ਪ੍ਰੀਮੀਅਰ ਟਰੱਕ ਗਰੁੱਪ ਨੇ ਰਿਟੇਲ ਪਾਰਟਸ ਡਿਲੀਵਰੀ ਲਈ ਇਲੈਕਟ੍ਰਿਕ ਗੱਡੀ ਦਾ ਪ੍ਰਯੋਗ ਸ਼ੁਰੂ ਕੀਤਾ

ਟੋਰਾਂਟੋ ਖੇਤਰ ’ਚ ਟਰੱਕ ਫ਼ਲੀਟ ਅਤੇ ਰੱਖ-ਰਖਾਅ ਮੈਨੇਜਰਾਂ ਨੂੰ ਉਸ ਸਮੇਂ ਸੁੱਖ ਦਾ ਸਾਹ ਆਉਂਦਾ ਹੈ ਜਦੋਂ ਸਖ਼ਤ ਲੋੜੀਂਦੇ ਪਾਰਟਸ ਉਨ੍ਹਾਂ ਤੱਕ ਪਹੁੰਚ ਜਾਂਦੇ ਹਨ। ਹੁਣ ਇਨ੍ਹਾਂ ’ਚੋਂ ਕੁੱਝ ਪਾਰਟਸ ਜੋ ਪ੍ਰੀਮੀਅਰ ਟਰੱਕ ਗਰੁੱਪ ਵੱਲੋਂ ਡਿਲੀਵਰ ਕੀਤੇ ਜਾਂਦੇ ਹਨ, ਇਲੈਕਟ੍ਰਿਕ ਵੈਨ ਰਾਹੀਂ ਪਹੁੰਚਣਗੇ, ਜਿਸ ਨਾਲ ਸਾਰਿਆਂ ਨੂੰ ਸਾਹ ਲੈਣ ਲਈ ਕੁੱਝ ਸਾਫ਼ ਹਵਾ ਮਿਲ ਸਕੇਗੀ।

ਮਿਸੀਸਾਗਾ, ਓਂਟਾਰੀਓ ’ਚ ਪ੍ਰੀਮੀਅਰ ਟਰੱਕ ਗਰੁੱਪ ਦੇ ਜਨਰਲ ਮੈਨੇਜਰ ਗੈਰੀ ਵੈਨ ਰਿਸਵਿਕ ਨੇ 1 ਨਵੰਬਰ ਨੂੰ ਕੰਪਨੀ ਦੀ ਪਹਿਲੀ ਇਲੈਕਟ੍ਰਿਕ ਫ਼ੋਰਡ ਟਰਾਂਜ਼ਿਟ ਵੈਨ ਦੀ ਡਿਲੀਵਰੀ ਪ੍ਰਾਪਤ ਕੀਤੀ ਅਤੇ ਤੁਰੰਤ ਇਸ ਨੂੰ ਕੈਨੇਡੀ ਰੋਡ ’ਤੇ ਸਥਿਤ ਆਪਣੇ ਮਿਸੀਸਾਗਾ ਰਿਟੇਲ ਪਾਰਟਸ ਸਟੋਰ ’ਚੋਂ ਪਾਰਟਸ ਦੀ ਡਿਲੀਵਰੀ ਦੇ ਕੰਮ ’ਤੇ ਲਾ ਦਿੱਤਾ।

ਉਨ੍ਹਾਂ ਨੇ TruckNews.com ਨੂੰ ਕਿਹਾ, ‘‘ਅਸੀਂ ਇੱਥੋਂ ਡਿਲੀਵਰੀ ਲਈ ਗੱਡੀਆਂ ਚਲਾਉਂਦੇ ਹਾਂ ਜੋ ਕਿ ਪੂਰੇ ਜੀ.ਟੀ.ਏ. ’ਚ ਪਾਰਟਸ ਦੀ ਡਿਲੀਵਰੀ ਕਰਦੀਆਂ ਹਨ। ਇਸ ਵੈਨ ਨਾਲ ਅਸੀਂ ਰੋਜ਼ 150-170 ਕਿੱਲੋਮੀਟਰ ਪ੍ਰਤੀ ਦਿਨ ਸਫ਼ਰ ਕਰਦੇ ਹਾਂ ਅਤੇ ਅਸੀਂ ਇਹ ਕੰਮ ਇੱਕ ਚਾਰਜ ’ਚ ਹੀ ਅੰਜ਼ਾਮ ਦਿੰਦੇ ਹਾਂ।’’

Premier electric van
ਡਾਲਟਨ ਕੁੱਕ ਪ੍ਰੀਮੀਅਰ ਟਰੱਕ ਗਰੁੱਪ ਵਿਖੇ ਨਵੀਂ ਇਲੈਕਟ੍ਰਿਕ ਪਾਰਟਸ ਵੈਨ ਦਾ ਡਰਾਈਵਰ ਹੈ। (ਤਸਵੀਰ: ਜੇਮਸ ਮੈਂਜੀਜ਼)

ਪ੍ਰੀਮੀਅਰ ਖ਼ੁਦ ਨੂੰ ਉੱਭਰ ਰਹੀ ਤਕਨਾਲੋਜੀ ਨਾਲ ਬਿਹਤਰ ਤਰੀਕੇ ਨਾਲ ਜਾਣੂੰ ਕਰਵਾਉਣਾ ਚਾਹੁੰਦਾ ਸੀ। ਵੈਨ ਰਿਸਵਿਕ ਨੇ ਕਿਹਾ, ‘‘ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਸ ਦੀ ਪਰਖ ਕਰਨਾ ਹੈ। ਜਿਨ੍ਹਾਂ ਰੂਟਸ ’ਤੇ ਅਸੀਂ ਕੰਮ ਕਰਦੇ ਹਾਂ ਉਨ੍ਹਾਂ ਨੂੰ ਵੇਖ ਕੇ ਅਸੀਂ ਕਿਹਾ ਕਿ ਅਸੀ ਇਸ ਗੱਡੀ ਨੂੰ ਆਪਣੇ ਅੱਧੇ ਰੂਟਸ ’ਤੇ ਤਾਂ ਚਲਾ ਹੀ ਸਕਦੇ ਹਾਂ।’’

ਏਨੀ ਗੱਲ ਨਾਲ ਹੀ ਕੰਪਨੀ ਦੋ ਇਲੈਕਟ੍ਰਿਕ ਡਿਲੀਵਰੀ ਵੈਨਸ ਦਾ ਆਰਡਰ ਕਰਨ ਲਈ ਮੰਨ ਗਈ। ਇਨ੍ਹਾਂ ’ਤੇ ਵਾਤਾਵਰਣ ਪਹਿਲ ਦੇ ਅਨੋਖੇ ਡੀਕੈਲ ਲੱਗੇ ਹੋਏ ਹੈ। ਵੈਨ ਰਿਸਵਿਕ ਨੇ ਕਿਹਾ ਕਿ ਇਲੈਕਟ੍ਰੀਫ਼ੀਕੇਸ਼ਨ ਲਈ ਪਾਰਟਸ ਡਿਲੀਵਰੀ ਇੱਕ ਆਦਰਸ਼ ਅਮਲ ਹੈ।

ਉਨ੍ਹਾਂ ਕਿਹਾ, ‘‘ਅਸੀਂ ਬਹੁਤ ਜ਼ਿਆਦਾ ਭਾਰੀ ਸਮਾਨ ਲੱਦ ਕੇ ਨਹੀਂ ਜਾਂਦੇ। ਅਸੀਂ ਬਹੁਤ ਸਾਰੇ ਫ਼ਿਲਟਰ, ਟਰੱਕਾਂ ਦੇ ਛੋਟੇ ਪਾਰਟਸ, ਇੰਜਣ ਦੇ ਪਾਰਟਸ ਦੀ ਡਿਲੀਵਰੀ ਕਰਦੇ ਹਾਂ। ਅਸੀਂ ਕਦੇ ਇਸ ’ਤੇ ਜ਼ਰੂਰਤ ਤੋਂ ਜ਼ਿਆਦਾ ਲੋਡ ਨਹੀਂ ਲੱਦਦੇ।’’

ਇਸ ਦੇ ਡਰਾਈਵਰ ਡਾਲਟਨ ਕੁੱਕ ਨੂੰ ਇਹ ਡਿਲੀਵਰੀ ਵੈਨ ਬਹੁਤ ਪਸੰਦ ਆਈ। ਵੈਨ ਰਿਸਵਿਕ ਨੇ ਕਿਹਾ, ‘‘ਉਸ ਨੂੰ ਜੋ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਉਹ ਇਹ ਹੈ ਕਿ ਜਿੱਥੇ ਵੀ ਉਹ ਜਾਂਦਾ ਹੈ, ਉਸ ਨੂੰ ਵੈਨ ਬਾਰੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ ਤੇ ਉਨ੍ਹਾਂ ਨੂੰ ਵੈਨ ਵਿਖਾਉਣੀ ਪੈਂਦੀ ਹੈ।’’

ਡਰਾਈਵਰ ਇਸ ਨੂੰ ਚਲਾਉਣ ’ਚ ਆਸਾਨੀ ਅਤੇ ਰੀਜੈਨਰੇਟਿਵ ਬ੍ਰੇਕਿੰਗ ਦੀ ਵੀ ਤਾਰੀਫ਼ ਕਰਦਾ ਹੈ।

ਵੈਨ ਲੈਵਲ 2 ਚਾਰਜਰ ਨਾਲ ਮਿਲੀ ਹੈ, ਪਰ ਪ੍ਰੀਮੀਅਰ ਨੇ ਕਿਹਾ ਕਿ 110-ਵੋਲਟ ਪਾਵਰ ਨਾਲ ਚਾਰਜਿੰਗ ਦੇ ਸਮੇਂ ’ਚ ਬਹੁਤ ਜ਼ਿਆਦਾ ਸਮਾਂ ਲੱਗਾ। 220-ਵੋਲਟ ਦੇ ਆਊਟਲੈੱਟ ਨੇ ਇਹ ਸਮੱਸਿਆ ਖ਼ਤਮ ਕਰ ਦਿੱਤੀ, ਜਿਸ ਨਾਲ ਵੈਨ ਰਾਤ ਦੌਰਾਨ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।

ਮੌਜੂਦਾ ਵੈਨ ਦਿਨ ’ਚ ਤਿੰਨ ਤੋਂ ਚਾਰ ਵਾਰੀ ਡਿਲੀਵਰੀ ਕਰਨ ਜਾਂਦੀ ਹੈ, ਜਿਨ੍ਹਾਂ ’ਚੋਂ ਹਰ ਟਿ੍ਰਪ 30-50 ਕਿੱਲੋਮੀਟਰ ਦੀ ਹੁੰਦੀ ਹੈ। ਹੁਣ ਵੈਨ ਰਿਸਵਿਕ ਸੰਚਾਲਨ ਦੀ ਕੁੱਲ ਲਾਗਤ ਪਤਾ ਕਰਨ ਦੀ ਪ੍ਰਕਿਰਿਆ ’ਚ ਹਨ।

ਉਨ੍ਹਾਂ ਕਿਹਾ, ‘‘ਅਸੀਂ ਪ੍ਰਤੀ ਕਿੱਲੋਮੀਟਰ ਲਾਗਤ ਦੇ ਹਿਸਾਬ ਨਾਲ ਖ਼ਰਚ ਦਾ ਪਤਾ ਕਰਦੇ ਹਾਂ। ਹੁਣ ਮੈਂ ਇਹ ਪਤਾ ਕਰਨਾ ਹੈ ਕਿ ਰਿਚਾਰਜ ਕਰਨ ਦੀ ਮੈਨੂੰ ਕਿੰਨੀ ਕੁ ਲਾਗਤ ਪੈਂਦੀ ਹੈ ਤਾਂ ਕਿ ਮੈਂ ਪ੍ਰਤੀ ਕਿੱਲੋਮੀਟਰ ਲਾਗਤ ਦਾ ਪਤਾ ਕਰ ਸਕਾਂ ਅਤੇ ਵੇਖ ਸਕਾਂ ਕਿ ਮੈਂ ਕਿੰਨੀ ਕੁ ਬੱਚਤ ਕੀਤੀ ਹੈ।’’

ਆਮ ਤੌਰ ’ਤੇ ਕੰਪਨੀ ਆਪਣੀਆਂ ਵੈਨਾਂ ਦਾ ਪ੍ਰਯੋਗ ਚਾਰ ਸਾਲਾਂ ਲਈ ਕਰਦੀ ਹੈ। ਵੈਨ ਰਿਸਵਿਕ ਨੂੰ ਉਮੀਦ ਹੈ ਕਿ ਇਲੈਕਟ੍ਰਿਕ ਮਾਡਲ ਆਪਣੀਆਂ ਅਸਲ ਬੈਟਰੀਆਂ ’ਤੇ ਛੇ ਸਾਲਾਂ ਤੱਕ ਚਲ ਸਕਦੇ ਹਨ।

ਉਨ੍ਹਾਂ ਕਿਹਾ, ‘‘ਬੈਟਰੀ ਤੋਂ ਬਗ਼ੈਰ ਵੈਨ ਕਿਸੇ ਕੰਮ ਦੀ ਨਹੀਂ। ਅਸੀਂ ਇਹ ਪਤਾ ਕਰਨ ਲਈ ਕੰਮ ਕਰ ਰਹੇ ਹਾਂ ਕਿ ਅਸੀਂ ਬੈਟਰੀਆਂ ਦਾ ਜੀਵਨਕਾਲ ਕਿਸ ਤਰ੍ਹਾਂ ਵੱਧ ਤੋਂ ਵੱਧ ਕਰ ਸਕਦੇ ਹਾਂ, ਕਿਉਂਕਿ ਇਹੀ ਤਾਂ ਗੱਡੀ ਦਾ ਦਿਲ ਹੈ।’’

ਪ੍ਰੀਮੀਅਰ ਟਰੱਕ ਗਰੁੱਪ ਦੀਆਂ ਹੋਰ ਬ੍ਰਾਂਚਾਂ (ਕੁੱਲ ਮਿਲਾ ਕੇ 39, ਓਂਟਾਰੀਓ ’ਚ 9) ਬਗ਼ੈਰ ਕਿਸੇ ਸ਼ੱਕ ਤੋਂ ਇਹ ਵੇਖਣ ਰਹੀਆਂ ਹੋਣਗੀਆਂ ਕਿ ਇਲੈਕਟ੍ਰੀਫ਼ਿਕੇਸ਼ਨ ਉਨ੍ਹਾਂ ਲਈ ਵੀ ਲਾਹੇਵੰਦ ਸਾਬਤ ਹੋਵੇਗਾ ਜਾਂ ਨਹੀਂ।

ਵੈਨ ਰਿਸਵਿਕ ਨੇ ਕਿਹਾ, ‘‘ਗੱਲ ਤਾਂ ਇਨ੍ਹਾਂ ਗੱਡੀਆਂ ਨੂੰ ਪ੍ਰਾਪਤ ਕਰਨ ਦੀ ਹੈ। ਅਸੀਂ ਖ਼ੁਸ਼ਕਿਸਮਤ ਰਹੇ ਕਿ ਸਾਨੂੰ ਇਹ ਗੱਡੀ ਮਿਲ ਗਈ ਕਿਉਂਕਿ ਇਨ੍ਹਾਂ ਨੂੰ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ। ਮੈਨੂੰ ਲਗਦਾ ਹੈ ਕਿ ਅਸੀਂ ਇਨ੍ਹਾਂ ਦਾ ਵੱਧ ਤੋਂ ਵੱਧ ਪ੍ਰਯੋਗ ਕਰਾਂਗੇ। ਵੈਨ ਨੂੰ ਸਿਰਫ਼ ਸਹੀ ਕੰਮ ’ਚ ਲਾਉਣ ਦੀ ਗੱਲ ਹੈ, ਇਹ ਵੀ ਸਾਡੇ ਵੱਲੋਂ ਵੇਚੇ ਜਾ ਰਹੇ ਟਰੱਕਾਂ ਤੋਂ ਜ਼ਿਆਦਾ ਵੱਖ ਨਹੀਂ ਹਨ।’’

ਵੈਨ ਸਵੇਰੇ 7:30 ਵਜੇ ਤੋਂ ਰਾਤ 9 ਵਜੇ ਤੱਕ ਪਾਰਟਸ ਦੀ ਡਿਲੀਵਰੀ ਕਰਦੀ ਹੈ। ਰੇਂਜ ਦੀ ਗੱਲ ਕਰੀਏ ਤਾਂ, ਇੱਕ ਚੀਜ਼ ’ਚ ਕੋਈ ਤਬਦੀਲੀ ਨਹੀਂ ਆਈ ਹੈ।

ਵੈਨ ਰਿਸਵਿਕ ਨੇ ਕਿਹਾ, ‘‘ਅਸੀਂ ਜੋ ਇੱਕ ਗੱਲ ਸਿੱਖੀ ਹੈ, ਉਹ ਇਹ ਹੈ ਕਿ ਅਜੇ ਵੀ ਗੱਡੀ ਚਲਾਉਣ ਵਾਲੇ ’ਤੇ ਹੀ ਸਾਰਾ ਕੁੱਝ ਨਿਰਭਰ ਕਰਦਾ ਹੈ। ਜੇਕਰ ਉਹ ਤੇਜ਼ ਗੱਡੀ ਚਲਾਉਂਦਾ ਹੈ ਤਾਂ ਬੈਟਰੀ ਛੇਤੀ ਖ਼ਤਮ ਹੋਵੇਗੀ। ਜੇਕਰ ਉਹ ਇਸ ਨੂੰ ਸਹੀ ਤਰੀਕੇ ਨਾਲ ਚਲਾਉਂਦਾ ਹੈ ਤਾਂ ਇਹ ਜ਼ਿਆਦਾ ਦੂਰੀ ਤੈਅ ਕਰੇਗੀ। ਗੈਸੋਲੀਨ ਜਾਂ ਡੀਜ਼ਲ ਇੰਜਣ ਵੀ ਇਸੇ ਤਰ੍ਹਾਂ ਹੀ ਕੰਮ ਕਰਦੇ ਹਨ।’’