ਪੀਟਰਬਿਲਟ ਨੇ ਜਾਰੀ ਕੀਤੇ ਉਤਪਾਦ ਅਪਡੇਟ, ਇਲੈਕਟ੍ਰਿਕ ਪਲਾਨ ਅਤੇ ਹੋਰ ਬਹੁਤ ਕੁੱਝ

Avatar photo

ਉੱਤਰੀ ਅਮਰੀਕੀ ਟਰੱਕਿੰਗ ਉਦਯੋਗ ਲਈ ਇਹ ਸਭ ਤੋਂ ਜ਼ਿਆਦਾ ਵਿਕਰੀ ਵਾਲਾ ਵਰ੍ਹਾ ਰਹਿਣ ਦਰਮਿਆਨ ਪੀਟਰਬਿਲਟ ਨੂੰ ਇਸ ਸਾਲ ਸ਼੍ਰੇਣੀ 8 ਗੱਡੀਆਂ ‘ਚ ਆਪਣੀ ਬਾਜ਼ਾਰ ਹਿੱਸੇਦਾਰੀ 15% ਤਕ ਹੋਣ ਦੀ ਉਮੀਦ ਹੈ।

ਇਸ ਓ.ਈ.ਐਮ. ਨੇ ਅਮਰੀਕਾ ਅਤੇ ਕੈਨੇਡਾ ‘ਚ 310,000 ਤੋਂ 320,000 ਸ਼੍ਰੇਣੀ 8 ਟਰੱਕਾਂ ਦੀ ਵਿਕਰੀ ਹੋਣ ਦੀ ਉਮੀਦ ਪ੍ਰਗਟਾਈ ਹੈ, ਜੋ ਕਿ 2020 ‘ਚ ਨਰਮ ਪੈ ਕੇ 230,000 ਤੋਂ 260,000 ਇਕਾਈਆਂ ਰਹਿ ਜਾਵੇਗੀ।

ਆਪਣਾ 579 ਅਲਟਰਾਲੋਫ਼ਟ ਮਾਡਲ ਜਾਰੀ ਕਰਨ ਤੋਂ ਲੈ ਕੇ, ਪੀਟਰਬਿਲਟ ਨੇ 11,000 ਸਬੰਧਤ ਆਰਡਰ ਪ੍ਰਾਪਤ ਕੀਤੇ ਹਨ ਅਤੇ ਇਨ੍ਹਾਂ ‘ਚੋਂ 7,500 ਪਿਛਲੀ ਜੁਲਾਈ ਤੋਂ ਲੈ ਕੇ ਬਣਾਏ ਜਾ ਚੁੱਕੇ ਹਨ। ਇਸ ਓ.ਈ.ਐਮ. ਦੀ ਮੀਡੀਅਮ-ਡਿਊਟੀ ਟਰੱਕਾਂ ਦੇ ਬਾਜ਼ਾਰ ‘ਚ ਹਿੱਸੇਦਾਰੀ ਪਿਛਲੇ ਸਾਲ 9% ਤਕ ਪਹੁੰਚ ਗਈ ਸੀ, ਜਦਕਿ 2019 ‘ਚ ਕੰਪਨੀ ਦਾ ਇੱਕ ਹੋਰ ਰੀਕਾਰਡ ਬਣਨ ਦੀ ਉਮੀਦ ਹੈ।

ਜਨਰਲ ਮੈਨੇਜਰ ਜੇਸਨ ਸਕੂਗ ਨੇ ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ਦੌਰਾਨ ਮੀਡੀਆ ਨੂੰ ਬਿਆਨ ਦਿੰਦਿਆਂ ਕਿਹਾ, ”ਪੀਟਰਬਿਲਟ ਅਤੇ ਪੈਕਾਰ ਕਮਰਸ਼ੀਅਲ ਵਹੀਕਲਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਬਣਾਉਣ ‘ਚ ਮੋਢੀ ਰਹੇ ਹਨ।” ਉਹ ਮੌਜੂਦਾ ਟੈਸਟ ਮਾਡਲਾਂ ਦੀ ਗੱਲ ਕਰ ਰਹੇ ਸਨ ਜਿਨ੍ਹਾਂ ‘ਚ ਬਿਜਲੀ ਨਾਲ ਚੱਲਣ ਦੇ ਸਮਰੱਥ ਬਾਰਾਂ 579ਈਵੀ ਮਾਡਲ ਡੇਅ ਕੈਬ, ਤਿੰਨ 520ਈਵੀ ਮਾਡਲ ਰਿਫ਼ਿਊਜ਼ ਟਰੱਕ ਅਤੇ ਇੱਕ ਮਾਡਲ 220ਈਵੀ ਬੀਵਰੇਜ ਵਹੀਕਲ ਸ਼ਾਮਲ ਹਨ।

ਕੰਪਨੀ ਦਾ ਟੀਚਾ 2020 ਦੀ ਪਹਿਲੀ ਤਿਮਾਹੀ ਤਕ 36 ਇਲੈਕਟ੍ਰਿਕ ਗੱਡੀਆਂ ਨੂੰ ਸੜਕ ‘ਤੇ ਉਤਾਰਨ ਦਾ ਹੈ।

2020 ਦੀ ਪਹਿਲੀ ਤਿਮਾਹੀ ‘ਚ ਆਉਣ ਵਾਲੇ ਪੀਟਰਬਿਲਟ ਮਾਡਲ 579 ‘ਚ ਵਿੰਗਮੈਨ ਫ਼ਿਊਜ਼ਨ ਟੱਕਰ ਬਚਾਅ ਸਿਸਟਮ ਮਾਨਕ ਵਜੋਂ ਮਿਲੇਗਾ। ਇਸ ਨਾਲ ਪੀਟਰਬਿਲਟ ਦੇ ਡਰਾਈਵਰਾਂ ਨੂੰ ਮਲਟੀ-ਲੇਨ ਹੰਗਾਮੀ ਸਥਿਤੀ ‘ਚ ਬ੍ਰੇਕ ਲਾਉਣ ਅਤੇ ਹਾਈਵੇ ਡਿਪਾਰਚਰ ਬ੍ਰੇਕਿੰਗ ਦੀ ਸਮਰਥਾ ਮਿਲੇਗੀ।

ਹਾਈਵੇ ਡਿਪਾਰਚਰ ਬ੍ਰੇਕਿੰਗ ਨਾਲ ਜਦੋਂ ਗੱਡੀ ਅਣਇੱਛੁਕ ਤੌਰ ‘ਤੇ ਸੜਕ ਤੋਂ ਉਤਰਨ ਲਗਦੀ ਹੈ ਤਾਂ ਡਰਾਈਵਰ ਨੂੰ ਇੱਕ ਆਵਾਜ਼ ਰਾਹੀਂ ਚੇਤਾਵਨੀ ਮਿਲਦੀ ਹੈ ਅਤੇ ਗੱਡੀ ਖ਼ੁਦ ਹੀ ਬ੍ਰੇਕ ਲਾ ਕੇ ਇਸ ਦੀ ਗਤੀ ਨੂੰ 32 ਕਿਲੋਮੀਟਰ ਪ੍ਰਤੀ ਘੰਟਾ ਤਕ ਘੱਟ ਕਰ ਦਿੰਦੀ ਹੈ।

ਸਕੂਗ ਨੇ ਕਿਹਾ ਕਿ ਅਗਲੇ ਸਾਲ ਤੋਂ ਪੀਟਰਬਿਲਟ ਪਲੈਟਿਨਮ ਸਰਵਿਸ ਸੈਂਟਰ ਪ੍ਰੋਗਰਾਮ ਜਾਰੀ ਕਰੇਗਾ ਜਿਸ ਨਾਲ ‘ਸਰਵੋਤਮ ‘ਚੋਂ ਵੀ ਸਰਵੋਤਮ’ ਸਥਾਨਾਂ ਨੂੰ ਮਾਨਤਾ ਦਿੱਤੀ ਜਾਵੇਗੀ। ਇਨ੍ਹਾਂ ਦੀ 10 ਪੱਖਾਂ ਤੋਂ ਤੁਲਨਾ ਕੀਤੀ ਜਾਵੇਗੀ ਜਿਨ੍ਹਾਂ ‘ਚ ਸਰਵਿਸ ਮੈਨੇਜਮੈਂਟ, ਰੈਪਿਡ ਚੈੱਕ, ਡਵੈੱਲ ਟਾਈਮ, ਸੇਵਾ ਦੇ ਘੰਟੇ, ਫ਼ੈਸਿਲਿਟੀ ਕੁਆਲਿਟੀ, ਐਮ.ਐਕਸ. ਟੈਕਨੀਸ਼ੀਅਨ ਸਮਰਥਾ, ਟੈਕਨੀਸ਼ੀਅਨ ਸਿਖਲਾਈ, ਰੋਡਸਾਈਡ ਅਸਿਸਟੈਂਸ, ਮੋਬਾਈਲ ਸਰਵਿਸ ਅਤੇ ਪਾਰਟਸ ਦੀ ਮੌਜੂਦਗੀ ਸ਼ਾਮਲ ਹੋਵੇਗੀ।