ਬਰੈਂਪਟਨ ਦੇ ਟਰੱਕਰ ਨੇ ਜਿੱਤਿਆ ਕਾਰਨੇਗੀ ਮੈਡਲ

Avatar photo
ਹਰਮਨਜੀਤ ਸਿੰਘ ਗਿੱਲ ਨੂੰ ਆਪਣੀ ਜਾਨ ਖ਼ਤਰੇ ‘ਚ ਪਾ ਕੇ ਤਿੰਨ ਵਿਅਕਤੀਆਂ ਦੀ ਜਾਨ ਬਚਾਉਣ ਲਈ ਪੁਰਸਕਾਰ ਦਿੱਤਾ ਜਾ ਰਿਹਾ ਹੈ। ਤਸਵੀਰ : ਕਾਰਨੇਗੀ ਹੀਰੋ ਫ਼ੰਡ ਕਮਿਸ਼ਨ

ਕਾਰਨੇਗੀ ਹੀਰੋ ਫ਼ੰਡ ਕਮਿਸ਼ਨ ਵੱਲੋਂ ਬਰੈਂਪਟਨ ਦੇ ਇੱਕ ਟਰੱਕ ਡਰਾਈਵਰ ਦਾ ਉਸ ਦੀ ਬਹਾਦਰੀ ਲਈ ਸਨਮਾਨ ਕੀਤਾ ਜਾ ਰਿਹਾ ਹੈ ਜਿਸ ਨੇ ਸੜਦੀ ਹੋਈ ਐਸ.ਯੂ.ਵੀ. ‘ਚੋਂ ਤਿੰਨ ਲੋਕਾਂ ਨੂੰ ਕੱਢ ਕੇ ਉਨ੍ਹਾਂ ਦੀ ਜ਼ਿੰਦਗੀ ਬਚਾਈ ਸੀ। ਇਹ ਸਨਮਾਨ ਪ੍ਰਾਪਤ ਕਰਨ ਵਾਲੇ 17 ਨਾਗਰਿਕਾਂ ‘ਚੋਂ ਉਹ ਇੱਕ ਹੈ।

ਕਮਿਸ਼ਨ ਨੇ  ਕਿਹਾ ਕਿ 22 ਸਾਲਾਂ ਦੇ ਹਰਮਨਜੀਤ ਸਿੰਘ ਗਿੱਲ ਅਤੇ ਹੋਰਾਂ ਨੂੰ ਕਾਰਨੇਗੀ ਮੈਡਲ ਮਿਲੇਗਾ, ਜੋ ਕਿ ਅਮਰੀਕਾ ਅਤੇ ਕੈਨੇਡਾ ‘ਚ ਆਮ ਨਾਗਰਿਕਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਮਿਲਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ।

ਕਮਿਸ਼ਨ ਅਨੁਸਾਰ, ”ਕਾਰਨੇਗੀ ਮੈਡਲ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਜ਼ੋਖ਼ਮ ‘ਚ ਪਾਉਂਦੇ ਹਨ।”

ਹਰ ਪੁਰਸਕਾਰ ਪ੍ਰਾਪਤ ਕਰਨ ਵਾਲੇ ਜਾਂ ਉਨ੍ਹਾਂ ਦੇ ਪਰਿਵਾਰਕ ਜੀਆਂ ਨੂੰ ਵਿੱਤੀ ਗ੍ਰਾਂਟ ਦਿੱਤੀ ਜਾਵੇਗੀ।

ਕਮਿਸ਼ਨ ਨੇ ਕਿਹਾ ਕਿ ਜਿਸ ਘਟਨਾ ਲਈ ਗਿੱਲ ਨੂੰ ਬਹਾਦਰੀ ਦਾ ਸਨਮਾਨ ਮਿਲੇਗਾ ਉਹ 29 ਅਗਸਤ, 2018 ‘ਚ ਵਾਪਰੀ ਸੀ।

ਉਸ ਦਿਨ ਉਹ ਬਰੈਂਪਟਨ ‘ਚ ਡਰਾਈਵਿੰਗ ਕਰ ਰਿਹਾ ਸੀ ਜਦੋਂ ਉਸ ਨੇ ਭਿਆਨਕ ਟੱਕਰ ਨੂੰ ਵੇਖਿਆ ਜਿਸ ‘ਚ ਇੱਕ ਐਸ.ਯੂ.ਵੀ. ਕਈ ਗੱਡੀਆਂ ਨਾਲ ਟਕਰਾਈ ਅਤੇ ਇੱਕ ਮਕਾਨ ਤੋਂ ਥੋੜ੍ਹੀ ਦੂਰ ਹੀ ਡਰਾਈਵਰ ਵਾਲੇ ਪਾਸੇ ਨੂੰ ਟੇਢੀ ਹੋ ਗਈ।

ਕਮਿਸ਼ਨ ਨੇ ਕਿਹਾ, ”ਗੱਡੀ ਦੇ ਪਿਛਲੇ ਪਾਸੇ ਭਿਆਨਕ ਲਪਟਾਂ ਉੱਠ ਰਹੀਆਂ ਸਨ ਅਤੇ ਗਿੱਲ ਤੁਰੰਤ ਘਟਨਾ ਵਾਲੀ ਥਾਂ ‘ਤੇ ਪੁੱਜਾ। ਗਿੱਲ ਕਾਰ ਦੀ ਸੰਨਰੂਫ ‘ਚੋਂ ਆਪਣੇ ਹੱਥ ਅਤੇ ਸਿਰ ਪਾ ਕੇ ਗੱਡੀ ਅੰਦਰ ਬੈਠੇ ਤਿੰਨਾਂ ‘ਚੋਂ ਇੱਕ ਵਿਅਕਤੀ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਂ ‘ਤੇ ਲੈ ਗਿਆ।”

ਗਿੱਲ ਗੱਡੀ ਕੋਲ ਮੁੜ ਕੇ ਆਇਆ ਅਤੇ ਦੂਜੇ ਵਿਅਕਤੀ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ।

ਕਮਿਸ਼ਨ ਨੇ ਕਿਹਾ, ”ਤੀਜੇ ਵਿਅਕਤੀ ਨੂੰ ਬਾਹਰ ਕੱਢਣ ਲਈ ਫਿਰ ਗੱਡੀ ਕੋਲ ਆਉਣ ‘ਤੇ ਗਿੱਲ ਨੂੰ ਮੁਸ਼ਕਲ ਪੇਸ਼ ਆਈ। ਘਟਨਾ ਵਾਲੀ ਥਾਂ ‘ਤੇ ਇੱਕ ਹੋਰ ਮੁੰਡੇ ਦੀ ਮੱਦਦ ਨਾਲ ਗਿੱਲ ਨੇ ਸਨਰੂਫ਼ ਨੂੰ ਤੋੜ ਕੇ ਵੱਡੀ ਥਾਂ ਬਣਾਈ ਅਤੇ ਤੀਜੇ ਵਿਅਕਤੀ ਨੂੰ ਸੁਰੱਖਿਅਤ ਥਾਂ ਲੈ ਆਂਦਾ।”

ਉਨ੍ਹਾਂ ਕਿਹਾ, ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਐਸ.ਯੂ.ਵੀ. ਨੂੰ ਅੱਗ ਲੱਗ ਗਈ।

ਗਿੱਲ ਨੂੰ ਆਪਣੇ ਬਚਾਅ ਕਾਰਜਾਂ ਲਈ ਪੀਲ ਰੀਜਨਲ ਪੁਲਿਸ ਵੱਲੋਂ ਵੀ ਸਨਮਾਨ ਪ੍ਰਾਪਤ ਹੋਇਆ ਸੀ।

ਉਸ ਨੇ ਕਿਹਾ ਕਿ ਇੱਕ ਪੁਲਿਸ ਅਫ਼ਸਰ ਨੇ ਹੀ ਉਸ ਨੂੰ ਕਾਰਨੇਗੀ ਮੈਡਲ ਲਈ ਨਾਮਜ਼ਦ ਕੀਤਾ ਸੀ।

ਇਹ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ‘ਚ ਇੱਕ ਹੋਰ ਕੈਨੇਡੀਅਨ ਜੋਨਾਥਨ ਸਟੀਨ-ਪਾਲਮਰ ਵੀ ਹੈ, ਜੋ ਕਿ ਕੈਲਗਰੀ, ਅਲਬਰਟਾ ਦਾ 20 ਸਾਲਾਂ ਦਾ ਸਿਖਾਂਦਰੂ ਕਾਰਪੇਂਟਰ ਹੈ।

10 ਸਾਲਾਂ ਦੀ ਕੁੜੀ ਨੂੰ ਬ੍ਰਿਟਿਸ਼ ਕੋਲੰਬੀਆ ਦੀ ਝੀਲ ‘ਚੋਂ ਬਚਾਉਣ ਤੋਂ ਬਾਅਦ ਉਸ ਦੀ ਮੌਤ 31 ਮਈ, 2019 ਨੂੰ ਹੋ ਗਈ ਸੀ।

ਬਾਕੀ ਸਾਰੇ ਜੇਤੂ ਅਮਰੀਕਾ ਦੇ ਹਨ ਜਿਨ੍ਹਾਂ ‘ਚ ਤਿੰਨ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਪੁਰਸਕਾਰ ਮਿਲਿਆ ਹੈ।

ਉਦਯੋਗਪਤੀ-ਦਾਨੀ ਐਂਡਰਿਊ ਕਾਰਨੇਗੀ ਵੱਲੋਂ 1904 ‘ਚ ਫ਼ੰਡ ਸਥਾਪਤ ਹੋਣ ਤੋਂ ਬਾਅਦ ਹੁਣ ਤਕ 10,202 ਵਿਅਕਤੀਆਂ ਨੂੰ ਇਹ ਪੁਰਸਕਾਰ ਦਿੱਤਾ ਜਾ ਚੁੱਕਾ ਹੈ।

ਕਮਿਸ਼ਨ ਨੇ ਹੁਣ ਤਕ ਗਰਾਂਟਾਂ, ਵਜੀਫ਼ਿਆਂ, ਮੌਤ ਮਗਰੋਂ ਲਾਭਾਂ ਅਤੇ ਨਿਰੰਤਰ ਮੱਦਦ ਦੇ ਰੂਪ ‘ਚ 42 ਮਿਲੀਅਨ ਡਾਲਰ ਵੀ ਦਿੱਤੇ ਹਨ।