ਮੈਕ ਟਰੱਕਸ ਨੇ ਕੈਨੇਡਾ ’ਚ ਆਪਣੀ ਹੋਂਦ ਦੇ 100 ਸਾਲਾਂ ਦਾ ਜਸ਼ਨ ਮਨਾਇਆ

Avatar photo

ਮੈਕ ਟਰੱਕਸ 2021 ’ਚ ਕੈਨੇਡਾ ਅੰਦਰ ਆਪਣੀ ਹੋਂਦ ਦੇ 100 ਸਾਲਾਂ ਦਾ ਜਸ਼ਨ ਮਨਾ ਰਿਹਾ ਹੈ, ਜੋ ਕਿ ਕਿਸੇ ਵੀ ਕਾਰੋਬਾਰ ਲਈ ਕੋਈ ਛੋਟੀ ਪ੍ਰਾਪਤੀ ਨਹੀਂ ਹੈ – ਬੁੱਲਡੌਗ ਸਾਲਾਂ ਦੀ ਗੱਲ ਕਰੀਏ ਤਾਂ ਇਹ ਅੰਕੜਾ 700 ਬਣਦਾ ਹੈ।

ਦੇਸ਼ ਅੰਦਰ ਇਹ ਓ.ਈ.ਐਮ. ਪਹਿਲੀ ਵਿਸ਼ਵ ਜੰਗ ’ਚ ਹੀ ਆ ਗਿਆ ਸੀ, ਜਦੋਂ ਕਈ ਵਾਧੂ ਏ.ਸੀ. ਮਾਡਲਾਂ ਨੂੰ ਕੈਨੇਡਾ ਭੇਜਿਆ ਗਿਆ ਸੀ ਅਤੇ ਹੈਵੀ-ਹੌਲ ਅਮਲਾਂ ’ਚ ਲਾਇਆ ਗਿਆ ਸੀ। ਮਾਂਟ੍ਰਿਆਲ ਅਧਾਰਤ ਫ਼ੇਅਰਬੈਂਕਸ-ਮੋਰਸ ਕੰਪਨੀ ਨੂੰ ਦੇਸ਼ ਅੰਦਰ 1912 ’ਚ ਪਹਿਲੇ ਸੇਲਜ਼ ਏਜੰਟ ਵਜੋਂ ਸਥਾਪਤ ਕੀਤਾ ਗਿਆ ਸੀ, ਹਾਲਾਂਕਿ ਉਸ ਸਮੇਂ ਵਿਕਰੀ ਘੱਟ ਸੀ।

ਮੈਕ ਦੇ ਏ.ਸੀ. ਮਾਡਲ ਟਰੱਕ ਪਹਿਲੀ ਵਿਸ਼ਵ ਜੰਗ ਦੌਰਾਨ ਹੀ ਦੇਸ਼ ਦੀਆਂ ਸੜਕਾਂ ’ਤੇ ਨਜ਼ਰ ਆਉਣ ਲੱਗੇ ਸਨ, ਜਦੋਂ ਕੰਪਨੀ ਨੇ ਦੇਸ਼ ’ਚ ਅਜੇ ਅਧਿਕਾਰਤ ਤੌਰ ’ਤੇ ਪੈਰ ਵੀ ਨਹੀਂ ਰੱਖਿਆ ਸੀ। (ਤਸਵੀਰ: ਮੈਕ ਟਰੱਕਸ)

ਕੈਨੇਡਾ ’ਚ ਰਸਮੀ ਤੌਰ ’ਤੇ ਮੈਕ ਟਰੱਕਸ ਨੇ 1921 ’ਚ ਆਪਣਾ ਛੋਟਾ ਜਿਹਾ ਦਫ਼ਤਰ ਡਾਊਨਟਾਊਨ ਟੋਰਾਂਟੋ ਦੀ ਵੈਨਾਉਲੇ ਸਟ੍ਰੀਟ ਦੀ ਇੱਕ ਇਮਾਰਤ ’ਚ ਖੋਲਿ੍ਹਆ, ਅਤੇ ਏ.ਬੀ. ਤੇ ਏ.ਸੀ. ਮਾਡਲਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ।

ਉਸ ਸਾਲ ਕੰਪਨੀ ਦੇ ਸਭ ਤੋਂ ਵੱਡੇ ਗ੍ਰਾਹਕਾਂ ’ਚ ਓਂਟਾਰੀਓ-ਅਧਾਰਤ ਡਫ਼ਰਿਨ ਕੰਸਟਰੱਕਸ਼ਨ ਰਹੀ, ਜੋ ਕਿ ਇਸ ਦਿਨ ਤਕ ਵੀ ਇਸ ਦੀ ਗ੍ਰਾਹਕ ਬਣੀ ਹੋਈ ਹੈ।

ਡੀਲਰ ਨੈੱਟਵਰਕ ਦੇ ਵਿਸਤਾਰ ਨਾਲ 1920 ਦੇ ਦਹਾਕੇ ’ਚ ਹੋਰ ਵੱਡੇ ਟਿਕਾਣੇ ਵੀ ਖੋਲ੍ਹੇ ਗਏ। ਨਿਊਫ਼ਾਊਂਡਲੈਂਡ ਦੇ ਸੇਂਟ ਜੌਨ ਦਾ ਮਾਰਸ਼ਲਸ ਗਰਾਜ 1924 ’ਚ ਡਿਸਟ੍ਰੀਬਿਊਟਰ ਬਣ ਗਿਆ, ਜਿਸ ਤੋਂ ਬਾਅਦ ਮਾਂਟਿ੍ਰਆਲ ’ਚ 1929 ’ਚ ਇੱਕ ਲੋਕੇਸ਼ਨ ਖੁੱਲ੍ਹੀ।

ਉਸ ਦਹਾਕੇ ’ਚ ਵਿਕੇ ਜ਼ਿਆਦਾਤਰ ਟਰੱਕਾਂ ਨੂੰ ਰੇਲ ਰਾਹੀਂ ਐਲਨਟਾਊਨ ’ਚੋਂ ਭੇਜਿਆ ਜਾਂਦਾ ਸੀ, ਹਾਲਾਂਕਿ ਕੁੱਝ ਚੈਸਿਸ ਨਾਕ-ਡਾਊਨ ਇਕਾਈਆਂ ਨੂੰ ਟੋਰਾਂਟੋ ’ਚ ਅਸੈਂਬਲੀ ਲਈ ਭੇਜਿਆ ਜਾਂਦਾ ਸੀ।

ਫੈਲਦੇ ਹੋਏ ਉਸਾਰੀ ਬਾਜ਼ਾਰ ਦਾ ਲਾਹਾ ਲੈਣ ਲਈ ਦਫ਼ਤਰ 1940 ’ਚ ਮਾਂਟਿ੍ਰਆਲ ’ਚ ਚਲਾ ਗਿਆ, ਅਤੇ ਪੂਰੇ ਦੇਸ਼ ਅੰਦਰ ਵਿਸਤਾਰ ਜਾਰੀ ਰਿਹਾ। 1958 ’ਚ ਕੌਮੀ ਹੈੱਡਕੁਆਰਟਰ ਮੁੜ ਟੋਰਾਂਟੋ ਆ ਗਿਆ।

ਪਹਿਲਾ ਮੈਕ ਪ੍ਰੋਡਕਸ਼ਨ ਪਲਾਂਟ 1964 ’ਚ ਟੋਰਾਂਟੋ ’ਚ ਇੱਕ ਕੁਈਨਸਵੇ ਲੋਕੇਸ਼ਨ ਦੇ ਪਿੱਛੇ ਬਣਾਇਆ ਗਿਆ, ਤਾਂ ਕਿ ਅਮਰੀਕਾ-ਕੈਨੇਡਾ ਆਟੋ ਕਰਾਰ ਸਮਝੌਤੇ ਹੇਠ ਟਰੱਕਾਂ ਅਤੇ ਉਤਪਾਦਨ ਹਿੱਸਿਆਂ ’ਤੇ ਟੈਕਸ ਮੁਕਤ ਵਪਾਰ ਦਾ ਲਾਭ ਲਿਆ ਜਾ ਸਕੇ। ਇਸ ਤੋਂ ਦੋ ਸਾਲਾਂ ਬਾਅਦ ਖੁੱਲ੍ਹੇ ਵੱਡੇ ਪਲਾਂਟ ’ਚ ਮੈਕ ਆਰ ਮਾਡਲ ਬਣਾਏ ਗਏ।

1970 ਤਕ ਓਕਵਿਲ ਪਲਾਂਟ ’ਚ ਰੋਜ਼ਾਨਾ 26 ਟਰੱਕ ਬਣਾਏ ਜਾਂਦੇ ਸਨ, ਜਿਸ ’ਚ ਫ਼ਾਇਰ ਟਰੱਕ ਅਤੇ ਕੈਬਓਵਰ ਤੋਂ ਸਿਵਾ ਸਾਰਾ ਕੁੱਝ ਬਣਦਾ ਸੀ। ਇਸ ਦੀਆਂ ਪ੍ਰੋਡਕਸ਼ਨ ਲਾਈਨਾਂ ਨੇ ਕੈਨੇਡੀਅਨ ਬਾਜ਼ਾਰ ਲਈ 1993 ਤਕ ਕੰਮ ਕੀਤਾ।

ਮੈਕ ਟਰੱਕਸ ਦਾ ਹੈੱਡ ਆਫ਼ਿਸ 1940 ’ਚ ਮਾਂਟਿ੍ਰਆਲ ਚਲਾ ਗਿਆ, ਜਦੋਂ ਇਸ ਓ.ਈ.ਐਮ. ਨੇ 1948 ਦੇ ਮੈਕ ਈ ਵਰਗੀਆਂ ਹੋਰ ਇਕਾਈਆਂ ਨੂੰ ਡਿਲੀਵਰ ਕੀਤਾ।

ਮੈਕ ਦੇ ਉੱਤਰੀ ਅਮਰੀਕੀ ਸੇਲਜ਼ ਅਤੇ ਕਮਰਸ਼ੀਅਲ ਕਾਰਵਾਈਆਂ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਨੇ ਕਿਹਾ, ‘‘ਕੈਨੇਡਾ ਦੀ ਕਹਾਣੀ ਦਾ ਹਿੱਸਾ ਬਣਨਾ, ਅਤੇ ਦੇਸ਼ ਦੀਆਂ ਜ਼ਰੂਰਤਾਂ ਅਨੁਸਾਰ ਉਸਾਰਨਾ ਅਤੇ ਸੰਭਾਲ ਕਰਨ ਦੀ ਵਚਨਬੱਧਤਾ ਮੈਕ ਲਈ ਮਾਣ ਦੀ ਗੱਲ ਹੈ।’’

ਮੈਕ ਦੇ ਕੈਨੇਡਾ ’ਚ ਪੂਰੇ ਇਤਿਹਾਸ ’ਤੇ ਨਜ਼ਰ ਮਾਰਨ ਲਈ https://www.macktrucks.com/about-mack/museum/mack-history/canada-history/ ’ਤੇ ਜਾਓ।