‘ਰਨ ਆਨ ਲੈੱਸ ਇਲੈਕਟਿ੍ਰਕ’ ਮੁਕਾਬਲੇ ’ਚ ਦੋ ਕੈਨੇਡੀਆਈ ਫ਼ਲੀਟ ਵੀ ਲੈਣਗੇ ਹਿੱਸਾ

Avatar photo

ਦੋ ਕੈਨੇਡੀਅਨ ਫ਼ਲੀਟ ਇਸ ਪਤਝੜ ਦੇ ਮੌਸਮ ’ਚ ਹੋਣ ਵਾਲੇ ਉੱਤਰੀ ਅਮਰੀਕੀ ਕੌਂਸਲ ਫ਼ਾਰ ਫ਼ਰੇਟ ਐਫ਼ੀਸ਼ੀਐਂਸੀ (ਐਨ.ਏ.ਸੀ.ਐਫ਼.ਈ.) ਦੇ ‘ਰਨ ਆਨ ਲੈੱਸ ਇਲੈਕਟਿ੍ਰਕ’ ਨਾਮਕ ਮੁਕਾਬਲੇ ’ਚ ਹਿੱਸਾ ਲੈਣਗੇ।

(ਤਸਵੀਰ: ਪਿਊਰੋਲੇਟਰ)

ਪਿਊਰੋਲੇਟਰ ਆਪਣੇ ਮੋਟਿਵ ਨਾਲ ਚੱਲਣ ਵਾਲੀ ਫ਼ੋਰਡ ਸਟੈੱਪ ਵੈਨ ਨਾਲ ਹਿੱਸਾ ਲਵੇਗਾ, ਜੋ ਕਿ ਪਿੱਛੇ ਜਿਹੇ ਵੈਨਕੂਵਰ ’ਚ ਪ੍ਰਦਰਸ਼ਿਤ ਕੀਤੀ ਗਈ ਸੀ, ਜਦਕਿ ਕਿਊਬੈੱਕ ਲੀਕਰ ਡਿਸਟ੍ਰੀਬਿਊਟਰ ਐਸ.ਏ.ਕਿਊ ਆਪਣੇ ਲਾਇਅਨ8 ਬਾਕਸ ਟਰੱਕ ਨਾਲ ਹਿੱਸਾ ਲਵੇਗਾ ਜੋ ਕਿ ਮਾਂਟ੍ਰਿਆਲ ’ਚ ਚਲ ਰਿਹਾ ਹੈ।

ਇਸ ਸਾਲ ਐਨ.ਏ.ਸੀ.ਐਫ਼.ਈ. ਆਪਣਾ ਤੀਜਾ ‘ਰਨ ਆਨ ਲੈੱਸ ਇਲੈਕਟਿ੍ਰਕ’ ਪ੍ਰੋਗਰਾਮ ਚਲਾ ਰਿਹਾ ਹੈ, ਅਤੇ ਇਹ ਪਹਿਲੀ ਅਜਿਹਾ ਪ੍ਰੋਗਰਾਮ ਹੋਵੇਗਾ ਜਿਸ ’ਚ ਕੈਨੇਡੀਅਨ ਫ਼ਲੀਟ ਸ਼ਾਮਲ ਹੋਣਗੇ। ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਫ਼ਲੀਟਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ, ਜਿਸ ’ਚ 13 ਕੰਪਨੀਆਂ ਸ਼ਾਮਲ ਹੋਣਗੀਆਂ, ਜੋ ਕਿ ਆਮ ਤੌਰ ’ਤੇ 10 ਤੋਂ ਵੱਧ ਹਨ। ਇਹ ਵੰਨ-ਸੁਵੰਨੀ ਕਿਸਮ ਦਾ ਫ਼ਲੀਟ ਵੀ ਹੈ, ਜੋ ਕਿ ਕਲਾਸ 3 ਤੋਂ 8 ਦੀਆਂ ਇਲੈਕਟਿ੍ਰਕ ਗੱਡੀਆਂ ਦੀ ਪ੍ਰਤੀਨਿਧਗੀ ਕਰੇਗਾ, ਜਿਨ੍ਹਾਂ ’ਤੇ ਕਈ ਕਿਸਮ ਦੀਆਂ ਬਾਡੀਜ਼ ਹੋਣਗੀਆਂ ਜੋ ਕਿ ਵੱਖ-ਵੱਖ ਅਮਲਾਂ ’ਚ ਪ੍ਰਯੋਗ ਕੀਤੀਆਂ ਜਾ ਰਹੀਆਂ ਹਨ।

ਐਨ.ਏ.ਸੀ.ਐਫ਼.ਈ. ਦੇ ਕਾਰਜਕਾਰੀ ਡਾਇਰੈਕਟਰ ਮਾਈਕ ਰੋਥ ਨੇ ਕਿਹਾ, ‘‘ਇਸ ’ਚ ਸਾਡੇ ਉਮੀਦ ਤੋਂ ਕਿਤੇ ਵੱਧ ਰੁਚੀ ਪ੍ਰਗਟਾਈ ਗਈ।’’

ਇਲੈਕਟਿ੍ਰਕ ਟਰੱਕ ਪ੍ਰਦਰਸ਼ਨ ’ਚ ਹਿੱਸਾ ਲੈਣ ਵਾਲੇ ਟਰੱਕਾਂ ’ਚ ਵੈਨ ਬਾਡੀਜ਼ ਤੋਂ ਬਾਕਸ ਟਰੱਕਾਂ ਤੋਂ ਟਰਮੀਨਲ ਟਰੈਕਟਰ ਤਕ ਸ਼ਾਮਲ ਹਨ। ਇਨ੍ਹਾਂ ਦੀ ਕਾਰਗੁਜ਼ਾਰੀ ਨੂੰ ਮਾਪਣ ਵਾਲੇ ਟਰੈਕਿੰਗ ਟੂਲਜ਼ ਨੂੰ ਇਸ ਵੇਲੇ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਪ੍ਰਦਰਸ਼ਨੀ 3 ਸਤੰਬਰ ਤੋਂ 27 ਸਤੰਬਰ ਤਕ ਚੱਲੇਗੀ, ਜਿੱਥੇ ਇਹ ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ’ਚ ਮੁਕੰਮਲ ਹੋਵੇਗੀ।

ਹਿੱਸਾ ਲੈਣ ਵਾਲੇ ਹੋਰਨਾਂ ਫ਼ਲੀਟਸ ’ਚ ਪੈਨਸਕੀ, ਐਨ.ਐਫ਼.ਆਈ., ਪੈਪਸੀਕੋ, ਰੁਆਨ, ਰਾਈਡਰ ਸਿਸਟਮ, ਅਤੇ ਐਨਹਿਊਜ਼ਰ-ਬੁਸ਼ ਸ਼ਾਮਲ ਹਨ।

ਰੋਥ ਨੇ ਕਿਹਾ, ‘‘ਇਨ੍ਹਾਂ ਅਗਾਂਹਵਧੂ ਫ਼ਲੀਟਸ ਨੇ ‘ਰਨ ਆਨ ਲੈੱਸ ਇਲੈਕਟਿ੍ਰਕ’ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ, ਅਤੇ ਇਹ ਉਨ੍ਹਾਂ ਵੱਖੋ-ਵੱਖ ਅਮਲਾਂ ਦੀ ਪ੍ਰਤੀਨਿਧਗੀ ਕਰਦੇ ਹਨ ਜਿਨ੍ਹਾਂ ’ਚ ਇਲੈਕਟਿ੍ਰਕ ਗੱਡੀਆਂ ਦਾ ਪ੍ਰਯੋਗ ਲਾਹੇਵੰਦ ਹੈ।’’

ਉਨ੍ਹਾਂ ਇਹ ਮੰਨਿਆ ਕਿ ਇਸ ਸਾਲ -ਡਾਊਨਟਾਈਮ- ਨਵੀਂਆਂ ਚੁਨੌਤੀਆਂ ਹੋ ਸਕਦੀਆਂ ਹਨ ਕਿਉਂਕਿ ਇਸ ਵਾਰੀ ਤਕਨਾਲੋਜੀ ਪਿਛਲੇ ਮੁਕਾਬਲਿਆਂ ’ਚ ਪ੍ਰਯੋਗ ਡੀਜ਼ਲ ਵਾਲੇ ਟਰੱਕਾਂ ਜਿੰਨੀ ਪਰਪੱਕ ਨਹੀਂ ਹੈ। ਉਨ੍ਹਾਂ ਨੇ 2017 ’ਚ ਅਤੇ 2019 ’ਚ ਕ੍ਰਮਵਾਰ ਲਾਈਨਹੌਲ ਅਤੇ ਰੀਜਨਲ ਹੌਲ ਅਮਲਾਂ ’ਤੇ ਧਿਆਨ ਕੇਂਦਰਤ ਕੀਤਾ ਸੀ, ਅਤੇ ਫ਼ਲੀਟਸ ਨੂੰ ਵੱਖੋ-ਵੱਖ ਫ਼ਿਊਲ ਬੱਚਤ ਉਪਕਰਨਾਂ ਅਤੇ ਤਕਨਾਲੋਜੀਆਂ ਦਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਸੀ।’’

ਰੋਥ ਨੇ ਕਿਹਾ, ‘‘ਸਾਨੂੰ ਕੁੱਝ ਸਮੱਸਿਆਵਾਂ ਦੀ ਉਮੀਦ ਹੈ, ਜਿਵੇਂ ਕਿ ਟਰੱਕ ਨੂੰ ਰਾਤ ਭਰ ਚਾਰਜ ਲਾਈ ਰੱਖਣਾ ਭੁੱਲ ਜਾਣ ਵਰਗੀਆਂ ਆਮ ਸਮੱਸਿਆਵਾਂ।’’ ਉਨ੍ਹਾਂ ਯਕੀਨ ਦਿਵਾਇਆ ਕਿ ਇਨ੍ਹਾਂ ਚੁਨੌਤੀਆਂ ਨਾਲ ਵੀ ਪ੍ਰੋਗਰਾਮ ਦੌਰਾਨ ਟਾਕਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਅਸੀਂ ਵੇਖਿਆ ਹੈ ਕਿ ਇਹ ਵੀ ਮਸਲਾ ਹੋ ਸਕਦਾ ਹੈ। ਇਨ੍ਹਾਂ ’ਚੋਂ ਕਈ ਟਰੱਕ ਬਾਜ਼ਾਰ ’ਚ ਕਾਫ਼ੀ ਨਵੇਂ ਹਨ ਅਤੇ ਇਹ ਹੋ ਸਕਦਾ ਹੈ।’’

ਪ੍ਰੋਗਰਾਮ ’ਚ ਕੋਈ ਹਾਈਡ੍ਰੋਜ਼ਨ ਫ਼ਿਊਲ ਸੈੱਲ ਵਾਲਾ ਟਰੱਕ ਨਹੀਂ ਹੋਵੇਗਾ। ਰੋਥ ਨੇ ਕਿਹਾ ਕਿ ਇਹ ਤਕਨੀਕ ਅਜੇ ਤਕ ਬਾਜ਼ਾਰ ’ਚ ਮੌਜੂਦ ਨਹੀਂ ਹੈ।

ਰੋਥ ਨੇ ਫ਼ਿਊਲ ਸੈੱਲ ਇਲੈਕਟਿ੍ਰਕ ਟਰੱਕਾਂ ਬਾਰੇ ਕਿਹਾ, ‘‘ਇਹ ਅਜੇ ਤਕ ਕੋਈ ਮਾਲ ਢੋਣ ਦਾ ਕੰਮ ਨਹੀਂ ਕਰ ਰਹੇ ਹਨ। ਰਨ ਆਨ ਲੈੱਸ ਅਸਲ ਫ਼ਰੇਟ, ਅਸਲ ਡਰਾਈਵਰਾਂ, ਅਸਲ ਰਸਤਿਆਂ ਦਾ ਮੁਕਾਬਲਾ ਹੈ।’’

ਇੱਛੁਕ ਫ਼ਲੀਟਸ ਅਤੇ ਹੋਰ ਹਿੱਤਧਾਰਕਾਂ ਲਈ ਐਨ.ਏ.ਸੀ.ਐਫ਼.ਈ. ਇੱਕ ਇਲੈਕਟਿ੍ਰਕ ਟਰੱਕ ਬੂਟ ਕੈਂਪ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ’ਚ 10 ਆਨਲਾਈਨ ਵਿੱਦਿਅਕ ਸਿਖਲਾਈ ਸੈਸ਼ਨ ਸ਼ਾਮਲ ਹੋਣਗੇ ਜਿਨ੍ਹਾਂ ’ਚ ਇਲੈਕਟਿ੍ਰਕ ਟਰੱਕਾਂ ਨੂੰ ਪ੍ਰਯੋਗ ਕਰਨ ਦੇ ਵੱਖੋ-ਵੱਖ ਪਹਿਲੂਆਂ ’ਤੇ ਚਾਨਣਾ ਪਾਇਆ ਜਾਵੇਗਾ। ਸੈਸ਼ਨਾਂ ਨੂੰ ਲੋਕਾਂ ਸਾਹਮਣੇ ਕਰਵਾਇਆ ਜਾਵੇਗਾ ਤਾਂ ਕਿ ਉਹ ਸਵਾਲ ਪੁੱਛ ਸਕਣ। ਪਰ ਜੋ ਇਸ ’ਚ ਹਿੱਸਾ ਨਹੀਂ ਲੈ ਸਕਣਗੇ ਉਨ੍ਹਾਂ ਲਈ ਰੀਪਲੇ ਦਾ ਬਦਲ ਵੀ ਮੌਜੂਦ ਰਹੇਗਾ।

ਪਹਿਲਾ ਸੈਸ਼ਨ 20 ਅਪ੍ਰੈਲ ਨੂੰ ਹੋਵੇਗਾ, ਅਤੇ ਇਸ ਤੋਂ ਬਾਅਦ 24 ਅਗਸਤ ਤਕ ਹਰ ਦੂਜੇ ਮੰਗਲਵਾਰ ਨੂੰ ਹੋਵੇਗਾ। ਵਿਸ਼ਿਆਂ ’ਚ ਸ਼ਾਮਲ ਹੋਣਗੇ: ਇਲੈਕਟਿ੍ਰਕ ਟਰੱਕ ਹੀ ਕਿਉਂ?; ਚਾਰਜਿੰਗ 101; ਚਾਰਜਿੰਗ 201; ਆਪਣੀ ਯੂਟੀਲਿਟੀ ਨਾਲ ਕੰਮ ਕਰਨਾ; ਇਲੈਕਟ੍ਰੀਫ਼ੀਕੇਸ਼ਨ ਲਈ ਮੱਦਦ; ਮੁਰੰਮਤ, ਸਿਖਲਾਈ ਅਤੇ ਸੁਰੱਖਿਆ; ਵਿੱਤੀ ਅਤੇ ਖੋਜ ਅਧਾਰਤ ਕਾਰੋਬਾਰੀ ਮਾਡਲ; ਬੈਟਰੀ ਸਪਲਾਈ ਚੇਨ ਅਤੇ ਜੀਵਨ ਦਾ ਅੰਤ; ਅੰਤਰਰਾਸ਼ਟਰੀ ਪਹਿਲੂ; ਅਤੇ ਡਰਾਈਵਰ ਤੇ ਇਲੈਕਟਿ੍ਰਕ ਟਰੱਕ।

ਸਾਰਿਆਂ ’ਚ ਸ਼ਮੂਲੀਅਤ ਮੁਫ਼ਤ ’ਚ ਕੀਤੀ ਜਾ ਸਕਦੀ ਹੈ ਅਤੇ ਰਜਿਸਟ੍ਰੇਸ਼ਨ ਲਈ ਇੱਥੇ ਜਾਓ।