ਪੋਰਟ ਆਫ਼ ਵੈਨਕੂਵਰ ’ਚ ਕੰਟੇਨਰ ਕੈਰੀਅਰ ਦੀ ਹੜਤਾਲ ਟਲੀ

Avatar photo

ਪੋਰਟ ਆਫ਼ ਵੈਨਕੂਵਰ ’ਤੇ ਹਾਲਾਤ ਬਦਤਰ ਹੋਣ ਤੋਂ ਉਦੋਂ ਬਚ ਗਏ ਜਦੋਂ ਪਰੂਡੈਂਸ਼ੀਅਲ ਟਰਾਂਸਪੋਰਟੇਸ਼ਨ ਅਤੇ ਅਹੀਰ ਟਰਾਂਸਪੋਰਟੇਸ਼ਨ ਨੇ ਹੜਤਾਲ ਦੀ ਕਾਰਵਾਈ ਨੂੰ ਟਾਲ ਦਿੱਤਾ।

ਦੋ ਹੋਰ ਫ਼ਲੀਟਸ ਨੇ ਇੱਕ ਪੈਟਰਨ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ, ਜਿਸ ਨਾਲ ਪੋਰਟ ਆਫ਼ ਵੈਨਕੂਵਰ ’ਚ ਹੜਤਾਲ ਟਲ ਗਈ ਹੈ। (ਤਸਵੀਰ: ਯੂਨੀਫ਼ੌਰ)

ਯੂਨੀਫ਼ੌਰ ਨੇ ਇੱਕ ਬਿਆਨ ’ਚ ਕਿਹਾ ਕਿ ਦੋਹਾਂ ਕੰਟੇਨਰ ਫ਼ਲੀਟਸ ਨੇ ਇੱਕ ਪੈਟਰਨ ਸਮਝੌਤੇ ’ਤੇ ਹਸਤਾਖ਼ਰ ਕੀਤੇ, ਜਿਸ ਨੂੰ ਇਸ ਸਾਲ ਦੀ ਸ਼ੁਰੂਆਤ ’ਚ ਬਣਾਇਆ ਗਿਆ ਸੀ, ਜਿਸ ’ਚ ਡਰੱਗ, ਡੈਂਟਲ, ਸਿਹਤ ਅਤੇ ਬੀਮਾ ਕਵਰੇਜ ਸ਼ਾਮਲ ਹੈ, ਨਾਲ ਹੀ ਉਡੀਕ ਦੇ ਸਮੇਂ ਲਈ ਜ਼ਿਆਦਾ ਭੁਗਤਾਨ ਅਤੇ ਰੋਜ਼ਾਨਾ ਘੱਟ ਤੋਂ ਘੱਟ ਅਦਾਇਗੀ ਵੀ ਸ਼ਾਮਲ  ਹੈ।

ਇਹ ਸਮਝੌਤਾ ਅਗੱਸਤ ’ਚ ਹਾਰਬਰ ਲਿੰਕ ਟਰਾਂਸਪੋਰਟੇਸ਼ਨ ਨਾਲ ਕੀਤਾ ਗਿਆ ਸੀ।

170 ਡਰਾਈਵਰਾਂ ਨੇ ਸਮਝੌਤਾ ਨਾ ਕੀਤੇ ਜਾਣ ਦੀ ਹਾਲਤ ’ਚ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਸੀ।

ਲੇਬਰ ’ਚ ਅਸੰਤੋਸ਼ ਪੋਰਟ ਆਫ਼ ਵੈਨਕੂਵਰ ਲਈ ਇੱਕ ਹੋਰ ਚੁਨੌਤੀ ਬਣਨ ਜਾ ਰਿਹਾ ਹੈ, ਜਿੱਥੇ ਪਹਿਲਾਂ ਹੀ ਬਿ੍ਰਟਿਸ਼  ਕੋਲੰਬੀਆ ’ਚ ਹੜ੍ਹਾਂ ਕਰਕੇ ਟ੍ਰੈਫ਼ਿਕ ਦੀ ਆਵਾਜਾਈ ’ਚ ਵਿਘਨ ਪਿਆ ਹੋਇਆ ਹੈ।

ਉਦਾਹਰਣ ਵਜੋਂ ਫ਼ੋਰਕਾਈਟਸ ਪਲੇਟਫ਼ਾਰਮ ਵੱਲੋਂ ਦਿੱਤੇ ਅੰਕੜਿਆ ’ਚ ਦੱਸਿਆ ਗਿਆ ਹੈ ਕਿ ਨਵੰਬਰ ’ਚ ਟਰੱਕਲੋਡ ਸ਼ਿਪਮੈਂਟ ਲਈ ਉਡੀਕ ਕਰਨ ਦਾ ਸਮਾਂ 645 ਮਿੰਟ ਤੱਕ ਪਹੁੰਚ ਗਿਆ ਹੈ, ਜੋ ਕਿ 150% ਵੱਧ ਹੈ, ਜਦਕਿ ਬਿ੍ਰਟਿਸ਼ ਕੋਲੰਬੀਆ ’ਚ ਟਰੱਕਲੋਡ ਸ਼ਿਪਮੈਂਟਸ ਲਈ ਦੇਰੀ ਨਾਲ ਲੋਡ ਦੀ ਦਰ 2% ਹੈ।

ਯੂਨੀਫ਼ੌਰ ਦੇ ਰਾਸ਼ਟਰੀ ਪ੍ਰਧਾਨ ਜੈਰੀ ਡਾਇਸ ਨੇ ਕਿਹਾ, ‘‘ਪੋਰਟ ਮੈਟਰੋ ਵੈਨਕੂਵਰ ’ਚ ਜਾਇਜ਼ ਤਨਖ਼ਾਹਾਂ ਅਤੇ ਲਾਭ ਕਾਮਿਆਂ ਦੀ ਸ਼ਾਂਤੀ ਦਾ ਧੁਰਾ ਹਨ। ਪੋਰਟ ਕਾਮੇ ਆਰਥਿਕਤਾ ਲਈ ਮਹੱਤਵਪੂਰਨ ਹਨ ਅਤੇ ਉਨ੍ਹਾਂ ਨੇ ਇੱਕ ਜਾਇਜ਼ ਸਮੂਹਕ ਸਮਝੌਤਾ ਜਿੱਤਿਆ ਹੈ। ਇੱਕ ਪੈਟਰਨ ਐਗਰੀਮੈਂਟ ਅਤੇ ਇਨਫ਼ੋਰਸਏਬਲ ਸਰਕਾਰੀ ਰੈਗੂਲੇਸ਼ਨ ਰੁਜ਼ਗਾਰਦਾਤਾਵਾਂ ਲਈ ਇੱਕਸਾਰ ਕੰਮ ਦੇ ਹਾਲਾਤ ਪੇਸ਼ ਕਰਦਾ ਹੈ ਅਤੇ ਟਰੱਕਿੰਗ ’ਚ ਕਾਲੇ ਬਾਜ਼ਾਰ ਦੀ ਸੰਭਾਵਨਾ ਘੱਟ ਤੋਂ ਘੱਟ ਕਰਦਾ ਹੈ, ਜੋ ਕਿ ਪਹਿਲਾਂ ਬਹੁਤ ਵੱਧ ਗਈ ਸੀ।’’

ਯੂਨੀਅਨ ਨੇ 2018 ’ਚ ਸ਼ਿਕਾਇਤ ਕਰਨੀ ਸ਼ੁਰੂ ਕੀਤੀ ਸੀ ਕਿ ਹੇਠਲੇ ਮੇਨਲੈਂਡ ਅੰਦਰ ਗ਼ੈਰਲਾਇਸੰਸਸ਼ੁਦਾ ਟਰੱਕਰਸ ਕੰਟੇਨਰ ਨੂੰ ਡੌਕ ਤੋਂ ਲਾਹੁਣ ਲਈ, ਫ਼ੀਸ ਅਦਾ ਕਰਨ ਵਾਲੀਆਂ ਕੰਪਨੀਆਂ ਮੁਕਾਬਲੇ ਬਹੁਤ ਘੱਟ ਕੀਮਤਾਂ ਦੀ ਮੰਗ ਕਰ ਰਹੇ ਹਨ।

ਸਤੰਬਰ 2020 ’ਚ, ਬੀ.ਸੀ. ਕੰਟੇਨਰ ਟਰੱਕਿੰਗ ਕਮਿਸ਼ਨ ਦੇ ਦਫ਼ਤਰ ਨੇ ਵੱਧ ਰਹੇ ਕੰਮ ਕਰਨ ਦੇ ਟੂ-ਟੀਅਰ ਸਿਸਟਮ ਦੀ ਪੁਸ਼ਟੀ ਕੀਤੀ ਸੀ, ਅਤੇ ਦੱਸਿਆ ਸੀ ਕਿ 45% ਲਾਇਸੰਸਸ਼ੁਦਾ ਕੰਪਨੀਆਂ ਟੈਗ ਤੋਂ ਬਗ਼ੈਰ ਟਰੱਕਾਂ ਦਾ ਪ੍ਰਯੋਗ ਕਰ ਰਹੀਆਂ ਸਨ ਅਤੇ ਰੈਗੂਲੇਟਡ ਦਰਾਂ ਤੋਂ ਬਚਣ ਲਈ ਚੈਸਿਸ ਦੀ ਅਦਲਾ-ਬਦਲੀ ਕਰ ਰਹੀਆਂ ਹਨ। ਪਾਰਕਿੰਗ ਲਾਟਸ ’ਚ ਚੈਸਿਸ ਨੂੰ ਬਦਲਣ ਤੋਂ ਬਾਅਦ, ਗ਼ੈਰਲਾਇਸੰਸਸ਼ੁਦਾ ਡਰਾਈਵਰਾਂ ਨੇ 85 ਡਾਲਰ ’ਤੇ ਟਰਿੱਪ ਮੁਕੰਮਲ ਕੀਤੀ ਜੋ ਕਿ ਰੈਗੂਲੇਟਿਡ ਕੀਮਤ ਦੇ ਅੱਧ ਤੋਂ ਵੀ ਘੱਟ ਹੈ।

ਯੂਨੀਫ਼ੌਰ ਦੇ ਲਗਭਗ 300 ਡਰਾਈਵਰ ਜੋ ਕਿ ਪੋਰਟ ਆਫ਼ ਵੈਨਕੂਵਰ ’ਚ ਕੰਮ ਕਰਨ ਵਾਲੇ ਕੁੱਲ ਡਰਾਈਵਰਾਂ ਦਾ 15% ਬਣਦੇ ਹਨ, ਹੁਣ ਇਸੇ ਸਮਝੌਤੇ ਹੇਠ ਆਉਂਦੇ ਹਨ।

ਯੂਨੀਫ਼ੌਰ ਦੇ ਵੈਸਟਰਨ ਰੀਜਨਲ ਡਾਇਰੈਕਟਰ ਗੇਵਿਨ ਮੈਕਗਰੀਗਲ ਨੇ ਕਿਹਾ, ‘‘ਅਸੀਂ ਗ਼ੈਰ-ਯੂਨੀਅਨ ਟਰੱਕਰਸ ਨਾਲ ਕੰਮ ਕਰਨ ਬਾਰੇ ਉਤਸ਼ਾਹਿਤ ਹਾਂ ਤਾਂ ਕਿ ਉਹ ਵੀ ਰੁਜ਼ਗਾਰਦਾਤਾ ਵੱਲੋਂ ਅਦਾ ਕੀਤੇ ਜਾਣ ਵਾਲੇ ਸਿਹਤ ਲਾਭ ਪ੍ਰਾਪਤ ਕਰ ਸਕਣ ਜੋ ਕਿ ਪੈਟਰਨ ਸਮਝੌਤੇ ਤਹਿਤ ਹੀ ਸੰਭਵ ਹੈ।’’

ਹਰ ਸਾਲ ਟਰੱਕਾਂ ਰਾਹੀਂ ਪੋਰਟ ਆਫ਼ ਵੈਨਕੂਵਰ ’ਚੋਂ 500,000 ਕੰਟੇਨਰਾਂ ਨੂੰ ਬਾਹਰ ਕੱਢਿਆ ਜਾਂਦਾ ਹੈ, ਏਨੇ ਹੀ ਇਸ ਅੰਦਰ ਆਉਂਦੇ ਹਨ।