ਬਰੈਂਪਟਨ ਦੇ ਟਰੱਕਰ ਤੋਂ 27 ਲੱਖ ਡਾਲਰ ਦੀ ਮੈਥ ਜ਼ਬਤ

Avatar photo
ਸੀ.ਬੀ.ਐਸ.ਏ. ਨੇ ਕਿਹਾ ਕਿ ਮੈਥ ਦੀ ਕੀਮਤ 27 ਲੱਖ ਡਾਲਰ ਹੈ। (ਤਸਵੀਰ ਸੀ.ਬੀ.ਐਸ.ਏ.)

ਅੰਬੈਸਡਰ ਬ੍ਰਿਜ ਤੋਂ ਕੈਨੇਡਾ ‘ਚ ਦਾਖ਼ਲ ਹੋਣ ਜਾ ਰਹੇ ਇੱਕ ਟਰੱਕ ‘ਚੋਂ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਦੇ ਅਫ਼ਸਰਾਂ ਨੇ 21 ਕਿੱਲੋ ਸ਼ੱਕੀ ਮੈਥਾਮਫ਼ੇਟਾਮਾਈਨ ਜ਼ਬਤ ਕੀਤੀ ਹੈ ਜਿਸ ਦੀ ਬਾਜ਼ਾਰ ‘ਚ ਕੀਮਤ 27 ਲੱਖ ਡਾਲਰ ਹੈ।

ਏਜੰਸੀ ਨੇ ਕਿਹਾ ਕਿ ਇਹ ਘਟਨਾ 20 ਸਤੰਬਰ ਦੀ ਹੈ।

ਏਜੰਸੀ ਅਨੁਸਾਰ, ”ਇੱਕ ਕਮਰਸ਼ੀਅਲ ਟਰੱਕ ਕੈਨੇਡਾ ‘ਚ ਅੰਬੈਸਡਰ ਬ੍ਰਿਜ ਰਾਹੀਂ ਦਾਖ਼ਲ ਹੋਇਆ ਅਤੇ ਉਸ ਨੂੰ ਦੂਜੇ ਦੌਰ ਦੀ ਜਾਂਚ ਲਈ ਭੇਜਿਆ ਗਿਆ। ਜਾਂਚ ਦੌਰਾਨ ਬਾਰਡਰ ਸਰਵੀਸਿਜ਼ ਅਫ਼ਸਰਾਂ ਨੂੰ ਇੱਕ ਡਫ਼ਲ ਬੈਗ ਮਿਲਿਆ ਜੋ ਕਿ ਸ਼ੱਕੀ ਮੈਥਾਮਫ਼ੇਟਾਮਾਈਨ ਨਾਲ ਭਰਿਆ ਹੋਇਆ ਸੀ।”

ਡਰਾਈਵਰ ਦੀ ਪਛਾਣ ਬਰੈਂਪਟਨ, ਓਂਟਾਰੀਓ ਦੇ 29 ਵਰ੍ਹਿਆਂ ਦੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ।

ਸੀ.ਬੀ.ਐਸ.ਏ. ਨੇ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰ.ਸੀ.ਐਮ.ਪੀ.) ਕੋਲ ਭੇਜ ਦਿੱਤਾ ਹੈ।

ਉਸ ‘ਤੇ ਹੇਠਾਂ ਲਿਖੇ ਦੋਸ਼ ਲੱਗੇ ਹਨ:

÷    ਕੰਟਰੋਲਡ ਡਰੱਗਸ ਐਂਡ ਸਬਸਟੈਂਸ ਐਕਟ ਤੋਂ ਉਲਟ ਸੂਚੀ 1 ‘ਚ ਦਰਜ ਤੱਤ ਦਾ ਆਯਾਤ; ਅਤੇ

÷    ਕੰਟਰੋਲਡ ਡਰੱਗਸ ਐਂਡ ਸਬਸਟੈਂਸ ਐਕਟ ਤੋਂ ਉਲਟ ਤਸਕਰੀ ਦੇ ਮੰਤਵ ਨਾਲ ਕਬਜ਼ੇ ‘ਚ ਰਖਣਾ,

ਸੀ.ਬੀ.ਐਸ.ਏ. ਨੇ ਕਿਹਾ ਕਿ ਜਸਪ੍ਰੀਤ ਸਿੰਘ 8 ਅਕਤੂਬਰ ਨੂੰ ਵਿੰਡਸਰ ਵਿਖੇ ਓਂਟਾਰੀਓ ਅਦਾਲਤ ‘ਚ ਪੇਸ਼ ਹੋਵੇਗਾ।