ਯੂਨੀਫ਼ੋਰ ਨੇ ਵੈਂਕੂਵਰ ਪੋਰਟ ’ਚ ਪੁਰਾਣੇ ਟਰੱਕਾਂ ਦੇ ਦਾਖ਼ਲੇ ’ਤੇ ਪਾਬੰਦੀ ਨੂੰ ‘ਹਾਸੋਹੀਣਾ’ ਦੱਸਿਆ

ਕੈਨੇਡਾ ਦੀਆਂ ਸਭ ਤੋਂ ਵੱਡੀਆਂ ਯੂਨੀਅਨਾਂ ’ਚੋਂ ਇੱਕ ਨੇ ਪੋਰਟ ਆਫ਼ ਵੈਂਕੂਵਰ ਵੱਲੋਂ 12 ਸਾਲਾਂ ਤੋਂ ਪੁਰਾਣੇ ਟਰੱਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਦੀ ਯੋਜਨਾ ਦਾ ਵਿਰੋਧ ਕੀਤਾ ਹੈ।

15 ਸਤੰਬਰ ਤੋਂ ਲਾਗੂ ਹੋਣ ਵਾਲੇ ਨਿਯਮਾਂ ਬਾਰੇ ਯੂਨੀਫ਼ੋਰ ਵੈਸਟਰਨ ਦੇ ਖੇਤਰੀ ਡਾਇਰੈਕਟਰ ਗੇਵਿਨ ਮੈਕਗਰੀਗਲ ਨੇ ਕਿਹਾ, ‘‘ਇਹ ਪ੍ਰੋਗਰਾਮ ਹਾਸੋਹੀਣਾ ਹੈ। ਇਸ ਨਾਲ ਨਾ ਸਿਰਫ਼ ਟਰੱਕ ਡਰਾਈਵਰਾਂ ਦੀਆਂ ਵਿੱਤੀ ਚਿੰਤਾਵਾਂ ਦੀ ਅਣਦੇਖੀ ਹੋ ਰਹੀ ਹੈ, ਬਲਕਿ ਬੀ.ਸੀ. ਦੀਆਂ ਸੜਕਾਂ ’ਤੇ ਚਲ ਰਹੇ 98% ਟਰੱਕਾਂ ਨੂੰ ਵੀ ਬਾਹਰ ਕਰ ਦਿੱਤਾ ਗਿਆ ਹੈ।’’

‘‘ਇਹ ‘ਗ੍ਰੀਨਵਾਸ਼ਿੰਗ’ ਦਾ ਸਭ ਤੋਂ ਬਦਤਰ ਉਦਾਹਰਣ ਹੈ। ਪੋਰਟ ਦੀਆਂ ਯੋਜਨਾਵਾਂ ਨਾਲ ਟਰੱਕਰਸ ’ਤੇ ਖ਼ਰਚ ਦਾ ਭਾਰੀ ਬੋਝ ਪਵੇਗਾ ਅਤੇ ਇਸ ਦਾ ਉਤਸਰਜਨ ’ਤੇ ਕੋਈ ਬਹੁਤਾ ਅਸਰ ਵੀ ਨਹੀਂ ਪਵੇਗਾ।’’

About 200 trucks participated in the Vancouver rally on Canada Day. (Photo: Submitted)

ਯੂਨੀਅਨ ਇਸ ਯੋਜਨਾ ਨੂੰ ਲਾਗੂ ਕਰਨ ’ਚ ਦੋ ਸਾਲਾਂ ਦੀ ਦੇਰੀ ਕਰਨ ਦੇ ਨਾਲ ਹੀ ਵਿੱਤੀ ਮੱਦਦ ਦੇਣ ਦੀ ਵੀ ਮੰਗ ਕਰ ਰਹੀ ਹੈ। ਯੂਨੀਅਨ ਨੇ ਕਿਹਾ ਕਿ ਉਹ ਲਾਬਿੰਗ ਅਤੇ ਅਦਾਲਤੀ ਕਾਰਵਾਈ ਜ਼ਰੀਏ ਇਸ ਯੋਜਨਾ ਵਿਰੁੱਧ ਮੁਹਿੰਮ ਚਲਾ ਰਹੀ ਹੈ।

ਯੂਨੀਫ਼ੋਰ-ਵੈਂਕੂਵਰ ਕੰਟੇਨਰ ਟਰੱਕਰਜ਼ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਪਾਲ ਨਾਗਰਾ ਨੇ ਕਿਹਾ, ‘‘ਕੰਟੇਨਰ ਟਰੱਕਰਸ ਪਹਿਲਾਂ ਹੀ ਵਧਦੀ ਮਹਿੰਗਾਈ ਨਾਲ ਜੂਝ ਰਹੇ ਹਨ। ਟਰਿੱਪ ਅਦਾਇਗੀ ਦੀਆਂ ਦਰਾਂ ਨੂੰ ਪਿਛਲੇ ਦੋ ਸਾਲਾਂ ਤੋਂ ਵਧਾਇਆ ਨਹੀਂ ਗਿਆ ਹੈ। ਟਰੱਕ ਨੂੰ ਰਿਟਾਇਰ ਕਰਨ ਦੀ ਉਮਰ ਮਨਮਰਜ਼ੀ ਵਾਲੇ ਤਰੀਕੇ ਨਾਲ ਮਿੱਥ ਦੇਣ ਨਾਲ ਕਈ ਟਰੱਕ ਡਰਾਈਵਰ ਆਰਥਕ ਤੌਰ ’ਤੇ ਰੁਲ ਜਾਣਗੇ।’’

ਵੈਨਕੂਵਰ ਫ਼ਰੇਜ਼ਰ ਪੋਰਟ ਅਥਾਰਟੀ ਦੇ ਸੀ.ਈ.ਓ. ਰੌਬਿਨ ਸਿਲਵੇਸਟਰ ਨੇ ਕਿਹਾ ਕਿ ਰੋਲਿੰਗ ਟਰੱਕ ਏੱਜ ਪ੍ਰੋਗਰਾਮ ਬੰਦਰਗਾਹ ਨਾਲ ਸੰਬੰਧਤ ਟਰੱਕਿੰਗ ਗਤੀਵਿਧੀਆਂ ’ਚੋਂ ਉਤਸਰਜਨ ਨੂੰ ਬਹੁਤ ਘੱਟ ਕਰੇਗਾ।