ਬਰਾਈਟਡਰੌਪ ਇਲੈਕਟ੍ਰਿਕ ਵੈਨ ਨੇ ਬਣਾਇਆ ਨਵਾਂ ਰੇਂਜ ਰੀਕਾਰਡ

ਬਰਾਈਟਡਰੌਪ ਅਤੇ ਫ਼ੈਡਐਕਸ ਨੇ ਕਿਸੇ ਵੀ ਇਲੈਕਟ੍ਰਿਕ ਵੈਨ ਵੱਲੋਂ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਲੰਮੀ ਤੈਅ ਕੀਤੀ ਦੂਰੀ ਦਾ ਗਿਨੀਜ਼ ਰਿਕਾਰਡ ਕਾਇਮ ਕੀਤਾ ਹੈ। ਇਸ ਟ੍ਰਿਪ ’ਚ ਬਰਾਈਟਡਰੌਪ ਜ਼ੀਵੋ 600 ਨਿਊਯਾਰਕ ਸਿਟੀ ਤੋਂ ਚੱਲ ਕੇ ਵਾਸ਼ਿੰਗਟਨ, ਡੀ.ਸੀ. ਤੱਕ ਗਈ।

BrightDrop EV
ਬਰਾਈਟਡਰੌਪ ਈ.ਵੀ. ਨੇ ਇੱਕ ਹੀ ਚਾਰਜ ’ਤੇ ਨਿਊ ਯਾਰਕ ਸਿਟੀ ਤੋਂ ਵਾਸ਼ਿੰਗਟਨ ਡੀ.ਸੀ. ਤੱਕ ਦਾ ਸਫ਼ਰ ਤੈਅ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। (ਤਸਵੀਰ: ਜਨਰਲ ਮੋਟਰਜ਼)

ਡਰਾਈਵਰ ਸਟੀਫ਼ਨ ਮਾਰਲਿਨ ਨੇ ਜ਼ੀਵੋ 600 (ਜਿਸ ਨੂੰ ਪਹਿਲਾਂ ਈ.ਵੀ. 600 ਵਜੋਂ ਜਾਣਿਆ ਜਾਂਦਾ ਸੀ) ’ਚ ਪ੍ਰਿਥਵੀ ਦਿਵਸ ਮੌਕੇ 418 ਕਿੱਲੋਮੀਟਰ ਦੀ ਯਾਤਰਾ ਕੀਤੀ, ਜਿਸ ਦੌਰਾਨ ਉਹ ਸਿਰਫ਼ ਫ਼ਿਲਾਡੈਲਫ਼ੀਆ ਅਤੇ ਬਾਲਟੀਮੋਰ ਰੁਕੇ। ਕਾਰਗੋ ’ਚ ਸਾਫ਼-ਸਫ਼ਾਈ ਦੇ ਉਤਪਾਦਾਂ ਦੀ ਸ਼ਿਪਮੈਂਟ ਸੀ, ਜੋ ਕਿ ਅੋਰਗੈਨਿਕ ਬਾਜ਼ਾਰ ’ਚ ਜਾਣ ਵਾਲੀ ਸੀ।

ਵੈਨ ਦਾ ਉਤਪਾਦਨ ਇੰਗਰਸੋਲ, ਓਂਟਾਰੀਓ ’ਚ ਸਥਿਤ ਜਨਰਲ ਮੋਟਰਜ਼ ਸੀ.ਏ.ਐਮ.ਆਈ. ਅਸੈਂਬਲੀ ਪਲਾਂਟ ’ਚ ਕੀਤਾ ਜਾ ਰਿਹਾ ਹੈ। ਸ਼ੁਰੂਆਤੀ ਇਕਾਈਆਂ ਨੂੰ ਦਸੰਬਰ ਮਹੀਨੇ ’ਚ ਫ਼ੈੱਡਐਕਸ ਦੇ ਸਪੁਰਦ ਕੀਤਾ ਗਿਆ ਸੀ।

ਫ਼ੈੱਡਐਕਸ ਦੇ ਟਿਕਾਊਪਨ ਬਾਰੇ ਪ੍ਰਮੁੱਖ ਅਫ਼ਸਰ ਮਿੱਚ ਜੈਕਸਨ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ’ਚ ਕਿਹਾ, ‘‘ਅੱਜ ਦਾ ਮੀਲ ਪੱਥਰ ਇਸ ਗੱਲ ਦੀ ਬਿਹਤਰੀਨ ਉਦਾਹਰਣ ਹੈ ਕਿ ਕਿਸ ਤਰ੍ਹਾਂ ਕਾਰੋਬਾਰ ਗ੍ਰਾਹਕਾਂ, ਸਾਡੇ ਭਾਈਚਾਰਿਆਂ ਅਤੇ ਗ੍ਰਹਿ ਲਈ ਮਿਲਜੁਲ ਕੇ ਜ਼ਿਆਦਾ ਟਿਕਾਊ ਭਵਿੱਖ ਤਰਾਸ਼ ਸਕਦੇ ਹਨ।’’