ਪੀਲ ਰੀਜਨ ’ਚ ਡਰੱਗਜ਼ ਦੀ ਸਭ ਤੋਂ ਵੱਡੀ ਖੇਪ ਜ਼ਬਤ, ਮਾਮਲੇ ਦੇ ਕੇਂਦਰ ’ਚ ਟਰੱਕਿੰਗ ਕੰਪਨੀ

ਪੀਲ ਰੀਜਨਲ ਪੁਲਿਸ ਵੱਲੋਂ ਡਰੱਗਜ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜ਼ਬਤ ਕਰਨ ਦੇ ਮਾਮਲੇ ’ਚ ਮਿਲਟਨ, ਓਂਟਾਰੀਓ ਅਧਾਰਤ ਇੱਕ ਟਰੱਕਿੰਗ ਕੰਪਨੀ ਦਾ ਨਾਂ ਉਭਰ ਕੇ ਸਾਹਮਣੇ ਆਇਆ ਹੈ।

ਏਜੰਸੀ ਨੇ ਅੱਜ ਡਰੱਗ ਰਿੰਗ ’ਚ 11 ਮਹੀਨਿਆਂ ਤੱਕ ਚੱਲੀ ਜਾਂਚ ਦੇ ਨਤੀਜਿਆਂ ਦਾ ਐਲਾਨ ਕੀਤਾ, ਜਿਸ ਨੂੰ ਇਸ ਨੇ ਪ੍ਰਾਜੈਕਟ ਜ਼ੁਕਾਰੀਟਸ ਦਾ ਨਾਂ ਦਿੱਤਾ ਹੈ। ਜਾਂਚ ਦੇ ਨਤੀਜੇ ਵਜੋਂ 383 ਕਿੱਲੋ ਡਰੱਗਜ਼ ਜ਼ਬਤ ਕੀਤੀ ਗਈ ਜਿਸ ਦੀ ਬਾਜ਼ਾਰ ’ਚ ਕੀਮਤ 250 ਲੱਖ ਡਾਲਰ ਹੈ।

drugs on display
ਪੀਲ ਰੀਜਨਲ ਪੁਲਿਸ ਨੇ 250 ਲੱਖ ਡਾਲਰ ਤੋਂ ਵੱਧ ਦੀ ਗ਼ੈਰਕਾਨੂੰਨੀ ਡਰੱਗਜ਼ ਜ਼ਬਤ ਕੀਤੀ। (ਤਸਵੀਰ: ਪੀਲ ਰੀਜਨਲ ਪੁਲਿਸ)

ਪੀਲ ਰੀਜਨਲ ਪੁਲਿਸ ਨੇ ਦੋਸ਼ ਲਾਇਆ ਹੈ ਕਿ ਮਿਲਟਨ, ਓਂਟਾਰੀਓ ਦੇ 50 ਸਟੀਲਸ ਐਵੇ. ’ਚ ਸਥਿਤ ਨਾਰਥ ਕਿੰਗ ਲੋਜਿਸਟਿਕਸ ਹੀ ਕਮਰਸ਼ੀਅਲ ਟਰੱਕਾਂ ਰਾਹੀਂ ਡਰੱਗਜ਼ ਦੀ ਆਵਾਜਾਈ ਕਰਨ ਲਈ ਜ਼ਿੰਮੇਵਾਰ ਹੈ।

ਵਿਸ਼ੇਸ਼ ਇਨਫ਼ੋਰਸਮੈਂਟ ਬਿਊਰੋ ਦੇ ਇੰਸਪੈਕਟਰ ਟੋਡ ਕਸਟਾਂਸ ਨੇ ਕਿਹਾ, ‘‘ਵਿਸ਼ੇਸ਼ ਇਨਫ਼ੋਰਸਮੈਂਟ ਬਿਊਰੋ ’ਚ ਸਾਡੇ ਸਿਵੀਲੀਅਨ ਅਤੇ ਵਰਦੀਧਾਰੀ ਦੋਹਾਂ ਮੈਂਬਰਾਂ ਨੇ ਇਸ ਜਾਂਚ ਨੂੰ ਸਫ਼ਲ ਨਤੀਜੇ ਤੱਕ ਪਹੁੰਚਾਉਣ ਲਈ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ। ਇਨ੍ਹਾਂ ਡਰੱਗਜ਼ ਨੂੰ ਜ਼ਬਤ ਕਰਨ ਨਾਲ ਸੰਗਠਤ ਅਪਰਾਧਾਂ ’ਤੇ ਬਹੁਤ ਵੱਡਾ ਵਿੱਤੀ ਅਸਰ ਪਿਆ ਹੈ, ਜੋ ਕਿ ਭਵਿੱਖ ’ਚ ਉਨ੍ਹਾਂ ਵੱਲੋਂ ਗ਼ੈਰਕਾਨੂੰਨੀ ਗਤੀਵਿਧੀਆਂ ਚਲਾਉਣ ਦੀ ਸਮਰਥਾ ਨੂੰ ਸੀਮਤ ਕਰ ਦੇਵੇਗਾ।’’

ਪੁਲਿਸ ਨੇ ਦੋਸ਼ ਲਾਇਆ ਕਿ ਡਰੱਗਜ਼ ਨੂੰ ਪੂਰੇ ਗ੍ਰੇਟਰ ਟੋਰਾਂਟੋ ਏਰੀਆ ’ਚ ਅਤੇ ਕੈਨੇਡਾ/ਅਮਰੀਕਾ ਦੀ ਸਰਹੱਦ ਦੇ ਦੋਵੇਂ ਪਾਸੇ ਵੰਡਿਆ ਗਿਆ ਸੀ।

ਖਲੀਲੁੱਲਾ ਅਮੀਨ; ਜਸਪ੍ਰੀਤ ਸਿੰਘ; ਵਰੇਅ ਇਪ; ਰਵਿੰਦਰ ਬੋਪਾਰਾਏ, ਅਤੇ ਗੁਰਦੀਪ ਗਾਖਲ ਵਿਰੁੱਧ ਦੋਸ਼ ਆਇਦ ਕੀਤੇ ਗਏ। ਗਾਖਲ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਅਤੇ ਜਦੋਂ ਤੱਕ ਉਸ ਨੂੰ ਕੈਨੇਡਾ ਨਹੀਂ ਲਿਆਇਆ ਜਾਂਦਾ ਉਹ ਅਮਰੀਕਾ ’ਚ ਹਿਰਾਸਤ ਅਧੀਨ ਰਹੇਗਾ। ਜ਼ੁਕਾਰੀਟਸ ਇੱਕ ਸਪੇਨਿਸ਼ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਮਠਿਆਈ। ਆਵਾਜਾਈ ਦੌਰਾਨ ਇਨ੍ਹਾਂ ਡਰੱਗਜ਼ ਨੂੰ ਇਸੇ ਤਰ੍ਹਾਂ ਦੇ ਨਾਂ ਦਿੱਤੇ ਜਾਂਦੇ ਸਨ।

ਪ੍ਰੈਸ ਕਾਨਫ਼ਰੰਸ ਦੌਰਾਨ, ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਕੁੱਝ ਡਰੱਗਜ਼ ਨੂੰ ਟਰੈਕਟਰ ਟਰੇਲਰ ਦੇ ਪਿੱਛੇ ਕਾਨੂੰਨਨ ਢੋਈਆਂ ਜਾ ਰਹੀਆਂ ਵਸਤਾਂ ’ਚ ਲੁਕਾ ਕੇ ਰੱਖਿਆ ਗਿਆ ਸੀ।

ਮਿਸੀਸਾਗਾ, ਓਂਟਾਰੀਓ ਵਿਖੇ 2835 ਅਰਜੇਨਸ਼ੀਆ ਰੋਡ ਵਿਖੇ ਸਥਿਤ ਫ਼ਰੈਂਡ ਫ਼ਰਨੀਚਰ ਦੀ ਵੀ ਟਰਾਂਸਫ਼ਰ ਕੇਂਦਰ ਵਜੋਂ ਪਛਾਣ ਕੀਤੀ ਗਈ।