ਬ੍ਰਿਟਿਸ਼ ਕੋਲੰਬੀਆ ਦੀਆਂ ਇੱਕ ਤਿਹਾਈ ਕੰਪਨੀਆਂ ਨੂੰ ਆਪਣੀ ਹੋਂਦ ਬਚਾਉਣ ਦੀ ਚਿੰਤਾ ਸਤਾਉਣ ਲੱਗੀ

Avatar photo
(ਤਸਵੀਰ : ਆਈਸਟਾਕ)

ਇੱਕ ਸਰਵੇਖਣ ਅਨੁਸਾਰ ਬ੍ਰਿਟਿਸ਼ ਕੋਲੰਬੀਆ ਟਰੱਕਿੰਗ ਐਸੋਸੀਏਸ਼ਨ (ਬੀ.ਸੀ.ਟੀ.ਏ.) ਦੇ ਮੈਂਬਰਾਂ ਨੂੰ ਕੋਵਿਡ-19 ਤੋਂ ਪਹਿਲਾਂ ਵਾਲਾ ਵਪਾਰਕ ਪੱਧਰ ਅਗਲੇ 10-11 ਮਹੀਨਿਆਂ ਤੋਂ ਪਹਿਲਾਂ ਵਾਪਸ ਪਰਤਣ ਦੀ ਉਮੀਦ ਨਹੀਂ ਹੈ, ਜਦਕਿ ਇਨ੍ਹਾਂ ‘ਚੋਂ ਮੋਟਰ ਕੋਚ ਕੰਪਨੀਆਂ ਨੂੰ ਤਾਂ ਅਗਲੇ 20 ਮਹੀਨਿਆਂ ਤਕ ਵੀ ਆਪਣੇ ਕਾਰੋਬਾਰ ਦੀ ਮੁੜਬਹਾਲੀ ਦੀ ਉਮੀਦ ਨਹੀਂ ਹੈ।

ਸਵਾਲ ਹੈ ਕਿ ਇੰਨੇ ਸਮੇਂ ਤਕ ਕਿੰਨੇ ਕੁ ਕਾਰੋਬਾਰ ਆਪਣੀ ਹੋਂਦ ਬਚਾਈ ਰੱਖ ਸਕਣਗੇ?

ਸਰਵੇਖਣ ‘ਚ ਸ਼ਾਮਲ ਕੀਤੀਆਂ ਕੰਪਨੀਆਂ ‘ਚੋਂ 32 ਫ਼ੀਸਦੀ ਨੂੰ ਚਿੰਤਾ ਹੈ ਕਿ ਉਨ੍ਹਾਂ ਦਾ ਕਾਰੋਬਾਰ ਏਨੇ ਸਮੇਂ ਤਕ ਟਿਕ ਨਹੀਂ ਸਕੇਗਾ। ਹਾਲਾਂਕਿ ਅਪ੍ਰੈਲ ਤੋਂ ਬਾਅਦ ਅਜਿਹਾ ਸੋਚਣ ਵਾਲੀਆਂ ਕੰਪਨੀਆਂ ਦੀ ਗਿਣਤੀ 5 ਫ਼ੀਸਦੀ ਘੱਟ ਗਈ ਹੈ ਅਤੇ ਉਨ੍ਹਾਂ ਦੀ ਆਮਦਨ ‘ਚ ਔਸਤਨ 23% ਦੀ ਕਮੀ ਆਈ ਹੈ।

ਬੀ.ਸੀ.ਟੀ.ਏ. ਨੇ ਕਿਹਾ ਕਿ ਪ੍ਰੋਵਿੰਸ ਦਾ ਟਰੱਕਿਗ ਉਦਯੋਗ ਪ੍ਰਚੂਨ ਵਿਕਰੀ, ਹਾਊਸਿੰਗ ਸਟਾਰਟਸ, ਅਮਰੀਕਾ ਨੂੰ ਨਿਰਯਾਤ ਅਤੇ ਚੀਨ ਤੇ ਹੋਰ ਕੌਮਾਂਤਰੀ ਸਪਲਾਈ ਚੇਨ ਮੈਂਬਰਾਂ ਵੱਲੋਂ ਆਯਾਤ ‘ਚ ਭਾਰੀ ਕਮੀ ਆਉਣ ਕਰ ਕੇ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ।

ਤਨਖ਼ਾਹ ਸਬਸਿਡੀ ਦੇ ਬਾਵਜੂਦ ਵੀ ਮਈ ਮਹੀਨੇ ‘ਚ ਟਰੱਕਿੰਗ ਉਦਯੋਗ ‘ਚ ਕਈ ਵਿਅਕਤੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਅੱਧੇ ਤੋਂ ਥੋੜ੍ਹਾ ਜ਼ਿਆਦਾ (54%) ਕੰਪਨੀਆਂ ਨੇ ਆਪਣੇ 9 ਮੁਲਾਜ਼ਮਾਂ ਨੂੰ ਆਰਜ਼ੀ ਤੌਰ ‘ਤੇ ਨੌਕਰੀ ਤੋਂ ਹਟਾ ਦਿੱਤਾ ਸੀ ਜਦਕਿ 21% ਨੇ ਆਪਣੇ ਦੋ ਮੁਲਾਜ਼ਮਾਂ ਨੂੰ ਪੱਕੇ ਤੌਰ ‘ਤੇ ਹਟਾ ਦਿੱਤਾ ਸੀ। ਪਿਛਲੇ ਮਹੀਨੇ 53% ਕੰਪਨੀਆਂ ਦਾ ਕਹਿਣਾ ਸੀ ਕਿ ਉਨ੍ਹਾ ਨੇ ਆਪਣੇ 22 ਮੁਲਾਜ਼ਮਾਂ ਨੂੰ ਆਰਜ਼ੀ ਤੌਰ ‘ਤੇ ਹਟਾ ਦਿੱਤਾ ਹੈ, ਜਦਕਿ 24% ਕੰਪਨੀਆਂ ਨੇ ਆਪਣੇ ਦੋ-ਦੋ ਮੁਲਾਜ਼ਮਾਂ ਨੂੰ ਪੱਕੇ ਤੌਰ ‘ਤੇ ਨੌਕਰੀ ਤੋਂ ਕੱਢ ਦਿੱਤਾ ਸੀ।

ਹਰ ਚਾਰ ‘ਚੋਂ ਇੱਕ ਸਪਲਾਈਕਰਤਾ ਨੇ ਆਪਣੇ ਵਪਾਰ ਦੀ ਹੋਂਦ ਨੂੰ ਬਚਾਈ ਰੱਖਣ ਬਾਰੇ ਚਿੰਤਾ ਪ੍ਰਗਟ ਕੀਤੀ ਹੈ, ਜੋ ਕਿ ਅਪ੍ਰੈਲ ਤੋਂ ਲੈ ਕੇ 7 ਫ਼ੀਸਦੀ ਵੱਧ ਹਨ ਅਤੇ ਉਨ੍ਹਾਂ ਨੇ ਆਪਣੀ ਆਮਦਨ ‘ਚ 39% ਦੀ ਕਮੀ ਦਰਜ ਕੀਤੀ ਹੈ।

ਮੋਟਰ ਕੋਚ ਕੰਪਨੀਆਂ ਸਭ ਤੋਂ ਜ਼ਿਆਦਾ ਨਿਰਾਸ਼ਾਮਈ ਦੌਰ ‘ਚੋਂ ਲੰਘ ਰਹੀਆਂ ਹਨ, ਜਿਨ੍ਹਾਂ ‘ਚੋਂ 92% ਨੂੰ ਉਮੀਦ ਨਹੀਂ ਹੈ ਕਿ ਉਹ ਅਗਲੇ 3 ਮਹੀਨਿਆਂ ਦੌਰਾਨ ਆਪਣਾ ਕਾਰੋਬਾਰ ਚਲਦਾ ਰੱਖ ਸਕਣਗੀਆਂ।  ਉਨ੍ਹਾਂ ਨੇ ਆਮਦਨ ‘ਚ 97% ਦੀ ਕਮੀ ਦਰਜ ਕੀਤੀ ਹੈ। ਪਿਛਲੇ ਮਹੀਨੇ, 83% ਕੰਪਨੀਆਂ ਨੇ ਔਸਤਨ 42 ਮੁਲਾਜ਼ਮਾਂ ਦੀ ਆਰਜ਼ੀ ਤੌਰ ‘ਤੇ ਛੁੱਟੀ ਕਰ ਦਿੱਤੀ ਸੀ, ਜਦਕਿ 8% ਨੇ ਔਸਤਨ ਆਪਣੇ 5 ਮੁਲਾਜ਼ਮਾਂ ਨੂੰ ਪੱਕੇ ਤੌਰ ‘ਤੇ ਕੱਢ ਦਿੱਤਾ ਸੀ।

ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਡੇਵ ਅਰਲ ਨੇ ਕਿਹਾ, ”ਸਾਡੇ ਜ਼ਿਆਦਾਤਰ ਮੈਂਬਰ ਕੋਵਿਡ-19 ਨਾਲ ਲੜਨ ਲਈ ਸਰਹੱਦਾਂ ਬੰਦ ਕਰਨ ਅਤੇ ਡਰਾਈਵਰਾਂ ਤੇ ਗਾਹਕਾਂ ਨੂੰ ਸੁਰੱਖਿਅਤ ਰੱਖਣ ਲਈ ਸਿਹਤ ਬਾਰੇ ਸਖ਼ਤ ਪ੍ਰੋਟੋਕਾਲ ਵਰਗੇ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਹਮਾਇਤ ਕਰਦੇ ਹਨ। ਇਸ ਵੇਲੇ ਬੀ.ਸੀ.ਟੀ.ਏ. ਇਹ ਵੇਖ ਰਹੀ ਹੈ ਕਿ ਕਾਰਵਾਈਆਂ ‘ਚ ਤਬਦੀਲੀਆਂ ਨਾਲ ਕਿਵੇਂ ਨਜਿੱਠਿਆ ਜਾਵੇ ਅਤੇ ਕੰਪਨੀਆਂ ਦੀ ਹੋਂਦ ਬਚਾਉਣ ਲਈ ਮੱਦਦ ਕੀਤੀ ਜਾ ਸਕੇ, ਜਦੋਂ ਤਕ ਕਿ ਬੀ.ਸੀ. ਦੀ ਆਰਥਿਕਤਾ ਆਪਣੇ ਕਦਮਾਂ ‘ਤੇ ਨਾ ਖੜ੍ਹੀ ਹੋ ਜਾਵੇ। ਸਾਡੀ ਚਿੰਤਾ ਇਹੀ ਹੈ ਕਿ ਕਾਰੋਬਾਰ ਦੀ ਮੁੜਬਹਾਲੀ ਸਾਡੀ ਸੋਚ ਤੋਂ ਜ਼ਿਆਦਾ ਸਮਾਂ ਲੈ ਸਕਦੀ ਹੈ, ਜਿਸ ਨਾਲ ਬੀ.ਸੀ. ਦੇ ਕੁੱਝ ਕੈਰੀਅਰਸ ਦੀ ਹਾਲਤ ਖ਼ਤਰੇ ‘ਚ ਪੈ ਸਕਦੀ ਹੈ।”

ਐਸੋਸੀਏਸ਼ਨ ਵੱਲੋਂ ਮਹਾਂਮਾਰੀ ਬਾਰੇ ਕੀਤਾ ਗਿਆ ਇਹ ਤੀਜਾ ਸਰਵੇਖਣ ਸੀ, ਜਿਸ ਦੇ ਅੰਕੜੇ 27 ਮਈ ਤੋਂ 9 ਜੂਨ ਵਿਚਕਾਰ ਇਕੱਠੇ ਕੀਤੇ ਗਏ ਹਨ।