ਟਰੱਕ ਟਿਪਸ – ਮਿਰਰ ਐੱਡਜਸਟਮੈਂਟ

ਆਪਣੇ ਪਿੱਛੇ ਅਤੇ ਆਸੇ-ਪਾਸੇ ਦਾ ਵੱਧ ਤੋਂ ਵੱਧ ਦ੍ਰਿਸ਼ ਵੇਖਣ ਲਈ ਸ਼ੀਸ਼ਿਆਂ ਨੂੰ ਸਹੀ ਤਰੀਕੇ ਨਾਲ ਐਡਜਸਟ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸ਼ੀਸ਼ਿਆਂ ਨੂੰ ਸਹੀ ਤਰੀਕੇ ਨਾਲ ਐਡਜਸਟ ਕੀਤਾ ਹੋਇਆ ਹੈ ਤਾਂ ਇਹ ਤੁਹਾਨੂੰ ਬਿਲਕੁਲ ਸਿੱਧੀ ਰੇਖਾ ’ਚ ਬੈਕ ਕਰਨ ਅਤੇ ਮੋੜ ਕੱਟਣ ਵੇਲੇ ਆਪਣੇ ਟਰੇਲਰ ਵ੍ਹੀਲ ਦਾ ਧਿਆਨ ਰੱਖਣ ’ਚ ਮੱਦਦ ਕਰ ਸਕਦੇ ਹਨ। ਤਾਂ ਚਲੋ ਫਿਰ, ਸ਼ੁਰੂ ਕਰੀਏ।

ਪਹਿਲਾ ਕਦਮ ਟਰੈਕਟਰ ਅਤੇ ਟਰੇਲਰ ਦੇ ਬਿਲਕੁਲ ਸਿੱਧੀ ਰੇਖਾ ’ਚ ਆ ਜਾਣ ਤੱਕ ਸਿੱਧਾ ਡਰਾਈਵ ਕਰ ਕੇ ਗੱਡੀ ਨੂੰ ਰੋਕ ਲੈਣਾ ਹੈ। ਫਿਰ, ਆਪਣੀ ਸੀਟ ਦੀ ਉਚਾਈ ਅਤੇ ਵ੍ਹੀਲ ਪਿਛਲੀ ਸਥਿਤੀ ਨੂੰ ਆਰਾਮਦਾਇਕ ਕਰਨ ਲਈ ਐਡਜਸਟ ਕਰੋ। ਅਜਿਹਾ ਕਰਨ ਨਾਲ ਸ਼ੀਸ਼ੇ ’ਚ ਤੁਹਾਡੇ ਵੱਲੋਂ ਵੇਖੀ ਜਾਣ ਵਾਲੀ ਤਸਵੀਰ ’ਤੇ ਬਹੁਤ ਫ਼ਰਕ ਪੈਂਦਾ ਹੈ।

ਮਿਰਰ ਐਡਜਸਟਮੈਂਟ ਕੰਟਰੋਲ ਦਾ ਪ੍ਰਯੋਗ ਕਰ ਕੇ, ਜਾਂ ਜੇਕਰ ਕੋਈ ਇਲੈਕਟ੍ਰਿਕ ਕੰਟਰੋਲ ਨਹੀਂ ਹਨ ਤਾਂ ਸ਼ੀਸ਼ੇ ਨੂੰ ਖ਼ੁਦ, ਇਸ ਤਰ੍ਹਾਂ set ਕਰੋ ਕਿ ਤੁਹਾਨੂੰ ਪਿਛਲੇ ਹਿੱਸੇ ਦਾ 90-10 ਦ੍ਰਿਸ਼ ਦਿਖ ਰਿਹਾ ਹੋਵੇ। ਤੁਹਾਨੂੰ ਸ਼ੀਸ਼ੇ ਦੇ ਅੰਦਰੂਨੀ ਹਿੱਸੇ ’ਤੇ ਟਰੇਲਰ ਦੀ ਬਹੁਤ ਪਤਲੀ ਪੱਟੀ ਨਜ਼ਰ ਆ ਰਹੀ ਹੋਵੇ – ਜੋ ਕਿ ਸ਼ੀਸ਼ੇ ’ਚ ਦਿਸ ਰਹੀ ਤਸਵੀਰ ਦਾ ਲਗਭਗ 10% ਹੋਣੀ ਚਾਹੀਦੀ ਹੈ, ਅਤੇ ਟਰੇਲਰ ਦੇ ਆਸਪਾਸ ਦਾ ਜਿੰਨਾ ਚੌੜਾ ਦ੍ਰਿਸ਼ ਮੁਮਕਿਨ ਹੋਵੇ – ਲਗਭਗ 90%- ਦ੍ਰਿਸ਼ ਦਿਖੇ।

ਇਸ ਤੋਂ ਬਾਅਦ, ਡਰਾਈਵਰ ਵਾਲੇ ਪਾਸੇ ਦੇ ਸ਼ੀਸ਼ੇ ’ਚ ਖੜ੍ਹਵੇਂ ਦ੍ਰਿਸ਼ ਨੂੰ ਇਸ ਤਰ੍ਹਾਂ ਐਡਜਸਟ ਕਰੋ ਤਾਂ ਕਿ ਟਰੇਲਰ ਦਾ ਪਿਛਲਾ ਪਾਸਾ ਮੁੱਖ ਸ਼ੀਸ਼ੇ ਦੇ ਹੇਠਾਂ ਤੋਂ 1/4 ਤੋਂ 1/3 ਹਿੱਸਾ ਉੱਪਰ ਰਹਿਣਾ ਚਾਹੀਦਾ ਹੈ।  ਇਸ ਨਾਲ ਤੁਹਾਨੂੰ ਟਰੇਲ ਨਾਲ ਲਗਦੀ ਲੇਨ ਦਾ ਚੰਗਾ ਦ੍ਰਿਸ਼ ਤਾਂ ਵੇਖਣ ਨੂੰ ਮਿਲੇਗਾ ਹੀ ਨਾਲ ਹੀ ਪਿੱਛੋਂ ਆ ਰਹੀ ਟ੍ਰੈਫ਼ਿਕ ਦਾ ਵੀ ਕਾਫ਼ੀ ਦ੍ਰਿਸ਼ ਵੇਖਣ ਨੂੰ ਮਿਲੇਗਾ।

ਸੱਜੇ ਪਾਸੇ ਦੇ ਸ਼ੀਸ਼ੇ ਲਈ, ਕਿਉਂਕਿ ਤੁਸੀਂ ਸ਼ੀਸ਼ੇ ਤੋਂ ਬਹੁਤ ਦੂਰ ਹੋ, ਤੁਹਾਡੇ ਵੱਲੋਂ ਸ਼ੀਸ਼ੇ ’ਚ ਵੇਖਿਆ ਜਾ ਰਿਹਾ ਦ੍ਰਿਸ਼ ਤੰਗ ਹੋਵੇਗਾ। ਇਸ ਮਾਮਲੇ ’ਚ, ਸ਼ੀਸ਼ੇ ਅੰਦਰ ਟਰੇਲਰ ਦਾ ਮਾਮੂਲੀ ਜਿਹਾ ਦ੍ਰਿਸ਼ ਰੱਖਣ ਨਾਲ ਹੀ ਕੰਮ ਸਰ ਜਾਵੇਗਾ। ਇਸ ਤਰ੍ਹਾਂ ਤੁਹਾਨੂੰ ਟਰੇਲਰ ਦੇ ਸੱਜੇ ਪਾਸੇ ਲੇਨ ਦਾ ਵੱਧ ਤੋਂ ਵੱਧ ਚੌੜਾ ਦ੍ਰਿਸ਼ ਵੇਖਣ ਨੂੰ ਮਿਲ ਸਕੇਗਾ। ਟਰੇਲਰ ਦਾ ਪਿਛਲਾ ਪਾਸਾ ਮੁੱਖ ਸ਼ੀਸ਼ੇ ਦੇ ਹੇਠਾਂ ਤੋਂ 1/4 ਤੋਂ 1/3 ਹਿੱਸਾ ਉੱਪਰ ਰਹਿਣਾ ਚਾਹੀਦਾ ਹੈ।

ਰਿਵਰਸ ਕਰਦੇ ਸਮੇਂ, ਜੇਕਰ ਤੁਸੀਂ ਸ਼ੀਸ਼ਿਆਂ ’ਚ ਸਾਹਮਣੇ ਜਾਣ ਵਾਲਾ ਇਹੀ ਦ੍ਰਿਸ਼ ਰਖਦੇ ਹੋ ਤਾਂ, ਤੁਹਾਨੂੰ ਪਤਾ ਰਹੇਗਾ ਕਿ ਤੁਸੀਂ ਸਿੱਧੀ ਰੇਖਾ ’ਚ ਰਿਵਰਸ ਕਰ ਰਹੇ ਹੋ।

ਮੁੱਖ ਸ਼ੀਸ਼ਿਆਂ ਦੇ ਹੇਠਾਂ ਲੱਗੇ convex ਸ਼ੀਸ਼ੇ, ਹੇਠਾਂ ਅਤੇ ਪਿੱਛੇ ਵੱਧ ਚੌੜਾ ਦ੍ਰਿਸ਼ ਵਿਖਾਉਂਦੇ ਹਨ। ਦ੍ਰਿਸ਼ ਦਾ ਆਕਾਰ ਬਦਲ ਜਾਣ ਕਰਕੇ convex ਸ਼ੀਸ਼ਿਆਂ ’ਚ ਕਿਸੇ ਚੀਜ਼ ਦੀ ਟਰੱਕ ਤੋਂ ਦੂਰੀ ਦਾ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਪਰ ਇਹ ਟਰੱਕ ਨੇੜੇ ਕਿਸੇ ਗੱਡੀ ਦੇ ਹੋਣ ਜਾਂ ਪੈਦਲ ਚੱਲਣ ਵਾਲੇ ਦੀ ਮੌਜੂਦਗੀ ਨੂੰ ਬਿਹਤਰ ਤਰੀਕੇ ਨਾਲ ਪ੍ਰਗਟ ਕਰ ਸਕਦੇ ਹਨ।

convex ਸ਼ੀਸ਼ਿਆਂ ਨੂੰ ਐਡਜਸਟ ਕਰਨ ਸਮੇਂ, ਮੁੱਖ ਸ਼ੀਸ਼ੇ ’ਚ ਵੇਖੇ ਜਾਣ ਵਾਲੇ ਦ੍ਰਿਸ਼ ਤੋਂ ਵੱਖਰਾ ਦ੍ਰਿਸ਼ ਵੇਖਣ ਦੀ ਕੋਸ਼ਿਸ਼ ਨਾ ਕਰੋ। ਕਨਵੈਕਸ ਮਿਰਰ ਦਾ ਹੇਠਲਾ ਹਿੱਸਾ ਅੱਗੇ ਨੂੰ ਦਬਾਓ ਅਤੇ ਸ਼ੀਸ਼ੇ ਦੇ ਬਾਹਰਲੇ ਪਾਸੇ ਬਾਹਰ ਨੂੰ ਦਬਾਓ। ਇਸ ਤਰ੍ਹਾਂ ਤੁਹਾਨੂੰ ਟਰੈਕਟਰ ਦੇ ਆਸੇ-ਪਾਸੇ ਦਾ ਅਤੇ ਸੱਜੇ ਤੇ ਖੱਬੇ ਦੂਰ ਤੱਕ ਦਾ ਬਿਹਤਰ ਦ੍ਰਿਸ਼ ਪ੍ਰਾਪਤ ਹੋ ਸਕੇਗਾ। ਮੋੜ ਕੱਟਣ ਸਮੇਂ ਇਹ ਦ੍ਰਿਸ਼ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ ਜਦੋਂ ਟਰੇਲਰ ਦੇ ਵ੍ਹੀਲ ਮੁੱਖ ਸ਼ੀਸ਼ਿਆਂ ’ਚ ਨਜ਼ਰ ਨਹੀਂ ਆਉਂਦੇ।

ਫ਼ੈਂਡਰ ’ਤੇ ਲੱਗੇ convex ਸ਼ੀਸ਼ੇ ਗੱਡੀ ਦੇ ਮੂਹਰਲੇ ਵ੍ਹੀਲਜ਼ ਅਤੇ ਦਰਵਾਜ਼ੇ ਵਿਚਲੇ ਖੇਤਰ ਦਾ ਦ੍ਰਿਸ਼ ਵਿਖਾਉਂਦੇ ਹਨ। ਇਹ ਟਰੱਕ ਦੇ ਸੱਜੇ ਪਾਸੇ ਮਹੱਤਵਪੂਰਨ ਬਲਾਇੰਡ ਸਪਾਟ ਹੁੰਦੀ ਹੈ। ਡਰਾਈਵਰ ਵਾਲੇ ਪਾਸੇ ਸਭ ਤੋਂ ਮਾੜੀ ਬਲਾਇੰਡ ਸਪਾਟ ਦਰਵਾਜ਼ੇ ਦੇ ਬਿਲਕੁਲ ਪਿੱਛੇ ਹੁੰਦੀ ਹੈ, ਦਰਵਾਜ਼ੇ ਅਤੇ ਡਰਾਈਵਰ ਵ੍ਹੀਲ਼ਜ ਵਿਚਕਾਰ ਵਾਲੀ ਥਾਂ।

ਸ਼ੀਸ਼ਿਆਂ ਨੂੰ ਐਡਜਸਟ ਕਰ ਲੈਣ ਤੋਂ ਬਾਅਦ, ਸ਼ੀਸ਼ਿਆਂ ’ਚ ਦਿਸ ਰਹੇ ਦ੍ਰਿਸ਼ ’ਤੇ ਬਹੁਤ ਧਿਆਨ ਰੱਖੋ ਅਤੇ ਸੱਜੇ ਤੇ ਖੱਬੇ ਪਾਸੇ ਜਾ ਰਹੀ ਟ੍ਰੈਫ਼ਿਕ ਨੂੰ ਵੇਖੋ। ਵੇਖੋ ਕਿ ਕਦੋਂ ਦ੍ਰਿਸ਼ ’ਚੋਂ ਕਾਰ ਮੁੱਖ ਮਿਰਰ ਤੋਂ ਦੂਰ ਹੋ ਕੇ convex ਸ਼ੀਸ਼ੇ ’ਚ ਦਿਸਦੀ ਹੈ। ਇਹ ਵੀ ਵੇਖੋ ਕਿ ਤੁਹਾਨੂੰ ਅਸਲ ’ਚ ਖਿੜਕੀ ’ਚੋਂ ਕਾਰ ਕਦੋਂ ਦਿਸਦੀ ਹੈ। ਇਨ੍ਹਾਂ ਥਾਵਾਂ ਨੂੰ ਭਵਿੱਖ ’ਚ ਹਵਾਲੇ ਲਈ ਯਾਦ ਰੱਖੋ ਤਾਂ ਕਿ ਤੁਹਾਨੂੰ ਤੁਰੰਤ ਪਤਾ ਲਗਦਾ ਰਹੇ ਕਿ ਤੁਸੀਂ ਸ਼ੀਸ਼ਿਆਂ ’ਚ ਕੀ ਵੇਖ ਰਹੇ ਹੋ। ਤੁਹਾਨੂੰ ਹਮੇਸ਼ਾ ਇਹ ਫ਼ੈਸਲਾ ਕਰਨ ਦਾ ਸਮਾਂ ਨਹੀਂ ਮਿਲੇਗਾ ਕਿ ਤੁਸੀਂ ਕੀ ਵੇਖ ਰਹੇ ਹੋ। ਇਹ ਤੁਹਾਡੀ ਦੂਜੀ ਫ਼ਿਤਰਤ ਬਣ ਜਾਣੀ ਚਾਹੀਦੀ ਹੈ।

ਸੱਜੇ ਪਾਸੇ ਨੂੰ ਮੁੜਨ ਸਮੇਂ ਆਪਣੇ ਟਰੇਲਰ ਵ੍ਹੀਲਜ਼ ਦੀ ਸਥਿਤੀ ਵੀ ਧਿਆਨ ’ਚ ਰੱਖੋ। ਇਹ ਪਛਾਣਨਾ ਸਿੱਖੋ ਕਿ ਕਰਬ ਤੋਂ ਲੋੜੀਂਦੀ ਦੂਰੀ ਕਿੰਨੀ ਹੁੰਦੀ ਹੈ। ਇਸ ਤਰ੍ਹਾਂ ਤੁਸੀਂ ਆਪਣੇ ਮੋੜ ਕੱਟਣ ਦੇ ਹੁਨਰ ’ਚ ਆਤਮਵਿਸ਼ਵਾਸ ਪੈਦਾ ਕਰ ਸਕਦੇ ਹੋ। ਅਤੇ ਜਦੋਂ ਕਦੀ ਵੀ ਤੁਹਾਨੂੰ ਇਹ ਯਕੀਨ ਨਾ ਹੋਵੇ ਕਿ ਤੁਸੀਂ ਕਿਸੇ ਦੇ ਬਹੁਤ ਨੇੜੇ ਪਹੁੰਚ ਚੁੱਕੇ ਹੋ, ਫਿਰ ਜਾਂ ਤਾਂ ਬਾਹਰ ਨਿਕਲ ਕੇ ਵੇਖੋ, ਜਾਂ ਮਿਰਰ ਐਡਜਸਟਮੈਂਟ ਕੰਟਰੋਲ ਦਾ ਪ੍ਰਯੋਗ ਕਰ ਕੇ ਸ਼ੀ਼ਸੇ ਨੂੰ ਬਾਹਰ ਨੂੰ ਕਰੋ ਤਾਂ ਕਿ ਤੁਹਾਨੂੰ ਸਪੱਸ਼ਟ ਦ੍ਰਿਸ਼ ਪ੍ਰਾਪਤ ਹੋ ਸਕੇ।

ਜਦੋਂ ਵੀ ਤੁਸੀਂ ਕੋਈ ਵੱਖਰਾ ਟਰੱਕ ਚਲਾਉਂਦੇ ਹੋ ਤਾਂ ਸ਼ੀਸ਼ਿਆਂ ਨੂੰ ਰੀਐਡਜਸਟ ਕਰਨਾ ਨਾ ਭੁੱਲੋ। ਜੇਕਰ ਤੁਸੀਂ ਦ੍ਰਿਸ਼ ਨੂੰ ਇਕੋ ਜਿਹਾ ਰੱਖੋਗੇ ਤਾਂ ਤੁਹਾਨੂੰ ਹਮੇਸ਼ਾ ਖ਼ੁਦ ’ਤੇ ਯਕੀਨ ਰਹੇਗਾ ਕਿ ਤੁਸੀਂ ਸ਼ੀਸ਼ਿਆਂ ’ਚ ਕੀ ਵੇਖ ਰਹੇ ਹੋ।