ਮਿਊਂਸੀਪਲ ਕੂੜਾ ਢੋਣ ਵਾਲੇ ਟਰੱਕ ਡਰਾਈਵਰ ਤੋਂ ਭੰਗ ਜ਼ਬਤ

Avatar photo
ਭੰਗ ਨੂੰ ਮਿਸ਼ੀਗਨ ਦੀ ਲੈਂਡਫ਼ਿਲ ਵੱਲ ਜਾ ਰਹੇ ਕੂੜਾ ਢੋਣ ਵਾਲੇ ਟਰੱਕ ‘ਚੋਂ ਜ਼ਬਤ ਕੀਤਾ ਗਿਆ। (ਤਸਵੀਰ: ਸੀ.ਬੀ.ਪੀ.)

ਯੂ.ਐਸ. ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਅਫ਼ਸਰਾਂ ਨੇ ਕੂੜੇ ਦਾ ਟਰੱਕ ਚਲਾਉਣ ਵਾਲੇ ਇੱਕ ਡਰਾਈਵਰ ਕੋਲੋਂ 1,000 ਪਾਊਂਡ ਭੰਗ ਜ਼ਬਤ ਕੀਤੀ ਹੈ, ਜੋ ਕਿ ਨਿਊ ਬੋਸਟਨ, ਮਿਸ਼ੀਗਨ ਦੀ ਇੱਕ ਖੱਡ ‘ਚ ਕੂੜਾ ਸੁੱਟਣ ਜਾ ਰਿਹਾ ਸੀ।

ਏਜੰਸੀ ਨੇ ਕਿਹਾ ਕਿ ਇਹ ਘਟਨਾ 18 ਅਕਤੂਬਰ ਦੀ ਹੈ ਜਦੋਂ ਬਲੂ ਵਾਟਰ ਬਰਿਜ ਵਿਖੇ ਅਫ਼ਸਰਾਂ ਦਾ ਸਾਹਮਣਾ ਕੂੜਾ ਢੋਣ ਵਾਲੇ ਟਰੱਕ ਦੇ ਡਰਾਈਵਰ ਨਾਲ ਹੋਇਆ। ਇਹ ਪੁਲ ਪੋਰਟ ਹੁਰੋਨ ਨੂੰ ਸਾਰਨੀਆ, ਓਂਟਾਰੀਓ ਨਾਲ ਜੋੜਦਾ ਹੈ।

ਡਰਾਈਵਰ ਨੇ ਅਫ਼ਸਰਾਂ ਨੂੰ ਦੱਸਿਆ ਕਿ ਉਹ ਮਿਊਂਸੀਪਲ ਕੂੜਾ ਲਿਜਾ ਰਿਹਾ ਸੀ।

ਇਹ ਨਸ਼ੀਲਾ ਪਦਾਰਥ ਟਰੱਕ ਦੇ ਪਿਛਲੇ ਪਾਸੇ ਲੁਕੋ ਕੇ ਰੱਖੇ ਕੂੜੇ ਦੇ ਲਿਫ਼ਾਫ਼ੇ ‘ਚ ਪਿਆ ਸੀ, ਜੋ ਕਿ ਗੱਡੀ ਦੀ ਦੂਜੀ ਜਾਂਚ ਮਗਰੋਂ ਸਾਹਮਣੇ ਆਇਆ। ਸ਼ੱਕੀ ਦਾ ਨਾਂ ਅਜੇ ਤਕ ਜ਼ਾਹਰ ਨਹੀਂ ਕੀਤਾ ਗਿਆ ਹੈ।

ਪੋਰਟ ਹੁਰੋਨ ਦਾਖ਼ਲਾ ਪੋਰਟ ਦੇ ਕੰਮਕਾਜ ਦੀ ਨਿਗਰਾਨੀ ਵਾਲੇ ਪੋਰਟ ਦੇ ਡਾਇਰੈਕਟਰ ਐਪਰਿਲ ਡੋਨਾਗੀ ਨੇ ਕਿਹਾ, ”ਤਸਕਰੀ ਕਰਨ ਵਾਲੇ ਗ਼ੈਰਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਸਰਹੱਦ ਪਾਰ ਲਿਜਾਣ ਲਈ ਕੋਈ ਵੀ ਰਸਤਾ ਅਪਣਾ ਸਕਦੇ ਹਨ। ਸਾਡੇ ਅਫ਼ਸਰ ਕਿਸੇ ਬੇਨਿਯਮੀ ਨੂੰ ਲੱਭਣ ‘ਚ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਹਨ ਅਤੇ ਮੈਨੂੰ ਮਾਣ ਹੈ ਕਿ ਉਨ੍ਹਾਂ ਦੀ ਮੁਸਤੈਦੀ ਨਾਲ ਏਨੀ ਮਹੱਤਵਪੂਰਨ ਜ਼ਬਤੀ ਹੋਈ ਹੈ।”

ਪੂਰੇ ਮਿਸ਼ੀਗਨ ‘ਚ ਦਾਖ਼ਲਿਆਂ ਦੀ ਨਿਗਰਾਨੀ ਕਰਨ ਵਾਲੇ ਡੀਟਰੋਇਟ ਫ਼ੀਲਡ ਦਫ਼ਤਰ ਨੇ ਪਿਛਲੇ 12 ਮਹੀਨਿਆਂ ‘ਚ ਨਸ਼ੀਲੇ ਪਦਾਰਥਾਂ ਦੀ ਜ਼ਬਤੀ ‘ਚ ਵੱਡਾ ਵਾਧਾ ਵੇਖਿਆ ਹੈ।

ਇਸ ਵਿੱਤੀ ਵਰ÷ ੇ ਦੌਰਾਨ ਹੀ ਅਫ਼ਸਰਾਂ ਨੇ ਸੂਬੇ ਦੇ ਦਾਖ਼ਲਾ ਬਿੰਦੂਆਂ ‘ਤੇ 9,000 ਪਾਊਂਡ ਤੋਂ ਜ਼ਿਆਦਾ ਦੀ ਭੰਗ ਜ਼ਬਤ ਕੀਤੀ ਹੈ।