ਯੋਜਨਾਬੱਧ ਪ੍ਰਾਜੈਕਟਾਂ ’ਚ ਰਾਹਤ ਦਾ ਵਾਅਦਾ ਪਰ ਥੋੜ੍ਹੇ ਸਮੇਂ ਲਈ ਪਾਰਕਿੰਗ ਟਰੱਕਰਾਂ ਲਈ ਵੱਡੀ ਸਮੱਸਿਆ

Avatar photo

ਭਾਵੇਂ ਓਂਟਾਰੀਓ ਸਰਕਾਰ ਨੇ ਇਸ ਸਾਲ ਦੀ ਸ਼ੁਰੂਆਤ ’ਚ ਹੀ ਕਈ ਥਾਵਾਂ ’ਤੇ ਪਾਰਕਿੰਗ ਦਾ ਵਿਸਤਾਰ ਕਰਨ ਬਾਰੇ ਐਲਾਨ ਕਰ ਦਿੱਤਾ ਸੀ ਪਰ ਭੀੜ-ਭੜੱਕੇ ਵਾਲੇ ਹਾਈਵੇ 401 ’ਤੇ ਡਰਾਈਵਰਾਂ ਨੂੰ ਅਜੇ ਪਾਰਕਿੰਗ ਵਾਲੀਆਂ ਥਾਵਾਂ ਲੱਭਣ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੈਂਬਰਿਜ, ਓਂਟਾਰੀਓ ’ਚ ਹਾਈਵੇ 401 ’ਤੇ ਭੀੜ-ਭੜੱਕੇ ਵਾਲੇ ਆਨਰੂਟ ਆਰਾਮ ਘਰ ’ਚ ਜਾਂਦਾ ਇੱਕ ਟਰੱਕ। (ਤਸਵੀਰ: ਲੀਓ ਬਾਰੋਸ)

ਜਨਵਰੀ ’ਚ, ਪ੍ਰੋਵਿੰਸ ਨੇ ਐਲਾਨ ਕੀਤਾ ਸੀ ਕਿ ਟਰੱਕ ਪਾਰਕਿੰਗ ਨੂੰ ਕਈ ਥਾਵਾਂ ’ਤੇ ਅਪ੍ਰਗੇਡ ਕੀਤਾ ਜਾਵੇਗਾ, ਜਿਨ੍ਹਾਂ ’ਚ ਮੌਜੂਦਾ ਆਰਾਮ ਘਰ ਵੀ ਸ਼ਾਮਲ ਹਨ, ਨਵੇਂ ਆਰਾਮ ਘਰ ਬਣਾਏ ਜਾਣਗੇ ਅਤੇ ਚਾਰ ਮੌਜੂਦਾ ਆਨਰੂਟ ਟਰੈਵਲ ਪਲਾਜ਼ਾ ਵਿਖੇ ਕਈ ਪਾਰਕਿੰਗ ਦੀਆਂ ਥਾਵਾਂ ਜੋੜੀਆਂ ਜਾਣਗੀਆਂ।

ਕੁੱਝ ਕੁ ਮੌਜੂਦਾ ਟਰੱਕ ਸਟਾਪਾਂ ਅਤੇ ਟਰੈਵਲ ਪਲਾਜ਼ਾ ’ਤੇ ਥੋੜ੍ਹੀਆਂ ਜਿਹੀਆਂ ਥਾਵਾਂ ਹਰ ਸ਼ਾਮ ਬਹੁਤ ਛੇਤੀ ਭਰ ਜਾਂਦੀਆਂ ਹਨ। ਇਸ ਬਾਰੇ ਲੰਮੇ ਸਮੇਂ ਤੋਂ ਡਰਾਈਵਿੰਗ ਕਰਦੇ ਆ ਰਹੇ ਪੌਲ ਮੈਕਕੇਨੀ ਨੇ ਕਿਹਾ ਕਿ ਕਈ ਵਾਰੀ ਟਰੱਕਰਾਂ ਨੂੰ ਪਾਰਕਿੰਗ ਦੀਆਂ ਥਾਵਾਂ ਖ਼ੁਦ ਹੀ ਬਣਾਉਣੀਆਂ ਪੈਂਦੀਆਂ ਹਨ, ਕਿਉਂਕਿ ਉਨ੍ਹਾਂ ਦੇ ਇਲੈਕਟ੍ਰਾਨਿਕ ਲਾਗਜ਼ ’ਚ ਉਨ੍ਹਾਂ ਦੇ ਕੰਮ ਕਰਨ ਦਾ ਸਮਾਂ ਖ਼ਤਮ ਹੋ ਰਿਹਾ ਹੁੰਦਾ ਹੈ।

ਵੱਡੇ ਸਟੋਰਾਂ ’ਚ ਸਥਿਤ ਪਾਰਕਿੰਗ ਲਾਟ ਪਹਿਲਾਂ ਟਰੱਕਰ ਪ੍ਰਯੋਗ ਕਰ ਲੈਂਦੇ ਸਨ ਪਰ ਹੁਣ ਜ਼ਿਆਦਾਤਰ ਕੰਪਨੀਆਂ ਨੇ ਆਪਣੀਆਂ ਜਾਇਦਾਦਾਂ ’ਤੇ ਟਰੱਕਾਂ ਨੂੰ ਰੋਕਣ ਲਈ ਬੈਰੀਕੇਡ ਲਾ ਦਿੱਤੇ ਹਨ। 70 ਵਰ੍ਹਿਆਂ ਦੇ ਮੈਕਕੇਨੀ ਨੇ ਕਿਹਾ, ‘‘ਇਸ ਲਈ ਦੋਸ਼ ਡਰਾਈਵਰਾਂ ’ਤੇ ਹੈ। ਉਹ ਆਪਣਾ ਕੂੜਾ ਉੱਥੇ ਸੁੱਟ ਜਾਂਦੇ ਹਨ ਅਤੇ ਉਸ ਨੂੰ ਸਾਫ਼ ਵੀ ਨਹੀਂ ਕਰਦੇ। ਸਟੋਰ ਮੈਨੇਜਮੈਂਟ ਇਹ ਸਭ ਨਹੀਂ ਚਾਹੁੰਦੇ।’’

ਟਰੱਕਨਿਊਜ਼ ਡਾਟ ਕਾਮ ਨੇ ਆਪਣੀ ਇੱਕ ਖ਼ਬਰ ’ਚ ਨਸ਼ਰ ਕੀਤਾ ਸੀ ਕਿ 2025 ਤਕ ਪੂਰੇ ਹੋਣ ਵਾਲੇ ਮੁਢਲਾ ਢਾਂਚਾ ਪ੍ਰਾਜੈਕਟ ਵੀ ਐਸ.ਪੀ.ਆਰ. ਐਸੋਸੀਏਟਸ ਦੀ 2019 ਵੱਲੋਂ ਕੀਤੀ ਸਿਫ਼ਾਰਸ਼ ਤੋਂ ਘੱਟ ਸਾਬਤ ਹੋਣਗੇ।

ਓ.ਪੀ.ਪੀ. ਸਾਰਜੈਂਟ ਕੈਰੀ ਸ਼ਮਿਥ ਨੇ ਕਿਹਾ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਵੱਲੋਂ ਸਭ ਤੋਂ ਆਮ ਕੀਤੇ ਜਾਣ ਵਾਲੇ ਅਪਰਾਧ ‘ਨੋ ਪਾਰਕਿੰਗ’ ਜਾਂ ‘ਨੋ ਸਟਾਪਿੰਗ ਜ਼ੋਨ’ ’ਚ ਕੀਤੀ ਜਾਣ ਵਾਲੀ ਪਾਰਕਿੰਗ ਹੈ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ (ਓ.ਟੀ.ਏ.) ਦੇ ਇੱਕ ਅਫ਼ਸਰ ਨੇ ਕਿਹਾ ਕਿ ਟਰੱਕ ਪਾਰਕਿੰਗ ਲਈ ਕੋਈ ਆਸਾਨ ਹੱਲ ਨਹੀਂ ਹੈ। ਨੀਤੀ ਬਾਰੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੀਓਫ਼ਰੀ ਵੁੱਡ ਨੇ ਕਿਹਾ, ‘‘ਮੁੱਦਾ ਕੋਈ ਇੱਕ ਨਹੀਂ ਹੈ। ਤੁਸੀਂ ਚੁਟਕੀ ਵਜਾ ਕੇ ਪਾਰਕਿੰਗ ਨਹੀਂ ਬਣਾ ਸਕਦੇ। ਬਹੁਤ ਕੰਮ ਕਰਨਾ ਪੈਂਦਾ ਹੈ, ਅਤੇ ਬਹੁਤ ਸਾਰਾ ਕੰਮ ਲਿਖਤੀ ਪੱਧਰ ’ਤੇ ਹੁੰਦਾ ਹੈ।’’

ਕੈਂਬਰਿਜ, ਓਂਟਾਰੀਓ ’ਚ ਹਾਈਵੇ 401 ’ਤੇ ਆਨਰੂਟ ਰੈਸਟ ਏਰੀਆ ਵਿਖੇ ਐਲ.ਸੀ.ਵੀ. ਲਈ ਰਾਖਵੀਂ ਥਾਂ ਨੂੰ ਘੇਰੀ ਬੈਠੇ ਸੈਮੀਜ਼। (ਤਸਵੀਰ: ਲੀਓ ਬਾਰੋਸ)

ਓਨਰ-ਆਪਰੇਟਰ ਰਵੀਸ਼ ਗਰਗ ਨੇ ਕਿਹਾ ਕਿ ਪਾਰਕਿੰਗ ਹਮੇਸ਼ਾ ਸਮੱਸਿਆ ਪੈਦਾ ਕਰਦੀ ਹੈ। ਕੁੱਝ ਆਨਰੂਟ ਪਲਾਜ਼ਿਆਂ ਵਿਖੇ, ਪਾਰਕਿੰਗ ਫੁੱਲ ਹੋ ਜਾਣ ਤੋਂ ਬਾਅਦ ਵੀ ਕਈ ਡਰਾਈਵਰ ਆਪਣੀ ਮਰਜੀ ਨਾਲ ਕਿਤੇ ਵੀ ਪਾਰਕਿੰਗ ਕਰ ਦਿੰਦੇ ਹਨ। ਜੇਕਰ ਤੁਸੀਂ ਅੰਦਰ ਵੜ ਜਾਓ ਤਾਂ ਤੁਹਾਨੂੰ ਬਾਹਰ ਨਿਕਲਣ ’ਚ ਬਹੁਤ ਸਮੱਸਿਆ ਆਉਂਦੀ ਹੈ।

ਕੁੱਝ ਡਰਾਈਵਰ ਟਰੱਕ ਸਟਾਪ ਜਾਂ ਰੈਸਟ ਏਰੀਆ ਨੇੜੇ ਸਾਰੀਆਂ ਥਾਵਾਂ ਭਰਨ ਤੋਂ ਬਾਅਦ ਪਾਰਕ ਕਰਨ ਲਈ ਆਨ- ਅਤੇ ਆਫ਼-ਰੈਂਪ ਅਤੇ ਹਾਰਡ ਸ਼ੋਲਡਰ ਦਾ ਪ੍ਰਯੋਗ ਕਰਦੇ। ਸਾਰਜੈਂਟ ਸ਼ਮਿਥ ਨੇ ਕਿਹਾ ਕਿ ਇਨ੍ਹਾਂ ਥਾਵਾਂ ’ਤੇ ‘ਨੋ ਪਾਰਕਿੰਗ’ ਦੇ ਚਿੰਨ੍ਹ ਲੱਗੇ ਹੁੰਦੇ ਹਨ, ਅਤੇ ਡਰਾਈਵਰਾਂ ’ਤੇ ਇਨ੍ਹਾਂ ਚਿੰਨ੍ਹਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲੱਗ ਸਕਦਾ ਹੈ।

47 ਸਾਲਾਂ ਤੋਂ ਡਰਾਈਵਿੰਗ ਕਰ ਰਹੇ ਮੈਕਕੇਨੀ ਨੂੰ ਇੱਕ ਵਾਕਿਆ ਯਾਦ ਹੈ ਜੋ ਕਿ ਕਈ ਸਾਲ ਪਹਿਲਾਂ ਵਾਪਰ ਰਿਹਾ ਸੀ, ਜਦੋਂ ਇੱਕ ਡਰਾਈਵਰ ਨੇ ਆਪਣਾ ਟਰੱਕ ਹਾਈਵੇ ਦੇ ਕੰਢੇ ’ਤੇ ਪਾਰਕ ਕਰ ਦਿੱਤਾ ਸੀ ਅਤੇ ਜਦੋਂ ਇੱਕ ਹੋਰ ਗੱਡੀ ਉਸ ਦੇ ਗੱਡੀ ’ਚ ਵੱਜੀ ਤਾਂ ਉਸ ਦੀ ਮੌਤ ਹੋ ਗਈ ਸੀ।

ਗਰਗ ਨੇ ਕਿਹਾ ਕਿ ਉਸ ਨੂੰ ਇੱਕ ਵਾਰੀ ਰਾਤ ਇੱਕ ਰੈਂਪ ’ਤੇ ਪਾਰਕ ਕਰ ਕੇ ਬਿਤਾਉਣੀ ਪਈ ਅਤੇ ਇਸ ’ਚ ਕਿੱਲਾਂ ਗੱਡੀਆਂ ਹੋਣ ਕਰਕੇ ਉਸ ਦਾ ਟਾਇਰ ਪੈਂਚਰ ਹੋ ਗਿਆ। ਉਸ ਨੇ ਕਿਹਾ ਕਿ ਰੈਂਪ ’ਤੇ ਬਹੁਤ ਮਲਬਾ ਇਕੱਠਾ ਹੋ ਜਾਂਦਾ ਹੈ, ਜਿਨ੍ਹਾਂ ’ਚ ਕਿੱਲਾਂ ਅਤੇ ਹੋਰ ਤਿੱਖੀਆਂ ਚੀਜ਼ਾਂ ਹੁੰਦੀਆਂ ਹਨ। ਸਰਵਿਸ ਕਾਲ ਕਰਕੇ ਉਸ ਨੂੰ 200 ਡਾਲਰ ਦਾ ਭੁਗਤਾਨ ਕਰਨਾ ਪਿਆ ਅਤੇ ਇਸ ਤਰ੍ਹਾਂ ਉਸ ਨੂੰ ਇਹ ਮਹਿੰਗਾ ਸਬਕ ਮਿਲਿਆ।

ਓ.ਟੀ.ਏ. ਨੇ ਕਿਹਾ ਕਿ ਉਹ ਪਾਰਕਿੰਗ ਦੀਆਂ ਜ਼ਰੂਰਤਾਂ ਦੀ ਪਛਾਣ ਕਰਨ ਲਈ ਆਵਾਜਾਈ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਵੁੱਡ ਨੇ ਕਿਹਾ ਕਿ ਸਰਕਾਰ ਦਾ ਹੁੰਗਾਰਾ ਉਤਸ਼ਾਹਪੂਰਨ ਹੈ ਅਤੇ ਉਨ੍ਹਾਂ ਪਿੱਛੇ ਜਿਹੇ ਟਰੱਕ ਪਾਰਕਿੰਗ ਨੂੰ ਬਿਹਤਰ ਕਰਨ ਬਾਰੇ ਐਲਾਨ ਨੂੰ ਇਸ ਦਾ ਉਦਾਹਰਣ ਦੱਸਿਆ।

ਵੁੱਡ ਨੇ ਕਿਹਾ, ‘‘ਪਾਰਕਿੰਗ ਭਖਵਾਂ ਮਸਲਾ ਹੈ, ਪਰ ਇਸ ਨੂੰ ਹੱਲ ਕਰਨ ਲਈ ਅਸੀਂ ਤੇਜ਼ੀ ਨਾਲ ਕੰਮ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਐਲਾਨ ’ਚ ਉਹ ਕੁੱਝ ਦੱਸਿਆ ਗਿਆ ਹੈ ਜੋ ਨੇੜ ਭਵਿੱਖ ’ਚ ਕੀਤਾ ਜਾ ਰਿਹਾ ਹੈ, ਅਗਲੇ ਦੋ ਤੋਂ ਤਿੰਨ ਸਾਲਾਂ ਅੰਦਰ, ਅਤੇ ਬਹੁਤ ਸਾਰਾ ਕੰਮ 2021-2022 ’ਚ ਕੀਤਾ ਜਾਵੇਗਾ।

ਸਾਰਜੈਂਟ ਸ਼ਮਿਥ ਨੇ ਕਿਹਾ ਕਿ ਟਰੱਕ ਡਰਾਈਵਰਾਂ ਨੂੰ ਆਪਣੇ ਰੂਟ ਅਤੇ ਸਮੇਂ ਦੀ ਯੋਜਨਾਬੰਦੀ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘‘ਜਦੋਂ ਉਨ੍ਹਾਂ ਦੇ ਕੰਮ ਕਰਨ ਦਾ ਸਮਾਂ ਖ਼ਤਮ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਅਜਿਹੀ ਥਾਂ ’ਤੇ ਹੋਣਾ ਚਾਹੀਦਾ ਹੈ ਜਿੱਥੇ ਉਹ ਟਰੱਕ ਰੋਕ ਕੇ ਜ਼ਰੂਰੀ ਸਮੇਂ ਤਕ ਸੌਂ ਸਕਣ।’’

ਕੈਂਬਰਿਜ, ਓਂਟਾਰੀਓ ’ਚ ਹਾਈਵੇ 401 ਦੇ ਪੂਰਬ ਵਾਲੇ ਪਾਸੇ ਆਨਰੂਟ ਰੈਸਟ ਏਰੀਆ ’ਚ ਸ਼ਾਮ ਸਮੇਂ ਟਰੱਕ ਪਾਰਕਿੰਗ ਦੀਆਂ ਥਾਵਾਂ ਤੇਜ਼ੀ ਨਾਲ ਭਰ ਜਾਂਦੀਆਂ ਹਨ। (ਤਸਵੀਰ: ਲੀਓ ਬਾਰੋਸ)

ਡਰਾਈਵਰ ਮੈਕਕੇਨੀ ਨੇ ਕਿਹਾ ਕਿ ਜੇਕਰ ਅਥਾਰਟੀਆਂ ਚਾਹੁੰਦੀਆਂ ਹਨ ਕਿ ਡਰਾਈਵਰ ਆਪਣੇ ਕੰਮ ਕਰਨ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਰੁਕ ਜਾਣ ਤਾਂ ਉਨ੍ਹਾਂ ਨੂੰ ਡਰਾਈਵਰਾਂ ਨੂੰ ਅਜਿਹੀ ਥਾਂ ਦੇਣੀ ਚਾਹੀਦੀ ਹੈ ਜਿੱਥੇ ਉਹ ਪਾਰਕ ਕਰ ਸਕਣ। ਉਹ ਪਹਿਲਾਂ ਲੋਂਗ ਕੰਬੀਨੇਸ਼ਨ ਵਹੀਕਲ ਚਲਾਉਂਦੇ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਈ ਥਾਵਾਂ ’ਤੇ ਉਨ੍ਹਾਂ ਲਈ ਰਾਖਵੀਂਆਂ ਕੁੱਝ ਕੁ ਥਾਵਾਂ ’ਤੇ ਟਰੈਕਟਰ-ਟਰੇਲਰ ਅਤੇ ਕਈ ਵਾਰੀ ਬੌਬਟੇਲ ਵੀ ਖੜ੍ਹੇ ਕਰ ਦਿੱਤੇ ਜਾਂਦੇ ਹਨ।

ਓ.ਟੀ.ਏ. ਦੇ ਵੁੱਡ ਨੇ ਕਿਹਾ ਕਿ ਗੇਨਾਨੋਕ, ਓਂਟਾਰੀਓ ’ਚ ਇੱਕ ਪੁਰਾਣੇ ਇੰਸਪੈਕਸ਼ਨ ਸਟੇਸ਼ਨ ਨੂੰ ਆਰਾਮ ਘਰ ’ਚ ਬਦਲਿਆ ਜਾ ਰਿਹਾ ਹੈ ਜਿੱਥੇ 30 ਜਾਂ 40 ਪਾਰਕਿੰਗ ਦੀਆਂ ਥਾਵਾਂ ਹੋਣਗੀਆਂ। ਡਿਜ਼ਾਈਨ ‘ਕੁਕੀ ਕਟਰ’ ਵਰਗਾ ਹੋਵੇਗਾ ਅਤੇ ਇਹ ਪ੍ਰੋਵਿੰਸ ’ਚ ਹੋਰਨਾਂ ਥਾਵਾਂ ’ਤੇ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਬਹੁਤੀ ਥਾਂ ਨਹੀਂ ਘੇਰਦਾ।

ਵੁੱਡ ਦਾ ਕਹਿਣਾ ਹੈ ਕਿ ਡਰਾਈਵਰਾਂ ਨੂੰ ਰਾਹਤ ਬਹੁਤ ਛੇਤੀ ਮਿਲਣ ਵਾਲੀ ਹੈ, ਨੇੜੇ ਭਵਿੱਖ ’ਚ ਦੱਖਣੀ ਓਂਟਾਰੀਓ ’ਚ 200-250 ਵਾਧੂ ਪਾਰਕਿੰਗ ਦੀਆਂ ਥਾਵਾਂ ਮਿਲ ਜਾਣਗੀਆਂ। ‘‘ਮੁੱਖ ਸੰਦੇਸ਼ ਇਹ ਹੈ ਕਿ ਇਸ ਖੇਤਰ ਵੱਲ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ, ਅਸੀਂ ਇਸ ਨੂੰ ਸਦਾ ਰਹਿਣਾ ਵਾਲਾ ਮੁੱਦਾ ਮੰਨਦੇ ਹਾਂ – ਇਹ ਇੱਕ ਵਾਰੀ ’ਚ ਖ਼ਤਮ ਹੋਣ ਵਾਲਾ ਕੰਮ ਨਹੀਂ ਹੈ – ਅਸੀਂ ਨਿਰੰਤਰ ਇਸ ਵੱਲ ਧਿਆਨ ਦੇ ਰਹੇ ਹਾਂ।’’