ਬਰਾਈਟਡਰੌਪ ਈ.ਵੀ. ਦਾ ਨਿਰਮਾਣ ਕਰਨ ਲਈ ਜੀ.ਐਮ. ਨੇ ਨਵੀਂਆਂ ਮਸ਼ੀਨਾਂ ਵਾਲੇ ਇੰਗਰਸੋਲ ਪਲਾਂਟ ਨੂੰ ਚਾਲੂ ਕੀਤਾ

ਜਨਰਲ ਮੋਟਰਸ ਨੇ ਇੰਗਰਸੋਲ, ਓਂਟਾਰੀਓ ’ਚ ਆਪਣਾ ਪਹਿਲਾ ਕੈਨੇਡੀਅਨ ਇਲੈਕਟ੍ਰਿਕ ਵਹੀਕਲ ਨਿਰਮਾਣ ਪਲਾਂਟ 5 ਦਸੰਬਰ ਨੂੰ ਖੋਲ੍ਹ ਦਿੱਤਾ ਹੈ, ਜਿਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫ਼ੋਰਡ ਵੀ ਹਾਜ਼ਰ ਸਨ।

ਜੀ.ਐਮ. ਦੇ ਨਵੇਂ ਇੰਗਰਸੋਲ ਪਲਾਂਟ ਦਾ ਦੌਰਾ ਕਰਦੇ ਹੋਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ। ਇੱਥੇ ਹੀ ਬਰਾਈਟਡਰੌਪ ਦੀ ਕਮਰਸ਼ੀਅਲ ਵੈਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ। (ਤਸਵੀਰ: ਜੀ.ਐਮ.)

ਇਸ ਪਲਾਂਟ ’ਚ ਜੀ.ਐਮ. ਦੀ ਬਰਾਈਟਡਰੌਪ ਇਲੈਕਟ੍ਰਿਕ  ਕਮਰਸ਼ੀਅਲ ਡਿਲੀਵਰੀ ਵੈਨ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ’ਚ ਈ.ਵੀ. ਉਤਪਾਦਨ ਲਈ ਲੋੜੀਂਦੀਆਂ ਨਵੀਂਆਂ ਮਸ਼ੀਨਾਂ ਲਾਈਆਂ ਗਈਆਂ ਹਨ। ਕੰਪਨੀ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਇਸ ਦੀਆਂ ਇਲੈਕਟਿ੍ਰਕ ਗੱਡੀਆਂ ਦਾ ਪਹਿਲਾ ਕੈਨੇਡੀਅਨ ਗ੍ਰਾਹਕ ਡੀ.ਐਚ.ਐਲ. ਹੋਵੇਗਾ।

ਸਭ ਤੋਂ ਪਹਿਲੇ ਬਰਾਈਟ ਡਰੌਪ ਜ਼ੀਵੋ 600 ਦਾ ਨਿਰਮਾਣ 5 ਦਸੰਬਰ ਨੂੰ ਹੋਇਆ।

ਜੀ.ਐਮ. ਦੇ ਪ੍ਰੈਜ਼ੀਡੈਂਟ ਮਾਰਕ ਰੀਅਸ ਨੇ ਇਸ ਮੌਕੇ ਕਿਹਾ, ‘‘ਇਹ ਮੀਲ ਦਾ ਪੱਥਰ ਜੀ.ਐਮ. ਦੇ ਬਿਹਤਰੀਨ ਤੇਜ਼, ਲਚੀਲੇ ਅਤੇ ਉਦਯੋਗ ’ਚ ਸਭ ਤੋਂ ਪਹਿਲੇ ਕੰਮ ਦਾ ਪ੍ਰਦਰਸ਼ਨ ਕਰਦਾ ਹੈ। ਬਰਾਈਟਡਰੌਪ ਜ਼ੀਵੋ ਜੀ.ਐਮ. ਦੇ ਲਚਕੀਲੇ ਅਲਟੀਅਮ ਈ.ਵੀ. ਆਰਕੀਟੈਕਚਰ ਦਾ ਬਿਹਤਰੀਨ ਉਦਾਹਰਣ ਹੈ, ਜੋ ਕਿ ਸਾਨੂੰ ਤੇਜ਼ੀ ਨਾਲ ਆਪਣੇ ਗ੍ਰਾਹਕਾਂ ਲਈ ਇਲੈਕਟ੍ਰਿਕ  ਗੱਡੀਆਂ ਦੀ ਪੂਰੀ ਰੇਂਜ ਲਾਂਚ ਕਰਨ ਦੇ ਸਮਰੱਥ ਬਣਾਉਂਦਾ ਹੈ। ਅਤੇ, ਅੱਜ ਮੈਨੂੰ ਸੀ.ਏ.ਐਮ.ਆਈ. ਈ.ਵੀ. ਅਸੈਂਬਲੀ ਟੀਮ ਨੂੰ ਕੈਨੇਡਾ ਦੀ ਪਹਿਲੀ ਪੂਰੀ ਸਮਰਥਾ ਵਾਲੀ ਸਿਰਫ਼ ਇਲੈਕਟ੍ਰਿਕ  ਨਿਰਮਾਣ ਟੀਮ ਕਹਿਣ ’ਤੇ ਮਾਣ ਹੈ।’’

ਪਲਾਂਟ ’ਚ ਨਵੀਂਆਂ ਮਸ਼ੀਨਾਂ ਲਾਉਣ ਦਾ ਕੰਮ ਮਈ, 2022 ’ਚ ਸ਼ੁਰੂ ਹੋਇਆ ਸੀ। 70 ਲੱਖ ਵਰਗ ਫ਼ੁੱਟ ਦੇ ਪੂਰੇ ਪਲਾਂਟ ਨੂੰ ਸਿਰਫ਼ ਸੱਤ ਮਹੀਨਿਆਂ ’ਚ ਨਵਾਂ ਕਰ ਦਿੱਤਾ ਗਿਆ। ਨਵੀਂਆਂ ਮਸ਼ੀਨਾਂ ਲਾਉਣ ਦੇ ਕੰਮ ’ਚ ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਮੱਦਦ ਕੀਤੀ।

ਜੀ.ਐਮ. ਕੈਨੇਡਾ ਦੀ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਮੈਰੀਸਾ ਵੈਸਟ ਨੇ ਕਿਹਾ, ‘‘ਮੈਨੂੰ ਵਿਸ਼ੇਸ਼ ਕਰ ਕੇ ਬਰਾਈਟਡਰੌਪ ਅਤੇ ਸੀ.ਏ.ਐਮ.ਆਈ. ਟੀਮਾਂ ’ਤੇ ਮਾਣ ਹੈ ਜੋ ਕਿ ਜ਼ੀਵੋ 600 ਨੂੰ ਵਿਚਾਰ ਤੋਂ ਬਾਜ਼ਾਰ ਤੱਕ ਦੋ ਸਾਲਾਂ ਤੋਂ ਘੱਟ ਸਮੇਂ ਅੰਦਰ ਅੰਦਰ ਲੈ ਆਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਜਿਸ ਨਾਲ ਇਹ ਗੱਡੀ ਜੀ.ਐਮ. ਦੇ ਇਤਿਹਾਸ ’ਚ ਸਭ ਤੋਂ ਤੇਜ਼ੀ ਨਾਲ ਲਾਂਚ ਹੋਣ ਵਾਲੀ ਗੱਡੀ ਬਣ ਗਈ ਹੈ। ਕੈਨੇਡਾ ਅੰਦਰ ਇਲੈਕਟਿ੍ਰਕ ਗੱਡੀਆਂ ਦਾ ਨਿਰਮਾਣ ਹੁਣ ਭਵਿੱਖ ’ਚ ਹੋਣ ਵਾਲੀ ਗੱਲ ਨਹੀਂ ਰਹਿ ਗਈ ਹੈ। ਇਹ ਕੰਮ ਹੁਣੇ ਚਲ ਰਿਹਾ ਹੈ। ਇਹ ਕੈਨੇਡਾ ਲਈ ਚੰਗੀ ਗੱਲ ਹੈ, ਅਤੇ ਸਾਡੇ ਗ੍ਰਹਿ ਲਈ ਚੰਗੀ ਗੱਲ ਹੈ।’’

ਆਪਣੇ ਭਾਸ਼ਣ ’ਚ ਟਰੂਡੋ ਨੇ ਕਿਹਾ, ‘‘ਜਦੋਂ ਅਸੀਂ ਇੰਗਰਸੋਲ ’ਚ ਕੈਨੇਡਾ ਦੇ ਪਹਿਲੇ ਸੰਪੂਰਨ ਇਲੈਕਟ੍ਰਿਕ  ਵਹੀਕਲ ਨਿਰਮਾਣ ਪਲਾਂਟ ’ਚ ਨਿਵੇਸ਼ ਕੀਤਾ, ਸਾਨੂੰ ਪਤਾ ਸੀ ਕਿ ਸਾਨੂੰ ਚੰਗੇ ਨਤੀਜੇ ਮਿਲਣਗੇ। ਅੱਜ, ਜਦੋਂ ਪਹਿਲੀ ਬਰਾਈਟਡਰੌਪ ਵੈਨ ਬਣ ਕੇ ਤਿਆਰ ਹੈ, ਸਾਨੂੰ ਇਹੀ ਚੰਗੇ ਨਤੀਜੇ ਵੇਖਣ ਨੂੰ ਮਿਲ ਰਹੇ ਹਨ। ਪਲਾਂਟ ਨੇ ਕਿਰਤੀਆਂ ਲਈ ਚੰਗੀਆਂ ਨੌਕਰੀਆਂ ਸਿਰਜੀਆਂ ਹਨ। ਇਹ ਕੈਨੇਡਾ ਨੂੰ ਈ.ਵੀ. ਖੇਤਰ ’ਚ ਲੀਡਰ ਵਜੋਂ ਸਥਾਪਤ ਕਰ ਰਿਹਾ ਹੈ, ਅਤੇ ਇਹ ਪ੍ਰਦੂਸ਼ਣ ਘੱਟ ਕਰਨ ’ਚ ਮੱਦਦ ਕਰੇਗਾ। ਚੰਗੀਆਂ ਨੌਕਰੀਆਂ, ਸਾਫ਼ ਹਵਾ, ਅਤੇ ਮਜ਼ਬੂਤ ਆਰਥਿਕਤਾ- ਮਿਲ ਕੇ ਅਸੀਂ ਇਸ ਭਵਿੱਖ ਨੂੰ ਸਿਰਜ ਸਕਦੇ ਹਾਂ।’’