ਪੀਟਰਬਿਲਟ ਦੇ ਡੈਨਟਨ ਪਲਾਂਟ ਨੇ 40 ਵਰ੍ਹੇ ਪੂਰੇ ਕੀਤੇ

Avatar photo

ਪੀਟਰਬਿਲਟ ਆਪਣੇ ਡੈਨਟਨ, ਟੈਕਸਾਸ ਟਰੱਕ ਪਲਾਂਟ ਦੀ 40ਵੀਂ ਵਰੇਗੰਢ ਮਨਾ ਰਿਹਾ ਹੈ।

ਇਹ ਫ਼ੈਸਿਲਿਟੀ ਅਗੱਸਤ 1980 ‘ਚ ਖੁੱਲ੍ਹੀ ਸੀ, ਜੋ ਕਿ ਪੀਟਰਬਿਲਟ ਦੀ ਪ੍ਰਮੁੱਖ ਨਿਰਮਾਣ ਫ਼ੈਸਿਲਿਟੀ ਹੈ। ਇਸ ਨੇ 435,000 ਵਰਗ ਫ਼ੁੱਟ ਦੀ ਫ਼ੈਸਿਲਿਟੀ ਵਜੋਂ 81 ਮੁਲਾਜ਼ਮਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ। ਅੱਜ ਇਹ 80 ਏਕੜ ਤੋਂ ਵੱਧ ਕੇ 238 ਏਕੜ ਹੋ ਗਈ ਹੈ ਜਿਸ ‘ਚ 700,000 ਵਰਗ ਫ਼ੁੱਟ ਦੀ ਥਾਂ ਹੈ ਅਤੇ ਇਸ ‘ਚ 2,500 ਤੋਂ ਜ਼ਿਆਦਾ ਮੁਲਾਜ਼ਮ ਕੰਮ ਕਰਦੇ ਹਨ।

ਪੀਟਰਬਿਲਟ ਦੇ ਆਪਰੇਸ਼ਨਜ਼ ਸਹਾਇਕ ਜਨਰਲ ਮੈਨੇਜਰ ਲੀਓਨ ਹੈਂਡਿਟ ਨੇ ਕਿਹਾ, ”ਪਿਛਲੇ 40 ਸਾਲਾਂ ਦੌਰਾਨ ਪੀਟਰਬਿਲਟ ਨੇ ਡੈਨਟਨ ਪਲਾਂਟ ‘ਚ 629,000 ਤੋਂ ਜ਼ਿਆਦਾ ਟਰੱਕਾਂ ਦਾ ਨਿਰਮਾਣ ਕੀਤਾ ਹੈ ਅਤੇ ਅਸੀਂ ਭਵਿੱਖ ਲਈ ਆਪਣੇ ਮਿਆਰ ਅਤੇ ਕਾਰਗੁਜ਼ਾਰੀ ਨੂੰ ਬਿਹਤਰ ਕਰਨ ਲਈ ਲਗਾਤਾਰ ਨਿਵੇਸ਼ ਕਰ ਰਹੇ ਹਾਂ ਤੇ ਨਵੀਆਂ ਤਕਨੀਕਾਂ ਅਤੇ ਪ੍ਰਕਿਰਿਆਵਾਂ ਲਿਆ ਰਹੇ ਹਾਂ। ਪਿਛਲੇ ਪੰਜ ਸਾਲਾਂ ਦੌਰਾਨ ਅਸੀਂ ਆਟੋਮੇਟਡ ਓਵਰਹੈੱਡ ਪਾਰਟਸ ਸਟੋਰੇਜ ਐਂਡ ਰਿਟਰੀਵਲ, ਆਟੋਮੇਟਡ ਗਾਈਡਡ ਵਹੀਕਲ ਅਸੈਂਬਲੀ ਲਾਈਨਜ਼, ਅਡੀਸ਼ਨਲ ਇਮੀਸ਼ਨ ਰਿਡਕਸ਼ਨ ਇਕੁਇਪਮੈਂਟ, ਨਵੀਂ ਟੈਸਟ ਬਿਲਡਿੰਗ ਅਤੇ ਪੂਰੇ ਪਲਾਂਟ ‘ਚ ਕਈ ਹੋਰ ਕੀਤੀਆਂ ਗਈਆਂ ਸੋਧਾਂ ‘ਚ ਨਿਵੇਸ਼ ਵੇਖਿਆ ਹੈ।”

ਕੰਪਨੀ ਨੇ ਪਲਾਂਟ ‘ਚ ਗ੍ਰਾਹਕਾਂ ਲਈ ਪੀਟਰਬਿਲਟ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਕੇਂਦਰ ਵੀ ਸਥਾਪਤ ਕੀਤਾ ਹੈ, ਜਿੱਥੇ ਆ ਕੇ ਉਹ ਪੀਟਰਬਿਲਟ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ ‘ਤੇ ਝਾਤ ਮਾਰ ਸਕਦੇ ਹਨ।

ਸੇਲਜ਼ ਅਤੇ ਮਾਰਕੀਟਿੰਗ ਬਾਰੇ ਪੀਟਰਬਿਲਟ ਦੇ ਅਸਿਸਟੈਂਟ ਜਨਰਲ ਮੈਨੇਜਰ ਰੋਬਰਟ ਵੁੱਡਾਲ ਨੇ ਕਿਹਾ, ”ਇੱਕ ਆਮ ਸਾਲ ਦੌਰਾਨ ਹਜ਼ਾਰਾਂ ਲੋਕ ਪੀਟਰਬਿਲਟ ਦੇ ਡੈਨਟਨ ਪਲਾਂਟ ਦਾ ਦੌਰਾ ਕਰਦੇ ਹਨ। ਸਾਡੇ ਮੁਲਾਜ਼ਮਾਂ ਨੂੰ ਉੱਨਤ ਕਿਸਮ ਦੇ ਸੰਦਾਂ ਤੇ ਤਕਨਾਲੋਜੀਆਂ ਦੀ ਵਰਤੋਂ ਕਰਦਿਆਂ ਅਤੇ ਹਰ ਪੀਟਰਬਿਲਟ ਟਰੱਕ ਨੂੰ ਗ੍ਰਾਹਕ ਦੀ ਪਸੰਦ ਅਨੁਸਾਰ ਬਣਾਉਂਦਿਆਂ ਵੇਖਣਾ ਸਾਡੇ ਉਤਪਾਦ ਦੇ ਮਿਆਰ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਸਾਡਾ ਸਭ ਤੋਂ ਵੱਡਾ ਵਿਕਰੀ ਦਾ ਆਧਾਰ ਹੈ।”