ਬ੍ਰਿਟਿਸ਼ ਕੋਲੰਬੀਆ ਨੇ ਇਲੈਕਟ੍ਰਿਕ ਗੱਡੀਆਂ ਦੀਆਂ ਕੀਮਤਾਂ ‘ਚ ਛੋਟ ਲਈ 2 ਮਿਲੀਅਨ ਡਾਲਰ ਹੋਰ ਜੋੜੇ

Avatar photo

ਕੈਨੇਡਾ ਦੇ ਸਭ ਤੋਂ ਪੱਛਮੀ ਕਿਨਾਰੇ ‘ਤੇ ਸਥਿਤ ਸੂਬਾ ਹੈਵੀ ਡਿਊਟੀ ਉਪਕਰਨਾਂ ਸਮੇਤ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ‘ਚ ਨਿਵੇਸ਼ ਕਰਨ ਵਾਲੇ ਕਾਰੋਬਾਰਾਂ ਨੂੰ ਹੱਲਾਸ਼ੇਰੀ ਦੇਣ ਲਈ 2 ਮਿਲੀਅਨ ਡਾਲਰ ਦਾ ਯੋਗਦਾਨ ਦੇ ਰਿਹਾ ਹੈ। ਇਹ ਯੋਗਦਾਨ ਕਲੀਨ ਬ੍ਰਿਟਿਸ਼ ਕੋਲੰਬੀਆ ਵਿਸ਼ੇਸ਼ ਪ੍ਰਯੋਗ ਵਾਹਨ ਪਹਿਲ ਪ੍ਰੋਗਰਾਮ ਲਈ ਫ਼ੰਡਿਗ ਮੁਹੱਈਆ ਕਰਾਉਣ ਦਾ ਹਿੱਸਾ ਹੋਵੇਗਾ।

ਇਸ ਤੋਂ ਪਹਿਲਾਂ ਵੀ ਇਸ ਪ੍ਰੋਗਰਾਮ ਲਈ 2.5 ਮਿਲੀਅਨ ਡਾਲਰ ਦਿੱਤੇ ਗਏ ਸਨ ਜਿਸ ਦਾ ਵਾਅਦਾ ਨਵੰਬਰ 2017 ‘ਚ ਕੀਤਾ ਗਿਆ ਸੀ।

ਇਸ ਪ੍ਰੋਗਰਾਮ ਹੇਠ ਫ਼ੰਡਿੰਗ ਛੋਟ ਪ੍ਰਾਪਤ ਕਰਨ ਲਈ ਯੋਗ ਵਿਸ਼ੇਸ਼-ਪ੍ਰਯੋਗ ਗੱਡੀਆਂ ‘ਚ ਇਲੈਕਟ੍ਰਿਕ ਪੈਸੇਂਜਰ ਬੱਸ, ਏਅਰਪੋਰਟ ਅਤੇ ਪੋਰਟ ਸਰਵੀਸਿਜ਼ ਵਹੀਕਲ, ਮੋਟਰਸਾਈਕਲ, ਘੱਟ ਰਫ਼ਤਾਰ ਵਾਲੇ ਯੂਟੀਲਿਟੀ ਟਰੱਕ ਅਤੇ ਹੈਵੀ-ਡਿਊਟੀ ਟਰੱਕ ਸ਼ਾਮਲ ਹਨ। ਪ੍ਰਤੀ ਗੱਡੀ ਛੋਟ 17,00 ਡਾਲਰ ਤੋਂ ਲੈ ਕੇ 50,000 ਡਾਲਰ ਤਕ ਹੈ ਅਤੇ ਇਹ ਹਰ ਤਰ੍ਹਾਂ ਦੇ ਕਾਰੋਬਾਰਾਂ, ਸਥਾਨਕ ਅਤੇ ਖੇਤਰੀ ਸਰਕਾਰਾਂ ਲਈ ਅਤੇ ਗ਼ੈਰ-ਲਾਭ ਸੰਗਠਨਾਂ ਲਈ ਹੈ, ਜੋ ਕਿ ਪੰਜ ਜਾਂ ਇਸ ਤੋਂ ਘੱਟ ਗੱਡੀਆਂ ਦੀ ਖ਼ਰੀਦ ਕਰਦੇ ਹੋਣ।

ਵਾਤਾਵਰਣ ਅਤੇ ਜਲਵਾਯੂ ਤਬਦੀਲੀ ਰਣਨੀਤੀ ਮੰਤਰੀ ਜੋਰਜ ਹੇਅਮੈਨ ਨੇ ਕਿਹਾ, ”ਸਾਡੀ ਕਲੀਨ ਬ੍ਰਿਟਿਸ਼ ਕੋਲੰਬੀਆ ਯੋਜਨਾ ਕਾਰੋਬਾਰਾਂ ਨੂੰ ਸਾਫ਼, ਬਿਹਤਰ ਭਵਿੱਖ ਵੱਲ ਵਧਣ ‘ਚ ਮੱਦਦ ਕਰ ਰਿਹਾ ਹੈ ਜਿੱਥੇ ਗੱਡੀਆਂ ਕੋਈ ਪ੍ਰਦੂਸ਼ਣ ਨਹੀਂ ਫੈਲਾਉਂਦੀਆਂ ਅਤੇ ਜਿੱਥੇ ਨਵੀਂ ਬ੍ਰਿਟਿਸ਼ ਕੋਲੰਬੀਆ ਤਕਨੀਕ ਲੋਕਾਂ ਲਈ ਚੰਗੀਆਂ ਨੌਕਰੀਆਂ ਪੈਦਾ ਕਰਦੀ ਹੈ।”

ਇਸ ਛੋਟ ਦੀਆਂ ਉਦਾਹਰਣਾਂ ‘ਚ ਬੀ.ਵਾਈ.ਡੀ. ਆਟੋ ਵੱਲੋਂ ਨਿਰਮਤ ਬੈਟਰੀ-ਇਲੈਕਟ੍ਰਿਕ ਡਿਲੀਵਰੀ ਜਾਂ ਕਿਊਬ ਟਰੱਕ ਸ਼ਾਮਲ ਹੈ ਜਿਸ ਦੀ ਕੀਮਤ 214,500 ਡਾਲਰ ਹੈ ਅਤੇ ਇਸ ‘ਤੇ 50,000 ਡਾਲਰ ਦੀ ਛੋਟ ਮਿਲ ਰਹੀ ਹੈ। ਇਸੇ ਤਰ੍ਹਾਂ ਦੀ ਛੋਟ ਗ੍ਰੀਨਪਾਵਰ ਮੋਟਰ  ਕੰਪਨੀ ਵੱਲੋਂ ਪੇਸ਼ ਬੈਟਰੀ-ਇਲੈਕਟ੍ਰਿਕ ਸ਼ਟਲ ਬੱਸ ‘ਤੇ ਵੀ ਮਿਲੇਗੀ ਜਿਸ ਦੀ ਕੀਮਤ 384,500 ਡਾਲਰ ਹੈ।