ਬੀ.ਸੀ., ਕਿਊਬੈੱਕ ‘ਚ ਛੋਟ ਪ੍ਰਾਪਤ ਕਰਨ ਯੋਗ ਬਣਿਆ ਵੋਲਵੋ ਵੀ.ਐਨ.ਆਰ. ਇਲੈਕਟ੍ਰਿਕ

Avatar photo

ਵੋਲਵੋ ਟਰੱਕਸ ਨਾਰਥ ਅਮਰੀਕਾ ਨੇ ਕਿਹਾ ਹੈ ਕਿ ਇਸ ਦਾ ਕਮਰਸ਼ੀਅਲ ਤੌਰ ‘ਤੇ ਮੌਜੂਦ ਵੀ.ਐਨ.ਆਰ. ਇਲੈਕਟ੍ਰਿਕ ਬੀ.ਸੀ. ਅਤੇ ਕਿਊਬੈੱਕ ਸਮੇਤ ਪੂਰੇ ਉੱਤਰੀ ਅਮਰੀਕਾ ‘ਚ ਛੋਟ ਪ੍ਰਾਪਤ ਕਰਨ ਯੋਗ ਬਣ ਗਿਆ ਹੈ।

(ਤਸਵੀਰ: ਵੋਲਵੋ ਟਰੱਕਸ ਨਾਰਥ ਅਮਰੀਕਾ)

ਵੋਲਵੋ ਟਰੱਕਸ ਨਾਰਥ ਅਮਰੀਕਾ ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਨੇ ਕਿਹਾ, ”ਬੈਟਰੀ-ਇਲੈਕਟ੍ਰਿਕ ਟਰੱਕਾਂ ਨੂੰ ਕੰਮ ‘ਤੇ ਲਾ ਰਹੇ ਫ਼ਲੀਟਸ ਲਈ ਮਲਕੀਅਤ ਦੀ ਕੁੱਲ ਕੀਮਤ ‘ਚ ਫ਼ੰਡਿੰਗ ਅਤੇ ਛੋਟਾਂ ਮਹੱਤਵਪੂਰਨ ਹਿੱਸਾ ਹਨ। ਚਾਰੇ ਪਾਸੇ ਕਈ ਸਥਾਨਕ ਅਤੇ ਰਾਜ-ਪੱਧਰੀ ਫ਼ੰਡਿੰਗ ਦੇ ਮੌਕੇ ਮੌਜੂਦ ਹੋਣ ਨੂੰ ਵੋਲਵੋ ਟਰੱਕਸ ਦੇ ਫ਼ੁਰਤੀਲੇ ਸੇਲਜ਼ ਅਤੇ ਸਰਵਿਸ ਸਪੋਰਟ ਨੈੱਟਵਰਕ ਨਾਲ ਜੋੜ ਦਿੱਤਾ ਜਾਵੇ ਤਾਂ ਗ੍ਰਾਹਕਾਂ ਲਈ ਇਲੈਕਟ੍ਰੀਫ਼ੀਕੇਸ਼ਨ ਨੂੰ ਆਸਾਨ ਬਣਾਉਣ ਅਤੇ ਚੋਣ ਕਰਨ ਲਈ ਹੁਣ ਤਕ ਦੇ ਸਭ ਤੋਂ ਵੱਧ ਸਰੋਤ ਮੌਜੂਦ ਹਨ।”

ਵੋਲਵੋ ਨੇ ਆਪਣੇ ਵੀ.ਐਨ.ਆਰ. ਇਲੈਕਟ੍ਰਿਕ ਲਈ ਆਰਡਰ ਲੈਣੇ ਦਸੰਬਰ 2020 ‘ਚ ਸ਼ੁਰੂ ਕੀਤੇ ਸਨ ਅਤੇ ਉਤਪਾਦਨ ਦਾ ਇਸ ਸਾਲ ਦੇ ਸ਼ੁਰੂ ‘ਚ ਆਗਾਜ਼ ਹੋ ਗਿਆ ਸੀ।

ਕੈਨੇਡੀਅਨ ਫ਼ੰਡਿੰਗ ਮੌਕਿਆਂ ‘ਚ ਸ਼ਾਮਲ ਹਨ:

ਕਿਊਬੈੱਕ ਦਾ ਏਕੋਕੇਮੀਓਨਾਜ਼ ਪ੍ਰੋਗਰਾਮ, ਜੋ ਕਿ ਪ੍ਰਤੀ ਇਲੈਕਟ੍ਰਿਕ ਟਰੱਕ 175,000 ਡਾਲਰ ਦੀ ਮੱਦਦ ਦਿੰਦਾ ਹੈ।

ਬੀ.ਸੀ. ਵੱਲੋਂ ਕਲੀਨ ਬੀ.ਸੀ. ਗੋ ਇਲੈਕਟ੍ਰਿਕ ਕਮਰਸ਼ੀਅਲ ਵਹੀਕਲ ਪਾਈਲਟ ਪ੍ਰੋਗਰਾਮ, ਜੋ ਕਿ ਇਲੈਕਟ੍ਰਿਕ ਟਰੱਕਾਂ ਅਤੇ ਚਾਰਜਿੰਗ ਮੁਢਲਾ ਢਾਂਚਾ ਸਮੇਤ ਕੁੱਲ ਪ੍ਰਾਜੈਕਟ ਦੀ ਕੀਮਤ ‘ਤੇ 30% ਦੀ ਛੋਟ ਦਿੰਦਾ ਹੈ।

ਵੋਲਵੋ ਦਾ ਕਹਿਣਾ ਹੈ ਕਿ ਵੀ.ਐਨ.ਆਰ. ਇਲੈਕਟ੍ਰਿਕ ਟਰੱਕ ਅਤੇ ਚਾਰਜਿੰਗ ਦੇ ਬੁਨਿਆਦੀ ਢਾਂਚੇ ਲਈ ਉਹ ਵੋਲਵੋ ਵਿੱਤੀ ਸੇਵਾਵਾਂ ਵੱਲੋਂ ਵਿਸ਼ੇਸ਼ ਵਿੱਤੀ ਅਤੇ ਇੰਸ਼ੋਰੈਂਸ ਦੀਆਂ ਦਰਾਂ ਦਵਾਉਣ ‘ਚ ਸਹਿਯੋਗ ਕਰੇਗਾ।

ਇਹ ਪਤਾ ਕਰਨ ਲਈ ਕਿ ਵੋਲਵੋ ਵੀ.ਐਨ.ਆਰ. ਇਲੈਕਟ੍ਰਿਕ ਲਈ ਫ਼ੰਡਿੰਗ ਅਤੇ ਛੋਟਾਂ ਲਈ ਫ਼ਲੀਟ ਅਤੇ ਡੀਲਰਸ਼ਿਪ ਕਿਸ ਤਰ੍ਹਾਂ ਬਿਨੈ ਕਰ ਸਕਦੇ ਹਨ ਗ੍ਰਾਹਕ Support.VNRElectric@volvo.com ‘ਤੇ ਈ-ਮੇਲ ਕਰ ਸਕਦੇ ਹਨ।