ਮਨਬੀਰ ਭਾਰਜ – ਹੈਵੀ ਲਿਫ਼ਟਰ

Avatar photo
ਮਨਬੀਰ ਭਾਰਜ

ਮਨਬੀਰ ਭਾਰਜ 20 ਸਾਲਾਂ ਦਾ ਸੀ ਜਦੋਂ ਉਸ ਨੇ ਪਹਿਲੀ ਵਾਰੀ ਟਾਵਰ ਕ੍ਰੇਨ ਨੂੰ ਵੇਖਿਆ ਸੀ। ਹੁਣ ਬਾਰਾਂ ਸਾਲਾਂ ਬਾਅਦ ਉਹ ਇਸ ਨੂੰ ਚਲਾਉਣ ਦਾ ਆਪਣਾ ਸੁਪਨਾ ਸਾਕਾਰ ਕਰਨ ਦੇ ਬਹੁਤ ਨੇੜੇ ਪਹੁੰਚ ਗਿਆ ਹੈ।

ਪਰ ਇਹ ਸਫ਼ਰ ਏਨਾ ਆਸਾਨ ਨਹੀਂ ਰਿਹਾ।

ਭਾਰਜ ਦਾ ਕਹਿਣਾ ਹੈ, ”ਇਹ ਸਾਰਾ ਕੁੱਝ ਮੇਰੇ ਪਿਤਾ ਕਰ ਕੇ ਸ਼ੁਰੂ ਹੋਇਆ ਕਿਉਂਕਿ ਉਹ ਇਸੇ ਕਾਰੋਬਾਰ ‘ਚ ਹਨ। ਜਦੋਂ ਮੈਂ ਆਪਣਾ ਟਰੱਕ ਲਾਇਸੰਸ ਪ੍ਰਾਪਤ ਕੀਤਾ ਤਾਂ ਮੇਰੇ ਪਿਤਾ ਨੇ ਆਪਣੇ ਕਾਰੋਬਾਰ ਨੂੰ ਫੈਲਾਉਣ ਲਈ ਇੱਕ ਕ੍ਰੇਨ ਟਰੱਕ ਖ਼ਰੀਦ ਲਿਆ।”

ਇਸ ਕ੍ਰੇਨ ਦਾ ਪ੍ਰਯੋਗ ਏਅਰ-ਕੰਡੀਸ਼ਨਿੰਗ ਇਕਾਈਆਂ ਲਗਾਉਣ ‘ਚ ਹੁੰਦਾ ਸੀ।

”ਇਸ ਨਾਲ ਉਨ੍ਹਾਂ ਨੂੰ ਕ੍ਰੇਨ ਕੰਪਨੀਆਂ ਦੀ ਮੂੰਹਬੋਲੀ ਰਕਮ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਸੀ।”

ਭਾਰਜ ਨੇ ਕ੍ਰੇਨ ਚਲਾਉਣ ਦੀ ਮੁੱਢਲੀ ਮੁਹਾਰਤ ਡਰਹਮ ਕਾਲਜ ਤੋਂ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਓਂਟਾਰੀਓ ਕਾਲਜ ਆਫ਼ ਟਰੇਡਸ ਵਿਖੇ ਇਸ ਬਾਰੇ ਇੱਕ ਮੁਕੰਮਲ ਕੋਰਸ ਵੀ ਪਾਸ ਕੀਤਾ। ਇੱਥੋਂ ਉਨ੍ਹਾਂ ਨੂੰ 339ਏ ਹੋਇਸਟਿੰਗ ਇੰਜੀਨੀਅਰਿੰਗ ਸਰਟੀਫ਼ੀਕੇਸ਼ਨ ਪ੍ਰਾਪਤ ਹੋਇਆ, ਜਿਸ ਨਾਲ ਉਨ੍ਹਾਂ ਨੂੰ ਮੋਬਾਈਲ ਕ੍ਰੇਨ ਆਪਰੇਟਰ ਵੱਜੋਂ ਕੰਮ ਮਿਲ ਗਿਆ।

ਹੁਣ ਉਹ ਆਪਣੇ ਰੁਜ਼ਗਾਰਦਾਤਾ ਕੋਲ ਸਿਖਲਾਈ ਪ੍ਰਾਪਤ ਕਰ ਕੇ ਸਿਖਰਲੇ 339ਬੀ ਲਾਇਸੰਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਭਾਰਜ ਅਨੁਸਾਰ, ”ਇਸ ਲਾਇਸੰਸ ਨੂੰ ਪ੍ਰਾਪਤ ਕਰਨ ਲਈ ਮੈਨੂੰ ਦੋ ਸਾਲ ਲਗਣੇ ਸਨ ਪਰ ਮੈਂ ਇਸ ਸਮੇਂ ਨੂੰ ਅੱਧਾ ਕਰ ਲਿਆ ਕਿਉਂਕਿ ਮੇਰੇ ਕੋਲ ਪਹਿਲਾਂ ਹੀ ਏ ਅਤੇ ਸੀ ਲਾਇਸੰਸ ਮੌਜੂਦ ਸਨ।”

”ਮੈਨੂੰ ਇਸ ਕੰਮ ਦਾ ਵਿਸ਼ਾਲ ਤਜ਼ਰਬਾ ਹੈ…, ਅਸਲ ‘ਚ ਮੇਰੇ ਕੋਲ 7,000 ਘੰਟੇ ਹਨ ਅਤੇ ਇਸ ਨੂੰ ਪ੍ਰਾਪਤ ਕਰਨ ਲਈ 6,000 ਘੰਟੇ ਜਾਂ ਤਿੰਨ ਸਾਲਾਂ ਦੀ ਸਿਖਲਾਈ ਚਾਹੀਦੀ ਹੈ।”

ਓਂਟਾਰੀਓ ਦੇ ਸਖ਼ਤ ਮੁਕਾਬਲੇਬਾਜ਼ੀ ਵਾਲੇ ਕ੍ਰੇਨ-ਆਪਰੇਸ਼ਨਜ਼ ਉਦਯੋਗ ‘ਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਕੁੱਝ ਕੁ ਲੋਕ ਹੀ ਪੈਰ ਰੱਖਣ ‘ਚ ਕਾਮਯਾਬ ਹੋ ਸਕੇ ਹਨ। ਭਾਰਜ ਨੂੰ ਲਗਦਾ ਹੈ ਕਿ ਇਸ ਦਾ ਕਾਰਨ ਇਸ ਉਦਯੋਗ ਬਾਰੇ ਜਾਣਕਾਰੀ ਦੀ ਕਮੀ ਅਤੇ ਟਰੱਕਿੰਗ ‘ਤੇ ਬਹੁਤ ਜ਼ਿਆਦਾ ਧਿਆਨ ਕੇਂਦਰਿਤ ਹੋਣਾ ਹੈ।

ਉਨ੍ਹਾਂ ਕਿਹਾ, ”ਮੈਂ ਆਪਣੇ ਪੱਧਰ ‘ਤੇ ਇਸ ਕੰਮ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।” ਨਾਲ ਹੀ ਉਨ੍ਹਾਂ ਕਿਹਾ ਕਿ ਇਸ ਖੇਤਰ ‘ਚ ਚੰਗੀ ਤਨਖ਼ਾਹ ਵੀ ਮਿਲਦੀ ਹੈ।

”ਤੁਹਾਡੀ ਮੁਹਾਰਤ ਦੇ ਅਨੁਸਾਰ ਤੁਹਾਡੀ ਤਨਖ਼ਾਹ 45 ਡਾਲਰ ਤੋਂ 63 ਡਾਲਰ ਪ੍ਰਤੀ ਘੰਟਾ ਹੋ ਸਕਦੀ ਹੈ। ਇਹ ਵੀ ਉਨ੍ਹਾਂ ਲਈ ਹੈ ਜੋ ਯੂਨੀਅਨ ਦੇ ਮੈਂਬਰ ਨਹੀਂ ਹਨ। ਜੇਕਰ ਤੁਸੀਂ ਯੂਨੀਅਨ ਦੇ ਮੈਂਬਰ ਹੋ ਤਾਂ ਤੁਹਾਡੀ ਤਨਖ਼ਾਹ 61 ਡਾਲਰ ਪ੍ਰਤੀ ਘੰਟਾ ਤੋਂ ਸ਼ੁਰੂ ਹੋਵੇਗੀ।”

ਉਨ੍ਹਾਂ ਇਹ ਵੀ ਕਿਹਾ ਕਿ ਕ੍ਰੇਨ ਤਕਨਾਲੋਜੀ ਦੇ ਉੱਨਤ ਹੋਣ ਕਾਰਨ ਅਤੇ ਅਥਾਰਟੀਆਂ ਵੱਲੋਂ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਕਾਰਨ ਇਸ ਉਦਯੋਗ ਦਾ ਸੁਰੱਖਿਆ ਰਿਕਾਰਡ ਬਹੁਤ ਚੰਗਾ ਹੈ।

ਓਂਟਾਰੀਓ ‘ਚ 1978 ‘ਚ ਸਿਖਲਾਈ ਲਾਜ਼ਮੀ ਬਣਾ ਦਿੱਤੀ ਗਈ ਸੀ ਅਤੇ ਕੁੱਝ ਸਾਲਾਂ ਬਾਅਦ ਸਰਟੀਫ਼ੀਕੇਸ਼ਨ ਦੀਆਂ ਵੱਖੋ-ਵੱਖ ਸ਼੍ਰੇਣੀਆਂ ਹੋਂਦ ‘ਚ ਆਈਆਂ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਬਹੁਤ ਘੱਟ ਗਿਆ।

ਕ੍ਰੇਨ ਆਪਰੇਟਰ, ਇੰਟਰਨੈਸ਼ਨਲ ਯੂਨੀਅਨ ਆਫ਼ ਆਪਰੇਟਿੰਗ ਇੰਜੀਨੀਅਰਸ ਲੋਕਲ 793 ਦੇ ਮੈਂਬਰ ਹਨ। ਇਹ ਯੂਨੀਅਨ ਓਂਟਾਰੀਓ ‘ਚ 15,000 ਕ੍ਰੇਨ ਅਤੇ ਭਾਰੇ ਉਪਕਰਨ ਆਪਰੇਟਰਸ ਯੂਨੀਅਨ ਦੀ ਪ੍ਰਤੀਨਿਧਗੀ ਕਰਦੀ ਹੈ ਅਤੇ ਇਸ ਨੇ ਦਸੰਬਰ ‘ਚ ਆਪਣਾ 100ਵਾਂ ਜਨਮਦਿਨ ਮਨਾਇਆ ਸੀ।

ਭਾਰਜ ਨੂੰ ਮਿਲੇ ਸੱਭ ਤੋਂ ਦਿਲਚਸਪ ਕੰਮਾਂ ‘ਚੋਂ ਇੱਕ ਪੋਰਟ ਕੋਲਬੋਰਨ ‘ਚ ਸੀ, ਜੋ ਕਿ ਨਿਆਗਰਾ ਫ਼ਾਲਸ, ਓਂਟਾਰੀਓ ਦੇ 30 ਕਿਲੋਮੀਟਰ ਦੱਖਣ ਵੱਲ ਸਥਿਤ ਹੈ।

ਹਰ ਸਾਲ ਸਰਦੀਆਂ ਦੇ ਮੌਸਮ ‘ਚ ਸ਼ਹਿਰ ‘ਚ ਬੈਰੀਅਰ ਲਾਏ ਜਾਂਦੇ ਹਨ ਜਿਨ੍ਹਾਂ ਨੂੰ ਸਟਾਪ ਲੋਕਸ ਕਿਹਾ ਜਾਂਦਾ ਹੈ। ਇਹ ਬੈਰੀਅਰ ਵੈਲਐਂਡ ਨਹਿਰ ਦੇ ਲਾਕ 8 ਵਿਖੇ ਲਾਏ ਜਾਂਦੇ ਹਨ ਜਿਨ੍ਹਾਂ ਦਾ ਕੰਮ ਮੁਰੰਮਤ ਦੇ ਕਾਰਜਾਂ ਲਈ ਪਾਣੀ ਨੂੰ ਰੋਕ ਕੇ ਰੱਖਣਾ ਹੁੰਦਾ ਹੈ।

ਇਨ੍ਹਾਂ ਸਟਾਪ ਲਾਕਸ ਨੂੰ ਬਸੰਤ ਦੇ ਮੌਸਮ ਤੋਂ ਪਹਿਲਾਂ ਹਟਾ ਲਿਆ ਜਾਂਦਾ ਹੈ ਅਤੇ ਅਗਲੀਆਂ ਸਰਦੀਆਂ ਦੇ ਮੌਸਮ ਤਕ ਸਾਂਭ ਕੇ ਰੱਖ ਲਿਆ ਜਾਂਦਾ ਹੈ। ਮਾਰਚ 2019 ‘ਚ ਭਾਰਜ ਦੇ ਰੁਜ਼ਗਾਰਦਾਤਾ ਨੇ ਇਸ ਕੰਮ ਲਈ ਠੇਕਾ ਪ੍ਰਾਪਤ ਕਰ ਲਿਆ।

”ਮੈਂ ਇੱਕ ਪੁਲ ‘ਤੇ ਦੋ ਲੇਨ ਵਾਲੀ ਸੜਕ ‘ਤੇ ਕੰਮ ਕਰ ਰਿਹਾ ਸੀ, ਜਿਨ੍ਹਾਂ ‘ਚੋਂ ਇੱਕ ਪਾਸੇ ਦੀ ਆਵਾਜਾਈ ਨੂੰ ਉਨ੍ਹਾਂ ਨੇ ਬੰਦ ਕੀਤਾ ਹੋਇਆ ਸੀ। ਪਰ ਜਦੋਂ ਮੈਂ ਪਾਣੀ ਅੰਦਰੋਂ ਲੋਡ ਨੂੰ ਚੁੱਕਣਾ ਸੀ ਤਾਂ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਕਰ ਕੇ ਪੂਰੇ ਪੁਲ ਨੂੰ ਮੇਰੇ ਲਈ ਬੰਦ ਕਰਨਾ ਪਿਆ ਸੀ।”

ਇਹ ਕੰਮ ਇਕ-ਡੇਢ ਦਿਨ ਤਕ ਹੀ ਚਲਿਆ ਸੀ ਪਰ ਇਸ ਨੂੰ ਨੇਪਰੇ ਚ੍ਹਾੜ÷ ਨ ਦਾ ਖੁਮਾਰ ਕਾਫ਼ੀ ਸਮੇਂ ਤਕ ਕਾਇਮ ਰਿਹਾ।

ਹਾਲਾਂਕਿ ਭਾਰਜ ਦਾ ਕਹਿਣਾ ਹੈ ਕਿ ਕ੍ਰੇਨ ਨੂੰ ਹਰ ਕੋਈ ਨਹੀਂ ਚਲਾ ਸਕਦਾ।

ਕਈ ਲੋਕਾਂ ਨੂੰ ਇਸ ਕੰਮ ਦੀਆਂ ਜ਼ਰੂਰਤਾਂ ਪੂਰਾ ਕਰਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਸਿਹਤ ਅਤੇ ਰਿਸ਼ਤੇ-ਨਾਤਿਆਂ ‘ਤੇ ਬੁਰਾ ਅਸਰ ਪਾ ਸਕਦੀਆਂ ਹਨ।

ਭਾਰਜ ਮੋਟਰਸਾਈਕਲ ਚਲਾਉਣ ਦੇ ਵੀ ਸ਼ੌਕੀਨ ਹਨ, ਅਤੇ ਉਨ੍ਹਾਂ ਕੋਲ ਕਾਵਾਸਾਕੀ ਦਾ ਜ਼ੈੱਡ.ਐਕਸ.14 ਨਿੰਜਾ ਲਿਮਟਡ-ਐਡੀਸ਼ਨ ਮੋਟਰਸਾਈਕਲ ਹੈ, ਜਿਸ ਲਈ ਉਨ੍ਹਾਂ ਨੇ 25,000 ਡਾਲਰ ਦੀ ਭਾਰੀ-ਭਰਕਮ ਰਕਮ ਤਾਰੀ ਸੀ।

”ਮੈਨੂੰ ਕੈਨੇਡਾ ‘ਚ ਇਸ ਤਰ੍ਹਾਂ ਦਾ ਆਖ਼ਰੀ ਮੋਟਰਸਾਈਕਲ ਮਿਲਿਆ, ਜੋ 30 ਵਿਚੋਂ 30ਵਾਂ ਨੰਬਰ ਸੀ ਅਤੇ ਕਾਵਾਸਾਕੀ ਕੋਲ ਇਸ ਦਾ ਨੰ. 1 ਹੈ।”

 

ਅਬਦੁਲ ਲਤੀਫ਼ ਵੱਲੋਂ