ਭਰਤੀ ਪ੍ਰਕਿਰਿਆ ਸਰਲ ਬਣਾਉਂਦੀ ਹੈ ਰਿਕਰੂਟਰ ਖਰੌਡ

ਆਪਣੇ ਸੰਗਠਨ ’ਚ ਤੇਜ਼ੀ ਅਤੇ ਆਸਾਨੀ ਨਾਲ ਆਮਦ ਯਕੀਨੀ ਕਰਨ ਲਈ ਹਮੇਸ਼ਾ ਪੱਬਾਂ ਪੈਰ ਰਹਿਣ ਨਾਲ ਹੀ ਰਵਨੀਤ ਖਰੌਡ ਨੂੰ ਪੇਸ਼ੇਵਰ ਡਰਾਈਵਰ ਭਰਤੀ ਕਰਨ ਅਤੇ ਉਨ੍ਹਾਂ ਨੂੰ ਟਿਕਾਈ ਰੱਖਣ ’ਚ ਮੱਦਦ ਮਿਲਦੀ ਹੈ।

ਜਦੋਂ ਟਰੱਕਰ ਕਿਸੇ ਨੌਕਰੀ ਲਈ ਬਿਨੈ ਕਰਦੇ ਹਨ ਤਾਂ ਉਹ ਚਾਹੁੰਦੇ ਹਨ ਕਿ ਕਾਗ਼ਜ਼ੀ ਅਤੇ ਰਸਮੀ ਕਾਰਵਾਈਆਂ ਛੇਤੀ ਨਿਪਟ ਜਾਣ ਤਾਂ ਕਿ ਉਹ ਸੜਕ ’ਤੇ ਉਤਰ ਕੇ ਜਲਦੀ ਤੋਂ ਜਲਦੀ ਕੰਮ ਕਰ ਸਕਣ। ਈਸੰਸ ਟਰਾਂਸਪੋਰਟ ’ਚ ਰਿਕਰੂਟਿੰਗ ਸੁਪਰਵਾਈਜ਼ਰ  ਖਰੌਡ ਨੇ ਕਿਹਾ, ‘‘ਜਦੋਂ ਤੁਹਾਨੂੰ ਸਹੀ ਉਮੀਦਵਾਰ ਮਿਲ ਜਾਂਦਾ ਹੈ ਤਾਂ ਦਬਾਅ ਬਣ ਜਾਂਦਾ ਹੈ,  ਅਤੇ ਡਰਾਈਵਰ ਨੂੰ ਆਪਣੇ ਨਾਲ ਟਿਕਾਈ ਰਖਣਾ ਬਹੁਤ ਮੁਸ਼ਕਲ ਹੁੰਦਾ ਹੈ। ਜੇਕਰ ਤੁਸੀਂ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਦੇ ਰਹੋਗੇ ਅਤੇ ਤੇਜ਼ੀ ਨਹੀਂ ਵਰਤੋਗੇ ਤਾਂ ਉਹ ਕਿਸੇ ਹੋਰ ਕੰਪਨੀ ’ਚ ਚਲੇ ਜਾਣਗੇ।’’

Picture of Ravneet Khroud
ਰਵਨੀਤ ਖਰੌਡ, ਇਸੰਸ ਟਰਾਂਸਪੋਰਟ ’ਚ ਰਿਕਰੂਟਿੰਗ ਸੁਪਰਵਾਈਜ਼ਰ। ਤਸਵੀਰ : ਲੀਓ ਬਾਰੋਸ

ਖਰੌਡ ਅਜਿਹੇ ਉਮੀਦਵਾਰਾਂ ਦੀ ਭਾਲ ’ਚ ਰਹਿੰਦੀ ਹੈ ਜਿਨ੍ਹਾਂ ਕੋਲ ਚੰਗਾ ਡਰਾਈਵਿੰਗ ਰਿਕਾਰਡ ਤੇ ਸਾਕਾਰਾਤਮਕ ਸੋਚ ਹੈ, ਅਤੇ ਉਹ ਭਰੋਸੇਯੋਗ ਹਨ ਤੇ ਉਨ੍ਹਾਂ ਕੋਲ ਆਪਸੀ ਸੰਚਾਰ ਕਰਨ ਦੀ ਲੋੜੀਂਦੀ ਯੋਗਤਾ ਹੈ। ਡਰਾਈਵਰ ਨਵੀਂ ਤਕਨਾਲੋਜੀ ਨੂੰ ਸਿੱਖਣ ਅਤੇ ਪ੍ਰਯੋਗ ਕਰਨ ਦੇ ਯੋਗ ਵੀ ਹੋਣੇ ਚਾਹੀਦੇ ਹਨ ਕਿਉਂਕਿ ਟਰੱਕ ਹੁਣ ਈ.ਐਲ.ਡੀ. (ਇਲੈਕਟ੍ਰੋਨਿਕ ਲੌਗਿੰਗ ਡਿਵਾਇਸ) ਨਾਲ ਲੈਸ ਹਨ ਅਤੇ ਕੰਪਨੀ ਆਨਲਾਈਨ ਡਿਜੀਟਲ ਪੋਰਟਲ ਤੇ ਡਿਜੀਟਲ ਐਪਲੀਕੇਸ਼ਨਾਂ ਦਾ ਪ੍ਰਯੋਗ ਕਰਦੀ ਹੈ।

ਇੱਕ ਰਿਕਰੂਟਰ ਦਾ ਪੂਰਾ ਦਿਨ ਅਰਜ਼ੀਆਂ ਦੀ ਛਾਣਬੀਨ ਕਰਨ, ਯੋਗ ਉਮੀਦਵਾਰਾਂ ਦੀ ਚੋਣ ਕਰਨ, ਉਨ੍ਹਾਂ ਨੂੰ ਇੰਟਰਵਿਊ ਦਾ ਸਮਾਂ ਦੇਣ, ਦਸਤਾਵੇਜ਼ਾਂ ਦੀ ਸਮੀਖਿਆ ਕਰਨ, ਰੋਡ ਅਤੇ ਡਰੱਗ ਟੈਸਟ ਬੁਕ ਕਰਨ, ਅਤੇ ਜਾਣ-ਪਛਾਣ ਕਰਵਾਉਣ ’ਚ ਹੀ ਲੰਘ ਜਾਂਦਾ ਹੈ। ਨੌਕਰੀ ਮੇਲੇ, ਸੈਮੀਨਾਰ ਅਤੇ ਕਾਨਫ਼ਰੰਸਾਂ ’ਚ ਹਿੱਸਾ ਲੈਣਾ ਵੀ ਖਰੌਡ ਦੇ ਕੰਮਕਾਜ ਦਾ ਹੀ ਹਿੱਸਾ ਹੈ।

ਇਸੰਸ ਟਰਾਂਸਪੋਰਟ ਦਾ ਮੁੱਖ ਦਫ਼ਤਰ ਨੋਵਾ ਸਕੋਸ਼ੀਆ ’ਚ ਸਥਿਤ ਹੈ। ਇਸ ਦੀ ਮਿਸੀਸਾਗਾ, ਓਂਟਾਰੀਓ ਫ਼ੈਸਿਲਿਟੀ ’ਚ ਕੰਮ ਕਰਨ ਵਾਲੀ ਖਰੌਡ ਗ੍ਰੇਟਰ ਟੋਰਾਂਟੋ ਏਰੀਆ ’ਚ ਭਰਤੀਆਂ ਨੂੰ ਸੰਭਾਲਦੀ ਹੈ। ਉਹ ਸ਼ੰਟ ਟਰੱਕ ਡਰਾਈਵਰਾਂ, ਡੌਕ ਵਰਕਰਾਂ ਅਤੇ ਫ਼ੋਰਕਲਿਫ਼ਟ ਆਪਰੇਟਰਾਂ ਦੀ ਭਰਤੀ ਕਰਨ ’ਚ ਵੀ ਮੱਦਦ ਕਰਦੀ ਹੈ।

ਕੰਮ ਕਈ ਵਾਰੀ ਅਕਾਊ ਅਤੇ ਕਾਫ਼ੀ ਸਮਾਂ ਖਪਤ ਕਰਨ ਵਾਲਾ ਵੀ ਹੋ ਸਕਦਾ ਹੈ। ਭਰਤੀ ਕਰਨ ਦੇ ਟਾਰਗੇਟ, ਕੰਮ ਦੀਆਂ ਡੈੱਡਲਾਈਨਾਂ ਅਤੇ ਕੰਮਕਾਜ ਦੇ ਤੇਜ਼ ਗਤੀ ਵਾਲੇ ਵਾਤਾਵਰਣ ਲਈ ਸਮੇਂ ਦਾ ਪ੍ਰਬੰਧਨ ਹੀ ਸਫ਼ਲਤਾ ਦੀ ਕੁੰਜੀ ਹੈ।

ਖਰੌਡ 2016 ਤੋਂ ਟਰੱਕਿੰਗ ਉਦਯੋਗ ਦਾ ਹਿੱਸਾ ਰਹੀ ਹੈ ਅਤੇ ਇੱਥੇ ਮੌਜੂਦ ਤਰੱਕੀ ਦੇ ਮੌਕੇ ਉਸ ਨੂੰ ਪਸੰਦ ਹਨ। ਭਾਰਤ ’ਚ ਬੈਚਲਰ ਆਫ਼ ਟੈਕਨਾਲੋਜੀ – ਕੰਪਿਊਟਰ ਸਾਇੰਸ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ 2013 ’ਚ ਇੱਕ ਵਿਦਿਆਰਥੀ ਵਜੋਂ ਕੈਨੇਡਾ ਆਈ ਸੀ। ਇੱਥੇ ਉਸ ਨੇ ਕੰਪਿਊਟਰ ਸਾਇੰਸ ’ਚ ਆਪਣਾ ਐਡਵਾਂਸਡ ਡਿਪਲੋਮਾ ਹਾਸਲ ਕੀਤਾ, ਪਰ ਉਸ ਖੇਤਰ ’ਚ ਕੋਈ ਨੌਕਰੀ ਲੱਭਣ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪਿਆ।

ਕਿਸੇ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਟਰੱਕਿੰਗ ਉਦਯੋਗ ’ਚ ਨੌਕਰੀ ਲੱਭੇ ਅਤੇ ਖਰੌਡ ਨੂੰ ਥਰਡ-ਪਾਰਟੀ ਸੁਰੱਖਿਆ ਅਤੇ ਕੰਪਲਾਇੰਸ ਫ਼ਰਮ ’ਚ ਸੁਰੱਖਿਆ ਤਾਲਮੇਲਕਰਤਾ ਦੀ ਨੌਕਰੀ ਮਿਲ ਗਈ। ਉਸ ਨੇ ਨੌਕਰੀ ਕਰਨ ਦੌਰਾਨ ਹੀ ਭਰਤੀਆਂ ਕਰਨ, ਲੌਗਬੁੱਕ ਅਤੇ ਪਰਮਿਟ ਜਾਂਚ ਕਰਨ ਤੇ ਆਡਿਟ ਕਰਨ ਦੇ ਮਾਮਲੇ ’ਚ ਸਿਖਲਾਈ ਹਾਸਲ ਕੀਤੀ।

ਉਸ ਦੀ ਸਲਾਹ ਹੈ, ‘‘ਕਿਸੇ ਨੂੰ ਵੀ ਨਾਂਹ ਨਾ ਕਹੋ। ਜੇਕਰ ਤੁਹਾਨੂੰ ਕੁੱਝ ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ ਤਾਂ ਹਾਂ ਕਹਿ ਦਿਓ। ਜੇਕਰ ਤੁਹਾਨੂੰ ਕਿਤੋਂ ਵੀ ਮੱਦਦ ਮਿਲਦੀ ਹੈ, ਜੇ ਤੁਸੀਂ ਕੁੱਝ ਨਵਾਂ ਸਿੱਖ ਸਕਦੇ ਹੋ ਤਾਂ ਜ਼ਰੂਰ ਸਿੱਖੋ।’’

ਤਿੰਨ ਸਾਲ ਬਾਅਦ, ਉਸ ਨੇ ਡਰਾਈਵਰ ਰਿਕਰੂਟਰ ਵਜੋਂ ਇੱਕ ਹੋਰ ਕੰਪਨੀ ’ਚ ਨੌਕਰੀ ਕਰ ਲਈ ਅਤੇ 2021 ’ਚ ਇਸੰਸ ਟਰਾਂਸਪੋਰਟ ’ਚ ਆ ਗਈ।

ਇਸ ਦੌਰਾਨ ਉਸ ਨੇ ਡਰਾਈਵਰ ਵਿਹਾਰ, ਡਰੱਗ ਟੈਸਟਿੰਗ ਅਤੇ ਸਕ੍ਰੀਨਿੰਗ ਜਾਂਚਣ ਵਾਲੇ ਸਰਟੀਫ਼ਿਕੇਟ ਵੀ ਹਾਸਲ ਕਰ ਲਏ ਹਨ।

ਆਪਣੀ ਸਿੱਖਿਆ ਪੂਰੀ ਕਰ ਚੁੱਕੇ ਨਵੇਂ ਇਮੀਗਰੈਂਟ ਅਤੇ ਵਿਦਿਆਰਥੀ ਜਦੋਂ ਨੌਕਰੀ ਲੱਭਣ ਲਗਦੇ ਹਨ ਤਾਂ ਖਰੌਦ ਉਨ੍ਹਾਂ ਨੂੰ ਲੇਬਰ ਨਿਯਮਾਂ ਨੂੰ ਸਮਝ ਲੈਣ ਲਈ ਉਤਸ਼ਾਹਿਤ ਕਰਦੀ ਹੈ ਤਾਂ ਕਿ ਬੇਅਸੂਲੇ ਰੁਜ਼ਗਾਰਦਾਤਾਵਾਂ ਵੱਲੋਂ ਉਨ੍ਹਾਂ ਦਾ ਸੋਸ਼ਣ ਨਾ ਹੋ ਸਕੇ।

ਟਰੱਕਿੰਗ ਪੁਰਸ਼ ਪ੍ਰਧਾਨ ਉਦਯੋਗ ਹੈ ਅਤੇ ਖਰੌਡ ਨੂੰ ਲਗਦਾ ਹੈ ਕਿ ਹੋਰ ਜ਼ਿਆਦਾ ਔਰਤਾਂ ਨੂੰ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ। ਔਰਤਾਂ ਵੱਖਰੀ ਸੋਚ ਲੈ ਕੇ ਆਉਂਦੀਆਂ ਹਨ, ਉਹ ਛੋਟੇ-ਛੋਟੇ ਵੇਰਵੇ ’ਤੇ ਧਿਆਨ ਦਿੰਦੀਆਂ ਹਨ ਅਤੇ ਜੇਕਰ ਉਹ ਮੈਨੇਜਮੈਂਟ ’ਚ ਹਾਜ਼ਰ ਹਨ ਤਾਂ ਕੰਮਕਾਜ ਦਾ ਚੰਗਾ ਵਾਤਾਵਰਣ ਮੁਹੱਈਆ ਕਰਵਾਉਂਦੀਆਂ ਹਨ।

‘‘ਜੇਕਰ ਕੋਈ ਔਰਤ ਟਰੱਕ ਡਰਾਈਵਰ ਬਣਦੀ ਹੈ ਤਾਂ ਉਸ ਨੂੰ ਬਰਾਬਰ ਦੀ ਤਨਖ਼ਾਹ ਮਿਲੇਗੀ। ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਡਰਾਈਵਰ ਔਰਤ ਹੈ ਜਾਂ ਮਰਦ, ਕੰਮ ਤਾਂ ਦੋਵੇਂ ਬਰਾਬਰ ਕਰਦੇ ਹਨ, ਦੋਹਾਂ ਕੋਲ ਬਰਾਬਰ ਦਾ ਤਜ਼ਰਬਾ ਹੁੰਦਾ ਹੈ, ਦੋਹਾਂ ਨੂੰ ਬਰਾਬਰ ਤਨਖ਼ਾਹ ਮਿਲੇਗੀ।’’

 

ਲੀਓ ਬਾਰੋਸ ਵੱਲੋਂ