ਬੀ.ਸੀ. ਨੇ ਲਾਜ਼ਮੀ ਦਾਖ਼ਲਾ-ਪੱਧਰੀ ਸਿਖਲਾਈ ਦਾ ਨਿਯਮ ਕੀਤਾ ਲਾਗੂ

Avatar photo

ਬੀ.ਸੀ. ਉਹ ਨਵਾਂ ਪ੍ਰੋਵਿੰਸ ਬਣ ਗਿਆ ਹੈ ਜਿਸ ਨੇ ਕਮਰਸ਼ੀਅਲ ਡਰਾਈਵਰਾਂ ਲਈ 140 ਘੰਟਿਆਂ ਦੀ ਲਾਜ਼ਮੀ ਦਾਖ਼ਲਾ ਪੱਧਰੀ ਸਿਖਲਾਈ (ਐਮ.ਈ.ਐਲ.ਟੀ.) ਦਾ ਨਿਯਮ ਲਾਗੂ ਕਰ ਦਿੱਤਾ ਹੈ।

ਨਿਯਮ ਅਧੀਨ 140 ਘੰਟਿਆਂ ਦੀ ਸਿਖਲਾਈ ਦੇਸ਼ ਭਰ ’ਚ ਸਭ ਤੋਂ ਵੱਧ ਹੈ।

(ਤਸਵੀਰਾਂ : ਰਿਆਨ ਇੰਗ)

ਪ੍ਰੋਵਿੰਸ ਨੇ ਐਲਾਨ ਕੀਤਾ ਹੈ ਕਿ ਇਹ ਨਿਯਮ 18 ਅਕਤੂਬਰ, 2021 ਤੋਂ ਹੋਂਦ ’ਚ ਆ ਜਾਵੇਗਾ, ਅਤੇ ਮਨਜ਼ੂਰਸ਼ੁਦਾ ਸਿਖਲਾਈ ਮੁਹੱਈਆ ਕਰਵਾਉਣ ਵਾਲਿਆਂ ਦੀ ਸੂਚੀ ਨੂੰ ਜੂਨ ਦੇ ਅੱਧ ’ਚ dtcbc.com ’ਤੇ ਜਾਰੀ ਕੀਤਾ ਜਾਵੇਗਾ। ਹੋਰਨਾਂ ਜ਼ਰੂਰਤਾਂ ’ਚ ਏਅਰ ਬ੍ਰੇਕ ਸਿਖਲਾਈ ਅਤੇ ਛੇ ਘੰਟਿਆਂ ਦੀ ਲਾਜ਼ਮੀ ਲਚੀਲੀ ਪ੍ਰੈਕਟਿਸ ਸਿਖਲਾਈ ਵੀ ਸ਼ਾਮਲ ਹੈ।

ਆਵਾਜਾਈ ਅਤੇ ਮੁਢਲਾ ਢਾਂਚਾ ਬਾਰੇ ਮੰਤਰਾਲੇ ਨੇ ਕਿਹਾ ਕਿ ਕੋਰਸ ਦੀਆਂ ਜ਼ਰੂਰਤਾਂ ਨੈਸ਼ਨਲ ਸੇਫ਼ਟੀ ਕੋਡ ਦੇ ਮਾਨਕਾਂ ਤੋਂ ਵੀ ਵੱਧ ਕੇ ਹੋਣਗੀਆਂ ਅਤੇ ਬੀ.ਸੀ. ਦੇ ਪਹਾੜੀ ਇਲਾਕੇ ਅਤੇ ਵੰਨ-ਸੁਵੰਨੇ ਮੌਸਮ ’ਚ ਸੁਰੱਖਿਅਤ ਤਰੀਕੇ ਨਾਲ ਕੰਮ ਕਰਨ ’ਤੇ ਜ਼ੋਰ ਦੇਣਗੀਆਂ।

ਆਵਾਜਾਈ ਅਤੇ ਮੁਢਲਾ ਢਾਂਚਾ ਬਾਰੇ ਮੰਤਰੀ ਰੌਬ ਫ਼ਲੇਮਿੰਗ ਨੇ ਕਿਹਾ, ‘‘ਲਾਜ਼ਮੀ ਦਾਖ਼ਲਾ ਪੱਧਰੀ ਕਮਰਸ਼ੀਅਲ ਵਹੀਕਲ ਸਿਖਲਾਈ ਹੋਣ ਦਾ ਨਤੀਜਾ ਬਿਹਤਰ ਸਿਖਲਾਈ ਪ੍ਰਾਪਤ ਨਵੇਂ ਡਰਾਈਵਰਾਂ ਅਤੇ ਬਿ੍ਰਟਿਸ਼ ਕੋਲੰਬੀਆ ’ਚ ਬਿਹਤਰ ਸੜਕ ਸੁਰੱਖਿਆ ਦੇ ਰੂਪ ’ਚ ਨਿਕਲੇਗਾ। ਅਸੀਂ ਬੀ.ਸੀ. ਲਈ ਨਵੇਂ ਐਮ.ਈ.ਐਲ.ਟੀ. ਪ੍ਰੋਗਰਾਮ ਨੂੰ ਤਿਆਰ ਕਰਨ ਲਈ ਟਰੱਕਿੰਗ ਉਦਯੋਗ ਨਾਲ ਮਿਲ ਕੇ ਕੰਮ ਕੀਤਾ ਹੈ, ਜੋ ਕਿ ਉਦਯੋਗ ਨੂੰ ਮਜ਼ਬੂਤੀ ਦੇਵੇਗਾ ਅਤੇ ਬੀ.ਸੀ. ਦੇ ਚੁਨੌਤੀਪੂਰਨ ਮੌਸਮ ’ਚ ਡਰਾਈਵਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਆਪਣਾ ਕੰਮ ਕਰਨ ਲਈ ਤਿਆਰ ਕਰੇਗਾ। ਇਹ ਸਿਖਲਾਈ ਯਕੀਨੀ ਕਰੇਗੀ ਕਿ ਕਮਰਸ਼ੀਅਲ ਡਰਾਈਵਰ ਉੱਚੇ, ਟਿਕਾਊ ਮਾਨਕਾਂ ਲਈ ਸਿਖਲਾਈ ਪ੍ਰਾਪਤ ਹੋਣ।’’

ਪ੍ਰੋਵਿੰਸ ਨੇ ਹੋਰਨਾਂ ਅਧਿਕਾਰ ਖੇਤਰਾਂ ਦੀਆਂ ਸਰਬੋਤਮ ਪ੍ਰਥਾਵਾਂ ਨੂੰ ਅਪਣਾਇਆ ਹੈ।

ਜਨਤਕ ਸੁਰੱਖਿਆ ਅਤੇ ਸੋਲੀਸੀਟਰ ਜਨਰਲ ਮਾਈਕ ਫ਼ਾਰਨਵਰਥ ਨੇ ਕਿਹਾ, ‘‘ਸਾਡੀਆਂ ਸੜਕਾਂ ’ਤੇ ਸਭ ਤੋਂ ਵੱਡੀਆਂ ਗੱਡੀਆਂ ਨੂੰ ਚਲਾਉਣ ਵਾਲਿਆਂ ਲਈ ਲਾਜ਼ਮੀ ਸਿਖਲਾਈ ਨਾਲ ਪੂਰੇ ਬੀ.ਸੀ. ’ਚ ਸੁਰੱਖਿਆ ਵਧੇਗੀ। ਸਾਡੇ ਪ੍ਰੋਵਿੰਸ ’ਚ ਪਿਛਲੇ ਕੁੱਝ ਸਾਲਾਂ ਦੌਰਾਨ ਸੜਕ ਹਾਦਸਿਆਂ ਨੂੰ ਘੱਟ ਕਰਨ ’ਚ ਮਿਲੀ ਸਫ਼ਲਤਾ ਨੂੰ ਅੱਗੇ ਵਧਾਉਣ ਲਈ ਐਮ.ਈ.ਐਲ.ਟੀ. ਵੱਡਾ ਕਦਮ ਹੈ।’’

ਬੀ.ਸੀ. ਦਾ ਬੀਮਾ ਨਿਗਮ ਐਮ.ਈ.ਐਲ.ਟੀ. ਪ੍ਰੋਗਰਾਮ ਦੀ ਨਿਗਰਾਨੀ ਕਰੇਗਾ। ਨਵੀਂਆਂ ਜ਼ਰੂਰਤਾਂ ਦਾ ਸੇਫ਼ਰ ਰੋਡਜ਼ ਕੈਨੇਡਾ ਵੱਲੋਂ ਸਵਾਗਤ ਕੀਤਾ ਗਿਆ।

ਸੇਫ਼ਰ ਰੋਡਜ਼ ਕੈਨੇਡਾ ਦੇ ਬੋਰਡ ਮੈਂਬਰਾਂ ਲਾਰੈਂਸ ਅਤੇ ਗਿੰਨੀ ਹੰਟਰ ਨੇ ਕਿਹਾ, ‘‘ਸੇਫ਼ਰ ਰੋਡਜ਼ ਕੈਨੇਡਾ ਬਿ੍ਰਟਿਸ਼ ਕੋਲੰਬੀਆ ਵੱਲੋਂ ਹੋਰ ਪੱਛਮੀ ਪ੍ਰੋਵਿੰਸ ਵਾਂਗ ਐਮ.ਈ.ਐਲ.ਟੀ. ਪ੍ਰੋਗਰਾਮ ਅਪਣਾਉਂਦਾ ਵੇਖ ਕੇ ਖ਼ੁਸ਼ ਹੈ, ਜੋ ਕਿ ਇਸ ਪ੍ਰੋਵਿੰਸ ਦੇ ਚੁਨੌਤੀਪੂਰਨ ਡਰਾਈਵਿੰਗ ਹਾਲਾਤ ਅਤੇ ਭੂਗੋਲਿਕ ਹਾਲਾਤ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ, ਜਿਸ ’ਚ ਤੇਜ਼ ਹਵਾਵਾਂ, ਤੰਗ ਪਹਾੜੀ ਰਸਤੇ ਅਤੇ ਬਰਫ਼ੀਲੇ ਹਾਈਵੇ ਸ਼ਾਮਲ ਹਨ।’’ ਉਨ੍ਹਾਂ ਦਾ 18 ਸਾਲਾਂ ਦਾ ਪੁੱਤਰ ਲੋਗਨ 2018 ’ਚ ਹੋਏ ਹਮਬੋਲਟਡ ਬਰੋਂਕੋਸ ਬੱਸ ਹਾਦਸੇ ’ਚ ਮਾਰਿਆ ਗਿਆ ਸੀ। ਉਨ੍ਹਾਂ ਕਿਹਾ, ‘‘ਸਾਨੂੰ ਉਮੀਦ ਹੈ ਕਿ ਇਸ ਪ੍ਰੋਗਰਾਮ ਨਾਲ ਕੈਨੇਡਾ ਦੀਆਂ ਸੜਕਾਂ ’ਤੇ ਬਿਹਤਰ ਹੁਨਰਮੰਦ ਡਰਾਈਵਰ ਗੱਡੀਆਂ ਚਲਾਉਣਗੇ ਤਾਂ ਕਿ ਭਵਿੱਖ ’ਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇਨ੍ਹਾਂ ਕਾਮਿਆਂ ਨੂੰ ਹਰ ਰੋਜ਼ ਸਾਡੀਆਂ ਸੜਕਾਂ ’ਤੇ ਦਰਪੇਸ਼ ਚੁਨੌਤੀਆਂ ਨੂੰ ਪਛਾਣਦਿਆਂ ਇਹ ਸਹੀ ਦਿਸ਼ਾ ’ਚ ਚੁੱਕਿਆ ਗਿਆ ਕਦਮ ਹੈ।’’

ਬੀ.ਸੀ. ਟਰੱਕਿੰਗ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਡੇਵ ਅਰਲ ਨੇ ਵੀ ਪ੍ਰੋਵਿੰਸ ਵੱਲੋਂ ਸਖ਼ਤ ਸਿਖਲਾਈ ਜ਼ਰੂਰਤਾਂ ਲਿਆਉਣ ਦੀ ਤਾਰੀਫ਼ ਕੀਤੀ ਹੈ।

ਉਨ੍ਹਾਂ ਕਿਹਾ, ‘‘ਐਮ.ਈ.ਐਲ.ਟੀ. ਲੋਕਾਂ ਦੇ ਕਮਰਸ਼ੀਅਲ ਡਰਾਈਵਰ ਬਣਨ ਤੋਂ ਪਹਿਲਾਂ ਉਨ੍ਹਾਂ ਦੀ ਡਰਾਈਵਿੰਗ ਸਿਖਲਾਈ ਨੂੰ ਬਿਹਤਰ ਬਣਾਏਗਾ, ਜੋ ਕਿ ਸੜਕਾਂ ’ਤੇ ਸੁਰੱਖਿਆ ’ਚ ਵਾਧਾ ਕਰੇਗਾ। ਲੋਕਾਂ ਨੂੰ ਲਾਇਸੰਸ ਦੇਣ ਤੋਂ ਪਹਿਲਾਂ ਉੱਚ ਮਾਨਕਾਂ ਦੀ ਤਾਮੀਲ ਯਕੀਨੀ ਕੀਤੇ ਜਾਣ ਨਾਲ ਡਰਾਈਵਰਾਂ ਦੇ ਫ਼ੈਸਲਾ ਕਰਨ ਦੀ ਸਮਰੱਥਾ ਨੂੰ ਬਿਹਤਰ ਬਣਾਉਣ ’ਚ ਮੱਦਦ ਕਰੇਗਾ, ਜਿਸ ਨਾਲ ਸੜਕਾਂ ’ਤੇ ਘੱਟ ਗ਼ਲਤੀਆਂ ਹੋਣਗੀਆਂ। ਬੀ.ਸੀ.ਟੀ.ਏ. ਪ੍ਰੋਵਿੰਸ ਸਰਕਾਰ ਵੱਲੋਂ ਚੁੱਕੇ ਗਏ ਇਸ ਸਾਕਾਰਾਤਮਕ ਕਦਮ ਦਾ ਹਮਾਇਤੀ ਹੈ, ਕਿਉਂਕਿ ਨਵਾਂ ਡਰਾਈਵਰ ਸਿਖਲਾਈ ਪ੍ਰੋਗਰਾਮ ਸਾਡੇ ਸਾਰਿਆਂ ਨੂੰ ਲਾਭ ਪਹੁੰਚਾਏਗਾ।’’

ਜ਼ਰੂਰਤਾਂ ਦਾ ਹੋਰ ਵੇਰਵਾ ਇੱਥੇ ਵੇਖਿਆ ਜਾ ਸਕਦਾ ਹੈ।