ਮਹਾਂਮਾਰੀ ਕਰਕੇ ਕੈਲੇਡਨ ਦੀ ਗ਼ੈਰਕਾਨੂੰਨੀ ਟਰੱਕ ਪਾਰਕਿੰਗ ਵਿਰੁੱਧ ਜੰਗ ਪਈ ਮੱਠੀ

Avatar photo

ਗ਼ੈਰਕਾਨੂੰਨੀ ਟਰੱਕ ਪਾਰਕਿੰਗ ਨਾਲ ਘਿਰਿਆ ਓਂਟਾਰੀਓ ਦਾ ਇੱਕ ਛੋਟਾ ਜਿਹਾ ਸ਼ਹਿਰ ਜੱਦੋਜਹਿਦ ਕਰ ਰਿਹਾ ਹੈ, ਪਰ ਮਹਾਂਮਾਰੀ ਕਰਕੇ ਕਾਨੂੰਨੀ ਪ੍ਰਕਿਰਿਆ ਰਾਹੀਂ ਇਸ ਦੀ ਲੜਾਈ ਮੱਠੀ ਪੈ ਗਈ ਹੈ ਜਿਸ ਕਰਕੇ ਸ਼ਹਿਰ ਦੇ ਵਸਨੀਕਾਂ ਦੀ ਨਿਰਾਸ਼ਾ ਵਧਦੀ ਜਾ ਰਹੀ ਹੈ।

ਮੇਅਰ ਐਲਨ ਥੋਂਪਸਨ ਤਸਵੀਰ : ਲੀਓ ਬਾਰੋਸ

ਕੈਲੇਡਨ ਦੇ ਮੇਅਰ ਐਲਨ ਥੋਂਪਸਨ ਨੇ ਕਿਹਾ, ‘‘ਕੋਵਿਡ ਕਰਕੇ ਕਈ ਪਾਬੰਦੀਆਂ ਲੱਗ ਗਈਆਂ ਹਨ। ਸਾਡੇ ਵੱਲੋਂ ਉਨ੍ਹਾਂ ਨੂੰ ਅਦਾਲਤ ’ਚ ਲੈ ਕੇ ਜਾਣ ਅਤੇ ਦੋਸ਼ ਆਇਦ ਕਰਨ ਦਾ ਕੰਮ ਕਈ ਚੁਨੌਤੀਆਂ ’ਚ ਘਿਰ ਗਿਆ ਹੈ। ਸਾਨੂੰ ਅਦਾਲਤਾਂ ’ਚ ਜਾਣ ਲਈ ਕਾਫ਼ੀ ਸਮਾਂ ਲੱਗ ਰਿਹਾ ਹੈ। ਕਾਸ਼ ਅਸੀਂ ਵਰਚੂਅਲ ਅਦਾਲਤੀ ਸੁਣਵਾਈਆਂ ਕਰ ਸਕਦੇ, ਤਾਂ ਕਿ ਕੇਸ ਛੇਤੀ ਨਿਪਟਦੇ। ਅਸੀਂ ਆਪਣੇ ਜੁਡੀਸ਼ੀਅਲ ਅਧਿਕਾਰੀਆਂ ਨੂੰ ਕਹਿ ਰਹੇ ਹਾਂ ਕਿ ਇਸ ਮਾਮਲੇ ਨੂੰ ਛੇਤੀ ਨਿਪਟਾਇਆ ਜਾਵੇ।’’

ਕੈਲੇਡਨ ਰੀਜਨ ਆਫ਼ ਪੀਲ ਦੇ ਬਿਲਕੁਲ ਉੱਪਰ ਸਥਿਤ ਹੈ – ਜੋ ਕਿ ਪ੍ਰੋਵਿੰਸ ਦਾ ਟਰੱਕਿੰਗ ਕੇਂਦਰ ਹੈ। ਪ੍ਰਾਪਰਟੀ ਦੀਆਂ ਘੱਟ ਕੀਮਤਾਂ ਅਤੇ ਖੁੱਲ੍ਹੀਆਂ ਥਾਵਾਂ ਕਰਕੇ ਇਹ ਟਰੱਕ ਅਤੇ ਬਿਜ਼ਨੈਸ ਮਾਲਕਾਂ ਲਈ ਆਕਰਸ਼ਣ ਬਣਿਆ ਹੋਇਆ ਹੈ।

ਦੀਪਕ ਪੁੰਜ ਤਸਵੀਰ: ਸਪਲਾਈਡ

ਇੱਕ ਰੇਡੀਓ ਹੋਸਟ ਅਤੇ ਰੀਅਲੇਟਰ ਦੀਪਕ ਪੁੰਜ ਨੇ ਕਿਹਾ ਕਿ ਬਰੈਂਪਟਨ ’ਚ ਰਹਿਣ ਵਾਲੇ ਸਮਾਲ-ਸਕੇਲ ਟਰੱਕਿੰਗ ਕੰਪਨੀ ਦੇ ਮਾਲਕਾਂ ਨੂੰ ਇਸ ਇਲਾਕੇ ’ਚ ਅਤੇ ਨੇੜਲੇ ਇਟੋਬੀਕੋ ’ਚ ਆਪਣੀਆਂ ਗੱਡੀਆਂ ਪਾਰਕ ਕਰਨ ਲਈ ਵੱਡੀ ਕੀਮਤ ਤਾਰਨੀ ਪੈਂਦੀ ਹੈ। ਉਨ੍ਹਾਂ ਨੇ ਕਈ ਸਾਲ ਪਹਿਲਾਂ ਆਪਣੇ ਘਰ ਵੇਚ ਕੇ ਕੈਲੇਡਨ ’ਚ ਜਾਇਦਾਦ ਖ਼ਰੀਦ ਲਈ ਸੀ। ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਪਾਰਕਿੰਗ ਦੀ ਕੀਮਤ ਬਚ ਜਾਂਦੀ ਹੈ। ਹੁਣ ਉਹ ਮੋਨੋ ਸ਼ਹਿਰ ਅਤੇ ਇਸ ਤੋਂ ਵੀ ਅੱਗੇ ਜਾ ਰਹੇ ਹਨ।’’

ਥੋਂਪਸਨ ਨੇ ਕਿਹਾ ਕਿ ਲੋਕ 100 ਏਕੜ ਤੱਕ ਦੇ ਫ਼ਾਰਮ ਖ਼ਰੀਦ ਦੇ ਉੱਥੇ ਹੀ ਟਰੱਕ ਪਾਰਕ ਕਰ ਰਹੇ ਹਨ। ‘‘ਇਸ ਨਾਲ ਇਹ ਆਪਰੇਟਰ ਉਨ੍ਹਾਂ ਲੋਕਾਂ ਤੋਂ ਚੰਗੇ ਰਹਿੰਦੇ ਹਨ ਜਿਨ੍ਹਾਂ ਨੇ ਆਪਣੀ ਜ਼ਮੀਨ ਨੂੰ ਜ਼ੋਨ ਅਧੀਨ ਲਿਆਉਣ ਦੀ ਪੂਰੀ ਪ੍ਰਕਿਰਿਆ ਦਾ ਪਾਲਣ ਕੀਤਾ ਹੈ। ਇਸ ਨਾਲ ਅਣਸਾਵੇਂ ਹਾਲਾਤ ਪੈਦਾ ਹੋਏ ਹਨ।’’

ਮਿਊਂਸੀਪਲ ਲਾਅ ਇਨਫ਼ੋਰਸਮੈਂਟ ਦੇ ਮੈਨੇਜਰ ਜੌਨ ਡੀਕੋਰਸੀ ਨੇ ਕਿਹਾ ਕਿ ਕੈਲੇਡਨ ਨੇ ਪਿਛਲੇ ਸਾਲ ਦੀ ਸ਼ੁਰੂਆਤ ’ਚ ਪ੍ਰੋਐਕਟਿਵ ਲੈਂਡ ਯੂਜ਼ ਇਨਫ਼ੋਰਸਮੈਂਟ ਟਾਸਕ ਫ਼ੋਰਸ ਬਣਾਈ ਸੀ, ਜਿਸ ’ਚ ਦੋ ਸਮਰਪਿਤ ਬਾਏਲਾਅ ਅਫ਼ਸਰ ਸ਼ਾਮਲ ਸਨ।

ਪ੍ਰੋਐਕਟਿਵ ਇਨਫ਼ੋਰਸਮੈਂਟ ਪਹੁੰਚ ਨੂੰ ਅਪਣਾਉਂਦਿਆਂ ਅਫ਼ਸਰਾਂ ਨੇ ਗਸ਼ਤ ਅਤੇ ਸ਼ਿਕਾਇਤਾਂ ਦੇ ਆਧਾਰ ’ਤੇ ਕਾਨੂੰਨਾਂ ’ਤੇ ਖਰੀਆਂ ਨਹੀਂ ਉਤਰ ਰਹੀਆਂ 180 ਜਾਇਦਾਦਾਂ ਦੀ ਪਛਾਣ ਕਰ ਲਈ ਹੈ।

ਡੀਕੋਰਸੀ ਨੇ ਕਿਹਾ ਕਿ ਉਨ੍ਹਾਂ ਦਾ ਜ਼ੋਰ ਸਿੱਖਿਆ ’ਤੇ ਹੈ। ਜਾਇਦਾਦ ਦੇ ਮਾਲਕ ਨੂੰ 30 ਦਿਨਾਂ ਦਾ ਨੋਟਿਸ ਦਿੱਤਾ ਜਾਂਦਾ ਹੈ ਤਾਂ ਕਿ ਉਹ ਕਾਨੂੰਨ ਦੀ ਪਾਲਣਾ ਕਰ ਸਕੇ। ਇਸ ਤੋਂ ਬਾਅਦ ਦੋ ਹਫ਼ਤਿਆਂ ਦਾ ਨੋਟਿਸ ਦਿੱਤਾ ਜਾਂਦਾ ਹੈ ਅਤੇ ਜੇਕਰ ਜਾਇਦਾਦ ਦਾ ਮਾਲਕ ਫਿਰ ਵੀ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਦੋਸ਼ ਲਾ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 18 ਮਾਲਕਾਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੈ – ਜਿਸ ਦੀ ਸਫ਼ਲਤਾ ਫ਼ੀਸਦੀ 10% ਹੈ – ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗਿਣਤੀ ਵਧੇਗੀ।

ਡੀਕੋਰਸੀ ਨੇ ਕਿਹਾ ਕਿ ਅਫ਼ਸਰ ਟਿਕਟਾਂ ਜਾਰੀ ਕਰਦੇ ਹਨ, ਪਰ ਜਿਸ ਯਾਰਡ ’ਚ 100 ਤੋਂ ਵੱਧ ਟਰੱਕ ਖੜ੍ਹੇ ਹੋਣ, ਉੱਥੇ ਟਿਕਟਾਂ ਦਾ ਅਸਰ ਨਹੀਂ ਹੁੰਦਾ। ਜਾਇਦਾਦ ਦੇ ਮਾਲਕਾਂ ਨੂੰ ਅਦਾਲਤਾਂ ’ਚ ਸੱਦਿਆ ਗਿਆ ਹੈ, ਪਰ ਸੁਣਵਾਈ ਅਜੇ ਤੱਕ ਨਹੀਂ ਹੋਈ।

ਥੋਂਪਸਨ ਨੇ ਕਿਹਾ ਕਿ ਬਰੈਂਪਟਨ ਨੇੜੇ ਸਥਿਤ ਜਾਇਦਾਦ ਸਮੱਸਿਆ ਦਾ ਖੇਤਰ ਹਨ।

ਕੈਲੇਡਨ ਅਤੇ ਬਰੈਂਪਟਨ ਨੂੰ ਵੰਡਣ ਵਾਲੀ ਮੇਅਫ਼ੀਲਡ ਸੜਕ ’ਤੇ ਟਰੱਕਾਂ ਦੀ ਭਾਰੀ ਆਮਦ ਰਹਿੰਦੀ ਹੈ। ਤਸਵੀਰ : ਲੀਓ ਬਾਰੋਸ

ਮੇਅਫ਼ੀਲਡ ਸੜਕ ਕੈਲੇਡਨ ਅਤੇ ਬਰੈਂਪਟਨ ਨੂੰ ਵੰਡਦੀ ਹੈ। ਸੜਕ ਦੇ ਦੱਖਣੀ ਪਾਸੇ ਬਰੈਂਪਟਨ ’ਚ ਬੜੀ ਤੇਜ਼ੀ ਨਾਲ ਘਰ ਅਤੇ ਸ਼ਾਪਿੰਗ ਪਲਾਜ਼ਿਆਂ ਦੀ ਉਸਾਰੀ ਚਲ ਰਹੀ ਹੈ। ਉੱਤਰ ’ਚ ਕੈਲੇਡਨ ਅਜਿਹੀ ਸ਼ਾਂਤ ਤਸਵੀਰ ਪੇਸ਼ ਕਰਦਾ ਹੈ ਕਿ ਜਿੱਥੇ ਤੱਕ ਨਜ਼ਰ ਦੌੜਦੀ ਹੈ ਖੇਤ ਹੀ ਖੇਤ ਹਨ, ਜਿਨ੍ਹਾਂ ’ਚ ਕਿਤੇ-ਕਿਤੇ ਘਰ ਦਿਸਦਾ ਹੈ।

ਡੀਕੋਰਸੀ ਅਨੁਸਾਰ ਇਨ੍ਹਾਂ ਥਾਵਾਂ ’ਚ ਹੀ ਟਰੱਕਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਪਾਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਟਰੱਕਾਂ ਦੇ ਮਾਲਕ ਗੱਡੀ ਪਾਰਕ ਕਰਨ ਲਈ ਪ੍ਰਤੀ ਮਹੀਨਾ 400 ਡਾਲਰ ਅਦਾ ਕਰ ਰਹੇ ਹਨ। ਕਈ ਜਾਇਦਾਦਾਂ ’ਤੇ 100 ਤੋਂ ਵੀ ਜ਼ਿਆਦਾ ਟਰੱਕ ਪਾਰਕ ਹਨ। ਮੇਅਫ਼ੀਲਡ ਸੜਕ ’ਤੇ ਇਹ ਕਾਰੋਬਾਰ ਗ਼ੈਰਕਾਨੂੰਨੀ ਤਰੀਕੇ ਨਾਲ ਬਹੁਤ ਪੈਸਾ ਬਣਾ ਰਹੇ ਹਨ।’’

ਅਤੇ ਮੇਅਫ਼ੀਲਡ ਸੜਕ ਦੇ ਬਰੈਂਪਟਨ ਵਾਲੇ ਪਾਸੇ ਰਹਿ ਰਹੇ ਲੋਕ ਕੈਲੇਡਨ ਤੋਂ ਲਗਾਤਾਰ ਨਿਕਲ ਰਹੇ ਟਰੱਕਾਂ ਦੀ ਆਵਾਜ਼ ਤੋਂ ਖ਼ੁਸ਼ ਨਹੀਂ ਹਨ।

ਇੱਕ ਖ਼ਬਰ ਅਨੁਸਾਰ ਬਰੈਂਪਟਨ ਦੇ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਪਿੱਛੇ ਜਿਹੇ ਇੱਕ ਮਤਾ ਲਿਆਂਦਾ ਸੀ ਜਿਸ ’ਚ ਰੀਜਨ ਆਫ਼ ਪੀਲ ਨੂੰ ਨਿਜੀ ਮਲਕੀਅਤ ਵਾਲੇ ਸ਼ੋਰ ਬੈਰੀਅਰ ਬਦਲਣ ਲਈ ਕਿਹਾ ਗਿਆ ਸੀ ਜਾਂ ਇਨ੍ਹਾਂ ਨੂੰ ਅਜਿਹੀ ਥਾਂ ’ਤੇ ਲਾਉਣ ਬਾਰੇ ਕਿਹਾ ਗਿਆ ਸੀ ਜਿੱਥੇ ਕੋਈ ਨਹੀਂ ਹੈ।

ਰੋਡ ਟੂਡੇ ਨੇ ਇਸ ਬਾਰੇ ਢਿੱਲੋਂ ਨਾਲ ਸੰਪਰਕ ਕੀਤਾ ਸੀ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਹੁੰਗਾਰਾ ਨਹੀਂ ਮਿਲਿਆ ਹੈ।

ਨਿਕ ਮੇਂਗੀ ਤਸਵੀਰ: ਸਪਲਾਈਡ

ਨਿਕ ਮੇਂਗੀ ਬਰੈਂਪਟਨ ’ਚ ਮੇਅਫ਼ੀਲਡ ਰੋਡ ’ਤੇ ਇੱਕ ਘਰ ਬਣਾ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਟਰੱਕ ਇੱਥੋਂ ਨਾ ਨਿਕਲਣ। ਉਨ੍ਹਾਂ ਕਿਹਾ, ‘‘ਮੈਂ ਭੀੜ-ਭੜੱਕਾ ਨਹੀਂ ਚਾਹੁੰਦਾ। ਇਸ ਰਾਹ ’ਤੇ ਟਰੱਕਾਂ ਦਾ ਲੰਘਣਾ ਬੰਦ ਕਰਨਾ ਚਾਹੀਦਾ ਹੈ। ਇਹ ਰਿਹਾਇਸ਼ੀ ਇਲਾਕਾ ਹੈ।’’

ਉਨ੍ਹਾਂ ਨੂੰ ਨਹੀਂ ਲਗਦਾ ਕਿ ਸ਼ੋਰ ਰੋਕਣ ਵਾਲੇ ਬੈਰੀਅਰ ਕੰਮ ਕਰਨਗੇ। ਉਨ੍ਹਾਂ ਦਾ ਘਰ ਦੋ ਮੰਜ਼ਿਲਾ ਹੋਵੇਗਾ। ‘‘ਸੌਣ ਦੇ ਕਮਰੇ ਦੂਜੀ ਮੰਜ਼ਿਲ ’ਤੇ ਹਨ। ਇਹ ਕੰਧ ਕਿੰਨੀ ਕੁ ਉੱਚੀ ਹੋਵੇਗੀ? ਸੌਣ ਦੇ ਕਮਰੇ ਇਸ ਤੋਂ ਉੱਚੇ ਹੀ ਹੋਣਗੇ, ਫਿਰ ਇਨ੍ਹਾਂ ਦਾ ਕੀ ਫ਼ਾਇਦਾ?’’ ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਲਗਾਤਾਰ ਟਰੱਕਾਂ ਦੇ ਆਉਣ-ਜਾਣ ਨਾਲ ਪੈਣ ਵਾਲੀ ਧਮਕ ਉਨ੍ਹਾਂ ਦੇ ਘਰ ’ਤੇ ਅਸਰ ਪਾਵੇਗੀ।

ਕੈਲੇਡਨ ਦੇ ਕੌਂਸਲਰ ਜੋਹਾਨਾ ਡਾਊਨੀ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ’ਚ ਹਰ ਪਾਸੇ ਗ਼ੈਰਕਾਨੂੰਨੀ ਟਰੱਕ ਯਾਰਡ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਲੋਜਿਸਟਿਕਸ ਅਤੇ ਟਰੱਕਿੰਗ ਵਿਰੁੱਧ ਨਹੀਂ ਹੈ ਪਰ ਕਾਰੋਬਾਰ ਕਰਨ ਲਈ ਢੁਕਵੀਆਂ ਥਾਵਾਂ ਬਣਾਉਣ ਲਈ ਯੋਜਨਾਬੰਦੀ ਅਤੇ ਨੀਤੀ ਹੋਣੀ ਚਾਹੀਦੀ ਹੈ।

ਥੋਂਪਸਨ ਨੇ ਕਿਹਾ ਕਿ ਸ਼ਹਿਰ ’ਚ ਕਈ ਸਾਲਾਂ ਤੋਂ ਅਜਿਹੇ ਲੋਕ ਰਹਿ ਰਹੇ ਹਨ ਜਿਨ੍ਹਾਂ ਦੀ ਆਮਦਨ ਦਾ ਜ਼ਰੀਆ ਟਰੱਕਿੰਗ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਟਰੱਕ ਹਨ ਅਤੇ ਉਹ ਆਪਣੀ ਜ਼ਮੀਨ ’ਤੇ ਇਸ ਨੂੰ ਪਾਰਕ ਕਰਦੇ ਹਨ। ‘‘ਇਨ੍ਹਾਂ ’ਚੋਂ ਬਹੁਤਿਆਂ ਨੇ ਸ਼ਹਿਰ ਤੋਂ ਇਸ ਬਾਰੇ ਇਜਾਜ਼ਤ ਲਈ ਹੈ ਅਤੇ ਇਹ ਕਾਨੂੰਨੀ ਹਨ।’’

ਥੋਂਪਸਨ ਨੇ ਕਿਹਾ ਕਿ ਵੱਡੇ ਟਰੱਕ ਪਾਰਕਿੰਗ ਲਾਟ ਬਹੁਤ ਤੇਜ਼ੀ ਨਾਲ ਫੈਲਦੇ ਹਨ। ‘‘ਉਹ ਮਿੱਟੀ ਨੂੰ ਬੁਲਡੋਜ਼ਰ ਨਾਲ ਕੱਢ ਦਿੰਦੇ ਹਨ। ਹਫ਼ਤੇ ਦੇ ਅਖ਼ੀਰ ਦੀਆਂ ਛੁੱਟੀਆਂ ’ਚ ਇਸ ਨੂੰ ਭਰ ਦਿੰਦੇ ਹਨ ਅਤੇ ਇੱਕ ਹਫ਼ਤੇ ’ਚ ਪੂਰਾ ਟਰੱਕ ਲਾਟ ਤਿਆਰ ਹੋ ਜਾਂਦਾ ਹੈ।’’

ਕੈਲੇਡਨ ’ਚ ਮੇਅਫ਼ੀਲਡ ਸੜਕ ’ਤੇ ਇੱਕ ਟਰੱਕ ਪਾਰਕਿੰਗ ਨੇੜੇ ਲੱਗਾ ਸਾਈਨ ਜਿਸ ਨੂੰ ਸ਼ਹਿਰ ਦੇ ਅਧਿਕਾਰੀਆਂ ਨੇ ਗ਼ੈਰਕਾਨੂੰਨੀ ਕਰਾਰ ਦਿੱਤਾ ਹੋਇਆ ਹੈ। ਤਸਵੀਰ : ਲੀਓ ਬਾਰੋਸ

ਉਨ੍ਹਾਂ ਕਿਹਾ ਕਿ ਇੱਕ ਕੰਟੇਨਰ ਡੀਪੂ ਨੂੰ ਬੋਲਟਨ ਦੇ ਬਾਹਰ ਉਸਾਰਿਆ ਗਿਆ ਸੀ, ਜੋ ਕਿ ਸ਼ਹਿਰ ਦਾ ਸਭ ਤੋਂ ਵੱਡਾ ਸ਼ਹਿਰੀ ਕੇਂਦਰ ਹੈ। ਅੱਠ ਦਿਨਾਂ ਅੰਦਰ ਇਹ ਖੇਤਰ ਅੱਠ ਕੰਟੇਨਰ ਉੱਚਾ ਬਣ ਗਿਆ। ਉਨ੍ਹਾਂ ਕਿਹਾ, ‘‘ਅਸੀਂ ਕਾਨੂੰਨ ਦਾ ਡਰ ਦੇਣ ਦੀ ਕੋਸ਼ਿਸ਼ ਕੀਤੀ, ਇੱਥੇ ਪਹੁੰਚਣ ਦਾ ਰਸਤਾ ਵੀ ਰੋਕ ਦਿੱਤਾ ਗਿਆ ਕਿਉਂਕਿ ਇਹ ਗ਼ੈਰਕਾਨੂੰਨੀ ਸੀ। ਸਾਨੂੰ ਕਾਨੂੰਨੀ ਪ੍ਰਕਿਰਿਆ ਅਪਨਾਉਣੀ ਪੈਂਦੀ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰਦੇ, ਤਾਂ ਅਸੀਂ ਅਦਾਲਤ ’ਚ ਹਾਰ ਜਾਵਾਂਗੇ। ਅਕਸਰ ਗੁਆਂਢੀਆਂ ਲਈ ਇਹ ਪ੍ਰਕਿਰਿਆ ਤੇਜ਼ ਨਹੀਂ ਹੁੰਦੀ।’’

ਉਨ੍ਹਾਂ ਕਿਹਾ ਕਿ ਕੁੱਝ ਰੀਅਲ ਅਸਟੇਟ ਏਜੰਟ ਇਸ ਸਮੱਸਿਆ ਦਾ ਹਿੱਸਾ ਹਨ, ਜੋ ਕਿ ਆਪਣੇ ਗ੍ਰਾਹਕਾਂ ਨੂੰ ਦੱਸਦੇ ਹਨ ਕਿ ਉਹ ਜਿਸ ਜ਼ਮੀਨ ਨੂੰ ਖ਼ਰੀਦ ਰਹੇ ਹਨ ਉਸ ’ਤੇ ਟਰੱਕ ਪਾਰਕ ਕੀਤੇ ਜਾ ਸਕਦੇ ਹਨ। ਜਦੋਂ ਉਹ ਉਨ੍ਹਾਂ ਵੱਲੋਂ ਲਾਏ ਪਾਰਕਿੰਗ ਸਾਈਨ ਵੇਖਦੇ ਹਨ ਤਾਂ ਉਨ੍ਹਾਂ ਨੂੰ ਸੱਦ ਕੇ ਇਹ ਹਟਾਉਣ ਲਈ ਕਹਿੰਦੇ ਹਨ।

‘‘ਮੈਂ ਇਸ ਤੋਂ ਤੰਗ ਆ ਚੁੱਕਾ ਹਾਂ, ਕੌਂਸਲਰ ਇਸ ਤੋਂ ਤੰਗ ਆ ਚੁੱਕੇ ਹਨ, ਇਹ ਸੱਭ ਸਾਨੂੰ ਪ੍ਰੇਸ਼ਾਨ ਕਰ ਰਿਹਾ ਹੈ।’’

ਥੋਂਪਸਨ ਨੇ ਕਿਹਾ ਕਿ ਸ਼ਹਿਰ ਦੇ ਕੁੱਝ ਲੰਮੇ ਸਮੇਂ ਤੋਂ ਵਸਨੀਕ ਤੰਗ ਆ ਚੁੱਕੇ ਹਨ, ਅਤੇ ਇੱਥੋਂ ਨਿਕਲ ਚੁੱਕੇ ਹਨ। ‘‘ਇਹ ਬਹੁਤ ਮੰਦਭਾਗੀ ਗੱਲ ਹੈ।’’

ਕੌਂਸਲ ਡਾਊਨੀ ਨੇ ਵੀ ਇਸ ਤੱਥ ਦੀ ਪੁਸ਼ਟੀ ਕੀਤੀ ਕਿ ਲੋਕ ਇੱਥੋਂ ਜਾ ਰਹੇ ਹਨ ਕਿਉਂਕਿ ‘‘ਉਨ੍ਹਾਂ ਨੂੰ ਦਿ੍ਰਸ਼ ਬਦਲਦਾ ਦਿਸ ਰਿਹਾ ਹੈ, ਜੋ ਕਿ ਕਿਸੇ ਸਾਕਾਰਾਤਮਕ ਦਿਸ਼ਾ ’ਚ ਨਹੀਂ ਜਾ ਰਿਹਾ।’’

ਉਨ੍ਹਾਂ ਨੇ ਟਰੱਕਿੰਗ ਉਦਯੋਗ, ਅਤੇ ਉਨ੍ਹਾਂ ਦਾ ਪ੍ਰਯੋਗ ਕਰਨ ਵਾਲੇ ਕਾਰੋਬਾਰ ਨਾਲ ਗੋਲ ਮੇਜ਼ ਗੱਲਬਾਤ ਸ਼ੁਰੂ ਕੀਤੀ ਹੈ। ਸਮੱਸਿਆਵਾਂ ਪੇਸ਼ ਕੀਤੀਆਂ ਜਾਂਦੀਆਂ ਹਨ  ਅਤੇ ਹੱਲ ਮੰਗੇ ਜਾਂਦੇ ਹਨ।

ਡਾਊਨੀ ਨੇ ਕਿਹਾ, ‘‘ਇਹ ਵੱਡੀ ਯੋਜਨਾਬੱਧ ਸਮੱਸਿਆ ਦੀ ਨਿਸ਼ਾਨੀ ਹਨ। ਜੇਕਰ ਅਸੀਂ ਇਸ ਦੀ ਜੜ੍ਹ ਫੜ ਲਵਾਂਗੇ ਅਤੇ ਹੱਲ ਲੱਭ ਲਵਾਂਗੇ, ਤਾਂ ਸਾਰੀਆਂ ਛੋਟੀਆਂ ਸਮੱਸਿਆ ਖ਼ੁਦ ਹੀ ਖ਼ਤਮ ਹੋ ਜਾਣਗੀਆਂ।’’

ਲੀਓ ਬਾਰੋਸ ਵੱਲੋਂ