ਜ਼ਿਆਦਾਤਰ ਲੋਕਾਂ ਲਈ ਇਹ ਕੋਈ ਸਮੱਸਿਆ ਨਹੀਂ ਹੁੰਦੀ। ਉਨ੍ਹਾਂ ਲਈ ਪਖਾਨਾ ਘਰ ਅੰਦਰ, ਜਿੱਥੇ ਕਿ ਮਹਾਂਮਾਰੀ ਤੋਂ ਬਾਅਦ ਜ਼ਿਆਦਾਤਰ ਲੋਕ ਕੰਮ ਕਰ ਰਹੇ ਹਨ, ਜਾਂ ਦਫ਼ਤਰਾਂ ’ਚ ਨੇੜੇ ਹੀ ਹੁੰਦਾ ਹੈ।

Sign saying no driver washrooms at this location.
ਪਿਛਲੇ ਸਾਲ ਮਹਾਂਮਾਰੀ ਦੌਰਾਨ ਕਈ ਥਾਵਾਂ ’ਤੇ ਡਰਾਈਵਰਾਂ ਨੂੰ ਪਖਾਨਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਤਸਵੀਰ: ਸਤਿੰਦਰ ਗੋਇੰਦੀ

ਵਿਅਕਤੀਗਤ ਤਜ਼ਰਬੇ ਨਾਲ ਗੱਲ ਕਰਾਂ ਤਾਂ, ਟਰੱਕ ਡਰਾਈਵਰਾਂ ਲਈ ਇਹ ਏਨਾ ਆਸਾਨ ਕੰਮ ਨਹੀਂ ਹੁੰਦਾ। ਉਨ੍ਹਾਂ ਦਾ ਦਫ਼ਤਰ ਵੀ ਟਰੱਕ ਹੀ ਹੁੰਦਾ ਹੈ, ਜੋ ਕਿ ਸ਼ਿੱਪਰਜ਼ ਅਤੇ ਰਿਸੀਵਰਜ਼, ਯਾਰਡਸ ਅਤੇ ਵੇਅਰਹਾਊਸਿਜ਼ ਵਿਚਕਾਰ ਸਫ਼ਰ ਕਰਦੇ ਹੋਏ ਕੰਮ ਕਰਦੇ ਹਨ।

ਪਹਿਲਾਂ ਤਾਂ ਸੜਕ ’ਤੇ ਚਲਦਿਆਂ ਜੇਕਰ ਤੁਹਾਨੂੰ ਵੇਲੇ ਸਿਰ ਪਖਾਨਾ ਮਿਲ ਜਾਵੇ ਤਾਂ ਤੁਹਾਡੀ ਕਿਸਮਤ ਚੰਗੀ ਹੈ। ਪਰ ਪਖਾਨਾ ਲੱਭਣ ’ਚ ਕਾਫ਼ੀ ਸਮਾਂ ਲੱਗ ਸਕਦਾ ਹੈ, ਇਸ ਲਈ ਤੁਹਾਨੂੰ ਉਦੋਂ ਤਕੱ ਖ਼ੁਦ ਨੂੰ ਰੋਕ ਕੇ ਰੱਖਣਾ ਪਵੇਗਾ।

ਦੂਜਾ, ਗੱਡੀ ਨੂੰ ਖੜ੍ਹਾਉਣ ਲਈ ਕੋਈ ਸੁਰੱਖਿਅਤ ਥਾਂ ਵੀ ਹੋਣੀ ਚਾਹੀਦੀ ਹੈ – ਅਸੀਂ 72 ਫ਼ੁਟ ਵਾਲੀ ਥਾਂ ਦੀ ਗੱਲ ਕਰ ਰਹੇ ਹਾਂ – ਜਿੱਥੇ ਗੱਡੀ ਨੂੰ ਕਿਤੇ ਖੜ੍ਹਾਇਆ ਅਤੇ ਆਸਾਨੀ ਨਾਲ ਬਾਹਰ ਕੱਢਿਆ ਜਾ ਸਕੇ। ਉਹ ਵੀ ਆਪਣਾ ਪਿਸ਼ਾਬ ਰੋਕਦੇ ਹੋਏ।

ਤੀਜੀ, ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੀ ਡਰਾਈਵਰ ਨੂੰ ਗ੍ਰਾਹਕ ਕੋਲ ਪਹੁੰਚਦਿਆਂ ਹੀ ਪਖਾਨੇ ਦੀ ਵਰਤੋਂ ਕਰਨ ਦੀ ਇਜਾਜ਼ਤ ਵੀ ਹੋਵੇਗੀ? ਕਈ ਵਾਰੀ, ਜਵਾਬ ਨਾਂਹ ’ਚ ਹੁੰਦਾ ਹੈ। ਫਿਰ ਤੁਹਾਡੇ ਕੋਲ ਕੋਈ ਰਸਤਾ ਨਹੀਂ ਬਚਦਾ, ਖ਼ੁਦ ਨੂੰ ਰੋਕ ਦੇ ਰੱਖਣ ਦੀ ਬਜਾਏ।

ਇੱਕ ਲੋਂਗ-ਹੌਲ ਡਰਾਈਵਰ ਪੌਲ ਮੈਕਕੈਚਨੀ ਦਾ ਕਹਿਣਾ ਹੈ, ‘‘ਜੋ ਕੰਪਨੀਆਂ ਡਰਾਈਵਰਾਂ ਨੂੰ ਆਪਣੀਆਂ ਸਹੂਲਤਾਂ ਦੀ ਵਰਤੋਂ ਨਹੀਂ ਕਰਨ ਦਿੰਦੀਆਂ ਉਨ੍ਹਾਂ ਨੂੰ ਕਾਲੀ ਸੂਚੀ ’ਚ ਪਾ ਦੇਣਾ ਚਾਹੀਦਾ ਹੈ। ਜੇਕਰ ਮੈਂ ਕਿਸੇ ਕੰਪਨੀ ’ਚ ਜਾਵਾਂ ਅਤੇ ਉਨ੍ਹਾਂ ਦੇ ਪਖਾਨੇ ਦੀ ਵਰਤੋਂ ਕਰਨੀ ਪਵੇ, ਤੇ ਉਹ ਨਾਂਹ ਕਰ ਦੇਣ, ਤਾਂ ਮੈਂ ਉਨ੍ਹਾਂ ਲਈ ਕਦੇ ਕੰਮ ਨਹੀਂ ਕਰਾਂਗਾ।’’

ਜੇ ਤੁਸੀਂ ਕਿਸੇ ਸਟੋਰ ਜਾਂ ਮੌਲ ’ਚ ਜਾਵੋ ਤਾਂ ਕੀ ਤੁਸੀਂ ਪ੍ਰੇਸ਼ਾਨ ਨਹੀਂ ਹੋਵੇਗੇ, ਜੇਕਰ ਪਖਾਨਾ ਸਫ਼ਾਈ ਜਾਂ ਮੁਰਮੰਤ ਲਈ ਬੰਦ ਪਿਆ ਹੋਵੇ? ਤੁਸੀਂ ਕਿਸੇ ਹੋਰ ਪਖਾਨੇ ਨੂੰ ਲੱਭੋਗੇ, ਅਤੇ ਇਸ ਨਾਲ ਤੁਹਾਨੂੰ ਪ੍ਰੇਸ਼ਾਨੀ ਹੋਵੇਗੀ।

ਡਰਾਈਵਰਾਂ ਦੀ ਕਿਸ ਨੂੰ ਫ਼ਿਕਰ ਹੁੰਦੀ ਹੈ। ਉਹ ਤਾਂ ਖੁੱਲ੍ਹੀ ਥਾਂ ’ਤੇ ਹਾਜਤ ਕਰਨ ਲਈ ਜੋ ਵੀ ਬਦਲ (ਗੂਗਲ ’ਤੇ ‘ਪੀ ਬੌਟਲ’ ਲੱਭ ਕੇ ਦੇਖੋ) ਮੌਜੂਦ ਹੋਵੇ ਉਸ ਨੂੰ ਵਰਤਣ ਲਈ ਮਜਬੂਰ ਹੁੰਦੇ ਹਨ। ਔਰਤ ਡਰਾਈਵਰਾਂ ਨੂੰ ਤਾਂ ਹੋਰ ਵੀ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਭਿਆਨਕ ਸਥਿਤੀ ਹੁੰਦੀ ਹੈ ਜਿਸ ਲਈ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ।

Picture of Amandeep Grewal
ਅਮਨਦੀਪ ਗਰੇਵਾਲ ਤਸਵੀਰ: ਸਪਲਾਈਡ

ਲੋਕਲ ਡਰਾਈਵਰ ਅਮਨਦੀਪ ਗਰੇਵਾਲ ਨੇ ਕਿਹਾ, ‘‘ਜਿਨ੍ਹਾਂ 10 ਥਾਵਾਂ ’ਤੇ ਮੈਂ ਜਾਂਦਾ ਹਾਂ, ਉਨ੍ਹਾਂ ’ਚੋਂ ਸਿਰਫ਼ ਇੱਕ ਜਾਂ ਦੋ ਹੀ ਡਰਾਈਵਰਾਂ ਨੂੰ ਆਪਣੇ  ਪਖਾਨਿਆਂ ਦਾ ਪ੍ਰਯੋਗ ਕਰਨ ਦਿੰਦੇ ਹਨ। ਮੈਂ ਆਪਣੀ ਸ਼ਿਫ਼ਟ ਦੌਰਾਨ ਕੰਪਨੀ ’ਚ ਹਰ ਦੋ ਜਾਂ ਤਿੰਨ ਘੰਟਿਆਂ ਬਾਅਦ ਪਹੁੰਚਦੀ ਹਾਂ ਅਤੇ ਸਹੂਲਤਾਂ ਦਾ ਪ੍ਰਯੋਗ ਕਰਦੀ ਹਾਂ। ਕਈ ਥਾਵਾਂ ’ਤੇ ਉਹ ਸਾਨੂੰ ਆਪਣੇ ਪਖਾਨਿਆਂ ਦਾ ਪ੍ਰਯੋਗ ਨਹੀਂ ਕਰਨ ਦਿੰਦੇ ਅਤੇ ਸਾਨੂੰ ਹਾਜਤ ਲਈ ਟਰੇਲਰਾਂ ਵਿਚਕਾਰ ਪਈ ਥਾਂ ’ਤੇ ਜਾਣ ਦਾ ਇਸ਼ਾਰਾ ਕਰ ਦਿੰਦੇ ਹਨ।

ਅਕਤੂਬਰ ਮਹੀਨੇ ’ਚ, ਓਂਟਾਰੀਓ ਸਰਕਾਰ ਨੇ ਇੱਕ ਕਾਨੂੰਨ ਪੇਸ਼ ਕੀਤਾ ਹੈ ਜੋ ਕਿ ਟਰੱਕ ਡਰਾਈਵਰਾਂ ਨੂੰ ਉਸ ਕਾਰੋਬਾਰ ਦੇ ਕੰਪਨੀ ਪਖਾਨੇ ਦਾ ਪ੍ਰਯੋਗ ਕਰਨ ਦੇਣਗੇ ਜਿੱਥੇ ਕਿ ਉਹ ਵਸਤਾਂ ਦੀ ਢੋਆ-ਢੋਆਈ ਕਰ ਰਹੇ ਹਨ।

ਓਂਟਾਰੀਓ ਵਰਕਫ਼ੋਰਸ ਰਿਕਵਰੀ ਐਡਵਾਇਜ਼ਰੀ ਕਮੇਟੀ ਵੱਲੋਂ ਕੀਤੇ ਸਲਾਹ-ਮਸ਼ਵਰੇ ਨੇ ਦਰਸਾਇਆ ਹੈ ਕਿ ਟਰੱਕ ਡਰਾਈਵਰ, ਕੋਰੀਅਰ, ਅਤੇ ਭੋਜਨ ਡਿਲੀਵਰ ਕਰਨ ਵਾਲੇ ਲੋਕਾਂ ਨੂੰ, ਅਕਸਰ ਉਨ੍ਹਾਂ ਕਾਰੋਬਾਰਾਂ ’ਚ ਪਖਾਨਿਆਂ ਦੇ ਪ੍ਰਯੋਗ ਦੀ ਮਨਾਹੀ ਕਰ ਦਿੱਤੀ ਜਾਂਦੀ ਹੈ ਜਿੱਥੇ ਉਹ ਆਪਣੀਆਂ ਸੇਵਾਵਾਂ ਦੇਣ ਜਾਂਦੇ ਹਨ।

ਕੁੱਝ ਕੰਪਨੀਆਂ ਨਹੀਂ ਚਾਹੁੰਦੀਆਂ ਕਿ ਡਰਾਈਵਰ ਉਨ੍ਹਾਂ ਦੀਆਂ ਸਹੂਲਤਾਂ ਦਾ ਪ੍ਰਯੋਗ ਕਰਨ ਅਤੇ ਉਨ੍ਹਾਂ ਨੂੰ ਯਾਰਡ ’ਚ ਸਥਿਤ ਪੋਰਟੇਬਲ ਪਖਾਨੇ ’ਚ ਜਾਣ ਦਾ ਇਸ਼ਾਰਾ ਕਰ ਦਿੰਦੀਆਂ ਹਨ। ਇਹ ਪਲਾਸਟਿਕ ਦੇ ਪਖਾਨੇ ਬਹੁਤ ਗਰਮ ਜਾਂ ਠੰਢੇ (ਮੌਸਮ ਅਨੁਸਾਰ), ਗੰਦੀਆਂ, ਘਿਨਾਉਣੀਆਂ ਥਾਵਾਂ ਹੁੰਦੇ ਹਨ। ਕੀ ਤੁਸੀਂ ਪਾਰਕ, ਮੇਲੇ ਜਾਂ ਪਿਕਨਿਕ ਵਾਲੇ ਇਲਾਕੇ ’ਚ ਕਦੇ ਇਨ੍ਹਾਂ ਦਾ ਪ੍ਰਯੋਗ ਕੀਤਾ ਹੈ? ਆਪਣਾ ਸਾਹ ਬੰਦ ਕਰ ਕੇ ਹੀ ਦਰਵਾਜ਼ਾ ਖੋਲ੍ਹਿਆ ਹੋਣਾ ਤੁਸੀਂ!

ਜਦੋਂ ਮੈਂ ਟਰੱਕ ਚਲਾਉਂਦਾ ਸੀ ਅਤੇ ਮੈਨੂੰ ਇਹ ਪੋਰਟੇਬਲ ਪਖਾਨੇ ਪ੍ਰਯੋਗ ਕਰਨੇ ਪੈਂਦੇ ਸਨ ਤਾਂ ਮੈਨੂੰ ਘਿਣ ਆਉਂਦੀ ਸੀ। ਮੈਂ ਜਦੋਂ ਵੀ ਇਨ੍ਹਾਂ ’ਚੋਂ ਬਾਹਰ ਨਿਕਲਦਾ ਤਾਂ ਮੇਰਾ ਉਲਟੀ ਕਰਨ ਵਰਗਾ ਮਨ ਹੁੰਦਾ ਸੀ। ਜ਼ਿਆਦਾਤਰ ਲੋਕਾਂ ਨੂੰ ਇਨ੍ਹਾਂ ’ਚ ਕਦੇ-ਕਦਾਈਂ ਜਾਣਾ ਪੈਂਦਾ ਹੈ, ਪਰ ਡਰਾਈਵਰਾਂ ਨੂੰ ਇਨ੍ਹਾਂ ਦੀ ਵਰਤੋਂ ਲਗਭਗ ਰੋਜ਼ ਕਰਨੀ ਪੈਂਦੀ ਹੈ।

Picture of Satinder Goindi
ਸਤਿੰਦਰ ਗੋਇੰਦੀ ਤਸਵੀਰ : ਲੀਓ ਬਾਰੋਸ

ਇੱਕ ਓਨਰ-ਆਪਰੇਟਰ ਸਤਿੰਦਰ ਗੋਇੰਦੀ ਨੇ ਕਿਹਾ, ‘‘ਹਾਜਤ ਨੂੰ ਤੁਸੀਂ ਰੋਕ ਕੇ ਨਹੀਂ ਰੱਖ ਸਕਦੇ। ਕਈ ਡਰਾਈਵਰਾਂ ਨੂੰ ਸਿਹਤ ਦੀ ਸਮੱਸਿਆ ਹੁੰਦੀ ਹੈ, ਉਹ ਦਵਾਈਆਂ ਖਾਂਦੇ ਹਨ, ਅਤੇ ਉਨ੍ਹਾਂ ਨੂੰ ਪਖਾਨੇ ਜਾਣਾ ਲਾਜ਼ਮੀ ਹੁੰਦਾ ਹੈ। ਕਈ ਥਾਵਾਂ ’ਤੇ ਪੋਰਟੇਬਲ ਪਖਾਨੇ ਗੰਦੇ ਹੁੰਦੇ ਹਨ ਪਰ ਉਨ੍ਹਾਂ ਨੂੰ ਨਿਯਮਤ ਰੂਪ ’ਚ ਸਾਫ਼ ਨਹੀਂ ਕੀਤਾ ਜਾਂਦਾ। ਟੂਟੀਆਂ ’ਚ ਪਾਣੀ ਤਾਂ ਜ਼ਰੂਰ ਹੋਣਾ ਚਾਹੀਦਾ ਹੈ।’’

ਕਈ ਪੋਰਟੇਬਲ ਪਖਾਨਿਆਂ ’ਚ ਪਾਣੀ ਨਹੀਂ ਹੁੰਦਾ। ਆਪਣੇ ਹੱਥਾਂ ਨੂੰ ਤੁਸੀਂ ਕਿਵੇਂ ਸਾਫ਼ ਕਰੋਗੇ? ਆਪਣੇ ਕੋਲ ਸੈਨੇਟਾਈਜ਼ਰ ਦਾ ਹੋਣਾ ਯਕੀਨੀ ਕਰੋ। ਜੇਕਰ ਤੁਹਾਡੇ ਕੋਲ ਸੈਨੇਟਾਈਜ਼ਰ ਨਹੀਂ ਹੈ ਤਾਂ ਕੀਟਾਣੂ ਟਰੱਕ ਦੇ ਅੰਦਰ ਅਤੇ ਜਿਸ ਵੀ ਅਗਲੀ ਥਾਂ ’ਤੇ ਤੁਸੀਂ ਡਿਲੀਵਰੀ ਜਾਂ ਪਿਕਅੱਪ ਕਰ ਰਹੇ ਹੋ, ਉੱਥੇ ਤਕ ਲੈ ਕੇ ਜਾਣੇ ਪੈਣਗੇ। ਇਸ ਤੋਂ ਵੀ ਬੁਰੀ ਗੱਲ ਹੈ ਕੀਟਾਣੂ ਘਰ ਤੱਕ ਲੈ ਜਾਣਾ ਅਤੇ ਆਪਣੇ ਸਨੇਹੀਆਂ ਨੂੰ ਲਾ ਦੇਣਾ।

Picture of Amir Zaidi
ਆਮਿਰ ਜ਼ੈਦੀ ਤਸਵੀਰ : ਸਪਲਾਈਡ

ਇੱਕ ਓਨਰ-ਆਪਰੇਟਰ ਆਮਿਰ ਜ਼ੈਦੀ ਨੇ ਕਿਹਾ, ‘‘ਕਈ ਵਾਰੀ ਜਦੋਂ ਮੈਂ ਕਿਸੇ ਗ੍ਰਾਹਕ ਕੋਲ ਜਾਂਦਾ ਹਾਂ ਅਤੇ ਪਖਾਨਾ ਵਰਤਣ ਦੀ ਇਜਾਜ਼ਤ ਮੰਗਦਾ ਹਾਂ ਤਾਂ ਮੈਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ। ਉਹ ਸਾਡੇ ਨਾਲ ਕਾਰੋਬਾਰ ਤਾਂ ਕਰ ਸਕਦੇ ਹਨ ਪਰ ਸਾਨੂੰ ਮੁਢਲੀਆਂ ਮਨੁੱਖੀ ਸਹੂਲਤਾਂ ਦਾ ਪ੍ਰਯੋਗ ਨਹੀਂ ਕਰਨ ਦੇ ਸਕਦੇ। ਮੈਂ ਇੱਕ ਮੁਸਲਮਾਨ ਹਾਂ ਅਤੇ ਦਿਨ ’ਚ ਪੰਜ ਵਾਰੀ ਨਮਾਜ਼ ਪੜ੍ਹਦਾ ਹਾਂ। ਮੈਂਨੂੰ ਨਮਾਜ਼ ਤੋਂ ਪਹਿਲਾਂ ਹੱਥ-ਪੈਰ ਧੋਣ ਲਈ ਪਾਣੀ ਚਾਹੀਦਾ ਹੈ, ਜੋ ਕਿ ਮੇਰੇ ਲਈ ਲਾਜ਼ਮੀ ਹੈ। ਮੇਰੀ ਇਹੀ ਸਮੱਸਿਆ ਹੈ।’’

ਹੁਣ ਜਦੋਂ ਤੁਸੀਂ ਇਸ ਨੂੰ ਪੜ੍ਹ ਰਹੇ ਹੋ ਤਾਂ ਕੋਈ ਨਾ ਕੋਈ ਡਰਾਈਵਰ ਆਪਣਾ ਪਿਸ਼ਾਬ ਰੋਕੀ ਜਾ ਰਿਹਾ ਹੋਵੇਗਾ। ਜੇਕਰ ਮੁਢਲੇ ਮਨੁੱਖੀ ਹੱਕ ਨੂੰ ਲਾਗੂ ਕਰਵਾਉਣ ਲਈ ਕਾਨੂੰਨ ਦੀ ਜ਼ਰੂਰਤ ਹੈ ਤਾਂ ਇਸ ਦੀ ਹੋਰ ਉਡੀਕ ਨਹੀਂ ਕਰਵਾਈ ਜਾਣੀ ਚਾਹੀਦੀ।

 

ਲੀਓ ਬਾਰੋਸ ਵੱਲੋਂ