ਮੈਕ ਨੇ ਕੈਨੇਡਾ ’ਚ ਆਪਣੇ 100 ਵਰ੍ਹੇ ਪੂਰੇ ਕਰਨ ਦਾ ਜਸ਼ਨ ਮਨਾਇਆ

Avatar photo

ਮੈਕ ਟਰੱਕਸ ਨੇ ਇਸ ਹਫ਼ਤੇ ਐਕਸਪੋਕੈਮ ਵਿਖੇ ਕੈਨੇਡਾ ’ਚ ਆਪਣੇ 100 ਸਾਲ ਪੂਰੇ ਕਰਨ ਦਾ ਜਸ਼ਨ ਮਨਾਇਆ ਹੈ, ਅਤੇ ਕਿਹਾ ਹੈ ਕਿ ਅਗਲੇ 100 ਸਾਲਾਂ ਤੱਕ ਇੱਥੇ ਇਸ ਦੀ ਸਥਿਤੀ ਮਜ਼ਬੂਤ ਬਣੀ ਰਹੇਗੀ।

(ਤਸਵੀਰ: ਮੈਕ ਟਰੱਕਸ)

ਮੈਕ ਟਰੱਕਸ ਦੇ ਸੇਲਜ਼ ਐਂਡ ਕਮਰਸ਼ੀਅਲ ਆਪਰੇਸ਼ਨਜ਼ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਨੇ ਕਿਹਾ, ‘‘ਮੈਕ ਕੋਲ ਕੈਨੇਡਾ ਦੇ ਹੋਰ ਜ਼ਿਆਦਾ ਵਿਕਾਸ ਅਤੇ ਇਸ ਦੇ ਵੰਨ-ਸੁਵੰਨੇ ਇਲਾਕਿਆਂ ’ਚ ਅਗਲੇ 100 ਸਾਲਾਂ ਤੱਕ ਆਪਣੇ ਅਪਟਾਈਮ, ਫ਼ਿਊਲ ਬੱਚਤ ਅਤੇ ਸੁਰੱਖਿਆ ਤਕਨੀਕਾਂ ਨੂੰ ਬਿਹਤਰੀਨ ਕਰਨ ਲਈ ਹਰ ਜ਼ਰੂਰੀ ਸੇਵਾ ਅਤੇ ਉਤਪਾਦ ਹਨ।’’

‘‘ਅੱਜ ਜਦੋਂ ਦੇਸ਼ ਆਪਣੇ ਮੁਢਲੇ ਢਾਂਚੇ ਨੂੰ ਮਜ਼ਬੂਤ ਕਰਨ ਅਤੇ 2050 ਤੱਕ ਸਿਫ਼ਰ ਉਤਸਰਜਨ ਦੇ ਟੀਚੇ ਨੂੰ ਹਾਸਲ ਕਰਨ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ, ਤਾਂ ਸਾਡੀ ਮੁਕੰਮਲ ਸ਼੍ਰੇਣੀ 6-8 ਉਤਪਾਦ ਲੜੀ ਅਤੇ ਸੇਵਾਵਾਂ ਕੈਨੇਡਾ ’ਚ ਸਾਮਾਨ ਢੋਅ ਰਹੇ ਅਤੇ ਉਸਾਰੀ ਦਾ ਕੰਮ ਕਰ ਰਹੇ ਸਾਡੇ ਗ੍ਰਾਹਕਾਂ ਲਈ ਉੱਨਤ, ਸਾਫ਼ ਤਕਨਾਲੋਜੀ ਹੱਲ ਅਤੇ ਮਲਕੀਅਤ ਦੀ ਘੱਟ ਤੋਂ ਘੱਟ ਕੀਮਤ ਦੇ ਸਕਦੀਆਂ ਹਨ।’’

ਮੈਕ ਦੇ ਰੀਜਨਲ ਵਾਇਸ-ਪ੍ਰੈਜ਼ੀਡੈਂਟ, ਕੈਨੇਡਾ ਸਟੀਵ ਜੁਗੋਵਿਕ ਨੇ ਕਿਹਾ, ‘‘ਭਾਵੇਂ ਹੋਣ ਬੀ-ਟਰੇਨਸ, ਲੌਗ ਟਰੱਕਸ, ਡੰਪ ਟਰੱਕਸ, ਰਿਫ਼ਿਊਜ਼ ਕੁਲੈਕਟਰ ਜਾਂ ਹੋਣ ਮਿਕਸਰ, ਮੈਕ ਕੋਲ ਕੈਨੇਡਾ ਦੀ ਹਰ ਟਰੱਕਿੰਗ ਜ਼ਰੂਰਤ ਲਈ ਹੱਲ ਮੌਜੂਦ ਹੈ। ਮੈਕ ਸ਼ਹਿਰਾਂ ’ਚ ਲੋੜੀਂਦੀ ਆਵਾਜਾਈ ਲਈ ਗੱਡੀਆਂ, ਪਹਾੜਾਂ ’ਤੇ ਚੱਲਣ ਵਾਲੀਆਂ ਗੱਡੀਆਂ ਅਤੇ ਇਨ੍ਹਾਂ ਦੋਹਾਂ ਵਿਚਕਾਰ ਦੇ ਰਸਤਿਆਂ ’ਤੇ ਚੱਲਣ ਵਾਲੀਆਂ ਹਰ ਤਰ੍ਹਾਂ ਦੀਆਂ ਗੱਡੀਆਂ ਬਣਾਉਂਦਾ ਹੈ।’’