ਯੂਨੀਫ਼ੋਰ ਨੇ ਵੈਨਕੂਵਰ ਪੋਰਟ ’ਤੇ ਘੜਮੱਸ ਮੱਚਣ ਦੀ ਚੇਤਾਵਨੀ ਦਿੱਤੀ

Avatar photo

ਯੂਨੀਫ਼ੋਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੈਂਕੜੇ ਕੰਟੇਨਰ ਟਰੱਕਾਂ ਦੇ ਚੱਲਣ ’ਤੇ ਪਾਬੰਦੀ ਲਾਉਣ ਦੀ ਯੋਜਨਾ ’ਤੇ ਅੱਗੇ ਵਧਿਆ ਗਿਆ ਤਾਂ ਮੈਟਰੋ ਵੈਨਕੂਵਰ ਪੋਰਟ ’ਤੇ ਘੜਮੱਸ ਮੱਚ ਜਾਵੇਗੀ, ਜੋ ਕਿ ਪਹਿਲਾਂ ਹੀ ਮਹਾਂਮਾਰੀ, ਹੜ੍ਹਾਂ ਅਤੇ ਸਪਲਾਈ ਚੇਨ ਦੇ ਮੁੱਦਿਆਂ ਕਰਕੇ ਦਬਾਅ ਹੇਠ ਕੰਮ ਕਰ ਰਿਹਾ ਹੈ।

ਯੂਨੀਫ਼ੋਰ ਦੇ ਨੈਸ਼ਨਲ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਜਾਰੀ ਇੱਕ ਬਿਆਨ ’ਚ ਕਿਹਾ,  ‘‘ਆਵਾਜਾਈ ਮੰਤਰੀ ਓਮਰ ਐਲਗਾਬਰਾ ਵੱਲੋਂ ਕਾਰਵਾਈ ਤੋਂ ਬਗ਼ੈਰ, ਵੈਨਕੂਵਰ ਦੇ ਪੋਰਟਸ ’ਤੇ ਆਵਾਜਾਈ ਠੱਪ ਹੋ ਜਾਵੇਗੀ। ਲੱਖਾਂ ਬਿ੍ਰਟਿਸ਼ ਕੋਲੰਬੀਅਨ ਆਪਣੇ ਪੋਰਟਸ ਦੇ ਸੁਚਾਰੂ ਰੂਪ ’ਚ ਚੱਲਣ ’ਤੇ ਨਿਰਭਰ ਕਰਦੇ ਹਨ। ਇਸ ਮੁੱਦੇ ਨੂੰ ਅਣਦੇਖਿਆਂ ਕਰਨ ਨਾਲ ਮਾਮਲਾ ਹੋਰ ਬਦਤਰ ਹੋਵੇਗਾ।’’

ਵੈਨਕੂਵਰ ਪੋਰਟ ’ਤੇ 10 ਸਾਲ ਤੋਂ ਪੁਰਾਣੇ ਟਰੱਕਾਂ ’ਤੇ 1 ਫ਼ਰਵਰੀ ਮਗਰੋਂ ਪਾਬੰਦੀ ਲਾ ਦਿੱਤੀ ਜਾਵੇਗੀ। (ਤਸਵੀਰ: ਪੋਰਟ ਆਫ਼ ਵੈਨਕੂਵਰ)

ਵੈਨਕੂਵਰ ਪੋਰਟ ’ਤੇ 1 ਫ਼ਰਵਰੀ ਨੂੰ 10 ਸਾਲ ਤੋਂ ਪੁਰਾਣੇ ਟਰੱਕਾਂ ਦੇ ਚੱਲਣ ’ਤੇ ਪਾਬੰਦੀ ਲਾ ਦਿੱਤੀ ਜਾਵੇਗੀ। ਆਰਜ਼ੀ ਛੋਟ ਦਾ ਬਿਨੈ ਕਰਨ ਲਈ ਟਰੱਕਰਸ ਨੂੰ ਭਾਰੀ ਫ਼ੀਸ ਅਦਾ ਕਰਨੀ ਪਵੇਗੀ।

ਯੂਨੀਫ਼ੋਰ ਨੇ ਆਪਣੀ ਮੰਗ ਦੁਹਰਾਈ ਹੈ ਕਿ ਪੁਰਾਣੇ ਟਰੱਕਾਂ ਨੂੰ ਜਾਇਜ਼ ਤੋਂ ਜਾਇਜ਼ ਤਰੀਕੇ ਨਾਲ ਬਦਲਣ ਲਈ ਗੱਲਬਾਤ ਕੀਤੀ ਜਾਵੇ ਤਾਂ ਕਿ ਟਰੱਕ ਡਰਾਈਵਰਾਂ ’ਤੇ ਕੋਈ ਵਿੱਤੀ ਬੋਝ ਵੀ ਨਾ ਪਵੇ ਅਤੇ ਪੋਰਟ ਦੀ ਟਰੱਕਿੰਗ ਸਮਰੱਥਾ ’ਚ ਘੱਟ ਤੋਂ ਘੱਟ ਖਲਲ ਆਵੇ। ਯੂਨੀਅਨ ਨੇ ਕਿਹਾ ਕਿ ਪੁਰਾਣੇ ਟਰੱਕਾਂ ’ਤੇ ਪਾਬੰਦੀ ਲਾਉਣ ਦੀ ਯੋਜਨਾ ’ਤੇ ਸਾਲ ਦਾ ਠਹਿਰਾਅ ਅਤੇ ਵਿੱਤੀ ਮੱਦਦ ਚਿੰਤਾਵਾਂ ਨੂੰ ਘਟ ਕਰ ਦੇਵੇਗੀ।

ਕੰਟੇਨਰ ਟਰੱਕਿੰਗ ਲਈ ਪ੍ਰੋਵਿੰਸ ਅਤੇ ਫ਼ੈਡਰਲ ਸਰਕਾਰ ਦਾ ਸਾਂਝਾ ਅਧਿਕਾਰ ਖੇਤਰ ਹੈ। ਆਪਣੇ ਵੱਲੋਂ ਜਾਰੀ ਇੱਕ ਬਿਆਨ ’ਚ ਯੂਨੀਫ਼ੋਰ ਨੇ ਕਿਹਾ ਕਿ ਬੀ.ਸੀ. ਸਰਕਾਰ ਦੇ ਅਧਿਕਾਰੀਆਂ ਨੇ ਪ੍ਰਤੀਕਿਰਿਆ ਕਰਨ ’ਚ ਸੁਸਤੀ ਵਿਖਾਈ ਹੈ ਅਤੇ ਮੌਜੂਦਾ ਟਰੱਕਾਂ ਦੀ ਕਮੀ ਦਾ ਜ਼ਿਆਦਾਤਰ ਇਲਜ਼ਾਮ ਉਨ੍ਹਾਂ ’ਤੇ ਹੀ ਹੈ।

ਯੂਨੀਫ਼ੋਰ ਵੈਸਟਰਨ ਰੀਜਨਲ ਡਾਇਰੈਕਟਰ ਗੇਵਿਨ ਮੈਕਗਰੀਗਲ ਨੇ ਕਿਹਾ ਕਿ ਪੋਰਟ ਆਫ਼ ਵੈਨਕੂਵਰ ਦੇ ਸੀ.ਈ.ਓ. ਰੋਬਿਨ ਸਿਲਵੈਸਟਰ ਟਰੱਕਰਸ ਨਾਲ ਗੱਲਬਾਤ ਕਰਨ ਦੀ ਬਜਾਏ ਪਾਬੰਦੀਆਂ ਲਾਗੂ ਕਰਨ ਲਈ ਲਾਮਬੰਦ ਹਨ: ‘‘ਸਾਡੀ ਗੱਲਬਾਤ ਦੌਰਾਨ, ਪੋਰਟ ਦੀ ਲੀਡਰਸ਼ਿਪ ਸਮੱਸਿਆ ਦਾ ਹਿੱਸਾ ਹੈ, ਨਾ ਕਿ ਹੱਲ ਦਾ।’’

ਯੂਨੀਫ਼ੋਰ-ਵੈਨਕੂਵਰ ਕੰਟੇਨਰ ਟਰੱਕਿੰਗ ਐਸੋਸੀਏਸ਼ਨ (ਵੀ.ਸੀ.ਟੀ.ਏ.) ਦੇ ਪ੍ਰਧਾਨ ਪੌਲ ਨਾਗਰਾ ਨੇ ਸਮੱਸਿਆ ਦਾ ਹੱਲ ਕਰਨ ਲਈ ਸਥਾਨਕ ਲਿਬਰਲ ਐਮ.ਪੀਜ਼. ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਕਈ ਸਾਲਾਂ ਤੋਂ ਚੇਤਾਵਨੀ ਦੇ ਰਹੇ ਹਾਂ। ਹੁਣ ਇਸ ਆਪਹੁਦਰੀ ਸਮਾਂ-ਸੀਮਾ ਨੂੰ ਲਚੀਲੇਪਣ ਨਾਲ ਅਤੇ ਵਰਕਰਾਂ ਤੋਂ ਅਰਥਪੂਰਨ ਸਲਾਹ ਲੈ ਕੇ ਸੁਧਾਰਨ ਦਾ ਸਮਾਂ ਹੈ, ਜੋ ਕਿ ਵਸਤਾਂ ਦੀ ਆਵਾਜਾਈ ਜਾਰੀ ਰੱਖਣ ’ਚ ਮੱਦਦ ਕਰਦੇ ਹਨ।’’