ਬਾਜ਼ਾਰ ‘ਚ ਆ ਰਿਹੈ ਨਵਾਂ ਇਲੈਕਟ੍ਰਿਕ ਡਿਲੀਵਰੀ ਵਹੀਕਲ

Avatar photo

ਇਲੈਕਟ੍ਰਿਕ ਡਿਲੀਵਰੀ ਗੱਡੀਆਂ ਦੀ ਦੌੜ ‘ਚ ਇੱਕ ਹੋਰ ਨਵਾਂ ਨਿਰਮਾਤਾ ਆ ਗਿਆ ਹੈ। ਇਸ ਦੀਆਂ ਘੱਟ ਕੀਮਤ ਦੀਆਂ ਗੱਡੀਆਂ ਅਮਰੀਕਾ ‘ਚ 2023 ਲਾਂਚ ਹੋਣ ਜਾ ਰਹੀਆਂ ਹਨ, ਜਿਸ ਤੋਂ ਥੋੜ੍ਹੀ ਦੇਰ ਬਾਅਦ ਹੀ ਇਹ ਕੈਨੇਡਾ ‘ਚ ਵੀ ਲਾਂਚ ਹੋਣਗੀਆਂ।

(ਤਸਵੀਰ : ਕੈਨੂ)

ਕੈਨੂ ਸ਼ੁਰੂਆਤ ‘ਚ ਆਪਣੀਆਂ ਬਹੁਮੰਤਵੀ ਡਿਲੀਵਰੀ ਗੱਡੀਆਂ ਦੋ ਆਕਾਰਾਂ ‘ਚ ਪੇਸ਼ ਕਰੇਗਾ, ਜਿਨ੍ਹਾਂ ‘ਚ ਐਮ.ਪੀ.ਡੀ.ਵੀ. 1 ਅਤੇ ਐਮ.ਪੀ.ਡੀ.ਵੀ. 2, ਸ਼ਾਮਲ ਹੋਣਗੇ ਅਤੇ ਇਸ ਨਾਲ ਸ਼੍ਰੇਣੀ 3 ਦਾ ਇੱਕ ਟਰੱਕ ਹੋਵੇਗਾ ਜਿਸ ਤੋਂ ਬਾਅਦ ਹੋਰ ਗੱਡੀਆਂ ਦੀਆਂ ਪੇਸ਼ਕਸ਼ਾਂ ਵੀ ਜਾਰੀ ਕੀਤੀਆਂ ਜਾਣਗੀਆਂ।

ਪਹਿਲੇ ਮਾਡਲ ਤਿੰਨ ਬੈਟਰੀ ਆਕਾਰਾਂ – 80, 60 ਅਤੇ 40 ਕਿਲੋਵਾਟ ਪ੍ਰਤੀ ਘੰਟਾ – ‘ਚ ਮੁਹੱਈਆ ਹੋਣਗੇ। ਇਨ੍ਹਾਂ ‘ਚੋਂ 80 ਕਿਲੋਵਾਟ ਦਾ ਬਦਲ ਡੀ.ਸੀ. ਤੇਜ਼ ਚਾਰਜਿੰਗ ਦੀ ਸਹੂਲਤ ਵਾਲਾ ਹੋਵੇਗਾ ਜਿਸ ਨਾਲ ਤੁਸੀਂ ਗੱਡੀ ਨੂੰ 28 ਮਿੰਟਾਂ ‘ਚ 20% ਤੋਂ 80% ਤਕ ਚਾਰਜ ਕਰ ਸਕਦੇ ਹੋ।

ਕੈਨੂ ਦੇ ਕਾਰਜਕਾਰੀ ਚੇਅਰਮੈਨ ਟੋਨੀ ਐਕੁਇਲਾ ਨੇ ਕਿਹਾ, ”ਅਸੀਂ ਆਪਣੀਆਂ ਬਹੁਮੰਤਵੀ ਡਿਲੀਵਰੀ ਗੱਡੀਆਂ ਡਰਾਈਵਰਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਬਣਾਈਆਂ ਹਨ ਅਤੇ ਹਰ ਛੋਟੀ ਚੀਜ਼ ‘ਤੇ ਧਿਆਨ ਦਿੱਤਾ ਗਿਆ ਹੈ ਤਾਂ ਕਿ ਉਹ ਖ਼ੁਸ਼ ਰਹਿਣ ਅਤੇ ਬਿਹਤਰ ਤਰੀਕੇ ਨਾਲ ਕੰਮ ਕਰ ਸਕਣ। ਗੱਡੀ ਸਸਤੀ ਹੈ ਅਤੇ ਇਸ ਸ਼੍ਰੇਣੀ ਦੀਆਂ ਹੋਰ ਇਲੈਕਟ੍ਰਿਕ ਗੱਡੀਆਂ ਮੁਕਾਬਲੇ ਜ਼ਿਆਦਾ ਸਮਾਨ ਢੋਅ ਸਕਦੀ ਹੈ। ਸਾਡਾ ਨਿਸ਼ਾਨਾ ਲੋਕਲ ਛੋਟੇ ਕਾਰੋਬਾਰ ਮਾਲਕਾਂ ਤੋਂ ਲੈ ਕੇ ਵੱਡੇ ਫ਼ਲੀਟ ਤਕ ਇਸ ਨੂੰ ਚਲਾਉਣ ਦੀ ਕੁੱਲ ਲਾਗਤ ਘੱਟ ਕਰਨਾ ਅਤੇ ਨਿਵੇਸ਼ ‘ਤੇ ਆਮਦਨ ਵੱਧ ਕਰਨਾ ਹੈ।

ਕੈਨੂ ਨੇ ਕਿਹਾ ਕਿ ਉਹ ਆਪਣੀਆਂ ਡਿਲੀਵਰੀ ਗੱਡੀਆਂ ਨੂੰ ਲਗਭਗ 33,000 ਡਾਲਰ ਦੀ ਕੀਮਤ ‘ਤੇ ਜਾਰੀ ਕਰੇਗਾ। ਗੱਡੀਆਂ ਆਰਡਰ ਕਰਨ ਲਈ 100 ਡਾਲਰ ਜਮ੍ਹਾਂ ਕਰਵਾਉਣੇ ਪੈਣਗੇ ਜੋ ਕਿ ਮੁੜਨਯੋਗ ਹਨ। ਗੱਡੀ ਨੂੰ ਸਮਾਨ ਆਖ਼ਰੀ ਮੰਜ਼ਿਲ ਤਕ ਪਹੁੰਚਾਉਣ ਦੇ ਮੰਤਵ ਨਾਲ ਜਾਰੀ ਕੀਤਾ ਗਿਆ ਸੀ। ਹਾਲਾਂਕਿ ਰੀਟੇਲਰਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਲਈ ਵੈਨ ਨੂੰ ਜ਼ਰੂਰਤ ਮੁਤਾਬਕ ਵੀ ਢਾਲਿਆ ਜਾ ਸਕਦਾ ਹੈ।

ਨਾਸਡਾਕ ‘ਤੇ 22 ਦਸੰਬਰ ਨੂੰ ਟਰੇਡਿੰਗ ਸ਼ੁਰੂ ਕਰਨ ਜਾ ਰਹੀ ਇਸ ਕੰਪਨੀ ਨੇ ਕਿਹਾ ਕਿ ਉਨ੍ਹਾਂ ਦੀ ਗੱਡੀ ਪ੍ਰਯੋਗ ਦੇ ਆਧਾਰ ‘ਤੇ ਰਵਾਇਤੀ ਡਿਲੀਵਰੀ ਗੱਡੀਆਂ ਦੇ ਮੁਕਾਬਲੇ ਛੇ ਤੋਂ ਸੱਤ ਸਾਲਾਂ ਦਰਮਿਆਨ 50,000 ਤੋਂ 80,000 ਡਾਲਰ ਵਿਚਕਾਰ ਨਿਵੇਸ਼ ‘ਤੇ ਆਮਦਨ ਦੇ ਸਕਦੀ ਹੈ।

ਹੋਰਨਾਂ ਲਾਭਾਂ ‘ਚ ਸ਼ਾਮਲ ਹਨ: ਪ੍ਰਮੁੱਖ ਡਿਲੀਵਰੀ ਗੱਡੀਆਂ ਮੁਕਾਬਲੇ 30% ਵੱਧ ਪਾਰਸਲ ਰੱਖਣ ਦੀ ਥਾਂ; ਇੱਕ ਵਾਰੀ ਚਾਰਜ ਕਰਨ ‘ਤੇ ਵੱਧ ਰੇਂਜ; ਹੋਰਨਾਂ ਵਿਰੋਧੀ ਮਾਡਲਾਂ ਮੁਕਾਬਲੇ ਪ੍ਰਤੀ ਕਿਲੋਵਾਟ ਜ਼ਿਆਦਾ ਦੂਰ ਤਕ ਜਾਣ ਦੀ ਸਮਰਥਾ; ਅਤੇ ਸ਼ਹਿਰੀ ਇਲਾਕਿਆਂ ‘ਚ ਆਸਾਨੀ ਨਾਲ ਘੁੰਮਣ ਦੀ ਸਮਰਥਾ।

ਹੋਰ ਸੂਚਨਾ Canoo.com ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।