ਪੁਰਾਣੇ ਟਰੱਕਾਂ ਦੇ ਖ਼ਰੀਦਦਾਰਾਂ ’ਚ ਮਚੀ ਹੋੜ

Avatar photo

ਤੁਹਾਨੂੰ ਸ਼ਾਇਦ ਨਵੇਂ ਚਮਚਮਾਉਂਦੇ ਟਰੱਕ ’ਤੇ ਚੜ੍ਹ ਕੇ ਹਾਈਵੇ ’ਤੇ ਜਾਣ ਦੇ ਆਪਣੇ ਸੁਪਨੇ ਨੂੰ ਬ੍ਰੇਕ ਲਾਉਣੀ ਪਵੇ। ਮਹਾਂਮਾਰੀ ਕਰਕੇ ਸਪਲਾਈ ਚੇਨ ਦੀਆਂ ਸਮੱਸਿਆਵਾਂ ਪੈਦਾ ਹੋਣ ਨਾਲ ਨਵੀਂਆਂ ਗੱਡੀਆਂ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹੈ।

ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਟਰੱਕਿੰਗ ’ਚ ਨਵੇਂ ਮੌਕੇ ਨਹੀਂ ਮਿਲ ਰਹੇ। ਜ਼ਿਆਦਾ ਤੋਂ ਜ਼ਿਆਦਾ ਕਾਰੋਬਾਰ ਪੁਰਾਣੀਆਂ ਗੱਡੀਆਂ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਹ ਵੀ ਮੁਸ਼ਕਲ ਨਾਲ ਹੀ ਮਿਲ ਰਹੀਆਂ ਹਨ।

ਕੈਂਬਰਿਜ, ਓਂਟਾਰੀਓ ਵਿਖੇ ਆਲਟਰੱਕ ਇੰਟਰਨੈਸ਼ਨਲ ਟਰੱਕ ਸੈਂਟਰ ’ਚ ਪੁਰਾਣੇ ਟਰੱਕਾਂ ਦੇ ਸੇਲਜ਼ ਮੈਨੇਜਰ ਜੋਅ ਬਰਨਸ ਨੇ ਕਿਹਾ, ‘‘ਜਿਨ੍ਹਾਂ ਫ਼ਲੀਟਸ ਕੋਲ ਗੱਡੀਆਂ ਹਨ ਉਹ ਇਨ੍ਹਾਂ ਦਾ ਪ੍ਰਯੋਗ ਵੱਧ ਤੋਂ ਵੱਧ ਸਮੇਂ ਤੱਕ ਕਰ ਰਹੇ ਹਨ, ਕਿਉਂਕਿ ਨਵੇਂ ਟਰੱਕਾਂ ਦੀ ਡਿਲੀਵਰੀ ਨਹੀਂ ਮਿਲ ਰਹੀ।’’

ਇਹ ਸਥਿਤੀ ਪੂਰੇ ਕੈਨੇਡਾ ਦੀ ਹੈ।

ਰੇਜਾਈਨਾ-ਅਧਾਰਤ ਇਨਲੈਂਡ ਵਿਖੇ ਪੁਰਾਣੇ ਟਰੱਕਾਂ ਦੇ ਪਰੇਅਰੀ ਰੀਜਨ ਮੈਨੇਜਰ ਬਰਟ ਡਾਊਨਟਨ ਨੇ ਕਿਹਾ, ‘‘ਸਾਨੂੰ ਪਤਾ ਲੱਗਾ ਹੈ ਕਿ ਵੱਡੇ ਫ਼ਲੀਟ ਆਪਣੀਆਂ ਪੁਰਾਣੀਆਂ ਗੱਡੀਆਂ ਨੂੰ ਛੇਤੀ ਕਿਤੇ ਵੇਚ ਨਹੀਂ ਰਹੇ ਹਨ, ਉਹ ਨਵੇਂ ਟਰੱਕ ਆਰਡਰ ਕਰ ਰਹੇ ਹਨ ਅਤੇ ਜ਼ਰੂਰਤ ਪੈਣ ’ਤੇ ਇਨ੍ਹਾਂ ਦੀ ਕੀਮਤ ਤਾਰਨ ਲਈ ਹੀ ਪੁਰਾਣੇ ਟਰੱਕ ਵੇਚਣਗੇ।’’

ਪਰ ਕੀਮਤਾਂ ਦੇ ਬੁਨਿਆਦੀ ਪੱਧਰ ’ਚ ਕੋਈ ਤਬਦੀਲੀ ਨਹੀਂ ਹੋਈ ਹੈ। ਘੱਟ ਮਾਈਲੇਜ, ਕੋਈ ਵੀ ਪਾਵਰਟਰੇਨ, ਮੌਜੂਦਾ ਵਾਰੰਟੀ, ਨਵੇਂ ਟਾਇਰ, ਅਤੇ ਕਿੰਨੀ ਛੇਤੀ ਸੌਦਾ ਕੀਤਾ ਜਾ ਸਕਦਾ ਹੈ, ਇਹ  ਸਾਰੇ ਕੀਮਤਾਂ ਦੇ ਵਧਣ ’ਚ ਯੋਗਦਾਨ ਦਿੰਦੇ ਹਨ।

ਮਿਸੀਸਾਗਾ, ਓਂਟਾਰੀਓ ’ਚ ਸਥਿਤ ਡਾਇਮੰਡ ਟਰੱਕ ਸੇਲਜ਼ ਵਿਖੇ ਇੱਕ ਗ੍ਰਾਹਕ ਨਾਲ ਗੱਲਬਾਤ ਕਰਦਾ ਹੋਇਆ ਮਨਜੀਤ ਦੀਵਾਨ। ਤਸਵੀਰ: ਲੀਓ ਬਾਰੋਸ

ਮਿਸੀਸਾਗਾ, ਓਂਟਾਰੀਓ ਵਿਖੇ ਡਾਇਮੰਡ ਟਰੱਕ ਸੇਲਜ਼ ਦੇ ਮਨਜੀਤ ਦੀਵਾਨ ਗੱਡੀਆਂ ਦੇ ਨਵੇਂ ਸੰਸਕਰਣ ਦੇ ਬਾਜ਼ਾਰੂ ਮੁੱਲ ਵੱਲ ਵੀ ਇਸ਼ਾਰਾ ਕਰਦੇ ਹਨ। ਫਿਰ ਟਰੱਕ ਦੀ ਹਿਸਟਰੀ ਨੂੰ ਵੀ ਧਿਆਨ ’ਚ ਰੱਖਣਾ ਪੈਂਦਾ ਹੈ। ਇਸ ਨੂੰ ਕੌਣ ਚਲਾਉਂਦਾ ਸੀ? ਇਸ ਦੇ ਕਿੰਨੇ ਕੁ ਮਾਲਕ ਰਹੇ ਹਨ? ਕੀ ਕਦੇ ਇਸ ਦੀ ਟੱਕਰ ਹੋਈ ਸੀ? ਪਿਛਲੀਆਂ ਅਤੇ ਬਕਾਇਆ ਰੀਕਾਲਸ ਦਾ ਕੀ ਬਣੇਗਾ।

ਬਰਨਸ ਨੇ ਕਿਹਾ ਕਿ ਨਵੇਂ ਟਰੱਕਾਂ ਦੀ ਕਿੱਲਤ ਕਰਕੇ ਪੁਰਾਣੇ ਟਰੱਕਾਂ ਦੀਆਂ ਕੀਮਤਾਂ ਵੀ ਵੱਧ ਰਹੀਆਂ ਹਨ।

ਡਾਊਨਟਨ ਨੇ ਕਿਹਾ ਕਿ ਚੰਗੇ ਕਿਸਮ ਦੇ ਪੁਰਾਣੇ ਟਰੱਕਾਂ ਦੀਆਂ ਕੀਮਤਾਂ ਜੂਨ ’ਚ 20% ਵੱਧ ਗਈਆਂ ਸਨ।

ਰਿਚੀ ਬ੍ਰਦਰਜ਼ ਨੀਲਾਮੀ ਘਰ ਨੇ ਵੀ ਵਧੀਆਂ ਕੀਮਤਾਂ ਦੀ ਜਾਣਕਾਰੀ ਦਿੱਤੀ ਸੀ, ‘‘ਸਾਡੇ ਅੰਦਾਜ਼ੇ ’ਚ, ਜੂਨ ਨੂੰ ਖ਼ਤਮ ਹੋਏ ਤਿੰਨ ਮਹੀਨਿਆਂ ਦੌਰਾਨ, ਪੁਰਾਣੇ ਟਰੱਕ ਟਰੈਕਟਰਾਂ ਦੀ ਕੀਮਤ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 14% ਤਕ ਵਧ ਗਈ ਸੀ।’’ ਇਹ ਜਾਣਕਾਰੀ ਇਸ ਨੇ ਆਪਣੀ ਪਿੱਛੇ ਜਿਹੇ ਜਾਰੀ ਮਾਰਕੀਟ ਰੀਪੋਰਟ ’ਚ ਦਿੱਤੀ। ਇਸ ਨੇ ਦੱਸਿਆ ਕਿ ਕੈਨੇਡਾ ’ਚ 2017 ਦੇ ਮਾਡਲਾਂ ਦੀ ਮੰਗ ਬਹੁਤ ਜ਼ਿਆਦਾ ਹੈ।

ਹਾਲਾਤ ਪੁਰਾਣੇ ਟਰੱਕਾਂ ਦੇ ਖ਼ਰੀਦਦਾਰਾਂ ਨੂੰ ਛੇਤੀ ਫ਼ੈਸਲਾ ਕਰਨ ਲਈ ਮਜਬੂਰ ਕਰ ਰਹੇ ਹਨ।

ਬਰਨਸ ਨੇ ਕਿਹਾ, ‘‘ਛੇਤੀ ਫ਼ੈਸਲਾ ਨਾ ਕਰ ਸਕਣ ਵਾਲੇ ਖ਼ਰੀਦਦਾਰ ਬਾਜ਼ਾਰ ਤੋਂ ਬਾਹਰ ਹੋ ਗਏ ਹਨ। ਖ਼ਰੀਦਦਾਰ ਪਹਿਲਾਂ ਨਾਲੋਂ ਛੇਤੀ ਫ਼ੈਸਲਾ ਕਰ ਰਹੇ ਹਨ।’’

ਇਸ ਤਰ੍ਹਾਂ ਜਿਨ੍ਹਾਂ ਕੋਲ ਪੈਸਾ ਹੈ ਹਾਲਾਤ ਉਨ੍ਹਾਂ ਦੇ ਹੱਕ ’ਚ ਹਨ। ਅੱਜ ਦੇ ਸਮੇਂ ’ਚ ਜਿਨ੍ਹਾਂ ਨੂੰ ਪੈਸਾ ਇਕੱਠਾ ਕਰਨ ’ਚ ਦੇਰ ਹੋ ਜਾਂਦੀ ਹੈ ਉਨ੍ਹਾਂ ਲਈ ਸੌਦਾ ਖ਼ਤਮ ਹੋ ਜਾਂਦਾ ਹੈ।

ਫਿਰ ਵੀ ਪੁਰਾਣਾ ਟਰੱਕ ਖ਼ਰੀਦਣ ਸਮੇਂ ਕੁੱਝ ਆਮ ਵਿਚਾਰ ਤਾਂ ਧਿਆਨ ’ਚ ਰੱਖਣੇ ਪੈਂਦੇ ਹਨ ਜੋ ਕਿ ਤੁਹਾਡੇ ਕਾਰੋਬਾਰ ਦੀ ਯੋਜਨਾ ਨਾਲ ਮੇਲ ਖਾਂਦੇ ਹੋਣ। ਓਡੋਮੀਟਰ ’ਤੇ ਮਾਈਲੇਜ ਉਨ੍ਹਾਂ ’ਚੋਂ ਹੀ ਇੱਕ ਹੈ।

ਮਿਸੀਸਾਗਾ, ਓਂਟਾਰੀਓ ਵਿਖੇ ਡੀਜ਼ਲ ਟਰੱਕ ਸੈਂਟਰ ਦੇ ਸੁਰਜੀਤ ਜੌਹਲ ਨੇ ਕਿਹਾ, ‘‘ਟਰੱਕ ਦਾ ਭਾਵੇਂ ਕੋਈ ਵੀ ਬਰਾਂਡ ਹੋਵੇ, 10 ਲੱਖ ਮੀਲ ਤੱਕ ਤਾਂ ਤੁਹਾਨੂੰ ਕੋਈ ਵੱਡੀ ਸਮੱਸਿਆ ਨਹੀਂ ਆਵੇਗੀ। (ਪਰ) ਇਸ ਤੋਂ ਬਾਅਦ ਤੁਹਾਨੂੰ ਸੜਕ ’ਤੇ ਚੱਲਣ ਲਈ ਮੁਰੰਮਤ ’ਤੇ ਬਹੁਤ ਖ਼ਰਚ ਕਰਨਾ ਪਵੇਗਾ।’’ ਉਨ੍ਹਾਂ ਸਲਾਹ ਦਿੱਤੀ ਕਿ ਲੋਕ ਅਜਿਹੀਆਂ ਗੱਡੀਆਂ ਖ਼ਰੀਦਣ ਜੋ 10 ਲੱਖ ਮੀਲ ਦੇ ਨਿਸ਼ਾਨੇ ਤੱਕ ਅੱਪੜਨ ’ਚ ਘੱਟ ਤੋਂ ਘੱਟ ਦੋ ਜਾਂ ਤਿੰਨ ਸਾਲ ਤਾਂ ਲਾਉਣ।

ਸੁਰਜੀਤ ਜੌਹਲ ਤਸਵੀਰ : ਸਪਲਾਈਡ

ਜੌਹਲ ਨੇ ਕਿਹਾ ਕਿ ਇੰਜਣ ਨਾਲ ਸੰਬੰਧਤ ਚੀਜ਼ਾਂ ਵੀ ਓਨੀਆਂ ਹੀ ਮਹੱਤਵਪੂਰਨ ਹਨ ਅਤੇ ਉਨ੍ਹਾਂ ਕਾਰਗੁਜ਼ਾਰੀ,  ਭਰੋਸੇਯੋਗਤਾ ਅਤੇ ਪਿਛਲੀਆਂ ਸਰਵਿਸਾਂ ’ਚ ਸੰਤੁਲਨ ਸਥਾਪਤ ਕਰਨ ਦੀ ਗੱਲ ਕਹੀ।

ਛੋਟੇ ਫ਼ਲੀਟ ਅਤੇ ਓਨਰ-ਆਪਰੇਟਰ ਵੱਡੇ ਫ਼ਲੀਟਸ ਨੂੰ ਵੇਖ ਕੇ ਵੀ ਖ਼ਰੀਦਦਾਰੀ ਬਾਰੇ ਸੇਧ ਲੈ ਸਕਦੇ ਹਨ। ਉਨ੍ਹਾਂ ਕਿਹਾ, ‘‘ਜੇ ਇਹ ਟਰੱਕ ਕਿਸੇ ਕੰਮ ਦਾ ਹੈ ਤਾਂ ਹੀ ਉਹ ਖ਼ਰੀਦ ਰਹੇ ਹਨ। ਵੱਡੀਆਂ ਕੰਪਨੀਆਂ ਵੱਲ ਵੇਖੋ, ਉਹ ਕਿਉਂ ਸਫ਼ਲ ਹਨ? ਉਹ ਕਿਉਂ ਉਸ ਟਰੱਕ ਨੂੰ ਚਲਾ ਰਹੀਆਂ ਹਨ? ਉਨ੍ਹਾਂ ਨੇ ਬਹੁਤ ਜਾਂਚ-ਪਰਖ ਕੀਤੀ ਹੈ।’’

ਬੀਮਾ ਕੈਰੀਅਰਸ ਵੱਲੋਂ ਸਥਾਪਤ ਕੀਤੀਆਂ ਜ਼ਰੂਰਤਾਂ ਨੂੰ ਵੀ ਧਿਆਨ ’ਚ ਰੱਖਣਾ ਜ਼ਰੂਰੀ ਹੈ। ਦੀਵਾਨ ਨੇ ਕਿਹਾ ਕਿ ਕੁੱਝ ਬੀਮਾ ਕੰਪਨੀਆਂ ਪੰਜ ਸਾਲ ਤੋਂ ਵੱਧ ਪੁਰਾਣੀਆਂ ਗੱਡੀਆਂ ਦਾ ਬੀਮਾ ਨਹੀਂ ਕਰਨਗੀਆਂ।

ਸਟੇਬਲਰ ਇਸ਼ੋਰੈਂਸ ਵਿਖੇ ਕਮਰਸ਼ੀਅਲ ਪ੍ਰੋਡਿਊਸਰ ਲੀਜ਼ਾ ਆਰਸੇਨੋ ਨੇ ਕਿਹਾ ਕਿ ਤਾਜ਼ਾ ਮਾਡਲ ਵਾਲੀਆਂ ਗੱਡੀਆਂ ’ਚ ਬਿਹਤਰ ਸੁਰੱਖਿਆ ਸਿਸਟਮ ਹੁੰਦਾ ਹੈ, ਅਤੇ ਕੁੱਝ ਬੀਮਾਕਰਤਾਵਾਂ ਨੂੰ ਅੱਗੇ ਦਾ ਦ੍ਰਿਸ਼ ਰੀਕਾਰਡ ਕਰਨ ਵਾਲਾ ਕੈਮਰਾ ਚਾਹੀਦਾ ਹੁੰਦਾ ਹੈ।

ਸਿਰਫ਼ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਸਹੀ ਟਰੱਕ ਚਾਹੀਦਾ ਹੈ, ਭਾਵੇਂ ਇਸ ਨੂੰ ਪਹਿਲਾਂ ਕੋਈ ਹੋਰ ਹੀ ਕਿਉਂ ਨਾ ਚਲਾਉਂਦਾ ਰਿਹਾ ਹੋਵੇ।

ਲੀਓ ਬਾਰੋਸ ਵੱਲੋਂ