ਪਿਊਰੋਲੇਟਰ ਨੇ ਤਾਜ਼ਾ ਸਥਿੱਰਤਾ ਰਿਪੋਰਟ ’ਚ ਹਰਿਤ ਟੀਚਿਆਂ ’ਤੇ ਪਾਇਆ ਚਾਨਣਾ

ਪਿਊਰੋਲੇਟਰ ਵੱਲੋਂ ਹਰਿਤ ਆਵਾਜਾਈ ਦੇ ਰਾਹਾਂ ’ਤੇ ਅੱਗੇ ਵਧਣਾ ਜਾਰੀ ਹੈ – ਜਿਸ ਨੇ 2030 ਲਈ ਆਪਣੇ 60% ਫ਼ਾਈਨਲ ਮਾਈਲ ਡਿਲੀਵਰੀ ਵਹੀਕਲਜ਼ ਨੂੰ ਇਲੈਕਟ੍ਰਿਕ ਬਣਾਉਣ ਦਾ ਟੀਚਾ ਸਥਾਪਤ ਕੀਤਾ ਹੈ, ਜਿਸ ’ਚ ਬਿਜਲੀ ਨਾਲ ਸੰਬੰਧਤ ਉਤਸਰਜਨ ਨੂੰ ਨਵਿਆਉਣਯੋਗ ਸਰੋਤਾਂ ਦਾ ਪ੍ਰਯੋਗ ਕਰ ਕੇ ਖ਼ਤਮ ਕਰਨਾ, ਅਤੇ 2020 ਮੁਕਾਬਲੇ ਸਕੋਪ 1 ਅਤੇ 2 ਉਤਸਰਜਨ ਨੂੰ 42% ਘੱਟ ਕਰਨਾ ਵੀ ਸ਼ਾਮਲ ਹੈ।

ਸੰਗਠਨ ਦੀ 2021 ਦੀ ਸਥਿੱਰਤਾ ਰਿਪੋਰਟ ਨੂੰ ਜਾਰੀ ਕਰਦਿਆਂ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਜੌਨ ਫ਼ਰਗਿਊਸਨ ਨੇ ਕਿਹਾ, ‘‘ਕੈਨੇਡਾ ਦੇ ਸਭ ਤੋਂ ਹਰਿਤ ਕੋਰੀਅਰ ਬਣਨ ਵੱਲ ਪਿਊਰੋਲੇਟਰ ਨੇ ਬਹੁਤ ਤਰੱਕੀ ਕੀਤੀ ਹੈ। 2050 ਤੱਕ ਸਾਡੇ ਵੱਲੋਂ ਸਿਫ਼ਰ ਉਤਸਰਜਨ ਨੂੰ ਸਫ਼ਲਤਾਪੂਰਵਕ ਪ੍ਰਾਪਤ ਕਰਨਾ ਯਕੀਨੀ ਕਰਨ ਦੇ ਅੰਤਰਿਮ ਟੀਚੇ ਤੈਅ ਕਰਨ ਦੇ ਨਾਲ ਅਸੀਂ ਆਪਣੇ ਸਕੋਪ 2 ਉਤਸਰਜਨ ਨੂੰ ਵੀ 31% ਘੱਟ ਕਰ ਦਿੱਤਾ, ਅਤੇ ਆਪਣੇ ਫ਼ਲੀਟ ’ਚ ਬਦਲਵੇਂ ਫ਼ਿਊਲ ਵਾਲੀਆਂ ਗੱਡੀਆਂ ਦੀ ਪਰਖ ਕੀਤੀ।’’

ਪਿਛਲੇ ਸਾਲ ਇਸ ਨੇ ਅੱਠ ਈ-ਬਾਈਕਸ, ਇੱਕ ਘੱਟ-ਗਤੀ ਦੀ ਗੱਡੀ, ਅਤੇ ਪੰਜ ਮੁਕੰਮਲ ਇਲੈਕਟ੍ਰਿਕ ਸਟੈੱਪ ਵੈਨਜ਼ ਦੀ ਪਰਖ ਕੀਤੀ ਸੀ।

ਉਨ੍ਹਾਂ ਕਿਹਾ, ‘‘ਅਸੀਂ ਜੋ ਪ੍ਰਾਪਤ ਕੀਤਾ ਹੈ ਉਸ ’ਤੇ ਸਾਨੂੰ ਮਾਣ ਹੈ ਅਤੇ ਮੰਨਦੇ ਹਾਂ ਕਿ ਅਜੇ ਵੀ ਸਾਨੂੰ ਕਾਫ਼ੀ ਲੰਮਾ ਸਫ਼ਰ ਤੈਅ ਕਰਨਾ ਹੈ। ਉਦਾਹਰਣ ਵਜੋਂ, ਅਸੀਂ ਆਪਣੇ ਇਲੈਕਟ੍ਰਿਕ ਵਹੀਕਲਜ਼ ਦੇ ਫ਼ਲੀਟ ਦਾ ਵਿਸਤਾਰ ਕਰਨ ਜਾ ਰਹੇ ਹਾਂ, ਆਪਣੀਆਂ ਕਾਰਵਾਈਆਂ ’ਚ ਰੀਸਾਈਕਲਿੰਗ ਨੂੰ ਬਿਹਤਰ ਬਣਾਉਣ ਜਾ ਰਹੇ ਹਾਂ, ਅਤੇ ਸਥਿਰ ਤੇ ਸਿਹਤਮੰਦ ਭਵਿੱਖ ਲਈ ਯੋਗਦਾਨ ਯਕੀਨੀ ਕਰਨ ਲਈ ਹਰੇਕ ਦੇ ਸਿਹਤਮੰਦ ਭਵਿੱਖ ਲਈ ਵੱਧ ਹਰਿਤ ਸਹੂਲਤਾਂ ਦੀ ਉਸਾਰੀ ਕਰਨ ਜਾ ਰਹੇ ਹਾਂ।’’

electric purolator trucks
ਵੱਧ ਸਥਿਰ ਬਣਨ ਦੀ ਕੋਸ਼ਿਸ਼ ’ਚ ਪਿਊਰੋਲੇਟਰ ਬੈਟਰੀ-ਇਲੈਕਟ੍ਰਿਕ ਵੈਨਾਂ ਤੋਂ ਲੈ ਕੇ ਈ-ਬਾਈਕਸ ਤੱਕ ਹਰ ਚੀਜ਼ ਨਾਲ ਤਜ਼ਰਬਾ ਕਰ ਰਹੀ ਹੈ। (ਤਸਵੀਰ : ਪਿਊਰੋਲੇਟਰ)

ਹੋਰ ਕਦਮਾਂ ’ਚ ਬਾਇਓਫ਼ਿਊਲ ਦਾ ਵੱਧ ਪ੍ਰਯੋਗ, ਡਿਲੀਵਰੀ ਰੂਟ ਨੂੰ ਬਿਹਤਰ ਬਣਾਉਣ ਲਈ ਅੰਕੜਿਆਂ ਦੀ ਸਮੀਖਿਆ, ਸਹੂਲਤਾਂ ਵਿਖੇ ਊਰਜਾ-ਸਮਰੱਥ ਉਪਕਰਨ ਲਾਉਣਾ, ਅਤੇ ਹਰਿਤ ਮਾਨਕਾਂ ਨੂੰ ਪੂਰਾ ਕਰਨ ਵਾਲੀਆਂ ਨਵੀਂਆਂ ਇਮਾਰਤਾਂ ਤਿਆਰ ਕਰਨਾ ਸ਼ਾਮਲ ਹੈ।

ਪਿਛਲੇ ਸਾਲ, ਪਿਊਰੋਲੇਟਰ ਨੇ ਇੱਕ ਤੀਜੀ ਧਿਰ ਨੂੰ ਆਪਣੇ 2020 ਦੇ ਆਧਾਰ ਗ੍ਰੀਨਹਾਊਸ ਗੈਸ ਉਤਸਰਜਨ ਇਨਵੈਂਟਰੀ ਦੀ ਤਸਦੀਕ ਕਰਨ ਲਈ ਲਾਇਆ ਸੀ। ਇਹ ਸਪਲਾਈਕਰਤਾਵਾਂ, ਪਾਰਟਨਰਾਂ ਅਤੇ ਗ੍ਰਾਹਕਾਂ ਨਾਲ ਮਿਲ ਕੇ ਸਕੋਪ 3 ਉਤਸਰਜਨ ਵੀ ਘੱਟ ਕਰਨ ’ਤੇ ਕੰਮ ਕਰ ਰਹੀ ਹੈ, ਅਤੇ 2030 ਤੱਕ 70% ਗ਼ੈਰ-ਖ਼ਤਰਨਾਕ ਕੂੜੇ ਨੂੰ ਜ਼ਮੀਨ ’ਚ ਖੱਡੇ ਖੋਦ ਕੇ ਭਰਨ ਦੀ ਬਜਾਏ ਕੋਈ ਹੋਰ ਤਰੀਕਾ ਅਪਨਾਉਣਾ ਚਾਹੁੰਦੀ ਹੈ।