ਮਹਾਂਮਾਰੀ ਦੇ ਬਾਵਜੂਦ, ਵੱਧ ਰਹੀ ਕਮਰਸ਼ੀਅਲ ਟੈਸਟਿੰਗ ਕਰਕੇ ਡਰਾਈਵ ਟੈਸਟਾਂ ਦੀ ਗਿਣਤੀ ਵਧੀ

Avatar photo

ਕੋਵਿਡ-19 ਮਹਾਂਮਾਰੀ ਨਾਲ ਸੰਬੰਧਤ ਤਾਲਾਬੰਦੀ ਦੇ ਬਾਵਜੂਦ, ਇਸ ਸਾਲ ਸਰਕੋ ਦੇ ਡਰਾਈਵਟੈਸਟ ਨੇ ਮਹੀਨਾਵਾਰ ਕਮਰਸ਼ੀਅਲ ਰੋਡ ਟੈਸਟਾਂ ‘ਚ ਰੀਕਾਰਡ ਵਾਧਾ ਵੇਖਿਆ ਹੈ।

(ਤਸਵੀਰ : ਐਮ.ਟੀ.ਓ.)

ਨਵਾਂ ਰੀਕਾਰਡ ਅਕਤੂਬਰ ਮਹੀਨੇ ‘ਚ ਸਾਹਮਣੇ ਆਇਆ, ਜੋ ਕਿ ਮਾਰਚ ‘ਚ ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਪਹਿਲਾ ਅਜਿਹਾ ਮਹੀਨਾ ਸੀ ਜਿਸ ‘ਚ 1,000 ਤੋਂ ਵੱਧ ਡਰਾਈਵ ਟੈਸਟ ਮੁਕੰਮਲ ਕੀਤੇ ਗਏ। ਕੰਪਨੀ ਨੂੰ ਆਪਣੇ 800 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣਾ ਪਿਆ ਸੀ। ਟਰੱਕ ਟਰੇਨਿੰਗ ਸਕੂਲ ਐਸੋਸੀਏਸ਼ਨ ਆਫ਼ ਓਂਟਾਰੀਓ (ਟੀ.ਟੀ.ਐਸ.ਏ.ਓ.) ਨੂੰ 17 ਦਸੰਬਰ ਨੂੰ ਸੰਬੋਧਨ ਕਰਦਿਆਂ ਸਰਕੋ ਦੇ ਮੈਨੇਜਿੰਗ ਡਾਇਰੈਕਟਰ ਗੈਰੀ ਕੁੱਕ ਨੇ ਕਿਹਾ ਕਿ ਜੂਨ ‘ਚ ਮੁੜ ਖੁੱਲ੍ਹਣ ਤੋਂ ਬਾਅਦ, ਏਜੰਸੀ ਨੇ ਕਮਰਸ਼ੀਅਲ ਟੈਸਟਿੰਗ ਦੀ ਗਿਣਤੀ ਵਧਾ ਦਿੱਤੀ।

19 ਸਤੰਬਰ ਤੋਂ 21 ਨਵੰਬਰ ਤਕ 10 ਹਫ਼ਤਿਆਂ ਦੇ ਸਮੇਂ ਦੌਰਾਨ, ਡਰਾਈਵਟੈਸਟ ਨੇ ਅਸਲ ‘ਚ 9,733 ਟੈਸਟ ਕੀਤੇ, ਜੋ ਕਿ 2019 ਤੋਂ 22% ਵੱਧ ਸਨ। ਹਾਲਾਂਕਿ ਪਿਛਲੇ ਹਫ਼ਤਿਆਂ ਦੌਰਾਨ ਕੁੱਝ ਹੋਰ ਰੀਜਨਲ ਤਾਲਾਬੰਦੀ ਲਾਗੂ ਕੀਤੀ ਗਈ ਹੈ।

ਕੁੱਕ ਨੇ ਮੰਨਿਆ, ”ਇਹ ਸਾਲ ਚੁਨੌਤੀਪੂਰਨ ਰਿਹਾ ਹੈ।” ਪਰ ਇਹ ਉਤਪਾਦਕ ਸਾਲ ਵੀ ਰਿਹਾ। ਜਦੋਂ ਡਰਾਈਵਟੈਸਟ ਫ਼ੈਸੇਲਿਟੀਜ਼ ਖੁੱਲ੍ਹੀਆਂ, ਤਾਂ ਉਨ੍ਹਾਂ ਨੇ ਕਮਰਸ਼ੀਅਲ ਟੈਸਟਿੰਗ ‘ਚ ਬਕਾਇਆ ਪਏ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਕਦਮ ਚੁੱਕਿਆ। ਟਰੇਨਿੰਗ ਸਕੂਲਾਂ ‘ਚ ਕਮਰਸ਼ੀਅਲ ਟੈਸਟਿੰਗ ਲਈ ਪਾਈਲਟ ਪ੍ਰੋਗਰਾਮ ਵੀ ਲਾਗੂ ਕੀਤਾ ਗਿਆ।

ਕੁੱਕ ਨੇ ਕਿਹਾ ਕਿ ਪ੍ਰੋਗਰਾਮ ਸਫ਼ਲ ਰਿਹਾ ਅਤੇ ਇਸ ਦੀ ਜਨਵਰੀ ‘ਚ ਸਮੀਖਿਆ ਕੀਤੀ ਜਾਵੇਗੀ ਕਿ ਇਸ ਦਾ ਵਿਸਤਾਰ ਕੀਤਾ ਜਾਵੇ ਜਾਂ ਨਾ। ਇਸ ਸਾਲ ਟਰੇਨਿੰਗ ਸਕੂਲ ‘ਚ 37 ਸਾਈਟ ਵਿਜ਼ਿਟ ਦੌਰਾਨ 140 ਟੈਸਟ ਕੀਤੇ ਗਏ।

ਕੁੱਕ ਨੇ ਕਿਹਾ, ”ਅਸੀਂ ਸੰਬੰਧਤ ਸਕੂਲਾਂ ਅਤੇ ਸਾਡੇ ਇਮਤਿਹਾਨ ਲੈਣ ਵਾਲੇ ਡਰਾਈਵਰਾਂ ਤੋਂ ਉਨ੍ਹਾਂ ਦੀ ਪ੍ਰਤੀਕਿਰਿਆ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਨੇ ਬਹੁਤ ਸਾਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ।”

ਡਰਾਈਵਟੈਸਟ ਨੇ ਇੱਕ ਬਲਾਕ ਬੁਕਿੰਗ ਪ੍ਰੋਗਰਾਮ ਵੀ ਲਾਗੂ ਕੀਤਾ ਹੈ, ਤਾਂ ਕਿ ਸਕੂਲ ਰੋਡ ਟੈਸਟਾਂ ਨੂੰ ਬਲਾਕ ‘ਚ ਲਾਕ ਕਰ ਸਕੇ, ਅਤੇੇ ਉਹ ਆਪਣੇ ਵਿਦਿਆਰਥੀਆਂ ਲਈ ਟੈਸਟ ਦੇ ਮੁਹੱਈਆ ਹੋਣ ਬਾਰੇ ਵੱਧ ਯਕੀਨੀ ਹੋ ਸਕਣ। ਡਰਾਈਵਟੈਸਟ ਨੇ ਹੋਰ ਜ਼ਿਆਦਾ ਜਾਂਚਕਰਤਾ ਵੀ ਜੋੜੇ ਹਨ, ਜਿਨ੍ਹਾਂ ਦੀ ਗਿਣਤੀ ਹੁਣ 95 ਹੋ ਗਈ ਹੈ, ਜੋ ਕਿ ਸਾਲ ਦੇ ਸ਼ੁਰੂ ‘ਚ 70 ਸੀ। ਕੁੱਕ ਨੇ ਕਿਹਾ ਕਿ ਟੀਚਾ 2021 ਦੇ ਬਸੰਤ ਮੌਸਮ ਤਕ 120 ਡਰਾਈਵ ਜਾਂਚਕਰਤਾਵਾਂ ਦੀ ਭਰਤੀ ਕਰਨਾ ਹੈ। ਇਸ ਨੇ ਆਪਣੀਆਂ ਟੈਸਟਿੰਗ ਲੇਨਾਂ ਦਾ ਵੀ ਵਿਸਤਾਰ ਕਰ ਕੇ 43 ਤੋਂ 55 ਕਰ ਦਿੱਤਾ ਹੈ, ਇਨ੍ਹਾਂ ‘ਚ ਉਹ ਥਾਵਾਂ ਸ਼ਾਮਲ ਨਹੀਂ ਹਨ ਜੋ ਕਿ ਸਕੂਲਾਂ ਨੇੜੇ ਸਥਿਤ ਹਨ ਜਿੱਥੇ ਕਿ ਆਨਸਾਈਟ ਟੈਸਟਿੰਗ ਕੀਤੀ ਜਾ ਰਹੀ ਹੈ।

ਏਜੰਸੀ ਟੈਸਟਿੰਗ ਲੋਕੇਸ਼ਨਾਂ ਅਤੇ ਜਾਂਚਕਰਤਾਵਾਂ ਵਿਚਕਾਰ ਵੱਧ ਨਿਰੰਤਰਤਾ ਦੀ ਮੰਗ ‘ਤੇ ਵੀ ਕੰਮ ਕਰ ਰਹੀ ਹੈ। ਕੁੱਕ ਨੇ ਕਿਹਾ ਕਿ ਇਹ ਪ੍ਰੋਵਿੰਸ ‘ਚ ਹਰ ਜਾਂਚਕਰਤਾ ਅਤੇ ਡਰਾਈਵਟੈਸਟ ਕੇਂਦਰ ਕੋਲੋਂ ਪਾਸ ਹੋਣ ਦੀ ਦਰ ਦੀ ਪੜਤਾਲ ਕਰ ਰਹੀ ਹੈ ਅਤੇ ਹਰ ਪਾਸ ਹੋਣ ਵਾਲੇ ਦੀ ਨਿਗਰਾਨੀ ਕੀਤੀ ਜਾਵੇਗੀ।

ਐਮ.ਈ.ਐਲ.ਟੀ. ਹੋਣ ਵਾਲਾ ਹੈ ਬਿਹਤਰ

ਆਵਾਜਾਈ ਮੰਤਰਾਲੇ ਦੇ ਸੀਨੀਅਰ ਨੀਤੀ ਸਲਾਹਕਾਰ ਜੌਨ ਲੈਂਡਓਲਫ਼ੀ ਨੇ ਲਾਜ਼ਮੀ ਦਾਖ਼ਲਾ-ਪੱਧਰੀ ਸਿਖਲਾਈ (ਐਮ.ਈ.ਐਲ.ਟੀ.) ਪ੍ਰੋਗਰਾਮ ‘ਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਚਰਚਾ ਕੀਤੀ ਹੈ।

(ਤਸਵੀਰ : ਜੌਨ ਜੀ. ਸਮਿੱਥ)

ਇੱਕ ਟੀਚਾ ਐਮ.ਈ.ਐਲ.ਟੀ. ਸਿਖਲਾਈ ਦੇਣ ਵਾਲੇ ਸਕੂਲਾਂ ਤੋਂ ਨਿਰੰਤਰ ਸਿਖਲਾਈ ਮਾਨਕਾਂ ਅਤੇ ਹਦਾਇਤਾਂ ਦੇ ਮਿਆਰ ਨੂੰ ਯਕੀਨੀ ਕਰਨਾ ਹੈ।

ਲੈਂਡਓਲਫ਼ੀ ਨੇ ਕਿਹਾ, ”ਅਸੀਂ ਸਾਰਾ ਕੁੱਝ ਬਰਾਬਰ ਪੱਧਰ ‘ਤੇ ਲਿਆਉਣ ਲਈ ਹਰ ਚੀਜ਼ ਦਾ ਦਸਤਾਵੇਜ਼ੀਕਰਨ ਕਰ ਰਹੇ ਹਾਂ। ਸਾਨੂੰ ਲਗਦਾ ਹੈ ਕਿ ਪੂਰੇ ਸੂਬੇ ਅੰਦਰ ਨਿਰੰਤਰਤਾ ਲਿਆਉਣੀ ਜ਼ਰੂਰੀ ਹੈ।”

1 ਅਪ੍ਰੈਲ, 2021 ਨੂੰ ਹੋਣ ਵਾਲੀ ਇੱਕ ਤਬਦੀਲੀ ‘ਚ ਹਰ ਨਵੇਂ ਏ/ਜ਼ੈੱਡ ਲਾਇਸੰਸ-ਹੋਲਡਰ ‘ਤੇ ਲਾਗੂ ਹੋਵੇਗੀ ਜੋ ਕਿ ਆਟੋਮੈਟਿਕ ਟਰਾਂਸਮਿਸ਼ਨ ਵਾਲੇ ਟਰੱਕ ਨੂੰ ਆਪਣੇ ਰੋਡ ਟੈਸਟ ਲਈ ਵਰਤੇਗਾ, ਉਸ ਨੂੰ ਮੈਨੂਅਲ-ਟਰਾਂਸਮਿਸ਼ਨ ਵਾਲੀਆਂ ਸ਼੍ਰੇਣੀ ਏ ਗੱਡੀਆਂ ਚਲਾਉਣ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਜਾਵੇਗਾ। ਜਿਸ ਕੋਲ ਪਹਿਲਾਂ ਹੀ ਏ/ਜ਼ੈੱਡ ਲਾਇਸੰਸ ਹੈ ਉਸ ‘ਤੇ ਪਾਬੰਦੀ ਨਹੀਂ ਲੱਗੇਗੀ।

ਡਰਾਈਵਰ ਹਦਾਇਤਕਾਰਾਂ ਲਈ ਨਵੇਂ ਮਾਨਕ ਹੋਣਗੇ, ਜਿਨ੍ਹਾਂ ਦਾ ਸਿਖਲਾਈ ‘ਚ ਨਿਰੰਤਰਤਾ ਯਕੀਨੀ ਕਰਨ ਲਈ ਦਸਤਾਵੇਜ਼ੀਕਰਨ ਕੀਤਾ ਜਾਵੇਗਾ। ਆਵਾਜਾਈ ਮੰਤਰਾਲਾ ਹੁਣ ਵਧੇਰੇ ਆਡਿਟ ਅਤੇ ਨਿਗਰਾਨੀ ਰਾਹੀਂ ਕਾਲਜ ਅਤੇ ਯੂਨੀਵਰਸਿਟੀਆਂ ਦੇ ਮੰਤਰਾਲੇ ਨਾਲ ਹੋਰ ਨੇੜਿਉਂ ਕੰਮ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਸਾਰੇ ਸਿਖਲਾਈ ਸਕੂਲ ਐਮ.ਈ.ਐਲ.ਟੀ. ਹੇਠ ਨਿਰੰਤਰ ਪੱਧਰ ‘ਤੇ ਸਿਖਲਾਈ ਮੁਹੱਈਆ ਕਰਵਾ ਰਹੇ ਹਨ।