ਬਰੈਂਪਟਨ ਦੀ ਮਰਜ਼ੀ ਜਾਂ ਜੀ.ਟੀ.ਏ. ਵੈਸਟ ਹਾਈਵੇ?

Avatar photo
ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦਾ ਘਰ, ਪੀਲ ਖੇਤਰ ਦੇਸ਼ ਦੇ ਸਭ ਤੋਂ ਜ਼ਿਆਦਾ ਭੀੜ-ਭੜੱਕੇ ਵਾਲੇ ਕੇਂਦਰਾਂ ‘ਚੋਂ ਇੱਕ ਹੈ ਅਤੇ ਇਸ ‘ਚ ਟਰੱਕ ਗਤੀਵਿਧੀਆਂ ਸ਼ਾਮਲ ਹਨ। ਫੋਟੋ: ਆਈਸਟਾਕ

ਗ੍ਰੇਟਰ ਟੋਰਾਂਟੋ ਏਰੀਆ ਦੇ ਪੱਛਮੀ ਹਿੱਸਿਆਂ ‘ਚ ਜਿੰਨੀ ਟਰੱਕਾਂ ਦੀ ਭੀੜ ਵੇਖਣ ਨੂੰ ਮਿਲਦੀ ਹੈ ਉਹ ਸ਼ਾਇਦ ਹੀ ਬਾਕੀ ਕੈਨੇਡਾ ‘ਚ ਕਿਤੇ ਵੇਖਣ ਨੂੰ ਮਿਲਦੀ ਹੋਵੇ।

ਸਿਰਫ਼ ਪੀਲ ਖੇਤਰ ਹੀ ਲਗਭਗ 2,000 ਟਰੱਕਿੰਗ ਕੰਪਨੀਆਂ ਦਾ ਘਰ ਹੈ ਅਤੇ ਰੀਜਨਲ ਸਰਕਾਰੀ ਅੰਦਾਜ਼ੇ ਅਨੁਸਾਰ 2012 ‘ਚ ਸੂਬੇ ਦੇ ਕੁਲ ਟਰੱਕਿੰਗ ਸਫ਼ਰ ਦਾ 36% ਹਿੱਸਾ ਇੱਥੋਂ ਹੀ ਸ਼ੁਰੂ ਹੋਇਆ ਸੀ।

ਪਰ ਟਰੱਕਾਂ ਨੂੰ ਚਲਦਾ ਰੱਖਣਾ ਵੀ ਲਗਾਤਾਰ ਵਧਦੀ ਚੁਨੌਤੀ ਬਣਦਾ ਜਾ ਰਿਹਾ ਹੈ। ਜਿਨ੍ਹਾਂ ਸੜਕਾਂ ‘ਤੇ ਉਹ ਚਲ ਰਹੇ ਹਨ ਉਹ ਲਗਾਤਾਰ ਵਧਦੀ ਵੱਸੋਂ ਨਾਲ ਸੰਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ।

ਜੇਕਰ ਵੱਸੋਂ ਅੰਦਾਜ਼ਿਆਂ ਅਨੁਸਾਰ ਵਧਦੀ ਰਹੀ ਤਾਂ 2041 ਤਕ ਟਰੈਫ਼ਿਕ ‘ਚ 45% ਵਾਧਾ ਹੋਵੇਗਾ – ਜਿਸ ਦਾ ਮਤਲਬ ਹੋਵੇਗਾ ਕਿ ਹਫ਼ਤੇ ਦੇ ਕਿਸੇ ਵੀ ਦਿਨ ਭੀੜ-ਭੜੱਕੇ ਵਾਲੇ ਸਮੇਂ ਦੌਰਾਨ ਹੁਣ ਨਾਲੋਂ 190,000 ਜ਼ਿਆਦਾ ਗੱਡੀਆਂ ਸੜਕਾਂ ‘ਤੇ ਦਿਸਣਗੀਆਂ।

ਓਂਟਾਰੀਓ ਅਤੇ ਬਰੈਂਪਟਨ ਦੋਹਾਂ ਨੇ ਟਰੱਕਾਂ ਨੂੰ ਚਲਾਈ ਰੱਖਣ ਦੀ ਯੋਜਨਾ ਉਲੀਕੀ ਹੈ ਪਰ ਸਿਰਫ਼ ਇੱਕ ਯੋਜਨਾ ਅਜਿਹੀ ਹੈ ਜਿਸ ‘ਚ ਟਰੈਫ਼ਿਕ ਲਾਈਟਾਂ ਵੀਸ਼ਾਮਲ ਹਨ।

ਜੀ.ਟੀ.ਏ. ਵੈਸਟ ਬਨਾਮ ਹੈਰੀਟੇਜ ਹਾਈਟਸ

ਪ੍ਰੋਵਿੰਸ ਨੇ ਨਵਾਂ ਜੀ.ਟੀ.ਏ. ਵੈਸਟ ਕੋਰੀਡੋਰ ਵਿਕਸਤ ਕਰਨ ਲਈ ਆਪਣੀ ਯੋਜਨਾ ‘ਚ ਸੋਧ ਕੀਤੀ ਹੈ ਅਤੇ 400-ਸੀਰੀਜ਼ ਦੇ ਤਰਜੀਹੀ ਰੂਟ ਦੀ ਘੁੰਡ ਚੁਕਾਈ ਕੀਤੀ ਹੈ ਜੋ ਕਿ ਯੌਰਕ, ਪੀਲ ਅਤੇ ਹਾਲਟਨ ਖੇਤਰਾਂ ‘ਚੋਂ ਹੋ ਕੇ ਲੰਘੇਗਾ। ਇਸ ਹੇਠ ਪੂਰਬ ‘ਚ ਹਾਈਵੇ 400 ਤੋਂ ਪੱਛਮ ‘ਚ ਹਾਈਵੇ 401/407 ਇੰਟਰਚੇਂਜ ਤਕ ਚਾਰ ਤੋਂ ਛੇ ਲੇਨਾਂ ਬਣਨਗੀਆਂ।

ਜਿੱਥੋਂ ਤਕ ਹੈਰੀਟੇਜ ਹਾਈਟਸ ਵਜੋਂ ਜਾਣੇ ਜਾਂਦੇ ਇਲਾਕੇ ‘ਚੋਂ ਆਵਾਜਾਈ ਦੇ ਲੰਘਣ ਦਾ ਸਵਾਲ ਹੈ, ਤਾਂ ਬਰੈਂਪਟਨ ਦੀ ਸੋਚ ਇਸ ਤੋਂ ਵੱਖ ਹੈ। ਇਸ ਦੀ ਸੋਚ ਅਨੁਸਾਰ ਜੀ.ਟੀ.ਏ. ਵੈਸਟ ਕੋਰੀਡੋਰ ਦੇ ਇੱਕ ਹਿੱਸੇ ਨੂੰ 104 ਮੀਟਰ ਚੌੜੇ ਮਾਰਗ ਨਾਲ ਬਦਲਣਾ ਸ਼ਾਮਲ ਹੈ ਜਿਸ ‘ਤੇ ਪੈਦਲ ਤੁਰਨ ਵਾਲਿਆਂ, ਟਰੱਕਾਂ ਲਈ ਵੱਖਰੀ ਲੇਨ ਅਤੇ ਕਈ ਇੰਟਰਸੈਕਸ਼ਨ ਬਣਾਉਣਾ ਵੀ ਸ਼ਾਮਲ ਹੈ।

ਮੈਰੀਟਾਈਮ-ਓਂਟਾਰੀਓ ਫ਼ਰੇਟ ਲਾਈਨਜ਼ ਵਿਖੇ ਗ੍ਰਾਹਕ ਸੇਵਾ ਅਤੇ ਮਾਰਕੀਟਿੰਗ ਦੇ ਵਾਇਸ-ਪ੍ਰੈਜ਼ੀਡੈਂਟ ਸਟੀਵ ਸਨੋ ਨੇ ਕਿਹਾ, ”ਅਸਲ ‘ਚ ਇਸ ‘ਤੇ 17 ਇੰਟਰਸੈਕਸ਼ਨ ਹੋਣਗੇ, ਜਿਸ ਕਰ ਕੇ ਇਸ ‘ਤੇ ਵਾਰ-ਵਾਰ ਰੁਕਣਾ ਅਤੇ ਚਲਣਾ ਪਵੇਗਾ। 400-ਲੜੀ ਦੇ ਹਾਈਵੇ ਦਾ ਮਤਲਬ ਕੀ ਰਹਿ ਜਾਂਦਾ ਹੈ ਜਦੋਂ ਸਾਨੂੰ ਵਾਰ-ਵਾਰ ਰੁਕਣਾ-ਚਲਣਾ ਪਵੇਗਾ?”

ਉਤਸ਼ਾਹਜਨਕ ਮੌਕਾ

ਮੇਅਰ ਪੈਟਰਿਕ ਬਰਾਊਨ ਦੀ ਅਗਵਾਈ ਵਾਲੀ ਸਿਟੀ ਕੌਂਸਲ ਇਸ ਨੂੰ ਬਿਹਤਰ ਨਜ਼ਰੀਏ ਨਾਲ ਵੇਖਦੀ ਹੈ। ਉਨ੍ਹਾਂ ਨੇ ਜਾਰੀ ਬਿਆਨ ‘ਚ ਕਿਹਾ ਕਿ ਇਸ ਨਾਲ ਨਾਗਰਿਕਾਂ ਨੂੰ ਇੱਕ ਮੁਕੰਮਲ, ਸੰਭਾਲਣਯੋਗ ਅਤੇ ਉੱਚ ਜੀਵਨ ਪੱਧਰ ਨੂੰ ਮਾਣ ਸਕਣ ਵਾਲੀ ਕਮਿਊਨਿਟੀ ‘ਚ ਰਹਿਣ ਦਾ ਮੌਕਾ ਮਿਲੇਗਾ।

”ਬਰੈਂਪਟਨ ਦਾ ਆਖ਼ਰੀ ਅਵਿਕਸਤ ਇਲਾਕਾ ਹੋਣ ਕਰਕੇ, ਹੈਰੀਟੇਜ ਹਾਈਟਸ ਲਈ ਉਤਸ਼ਾਹਜਨਕ ਮੌਕਾ ਹੈ ਕਿ ਇਸ ਦੀ ਸ਼ੁਰੂਆਤ ਸਹੀ ਤਰੀਕੇ ਨਾਲ ਕੀਤੀ ਜਾਵੇ। ਮੈਨੂੰ ਯਕੀਨ ਹੈ ਕਿ ਇਹ ਯੋਜਨਾ ਇਸ ਆਸ਼ੇ ਨੂੰ ਪੂਰਾ ਕਰੇਗੀ, ਜਿਸ ਨਾਲ ਨੌਕਰੀਆਂ, ਸਸਤੀ ਰਿਹਾਇਸ਼ ਅਤੇ ਉੱਤਰ-ਪੱਛਮੀ ਬਰੈਂਪਟਨ ‘ਚ ਰਹਿਣ, ਕੰਮ ਕਰਨ, ਪੜ੍ਹਾਈ ਕਰਨ ਅਤੇ ਖੇਡਣ ਦੇ ਮੌਕੇ ਪੈਦਾ ਹੋ ਸਕਣਗੇ।”

(ਇਸ ਬਾਰੇ ਇੰਟਰਵਿਊ ‘ਚ ਗੱਲ ਕਰਨ ਲਈ ਸਾਡੀਆਂ ਕਈ ਅਪੀਲਾਂ ‘ਤੇ ਮੇਅਰ ਦੇ ਦਫ਼ਤਰ ਨੇ ਹੁੰਗਾਰਾ ਨਹੀਂ ਭਰਿਆ)

ਬਰੈਂਪਟਨ ਦਾ ਕਾਰੋਬਾਰੀ ਭਾਈਚਾਰਾ ਮਿਊਂਸੀਪਲ ਯੋਜਨਾ ਦੀ ਸਖ਼ਤ ਆਲੋਚਨਾ ਕਰਦਾ ਰਿਹਾ ਹੈ। ਕੌਂਸਲ ਨੂੰ ਲਿਖੀ ਇੱਕ ਖੁੱਲ੍ਹੀ ਚਿੱਠੀ ‘ਚ ਬਰੈਂਪਟਨ ਬੋਰਡ ਆਫ਼ ਟਰੇਡ ਨੇ ਕਿਹਾ ਕਿ 400-ਸੀਰੀਜ਼ ਹਾਈਵੇ ਨੂੰ ਭੁਲਾ ਦੇਣਾ ”ਇਸ ਪ੍ਰਾਜੈਕਟ ਦੀ ਉਮੀਦ ਅਨੁਸਾਰ ਲਾਭ ‘ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ ਅਤੇ ਬਹੁਤ ਜ਼ਰੂਰੀ ਖੇਤਰੀ ਸਪਲਾਈ ਚੇਨ ਮੁਢਲਾ ਢਾਂਚਾ ਦੇ ਤੱਤ ‘ਤੇ ਵੱਡਾ ਸਮਝੌਤਾ ਕੀਤਾ ਗਿਆ ਹੈ।”

2012 ਦੀ ਜੀ.ਟੀ.ਏ. ਵੈਸਟ ਕੋਰੀਡੋਰ ਆਵਾਜਾਈ ਵਿਕਾਸ ਰਣਨੀਤੀ ਰੀਪੋਰਟ ਦਾ ਹਵਾਲਾ ਦਿੰਦਿਆਂ, ਇਸ ‘ਚ ਕਿਹਾ ਗਿਆ ਕਿ 2031 ਤਕ ਸਾਲਾਨਾ ਜੀ.ਡੀ.ਪੀ. ‘ਤੇ ਜੀ.ਟੀ.ਏ. ਵੈਸਟ ਕੋਰੀਡੋਰ ਨਾਲ ਇੱਕ ਬਿਲੀਅਨ-ਡਾਲਰ ਦਾ ਆਰਥਕ ਅਸਰ ਪੈ ਸਕਦਾ ਹੈ, ਅਤੇ ਦਿਨ ਦੇ ਭੀੜ-ਭੜੱਕੇ ਵਾਲੇ ਸਮੇਂ ‘ਚ ਵੀ ਕਮਰਸ਼ੀਅਲ ਵਹੀਕਲ ਸਫ਼ਰ ਦਾ ਸਮਾਂ ਬਿਹਤਰ ਹੋ ਸਕਦਾ ਹੈ, ਜਿਸ ਨਾਲ ਸਮੇਂ ਸਿਰ ਡਿਲੀਵਰੀਆਂ ਅੰਜਾਮ ਦੇਣ ‘ਚ ਮੱਦਦ ਮਿਲੇਗੀ। ਅੰਤਰ-ਖੇਤਰੀ ਸਹੂਲਤਾਂ ‘ਚ ਟਰੱਕਾਂ ‘ਚ ਹੋਣ ਵਾਲੀ ਦੇਰੀ ਅੱਧੀ ਰਹਿ ਜਾਵੇਗੀ, ਦੁਪਹਿਰ ਵੇਲੇ ਭੀੜ-ਭੜੱਕੇ ਵਾਲੇ ਸਮੇਂ ‘ਚ ਤਕਰੀਬਨ 2,800 ਗੱਡੀਆਂ ਘੱਟ ਚਲਣਗੀਆਂ ਅਤੇ ਇਸ ਨਾਲ ਸਥਾਨਕ ਸੜਕਾਂ ‘ਤੇ ਚੱਲਣ ਵਾਲੇ ਟਰੱਕਾਂ ਦੀ ਗਿਣਤੀ 25% ਘੱਟ ਹੋਵੇਗੀ।

ਅੰਦਾਜ਼ਨ ਲਾਭਾਂ ਦੀ ਸੂਚੀ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀ।

ਬਰੈਂਪਟਨ ਬੋਰਡ ਆਫ਼ ਟਰੇਡ ਦੇ ਮੁੱਖ ਕਾਰਜਕਾਰੀ ਅਫ਼ਸਰ ਟੋਡ ਲੈਟਸ ਨੇ ਕਿਹਾ, ”ਜੇਕਰ ਤੁਹਾਡੀ ਪਹੁੰਚ ਹਾਈਵੇ ਤਕ ਹੈ, ਤਾਂ ਪਤਵੰਤਿਆਂ ਨਾਲ ਕਾਰੋਬਾਰ ਕਰਨ ਦੀ ਤੁਹਾਡੀ ਸਮਰਥਾ ਵੱਧ ਜਾਂਦੀ ਹੈ।”

ਤਜਵੀਜ਼ਤ ਹੈਰੀਟੇਜ ਹਾਈਟਸ ਮਾਰਗ ਅਨੁਸਾਰ ਟਰੱਕਾਂ ਨੂੰ ਚਲਾਉਣ ਲਈ ਵੱਖਰੀ ਲੇਨ ਹੋਵੇਗੀ।

ਉਨ੍ਹਾਂ ਸਵਾਲ ਕਰਦਿਆਂ ਕਿਹਾ, ”ਕੌਂਸਲ ਨੇ ਅਜਿਹਾ ਮਾਰਗ ਕਿਉਂ ਮਨਜ਼ੂਰ ਕੀਤਾ ਜੋ ਕਿ ਜੀ.ਟੀ.ਏ. ਵੈਸਟ ਕੋਰੀਡੋਰ ‘ਤੇ ਰੁਕਾਵਟ ਵਾਂਗ ਕੰਮ ਕਰਦਾ ਹੈ।” ਉਨ੍ਹਾਂ ਪੁੱਛਿਆ ਕਿ ਕੀ 104 ਮੀਟਰ ਦਾ ਮਾਰਗ ਪੈਦਲ ਤੁਰਨ ਵਾਲਿਆਂ ਲਈ ਸੁਰੱਖਿਅਤ ਸਾਬਤ ਹੋਵੇਗਾ। ”ਜੇਕਰ ਤੁਸੀਂ ਉਸੈਨ ਬੋਲਟ ਵਰਗੇ ਤੇਜ਼ ਦੌੜਾਕ ਵੀ ਹੋ, ਤਾਂ ਵੀ ਇੱਥੇ ਏਨੀ ਭੀੜ ਹੁੰਦੀ ਹੈ ਕਿ ਪੈਦਲ ਸੜਕ ਪਾਰ ਕਰਨਾ ਮੁਸ਼ਕਲ ਹੋ ਜਾਂਦਾ ਹੈ।”

ਉਨ੍ਹਾਂ ਕਿਹਾ ਕਿ ਕੇਂਦਰੀ ਸਪਲਾਈ ਚੇਨ ਨਾਲ ਸਮਝੌਤਾ ਕਰਨ ਦੀ ਬਜਾਏ ਮਾਰਗ ਨੂੰ ਇਥੋਂ ਦੋ ਬਲਾਕ ਦੂਰ ਸਥਿਤ ਹੈਰੀਟੇਜ ਰੋਡ ਨਾਲ ਬਣਾਉਣਾ ਚੰਗਾ ਰਹੇਗਾ।

ਰੁਕਾਵਟੀ ਮਾਰਗ

ਕੌਂਸਲ ਦੇ ਵਿਚਾਰ ਦੀ ਲੈਟਸ ਇਹ ਕਹਿ ਕੇ ਸਖ਼ਤ ਆਲੋਚਨਾ ਕਰਦੇ ਹਨ ਕਿ ਇਹ ਯੋਜਨਾਬੰਦੀ ਆਦਰਸ਼ਵਾਦ ਨੂੰ ਲੋਕਾਂ ਦੀ ਆਮਦਨ ਤੋਂ ਪਹਿਲਾਂ ਰੱਖ ਰਹੇ ਹਨ ਅਤੇ ਉਸ ਗੱਸ ਤੋਂ ਮੋੜ ਕੱਟਣ ਵਲ ਇਸ਼ਾਰਾ ਕੀਤਾ ਜਦੋਂ ਮਿਊਂਸੀਪਾਲਟੀ ਨੇ 2019 ‘ਚ ਇੱਕ ਹਾਈਵੇ ਦੀ ਹਮਾਇਤ ਕੀਤੀ ਸੀ ਅਤੇ ਹੁਣ ਇਸ ਨੂੰ ‘ਰੁਕਾਵਟੀ ਮਾਰਗ’ ‘ਚ ਬਦਲ ਦਿੱਤਾ।

ਉਹ ਪ੍ਰੋਵਿੰਸ ਨੂੰ ਇਸ ਗੱਲ ਲਈ ਉਤਸ਼ਾਹਿਤ ਕਰ ਰਹੇ ਹਨ ਕਿ ਇਸ ਵਿਚਾਰ ਨੂੰ ਸਿਰਿਓਂ ਖ਼ਾਰਜ ਕਰ ਦਿੱਤਾ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਹੋਰ ਮਿਊਂਸੀਪਲਟੀਆਂ ਵੱਲੋਂ ਵੀ ਅਜਿਹੇ ਵਿਚਾਰ ਪੇਸ਼ ਹੋਣਗੇ ਜਿਸ ਨਾਲ ਆਵਾਜਾਈਆਂ ਦੀਆਂ ਮੰਗਾਂ ਦੀ ਅਣਦੇਖੀ ਹੋਵੇਗੀ।

ਉਨ੍ਹਾਂ ਕਿਹਾ, ”ਲਗਦਾ ਹੈ ਕਿ ਇਸ ਕੌਂਸਲ ਨੂੰ ਪ੍ਰੋਵਿੰਸ ਨਾਲ ਲੜਨ ਦਾ ਹਰ ਮੌਕਾ ਲੱਭਣਾ ਚੰਗਾ ਲਗਦਾ ਹੈ।”

ਰੋਡ ਟੂਡੇ ਵੱਲੋਂ ਸੰਪਰਕ ਕਰਨ ‘ਤੇ ਓਂਟਾਰੀਓ ਦੀ ਆਵਾਜਾਈ ਮੰਤਰੀ ਕੈਰੋਲਾਈਨ ਮਲਰੋਨੀ ਨੇ ਸਿਟੀ ਦੀ ਸਿਫ਼ਾਰਸ਼ ਨੂੰ ਤੁਰੰਤ ਖ਼ਾਰਜ ਨਹੀਂ ਕੀਤਾ ਅਤੇ ਸਰਕਾਰ ਦੇ ਵੱਖੋ-ਵੱਖ ਪੱਧਰਾਂ ‘ਤੇ ਭਾਈਵਾਲੀ ‘ਤੇ ਧਿਆਨ ਕੇਂਦਰ ਕੀਤਾ।

ਉਨ੍ਹਾਂ ਕਿਹਾ, ”ਅਸੀਂ ਉਸ ਰੂਟ ਦਾ ਐਲਾਨ ਕੀਤਾ ਹੈ ਅਤੇ ਇਸ ਨੂੰ ਕਈ ਭਾਈਵਾਲਾਂ ਨਾਲ ਮਿਲ ਕੇ ਵਿਕਸਤ ਕੀਤਾ ਹੈ ਜਿਸ ‘ਚ ਮਿਊਂਸੀਪਾਲਟੀਆਂ ਵੀ ਸ਼ਾਮਲ ਹਨ। ਅਸੀਂ ਆਪਣੇ ਮਿਊਂਸੀਪਲ ਭਾਈਵਾਲਾਂ ਦੀ ਗੱਲ ਸੁਣਨਾ ਜਾਰੀ ਰੱਖਾਂਗੇ, ਕਿ ਉਹ ਨਵੇਂ ਆਵਾਜਾਈ ਕੋਰੀਡੋਰਾਂ ‘ਚ ਕੀ ਵੇਖਣਾ ਚਾਹੁੰਦੇ ਹਨ। ਮੈਨੂੰ ਯਕੀਨ ਹੈ ਕਿ ਇਹ ਗੱਲਬਾਤ ਜਾਰੀ ਰਹੇਗੀ।”

ਪਰ ਆਵਾਜਾਈ ਮੰਤਰਾਲੇ ਦੇ ਸਟਾਫ਼ ਨੂੰ ਇਸ ਮਾਮਲੇ ‘ਚ ਸਿਟੀ ਅਤੇ ਜੀ.ਟੀ.ਏ. ਵੈਸਟ ਦੀ ਸਿਫ਼ਾਰਸ਼ ‘ਚ ਸਪੱਸ਼ਟ ਫ਼ਰਕ ਵੇਖਣ ਨੂੰ ਮਿਲ ਰਿਹਾ ਹੈ।

ਸੀਨੀਅਰ ਸਲਾਹਕਰਤਾ ਮਾਈਕਲ ਓ’ਮੋਰੋ ਨੇ ਇੱਕ ਲਿਖਤੀ ਜਵਾਬ ‘ਚ ਕਿਹਾ, ”ਕੋਰੀਡੋਰ ਨੂੰ ਡਿਜ਼ਾਈਨ ਅਤੇ ਬਣਾਉਣ ਦੀ ਗਤੀ, ਪਹੁੰਚ, ਅੰਤਰਤਬਦੀਲੀ ਡਿਜ਼ਾਈਨ ਅਤੇ ਵੱਖਰਾ ਕਰਨ ਬਾਰੇ ਅਤੇ 400-ਲੜੀ ਦੇ ਹੋਰ ਹਾਈਵੇ ਜੁਮੈਟਰੀ ਬਾਰੇ ਪ੍ਰੋਵਿੰਸ਼ੀਅਲ ਮਾਨਕਾਂ ਨੂੰ ਪੂਰਾ ਕਰਨਾ ਹੋਵੇਗਾ।”

”ਬਰੈਂਪਟਨ ਸਿਟੀ ਕੌਂਸਲ ਵੱਲੋਂ ਪੇਸ਼ ਕੀਤੀ ਸਫ਼ਾਰਸ਼ ਦੀ ਮੁਢਲੀ ਸਮੀਖਿਆ ‘ਚ ਕਿਹਾ ਗਿਆ ਹੈ ਕਿ ਤਜਵੀਜ਼ਤ ਰੋਡਵੇ ਡਿਜ਼ਾਈਨ ਪ੍ਰੋਵਿੰਸ ਦੇ ਕੰਮਕਾਜ ਅਤੇ ਚਲਾਉਣ ਦੇ ਟੀਚੇ ਨਾਲ ਮੇਲ ਨਹੀਂ ਖਾਂਦਾ ਹੈ।”

ਉਨ੍ਹਾਂ ਕਿਹਾ ਕਿ ਇਸ ਨਾਲ ਸੰਬੰਧਤ ਵਾਤਾਵਰਣ ਅਸੈਸਮੈਂਟ ਰੀਪੋਰਟ ‘ਚ ਕਿਹਾ ਗਿਆ ਹੈ ਕਿ ਮੌਜੂਦਾ ਆਵਾਜਾਈ ਨੈੱਟਵਰਕ ਨੂੰ ਬਿਹਤਰ ਕਰਨ ਦੇ ਮੌਕੇ ਸਨ, ਪਰ ਨਾਲ ਹੀ ਨਵੇਂ ਹਾਈਵੇ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਗਿਆ ਤਾਂ ਕਿ ਭਵਿੱਖ ਦੀਆਂ ਆਵਾਜਾਈ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।

ਕਿ ਹੋਵੇਗਾ ਅਗਲਾ ਕਦਮ?

ਫਿਰ ਵੀ, ਇਸ ਹਾਈਵੇ ਨੂੰ ਮੁਕੰਮਲ ਕਰਨ ‘ਚ ਕਈ ਸਾਲ ਲੱਗਣਗੇ।

ਕੋਰੀਡੋਰ ਨਾਲ ਸੰਬੰਧਤ ਅਧਿਐਨ 2022 ‘ਚ ਮੁਕੰਮਲ ਹੋਵੇਗਾ, ਜਿਸ ‘ਚ ਯੋਜਨਾਬੰਦੀ ਅਤੇ ਸ਼ੁਰੂਆਤੀ ਡਿਜ਼ਾਈਨ ਦਾ ਪੜਾਅ ਹੋਵੇਗਾ ਜੋ ਕਿ ਵਾਤਾਵਰਣ ਮੁਲਾਂਕਣ ਤਕ ਚਲੇਗਾ। ਹਾਈਵੇ ਦੇ ਆਕਾਰ ਲੈਣ ਤੋਂ ਪਹਿਲਾਂ ਵੀ ਬਹੁਤ ਸਾਰਾ ਕੰਮ ਕਰਨਾ ਪਵੇਗਾ। ਸਰਵੇ ਹੋਵੇਗਾ, ਮਿੱਟੀ ਦੀ ਪਰਖ ਹੋਵੇਗੀ, ਉਸਾਰੀ ਦੀ ਸਮੱਗਰੀ ਬਾਰੇ ਫ਼ੈਸਲਾ ਹੋਵੇਗਾ ਅਤੇ ਪੁਲ ‘ਤੇ ਹਰ ਇੰਟਰਚੇਂਜ ਦਾ ਵਿਸਤ੍ਰਿਤ ਡਿਜ਼ਾਈਨ ਬਣੇਗਾ।

ਓ’ਮੋਰੋ ਨੇ ਕਿਹਾ, ”ਇਸ ਵੇਲੇ ਵਾਧੂ ਡਿਜ਼ਾਈਨ ਅਤੇ ਉਸਾਰੀ ਬਾਰੇ ਕੋਈ ਸਮਾਂ ਸੀਮਾ ਤੈਅ ਨਹੀਂ ਹੈ। ਹਾਈਵੇ ਦੀ ਉਸਾਰੀ ਦਾ ਸਮਾਂ ਕਈ ਕਾਰਕਾਂ ‘ਤੇ ਨਿਰਭਰ ਕਰਦਾ ਹੈ, ਜਿਸ ‘ਚ ਆਕਾਰ ਅਤੇ ਪ੍ਰਾਜੈਕਟ ਦਾ ਗੁੰਝਲਦਾਰ, ਪੈਸੇ ਦੀ ਮੌਜੂਦਗੀ, ਪ੍ਰਾਪਤੀ ਦਾ ਤਰੀਕਾ, ਅਤੇ ਵਾਤਾਵਰਣ ਇਤਰਾਜ਼ਹੀਣਤਾ ਤੇ ਹੋਰ ਇਜਾਜ਼ਤਾਂ ਪ੍ਰਾਪਤ ਕਰਨਾ ਸ਼ਾਮਲ ਹੈ।”

ਕਾਰੋਬਾਰੀ ਭਾਈਚਾਰੇ ਦੇ ਕੁੱਝ ਮੈਂਬਰਾਂ ਅਨੁਸਾਰ ਇਹ ਸਾਰਾ ਕੰਮ ਤਾਂ ਬਹੁਤ ਪਹਿਲਾਂ ਹੀ ਮੁਕੰਮਲ ਹੋ ਜਾਣਾ ਚਾਹੀਦਾ ਸੀ।

ਲੈਟਸ ਨੇ ਕਿਹਾ, ”ਬਰੈਂਪਟਨ ‘ਚ ਹਰ ਤਿੰਨ ਨੌਕਰੀਆਂ ‘ਚੋਂ ਇੱਕ ਲੋਜਿਸਟਿਕਸ ਖੇਤਰ ‘ਤੇ ਨਿਰਭਰ ਹੈ। ਇਹ ਹਾਈਵੇ ਸਿਰਫ਼ ਹੁਣੇ ਹੀ ਜ਼ਰੂਰੀ ਨਹੀਂ ਬਲਕਿ ਇਸ ਦੀ ਜ਼ਰੂਰਤ ਤਾਂ 15 ਸਾਲ ਪਹਿਲਾਂ ਤੋਂ ਸੀ।’

ਜੌਨ ਜੀ. ਸਮਿੱਥ ਵੱਲੋਂ