ਬੀਮਾ ਸਿਸਟਮ ਨਾਲ ‘ਖੇਡਣ’ ਵਾਲੇ ਟਰੱਕਰਸ ’ਤੇ ਪਾਬੰਦੀ ਲਾਏਗਾ ਨੋਵਾ ਸਕੋਸ਼ੀਆ

ਡੇਵਿਡ ਗੈਂਬਰਿਲ ਵੱਲੋਂ, ਕੈਨੇਡੀਅਨ ਅੰਡਰਰਾਈਟਰ

ਨੋਵਾ ਸਕੋਸ਼ੀਆ ਨੇ ਫ਼ੈਸਿਲਿਟੀ ਐਸੋਸੀਏਸ਼ਨ ਦੀ ਉਸ ਪਹੁੰਚ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਹੇਠ ਕਮਰਸ਼ੀਅਲ ਆਟੋ ਨੂੰ ਇਸ ਤਰੀਕੇ ਨਾਲ ਰੇਟ ਕੀਤਾ ਜਾਵੇਗਾ ਕਿ ਟਰੱਕਿੰਗ ਆਪਰੇਟਰ ‘ਸਿਸਟਮ ਨਾਲ ਖੇਡ’ ਨਾ ਸਕਣ ਅਤੇ ਜ਼ਿਆਦਾਤਰ ਹੋਰਨਾਂ ਕੈਨੇਡੀਅਨ ਪ੍ਰੋਵਿੰਸ ’ਚ ਡਰਾਈਵ ਕਰਦੇ ਹੋਏ ਵੀ ਨੋਵਾ ਸਕੋਸ਼ੀਆ ਦੀਆਂ ਘੱਟ ਪ੍ਰੀਮੀਅਮ ਦਰਾਂ ਪ੍ਰਾਪਤ ਨਾ ਕਰ ਸਕਣ।

ਅਟਲਾਂਟਿਕ ਪ੍ਰੋਵਿੰਸ ਅਤੇ ਕਿਊਬੈੱਕ ਤੋਂ ਬਾਹਰ 50% ਡਰਾਈਵ ਕਰਨ ਵਾਲੀਆਂ ਟਰੱਕਿੰਗ ਕੰਪਨੀਆਂ ਨੂੰ ਰੇਟ ਕਰਨ ਲਈ ‘ਸਰਚਾਰਜ ਮੈਟਰਿਕਸ’ ਦਾ ਪ੍ਰਯੋਗ ਕੀਤਾ ਜਾਵੇਗਾ।

(ਤਸਵੀਰ: ਆਈਸਟਾਕ)

ਨੋਵਾ ਸਕੋਸ਼ੀਆ ਬੀਮਾ ਰੈਗੂਲੇਟਰ ਨੇ ਜਾਣਕਾਰੀ ਦਿੰਦਿਆਂ ਕਿਹਾ, ‘‘ਤਜਵੀਜ਼ਸ਼ੁਦਾ ਸਰਚਾਰਜ ਮੈਟਰਿਕਸ ਹੋਰਨਾਂ ਖੇਤਰਾਂ ’ਚ ਔਸਤਨ ਪ੍ਰੀਮੀਅਮਾਂ ਦੀ ਤਿੰਨ ਵਰਿ੍ਹਆਂ ਦੀ ਔਸਤ ’ਤੇ ਅਧਾਰਤ ਹੈ। ਟੀਚਾ ਪ੍ਰੀਮੀਅਮ ’ਤੇ ਏਨਾ ਕੁ ਸਰਚਾਰਜ ਲਾਉਣਾ ਹੈ ਜਿਸ ਨਾਲ ਉਹ ਅਟਲਾਂਟਿਕਸ ਪ੍ਰੋਵਿੰਸ ਅਤੇ ਕਿਊਬੈੱਕ ਤੋਂ ਬਾਹਰਲੇ ਇਲਾਕਿਆਂ ’ਚ ਲੱਗਣ ਵਾਲੇ ਪ੍ਰੀਮੀਅਮ ਦੇ ਲਗਭਗ ਬਰਾਬਰ ਹੋ ਜਾਵੇ।’’

ਮੈਟਰਿਕਸ ਅਨੁਸਾਰ ਦੇਸ਼ ਨੂੰ ਚਾਰ ਵੱਖੋ-ਵੱਖ ਇਲਾਕਿਆਂ: ਪੂਰਬੀ ਕੈਨੇਡਾ, ਓਂਟਾਰੀਓ, ਪੱਛਮੀ ਕੈਨੇਡਾ, ਅਤੇ ਟੈਰੇਟੋਰੀਜ਼ ’ਚ ਵੰਡ ਦਿੱਤਾ ਜਾਵੇਗਾ। ਮੌਜੂਦਾ ਪੱਧਰ ’ਤੇ ਲਿਆਂਦੇ ਔਸਤ ਕਮਾਏ ਪ੍ਰੀਮੀਅਮਾਂ ਦੀ ਕੁੱਲ ਮਿਲਾ ਕੇ ਜਾਂ ਕੁੱਲ ਪ੍ਰੀਮੀਅਮ ਆਧਾਰ ’ਤੇ ਅਤੇ ਤੀਜੀ-ਧਿਰ ਦੀ ਦੇਣਦਾਰੀ ਲਈ ਜਾਂਚ ਕੀਤੀ ਗਈ (ਜਿਸ ਵਿੱਚ ਸਰੀਰਕ ਸੱਟ, ਜਾਇਦਾਦ ਦਾ ਨੁਕਸਾਨ ਅਤੇ ਸਿੱਧੀ ਟੱਕਰ ’ਚ ਹੋਇਆ ਨੁਕਸਾਨ ਸ਼ਾਮਿਲ ਹੈ)।

ਨੋਵਾ ਸਕੋਸ਼ੀਆ ਦੇ ਰੈਗੂਲੇਟਰ ਨੇ ਆਪਣੇ ਫ਼ੈਸਲੇ ਨੂੰ ਮਨਜ਼ੂਰ ਕਰਨ ਲਈ ਅਪਣਾਈ ਪਹੁੰਚ ਬਾਰੇ ਦੱਸਦਿਆਂ ਕਿਹਾ, ਇਸ ਸੂਚਨਾ ਦਾ ਪ੍ਰਯੋਗ ਕਰਦਿਆਂ ਫ਼ੈਸਿਲਿਟੀ ਐਸੋਸੀਏਸ਼ਨ ਨੇ ਇੱਕ ਮੈਟਰਿਕਸ ਦਾ ਵਿਕਾਸ ਕੀਤਾ ਜੋ ਕਿ ਗੱਡੀ ਦੇ ਚੱਲਣ ਵਾਲੇ ਖੇਤਰ ਨਾਲ ਗੱਡੀ ਦੇ ਰਜਿਸਟਰੇਸ਼ਨ ਵਾਲੇ ਖੇਤਰ ਦੇ ਅਨੁਪਾਤ ਦੀ ਪ੍ਰਤੀਨਿਧਗੀ ਕਰਦਾ ਹੈ।

ਰੈਗੂਲੇਟਰ ਨੇ ਕਿਹਾ, ‘‘ਉਦਾਹਰਣ ਲਈ, ਮੌਜੂਦਾ ਪੱਧਰਾਂ ’ਤੇ ਪੂਰਬੀ ਕੈਨੇਡਾ ਲਈ ਤਿੰਨ ਸਾਲਾਂ ਦਾ ਔਸਤ ਕੁੱਲ ਕਮਾਇਆ ਪ੍ਰੀਮੀਅਮ 9,936 ਡਾਲਰ ਸੀ ਅਤੇ ਓਂਟਾਰੀਓ ਲਈ ਇਹ 31,558 ਡਾਲਰ ਸੀ। ਪੂਰਬੀ ਕੈਨੇਡਾ ’ਚ ਰਜਿਸਟਰਡ ਪਰ ਓਂਟਾਰੀਓ ’ਚ ਚਲ ਰਹੀ ਗੱਡੀ ਲਈ ਪ੍ਰੀਮੀਅਮ ਪੂਰਬੀ ਕੈਨੇਡਾ ਦੇ ਪ੍ਰੀਮੀਅਮ ਦਾ 318% ਹੋਣਾ ਚਾਹੀਦਾ ਹੈ। ਤੀਜੀ-ਧਿਰ ਦੇਣਦਾਰੀ ਪ੍ਰੀਮੀਅਮਾਂ ਦਾ ਇਸੇ ਤਰ੍ਹਾਂ ਦਾ ਮੁਕਾਬਲਾ ਕਰਨ ’ਤੇ ਪਤਾ ਲਗਦਾ ਹੈ ਕਿ ਕੁੱਝ ਮਾਮਲਿਆਂ ’ਚ ਪੂਰਬੀ ਕੈਨੇਡਾ ਦਾ ਪ੍ਰੀਮੀਅਮ 419% ਹੋਣਾ ਚਾਹੀਦਾ ਹੈ।’’

ਅਸਲ ’ਚ, ਫ਼ੈਸਿਲਿਟੀ ਨੇ ਉੱਪਰ ਲਿਖੇ ਕੇਂਦਰੀ ਅਨੁਪਾਤਾਂ ’ਚ ਸਮਾਯੋਜਨ ਕੀਤਾ ਹੈ, ਪਰ ਜੇਕਰ ਟਰੱਕ ਅਟਲਾਂਟਿਕ ਕੈਨੇਡਾ ’ਚ 50% ਤੋਂ ਵੱਧ ਸਮਾਂ ਚਲਦਾ ਹੈ, ਤਾਂ ਸਰਚਾਰਜ ਦਰਾਂ ਲਾਗੂ ਹੋਣਗੀਆਂ। ਸਰਚਾਰਜ ਉਸ ਟੈਰੀਟੋਰੀ ਅਨੁਸਾਰ ਲੱਗੇਗਾ ਜਿੱਥੇ ਟਰੱਕ ਸਭ ਤੋਂ ਜ਼ਿਆਦਾ ਚਲਦਾ ਹੈ। ਜੇਕਰ ਇਹ ਸਾਫ਼ ਨਹੀਂ ਹੈ ਕਿ ਟਰੱਕ ਕਿੱਥੇ ਸਭ ਤੋਂ ਜ਼ਿਆਦਾ ਚਲਦਾ ਹੈ – ਉਦਾਹਰਣ ਵਜੋਂ, ਜੇਕਰ ਇਹ 33% ਸਮੇਂ ਪੱਛਮੀ ਕੈਨੇਡਾ, 33% ਸਮੇਂ ਓਂਟਾਰੀਓ ਅਤੇ 33% ਸਮੇਂ ਅਟਲਾਂਟਿਕ ਕੈਨੇਡਾ ’ਚ ਚਲਦਾ ਹੈ – ਤਾਂ ਜਿਸ ਸਰਚਾਰਜ ’ਚ ਸਭ ਤੋਂ ਜ਼ਿਆਦਾ ਪ੍ਰੀਮੀਅਮ ਲਗਦਾ ਹੈ ਉਹੀ ਲਾਗੂ ਹੋਵੇਗਾ।

ਜਦੋਂ ਇਹ ਪੁੱਛਿਆ ਗਿਆ ਕਿ ਵੇਟਡ ਔਸਤ ਦਾ ਪ੍ਰਯੋਗ ਕਿਉਂ ਨਹੀਂ ਕੀਤਾ ਜਾਵੇਗਾ, ਤਾਂ ਫ਼ੈਸਿਲਿਟੀ ਨੇ ਕਿਹਾ ਕਿ ਮੈਟਰਿਕਸ ਸਰਚਾਰਜ ਪਹੁੰਚ ਏਜੰਟਾਂ ਅਤੇ ਬ੍ਰੋਕਰਾਂ ਦੇ ਮੁਲਾਂਕਣ ਲਈ ਹੋਰ ਸ਼ਰਤਾਂ ਲਾਵੇਗੀ, ਅਤੇ ਅੰਤਰਸ਼ਹਿਰੀ ਜ਼ੋਖ਼ਮਾਂ ਨੂੰ ਜੋੜਨ ਲਈ ਹੋਰ ਕਦਮ ਚੁੱਕੇਗੀ। ਪਰ ਕਈ ਅਧਿਕਾਰ ਖੇਤਰਾਂ ’ਚ ਚੱਲਣ ਵਾਲੇ ਕਲਾਇੰਟਸ ਨੂੰ ਸਮਝਾਉਣ ਲਈ ਉਨ੍ਹਾਂ ਕੋਲ ਆਸਾਨ ਸਿਸਟਮ ਹੋਵੇਗਾ।

ਪ੍ਰੋਵਿੰਸ ਦੇ ਬੀਮਾ ਰੈਗੂਲੇਟਰ ਦੇ ਦੱਸਣ ਅਨੁਸਾਰ ਮੈਟਰਿਕਸ ਸਿਸਟਮ ਦਾ ਵਿਕਾਸ ਟਰੱਕ ਆਪਰੇਟਰਾਂ ਨੂੰ ਸਭ ਤੋਂ ਘੱਟ ਪ੍ਰੀਮੀਅਮ ਵਾਲੇ ਅਧਿਕਾਰ ਖੇਤਰਾਂ (ਯਾਨੀਕਿ ਨੋਵਾ ਸਕੋਸ਼ੀਆ) ’ਚ ਰਜਿਸਟਰੇਸ਼ਨ ਕਰਨ, ਪਰ ਹੋਰਨਾਂ ਖੇਤਰਾਂ ’ਚ ਜ਼ਿਆਦਾ ਕੰਮ ਕਰਨ ਤੋਂ ਰੋਕਣਾ ਹੈ।

ਰੈਗੂਲੇਟਰ ਨੇ ਕਿਹਾ, ‘‘ਫ਼ੈਸਿਲਿਟੀ ਨੇ ਵੇਖਿਆ ਹੈ ਕਿ ਵੱਡੀ ਗਿਣਤੀ ’ਚ ਗੱਡੀਆਂ ਦੀ ਰਜਿਸਟਰੇਸ਼ਨ ਤਾਂ ਨੋਵਾ ਸਕੋਸ਼ੀਆ ’ਚ ਹੁੰਦੀ ਹੈ ਪਰ ਇਨ੍ਹਾਂ ਨੂੰ ਚਲਾਇਆ ਕਿਸੇ ਹੋਰ ਥਾਂ ਜਾਂਦਾ ਹੈ। ਇਸ ਰਜਿਸਟਰੇਸ਼ਨ ਦਾ ਮੰਤਵ ਓਂਟਾਰੀਓ ’ਚ ਰਜਿਸਟਰੇਸ਼ਨ ਤੋਂ ਬਿਹਤਰ ਦਰਾਂ ਪ੍ਰਾਪਤ ਕਰਨਾ ਹੈ।’’

‘‘ਗੱਡੀ ਨੂੰ ਚਲਾਏ ਜਾਣ ਵਾਲੀ ਥਾਂ ਦੀ ਗ਼ਲਤ ਪ੍ਰਤੀਨਿਧਗੀ ਕਰਕੇ ਨੋਵਾ ਸਕੋਸ਼ੀਆ ’ਚ ਦਾਅਵੇਦਾਰੀਆਂ ’ਚ ਵਾਧਾ ਹੋ ਰਿਹਾ ਹੈ, ਜਿੱਥੇ ਘੱਟ ਪ੍ਰੀਮੀਅਮ ਭਰਨ ਦੀ ਜ਼ਰੂਰਤ ਪੈਂਦੀ ਹੈ, ਇਸ ਨਾਲ ਨੋਵਾ ਸਕੋਸ਼ੀਆ ਨੂੰ ਮਾੜੇ ਕਲੇਮ ਅਨੁਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਜ਼ਰਬੇ ਨਾਲ ਨੋਵਾ ਸਕੋਸ਼ੀਆ ਦੇ ਅੰਤਰਸ਼ਹਿਰੀ ਟਰੱਕਾਂ ਦੀਆਂ ਦਰਾਂ ’ਚ ਵਾਧਾ ਵੇਖਣ ਨੂੰ ਮਿਲੇਗਾ।’’