ਪਰਾਈਡ ਨੇ ਡੈਲਾਸ ‘ਚ ਖੋਲ੍ਹਿਆ ਆਪਣਾ ਅਮਰੀਕੀ ਹੈੱਡਕੁਆਰਟਰ

Avatar photo
ਡੈਲਾਸ ‘ਚ ਪਰਾਈਡ ਗਰੁੱਪ ਦਾ ਨਵਾਂ ਅਮਰੀਕੀ ਹੈੱਡਕੁਆਰਟਰ। (ਤਸਵੀਰ: ਪੀ.ਜੀ.ਈ.)

ਪਰਾਈਡ ਗਰੁੱਪ ਐਂਟਰਪ੍ਰਾਈਸਿਜ਼ (ਪੀ.ਜੀ.ਈ.) ਨੇ ਡੈਲਾਸ ‘ਚ ਆਪਣਾ ਅਮਰੀਕੀ ਹੈੱਡਕੁਆਰਟਰ ਖੋਲ੍ਹ ਲਿਆ ਹੈ।

ਮਿਸੀਸਾਗਾ-ਅਧਾਰਤ ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਨਵਾਂ ਟਿਕਾਣਾ ਇਸ ਦਾ ਰੈਂਟਲ ਅਤੇ ਲੀਜ਼ਿੰਗ ਸੂਪਰਸੈਂਟਰ ਵੀ ਹੋਵੇਗਾ।

20,000 ਵਰਗ ਫ਼ੁੱਟ ਦੀ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਫ਼ੈਸਿਲਿਟੀ ‘ਚ ਪੰਜ ਸਰਵਿਸ ਬੇਅ, ਇੱਕ ਵਾਸ਼ ਬੇਅ ਅਤੇ ਛੇ ਏਕੜ ਦੀ ਜ਼ਮੀਨ ‘ਤੇ ਇੱਕ ਪਾਰਟਸ ਸ਼ਾਪ ਹੋਵੇਗੀ।

34880 ਲਿੰਡਨ ਬੀ. ਜੌਨਸਨ ਫ਼ਰੀਵੇ ਵਿਖੇ ਸਥਿਤ ਇਹ ਥਾਂ ਉੱਤਰੀ ਅਮਰੀਕਾ ‘ਚ ਪੀ.ਜੀ.ਈ. ਦਾ 12ਵਾਂ ਅਤੇ ਅਮਰੀਕਾ ‘ਚ ਛੇਵਾਂ ਟਿਕਾਣਾ ਹੈ।

ਪੀ.ਜੀ.ਈ. ਦੇ ਪ੍ਰੈਜ਼ੀਡੈਂਟ ਸੈਮ ਜੌਹਲ ਨੇ ਕਿਹਾ, ”ਸਾਡੀਆਂ ਪੂਰੀਆਂ ਸੇਵਾਵਾਂ ਅਤੇ ਰੈਂਟਲ ਪ੍ਰੋਗਰਾਮ ਦੀ ਮੰਗ ਵਧਣ ਦੌਰਾਨ ਅਸੀਂ ਡੈਲਾਸ ਵਿਖੇ ਆਪਣਾ ਟਿਕਾਣਾ ਖੋਲ੍ਹਣ ਤੋਂ ਉਤਸ਼ਾਹਿਤ ਮਹਿਸੂਸ ਕਰ ਰਹੇ ਹਾਂ।”

”ਸਾਡਾ ਧਿਆਨ ਪੂਰੇ ਉੱਤਰੀ ਅਮਰੀਕਾ ‘ਚ ਆਪਣੀ ਮੌਜੂਦਗੀ ਮਜ਼ਬੂਤ ਬਣਾਉਣ ‘ਤੇ ਹੈ ਤਾਂ ਕਿ ਅਸੀਂ ਆਪਣੇ ਗ੍ਰਾਹਕਾਂ ਲਈ ਇੱਕੋ ਥਾਂ ‘ਤੇ ਹਰ ਸਹੂਲਤ ਮੁਹੱਈਆ ਕਰਵਾ ਸਕੀਏ ਭਾਵੇਂ ਉਹ ਕਿਤੇ ਵੀ ਕਿਉਂ ਨਾ ਰਹਿੰਦੇ ਹੋਣ ਜਾਂ ਕੰਮ ਕਰਦੇ ਹੋਣ।”

ਕੰਪਨੀ ਨੈਸ਼ਨਲਲੀਜ਼ ਦੀ ਮੈਂਬਰ ਵੀ ਹੈ, ਜੋ ਕਿ ਪੂਰੇ ਅਮਰੀਕਾ ਅਤੇ ਕੈਨੇਡਾ ‘ਚ 900 ਤੋਂ ਜ਼ਿਆਦਾ ਸਰਵਿਸ ਸਪੋਰਟ ਟਿਕਾਣਿਆਂ ‘ਤੇ ਗ੍ਰਾਹਕ ਸੇਵਾਵਾਂ ਤਕ ਪਹੁੰਚ ਮੁਹੱਈਆ ਕਰਵਾਉਂਦੀ ਹੈ।

ਪੀ.ਜੀ.ਈ. ਉਪਕਰਨ ਵਿਕਰੀ, ਰੈਂਟਲ, ਵਿੱਤੀ ਲੀਜ਼ਿੰਗ, ਲੋਜਿਸਟਿਕਸ, ਹੋਲਸੇਲ ਡੀਜ਼ਲ ਸਮੇਤ ਕਈ ਹੋਰ ਕਾਰੋਬਾਰ ਚਲਾਉਂਦੀ ਹੈ।

ਪਿਛਲੇ ਸਾਲ ਇਹ ਕੈਨੇਡਾ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਕੰਪਨੀਆਂ ਦੀ ਸੂਚੀ ‘ਚ 28ਵੇਂ ਨੰਬਰ ‘ਤੇ ਸੀ।