ਮੇਨੀਟੋਬਾ ਦੇ ਟਰੱਕਰਸ ਨੂੰ ਵੈਕਸੀਨ ਦੇਵੇਗਾ ਨੋਰਥ ਡਕੋਟਾ

Avatar photo

ਅਮਰੀਕਾ ’ਚ ਵਸਤਾਂ ਨੂੰ ਲਿਆਉਂਦੇ ਅਤੇ ਲੈ ਕੇ ਜਾਂਦੇ ਮੇਨੀਟੋਬਾ ਅਧਾਰਤ ਟਰੱਕ ਡਰਾਈਵਰਾਂ ਲਈ ਨੋਰਥ ਡਕੋਟਾ ਕੋਵਿਡ-19 ਵੈਕਸੀਨ ਮੁਹੱਈਆ ਕਰਵਾਏਗਾ। ਕੈਨੇਡੀਅਨ ਅਤੇ ਅਮਰੀਕੀ ਅਧਿਕਾਰ ਖੇਤਰ ’ਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੋਗਰਾਮ ਹੋਵੇਗਾ।

ਇਸ ਪਹਿਲ ਨਾਲ ਮੇਨੀਟੋਬਾ ਦੇ 2,000 ਤੋਂ 4,000 ਟਰੱਕ ਡਰਾਈਵਰਾਂ ਨੂੰ ਵੈਕਸੀਨ ਦੇਣ ’ਚ ਮੱਦਦ ਮਿਲੇਗੀ। (ਤਸਵੀਰ: ਆਈਸਟਾਕ)

ਜ਼ਰੂਰੀ ਕਾਮਿਆਂ ਨੂੰ ਵੈਕਸੀਨ ਦੇਣ ਦੀ ਇਹ ਪਹਿਲ ਉੱਤਰੀ ਡਕੋਟਾ ਦੇ ਗਵਰਨਰ ਡੱਗ ਬਰਗਮ ਅਤੇ ਮੇਨੀਟੋਬਾ ਦੇ ਪ੍ਰੀਮੀਅਰ ਬਰਾਇਨ ਪਾਲੀਸਟਰ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਸੀ।

ਬਰਗਮ ਨੇ ਕਿਹਾ, ‘‘ਉੱਤਰੀ ਡਕੋਟਾ ਅਤੇ ਮੇਨੀਟੋਬਾ ਦੀ ਦੋਸਤੀ ਅਤੇ ਸਹਿਯੋਗ ਦਾ ਲੰਮਾ ਅਤੇ ਅਮੀਰ ਇਤਿਹਾਸ ਰਿਹਾ ਹੈ, ਅਤੇ ਇਹ ਵੈਕਸੀਨੇਸ਼ਨ ਪਹਿਲ ਜਨਤਕ ਸਿਹਤ ਅਤੇ ਵਸਤਾਂ ਤੇ ਸੇਵਾਵਾਂ ਦੀ ਸਰਹੱਦ ਦੇ ਦੋਵੇਂ ਪਾਸੇ ਢੋਆ-ਢੁਆਈ ਨੂੰ ਸੁਰੱਖਿਅਤ ਕਰ ਕੇ ਇਸ ਬੰਧਨ ਨੂੰ ਮਜ਼ਬੂਤ ਕਰਨ ਦਾ ਮੌਕਾ ਹੈ।’’

ਪਾਲੀਸਟਰ ਨੇ ਕਿਹਾ, ‘‘ਮੇਨੀਟੋਬਾ ਵਾਸੀਆਂ ਨੂੰ ਵਸਤਾਂ ਅਤੇ ਸੇਵਾਵਾਂ ਪਹੁੰਚਾ ਰਹੇ ਮੇਨੀਟੋਬਾ ਦੇ ਜ਼ਰੂਰੀ ਕਾਮਿਆਂ ਨੂੰ ਜੀਵਨ-ਰਖਿਅਕ ਵੈਕਸੀਨਾਂ ਮੁਹੱਈਆ ਕਰਵਾਉਣ ਦੀ ਇਸ ਨਵੀਨ ਰਣਨੀਤੀ ’ਚ ਉੱਤਰੀ ਡਕੋਟਾ ਦਾ ਭਾਈਵਾਲ ਬਣ ਕੇ ਮੇਨੀਟੋਬਾ ਮਾਣ ਮਹਿਸੂਸ ਕਰ ਰਿਹਾ ਹੈ।’’

2,000-4,000 ਟਰੱਕ ਡਰਾਈਵਰ

ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ (ਐਮ.ਟੀ.ਏ.) ਅਤੇ ਇਸ ਦੇ ਮੈਂਬਰਾਂ ਦੇ ਸਹਿਯੋਗ ਨਾਲ, ਮੇਨੀਟੋਬਾ ਯੋਗ ਵਿਅਕਤੀਆਂ ਦੀ ਪਛਾਣ ਕਰੇਗਾ ਅਤੇ ਅਗਲੇ ਛੇ ਤੋਂ ਅੱਠ ਹਫ਼ਤਿਆਂ ਦੌਰਾਨ ਆਪਣੀ ਨਿਯਮਤ ਟਰਿੱਪ ਦੌਰਾਨ ਅਮਰੀਕਾ ’ਚ ਪਹੁੰਚ ਰਹੇ ਟਰੱਕ ਡਰਾਈਵਰਾਂ ਨੂੰ ਵੈਕਸੀਨ ਦੇਣ ਲਈ ਨੌਰਥ ਡਕੋਟਾ ਨਾਲ ਮਿਲ ਕੇ ਕੰਮ ਕਰੇਗਾ। ਮੇਨੀਟੋਬਾ ਦੇ ਅੰਦਾਜ਼ਨ 2,000 ਤੋਂ 4,000 ਡਰਾਈਵਰ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ।

ਪੋਰਟੇਜ ਟਰਾਂਸਪੋਰਟ ਇੰਕ. ਦੇ ਪ੍ਰੈਜ਼ੀਡੈਂਟ ਬਰਨੀ ਡਰੇਜਰ ਨੇ ਕਿਹਾ, ‘‘ਆਪਣੇ ਯੋਗ ਡਰਾਈਵਿੰਗ ਸਟਾਫ਼ ਵੱਲੋਂ ਅਤੇ ਮੇਨੀਟੋਬਾ ਟਰੱਕਿੰਗ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ, ਮੈਂ ਅੱਜ ਦੇ ਐਲਾਨ ਦਾ ਸਵਾਗਤ ਕਰਦਾ ਹਾਂ। ਜਦੋਂ ਕੋਵਿਡ ਵੈਕਸੀਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਮਹੱਤਵਪੂਰਨ ਸਵਾਲ ਇਹ ਨਹੀਂ ਹੈ ਕਿ ਇਹ ਸਾਨੂੰ ਕਿੱਥੋਂ ਮਿਲੇਗੀ, ਬਲਕਿ ਇਹ ਹੈ ਕਿ ਸਾਨੂੰ ਕਦੋਂ ਮਿਲੇਗੀ?’’

‘‘ਮੇਨੀਟੋਬਾ ਅਤੇ ਉੱਤਰੀ ਡਕੋਟਾ ਨੂੰ ਵੈਕਸੀਨੇਸ਼ਨ ਰਣਨੀਤੀ ’ਤੇ ਮਿਲ ਕੇ ਕੰਮ ਕਰਦਿਆਂ ਵੇਖਣਾ ਬਹੁਤ ਉਤਸ਼ਾਹ ਦੇਣ ਵਾਲੀ ਖ਼ਬਰ ਹੈ, ਜੋ ਕਿ ਉੱਤਰੀ ਡਕੋਟਾ ਜਾਣ ਵਾਲੇ ਮੇਨੀਟੋਬਾ ਦੇ ਟਰੱਕ ਡਰਾਈਵਰਾਂ ਦੀ ਵੈਕਸੀਨੇਸ਼ਨ ਨੂੰ ਗਤੀ ਦੇਵੇਗਾ। ਇਸ ਕਦਮ ਨਾਲ ਜ਼ਰੂਰੀ ਸੇਵਾਵਾਂ ਦੇਣ ਵਾਲੇ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਹੋਵੇਗੀ, ਨਾਲ ਹੀ ਮੇਨੀਟੋਬਾ ਦੀਆਂ ਵੈਕਸੀਨੇਸ਼ਨ ਵਾਲੀਆਂ ਥਾਵਾਂ ’ਤੇ ਭੀੜ ਵੀ ਘੱਟ ਹੋਵੇਗੀ।’’

ਉੱਤਰੀ ਡਕੋਟਾ ਦੇ ਡਰੇਟਨ ਨੇੜੇ ਸਥਿਤ ਆਵਾਜਾਈ ਵਿਭਾਗ ਦਾ ਆਰਾਮ ਘਰ ਸ਼ੁਰੂਆਤ ’ਚ ਵੈਕਸੀਨੇਸ਼ਨ ਵਾਲੀ ਥਾਂ ਵਜੋਂ ਪ੍ਰਯੋਗ ਹੋਵੇਗਾ, ਜੋ ਕਿ ਉੱਤਰੀ ਡਕੋਟਾ ਦੇ 16 ਸਾਲਾਂ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਦੇਣ ਲਈ ਵੀ ਖੁੱਲ੍ਹਾ ਰਹੇਗਾ। ਵੈਕਸੀਨ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ ਤੋਂ ਰਾਤ ਦੇ 8 ਵਜੇ ਤਕ ਦਿੱਤੀ ਜਾਵੇਗੀ।

ਬਹੁਤ ਘੱਟ ਡਰਾਈਵਰਾਂ ਨੂੰ ਹੋਇਆ ਕੋਵਿਡ-19

ਇਹ ਐਲਾਨ ਉਦੋਂ ਹੋਇਆ ਹੈ ਜਦੋਂ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਦੇ ਇੱਕ ਸਰਵੇਖਣ ’ਚ ਸਾਹਮਣੇ ਆਇਆ ਹੈ ਕਿ ਮਾਰਚ 2020 ਤੋਂ ਬਾਅਦ ਕੈਨੇਡਾ ਦੇ ਸਭ ਤੋਂ ਵੱਡੇ ਸਰਹੱਦ ਪਾਰ ਕੰਮ ਕਰਨ ਵਾਲੇ 35 ਫ਼ਲੀਟਾਂ ’ਚੋਂ 60 ਤੋਂ ਵੱਧ ਟਰੱਕ ਡਰਾਈਵਰਾਂ ਨੂੰ ਕੋਵਿਡ-19 ਨਹੀਂ ਹੋਇਆ ਹੈ – ਜੋ ਕਿ ਉਨ੍ਹਾਂ ਦੇ ਕੁੱਲ 12,000 ਟਰੱਕ ਡਰਾਈਵਰਾਂ ਦਾ ਸਿਰਫ਼ 0.005 ਫ਼ੀਸਦੀ ਹੈ।

ਅਲਾਇੰਸ ਨੇ ਇਹ ਵੀ ਕਿਹਾ ਕਿ ਪਾਜ਼ੀਟਿਵ ਆਉਣ ਵਾਲੇ ਜ਼ਿਆਦਾਤਰ ਡਰਾਈਵਰਾਂ ਨੂੰ ਕੰਮਕਾਜ ਦੀਆਂ ਥਾਵਾਂ ’ਤੇ ਨਹੀਂ ਬਲਕਿ ਕਮਿਊਨਿਟੀ ਫੈਲਾਅ ਕਰਕੇ ਵਾਇਰਸ ਹੋਇਆ।

ਅਲਾਇੰਸ ਨੇ ਕਿਹਾ, ‘‘ਮੰਦਭਾਗੀ ਗੱਲ ਹੈ ਕਿ ਜਦੋਂ ਕਈ ਇਸ ਸੰਕਟ ਨਾਲ ਲੜਨ ਅਤੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਕੁੱਝ ਲੋਕਾਂ ਨੇ ਅਜਿਹੇ ਲੋਕਾਂ ’ਤੇ ਗ਼ਲਤ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਕੋਵਿਡ-19 ਦੇ ਪਸਾਰ ਦੌਰਾਨ ਵੀ ਦੇਸ਼ ਨੂੰ ਰੁਕਣ ਨਹੀਂ ਦਿੱਤਾ।’’

‘‘ਸਰਹੱਦ ਪਾਰ ਜਾਣ ਵਾਲੇ ਅਤੇ ਪ੍ਰੋਵਿੰਸਾਂ ਵਿਚਕਾਰ ਕੈਨੇਡਾ ਵਾਸੀਆਂ ਅਤੇ ਕਾਰੋਬਾਰਾਂ ਲਈ ਜ਼ਰੂਰੀ ਵਸਤਾਂ ਦੀ ਆਵਾਜਾਈ ਕਰਨ ਵਾਲੇ ਟਰੱਕ ਡਰਾਈਵਰਾਂ ਦਾ ਗ਼ਲਤ ਚਿੱਤਰਣ ਕੀਤਾ ਜਾ ਰਿਹਾ ਹੈ। ਇਹ ਗ਼ਲਤ ਹੈ ਅੰਕੜਿਆਂ ਦੇ ਰੂਪ ’ਚ ਮੌਜੂਦ ਸਬੂਤ ਇਸ ਤੋਂ ਉਲਟ ਦੱਸਦੇ ਹਨ।’’

ਸੀ.ਟੀ.ਏ. ਨੇ ਕਿਹਾ ਕਿ ਇਸ ਵਹਿਮ ਕਰਕੇ ਡਰਾਈਵਰਾਂ ਨੂੰ ਰੀਟੇਲ ਰੇਸਤਰਾਂ ਸਹੂਲਤਾਂ ਅਤੇ ਵਾਸ਼ਰੂਮ ’ਚ ਵੀ ਨਹੀਂ ਜਾਣ ਦਿੱਤਾ ਜਾਂਦਾ ਸੀ, ਜਦਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਯੋਗ ਹੋਣ ਦੇ ਬਾਵਜੂਦ ਆਮ ਮੈਡੀਕਲ ਇਲਾਜ ਵੀ ਨਹੀਂ ਦਿੱਤਾ ਜਾਂਦਾ ਸੀ।

ਕੈਨੇਡਾ ਦੀ ਸਭ ਤੋਂ ਵੱਡੀ ਟਰੱਕਿੰਗ ਐਸੋਸੀਏਸ਼ਨ ਨੇ ਆਪਣੇ ਬਿਆਨ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਂਗਹੌਲ ਟਰੱਕ ਡਰਾਈਵਰ ਜ਼ਿਆਦਾਤਰ ਆਪਣੀ ਕੈਬ ਅੰਦਰ ਹੀ ਰਹਿੰਦੇ ਹਨ ਅਤੇ ਤਿੰਨ ਤੋਂ ਚਾਰ ਦਿਨਾਂ ਅੰਦਰ ਉਹ ਸਰੀਰਕ ਰੂਪ ’ਚ ਸਿਰਫ਼ ਇੱਕ ਜਾਂ ਦੋ ਲੋਕਾਂ ਦੇ ਸੰਪਰਕ ’ਚ ਹੀ ਆਉਂਦੇ ਹਨ।

ਅਲਬਰਟਾ ਅਤੇ ਬੀ.ਸੀ. ’ਚ ਪਿੱਛੇ ਜਿਹੇ ਟੈਸਟਿੰਗ ਕਲੀਨਿਕਾਂ ’ਚ ਕੋਵਿਡ-19 ਲਈ ਕੋਈ ਪਾਜ਼ੇਟਿਵ ਨਤੀਜਾ ਨਹੀਂ ਮਿਲਿਆ।

ਇਹ ਖ਼ਬਰ ਅਜੇ ਵੀ ਵਿਕਸਤ ਹੋ ਰਹੀ ਹੈ ਅਤੇ ਇਸ ਨੂੰ ਹੋਰ ਜਾਣਕਾਰੀ ਮਿਲਣ ਤੋਂ ਬਾਅਦ ਅਪਡੇਟ ਕੀਤਾ ਜਾਵੇਗਾ।