ਰਸ਼ ਟਰੱਕ ਸੈਂਟਰਸ ਨੇ ਬੈਟਲ ਨੂੰ ਲਿਆਂਦਾ ਕੈਨੇਡਾ ’ਚ

ਸ਼੍ਰੇਣੀ 8 ਵੋਕੇਸ਼ਨਲ ਟਰੱਕਾਂ ਦਾ ਇੱਕ ਨਵਾਂ ਬਰਾਂਡ ਕੈਨੇਡੀਅਨ ਸੜਕਾਂ ’ਤੇ ਸਭ ਤੋਂ ਪਹਿਲਾਂ ਓਂਟਾਰੀਓ ’ਚ ਵੇਖਣ ਨੂੰ ਮਿਲੇਗਾ ਜਿੱਥੇ ਪਹਿਲੇ ਬੈਟਲ ਮੋਟਰਜ਼ ਟਰੱਕ ਨੂੰ ਇਨ੍ਹਾਂ ਸਰਦੀਆਂ ਦੌਰਾਨ ਬਰਫ਼ ਹਟਾਉਣ ਅਤੇ ਰੇਤਾ ਫੈਲਾਉਣ ਦੇ ਕੰਮ ਲਈ ਵਰਤਿਆ ਜਾਵੇਗਾ।

ਇਸ ਟਰੱਕ ਦੀ ਸਪੁਰਦਗੀ ਰਸ਼ ਟਰੱਕ ਸੈਂਟਰਜ਼ ਨੇ ਅਗਸਤ ਦੇ ਅਖ਼ੀਰ ’ਚ ਦਿੱਤੀ ਸੀ। ਨਵੇਂ ਸਥਾਪਤ ਬੈਟਲ ਮੋਟਰਜ਼ ਲਈ ਪਹਿਲੇ ਕੈਨੇਡੀਅਨ ਡੀਲਰ ਨੂੰ ਇੱਕ ਨਵਾਂ ਸੜਕ ਮੁਰੰਮਤ ਠੇਕਾ ਪ੍ਰਾਪਤ ਕਰਨ ਵਾਲਾ ਖ਼ਰੀਦਦਾਰ ਮਿਲਿਆ ਜਿਸ ਨੂੰ ਆਪਣੇ ਕੰਮ ਪੂਰੇ ਕਰਨ ਲਈ ਟਰੱਕਾਂ ਦੀ ਤੁਰੰਤ ਜ਼ਰੂਰਤ ਸੀ।

Battle Motors plow truck
ਕੈਨੇਡਾ ’ਚ ਪਹੁੰਚਣ ਵਾਲਾ ਪਹਿਲਾ ਬੈਟਲ ਮੋਟਰਜ਼ ਟਰੱਕ। ਏਨਾ ਨਵਾਂ ਕਿ ਇਸ ਦੇ ਅਗਲੇ ਪਾਸੇ ਲੱਗਿਆ ਬੈਜ ਅਜੇ ਅਪਡੇਟ ਕੀਤਾ ਜਾਣਾ ਬਾਕੀ ਹੈ। ਤਸਵੀਰ: ਜੇਮਸ ਮੈਂਜੀਜ਼

ਇਸ ਨੇ ਬੈਟਲ ਮੋਟਰਜ਼ ਦਾ ਰੁਖ਼ ਕੀਤਾ, ਜੋ ਕਿ ਸਪਲਾਈ ਚੇਨ ’ਚ ਪਈਆਂ ਕਮੀਆਂ ਤੋਂ ਅਜੇ ਤੱਕ ਬਚੀ ਹੋਈ ਹੈ ਅਤੇ ਆਰਡਰਾਂ ਨੂੰ ਬਹੁਤ ਥੋੜ੍ਹੇ ਸਮੇਂ ’ਚ ਪੂਰਾ ਕਰ ਸਕਦੀ ਹੈ। ਸਪਲਾਈ ਚੇਨ ’ਚ ਕਮੀਆਂ ਨੇ ਵਰਤਮਾਨ ’ਚ ਵੱਡੇ ਪੱਧਰ ’ਤੇ ਟਰੱਕ ਨਿਰਮਾਣ ’ਤੇ ਅਸਰ ਪਾਇਆ ਹੈ।

ਰਸ਼ ਟਰੱਕ ਸੈਂਟਰਸ ਦੇ ਸੇਲਜ਼ ਆਪਰੇਸ਼ਨਜ਼ ਮੈਨੇਜਰ (ਜੀ.ਟੀ.ਏ.) ਪੀਟਰ ਹੈਨਰੀ ਨੇ ਇਸ ਟਰੱਕ ਨੂੰ ਗ੍ਰਾਹਕ ਦੇ ਸਪੁਰਦ ਕੀਤੇ ਜਾਣ ਦੀ ਕਾਰਵਾਈ ਤੋਂ ਪਹਿਲਾਂ ਕਿਹਾ, ‘‘ਹਰ ਚੀਜ਼ ਦੀ ਕਿੱਲਤ ਪੈਦਾ ਹੋਣ ਤੋਂ ਪਹਿਲਾਂ ਹੀ ਬੈਟਲ ਮੋਟਰਜ਼ ਨੇ ਵੱਡੀ ਮਾਤਰਾ ’ਚ ਕਲਪੁਰਜ਼ੇ ਆਰਡਰ ਕਰ ਦਿੱਤੇ ਸਨ।’’।

ਇਹ ਟਰੱਕ ਛੋਟੇ ਵੀਲ੍ਹਬੇਸ ਨਾਲ ਲੋਅ ਕੈਬ ਫ਼ਾਰਵਰਡ (ਐਲ.ਸੀ.ਐਫ਼.) ਸੰਰਚਨਾ ’ਚ ਹੈ ਜੋ ਕਿ ਬਿਹਤਰੀਨ ਦਿ੍ਰਸ਼ਟਤਾ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਮੁੜਨ ਲਈ ਵੀ ਬਹੁਤ ਘੱਟ ਥਾਂ ਚਾਹੀਦੀ ਹੈ। ਪਰ ਜ਼ਿਆਦਾਤਰ ਨੂੰ ਕੂੜਾ ਚੁੱਕਣ ਵਾਲੇ ਟਰੱਕਾਂ ਵਜੋਂ ਵਰਤਿਆ ਜਾਵੇਗਾ ਅਤੇ ਐਲ.ਸੀ.ਐਫ਼. ਖੇਤਰ ’ਚ ਇਸ ਵੇਲੇ ਮੈਕ ਅਤੇ ਪੀਟਰਬਿਲਟ ਦਾ ਦਬਦਬਾ ਹੈ।

ਹੋ ਸਕਦਾ ਹੈ ਤੁਸੀਂ ਕਦੇ ਬੈਟਲ ਮੋਟਰਜ਼ ਬਾਰੇ ਨਾ ਸੁਣਿਆ ਹੋਵੇ, ਪਰ ਸ਼ਾਇਦ ਤੁਹਾਨੂੰ ਇਸ ਦਾ ਇਤਿਹਾਸ ਇੱਕ ਕ੍ਰੇਨ ਕੈਰੀਅਰ ਹੋਣ ਦੇ ਨਾਤੇ ਯਾਦ ਹੋਵੇਗਾ, ਜਿਸ ਦੀ ਪਹਿਲਾਂ ਕੈਨੇਡੀਅਨ ਬਾਜ਼ਾਰ ’ਚ ਥੋੜ੍ਹੀ ਜਿਹੀ ਮੌਜੂਦਗੀ ਰਹੀ ਸੀ।

ਕ੍ਰੇਨ ਕੈਰੀਅਰ ਕੰਪਨੀ ਪਿਛਲੇ 75 ਸਾਲਾਂ ਤੋਂ ਨਿਊ ਫ਼ਿਲਾਡੈਲਫ਼ੀਆ, ਓਹਾਇਓ ’ਚ ਵੋਕੇਸ਼ਨਲ ਟਰੱਕਾਂ ਦਾ ਉਤਪਾਦਨ ਕਰ ਰਹੀ ਹੈ। ਅਸਲ ’ਚ ਇਸ ਦੀ ਸ਼ੁਰੂਆਤ ਵਿਸ਼ਵ ਜੰਗ-2 ਤੋਂ ਬਾਅਦ ਹੋਈ ਸੀ, ਜਿਸ ਨੇ ਫ਼ੌਜੀ ਗੱਡੀਆਂ ਦੀ ਪੁਨਰਸੰਰਚਨਾ ਕਰ ਕੇ ਇਨ੍ਹਾਂ ਨੂੰ ਪੈਟਰੋਲੀਅਮ ਅਤੇ ਉਸਾਰੀ ਖੇਤਰਾਂ ’ਚ ਘਰੇਲੂ ਵੋਕੇਸ਼ਨਲ ਕੰਮਾਂ ਨੂੰ ਕਰਨਯੋਗ ਬਣਾਇਆ ਸੀ। ਦੂਜੇ ਪਾਸੇ ਬੈਟਲ ਮੋਟਰਜ਼ ਕੈਲੇਫ਼ੋਰਨੀਆ ’ਚ ਇੱਕ ਇਲੈਕਟ੍ਰਿਕ ਵਹੀਕਲ ਸਟਾਰਟਅੱਪ ਹੈ। ਇਸ ਦੇ ਤਿੰਨ ਸੰਸਥਾਪਕਾਂ ’ਚੋਂ ਇੱਕ ਨਿੱਕ ਸਿੰਪਸਨ ਹਨ, ਜੋ ਕਿ ਟੈਸਲਾ ’ਚ ਵਹੀਕਲ ਇੰਜਨੀਅਰਿੰਗ ਦੇ ਸਾਬਕਾ ਮੁਖੀ ਰਹੇ ਹਨ।

ਕੰਪਨੀ ਵੋਕੇਸ਼ਨਲ ਟਰੱਕ ਖੇਤਰ ਨੂੰ ਇਲੈਕਟ੍ਰੀਫ਼ਾਈ ਕਰਨ ਦੀ ਚਾਹਵਾਨ ਹੈ ਪਰ ਪਹਿਲਾਂ ਇਸ ਨੂੰ ਅਜਿਹੇ ਟਰੱਕਾਂ ਦੀ ਜ਼ਰੂਰਤ ਸੀ ਜਿਨ੍ਹਾਂ ਨੂੰ ਬਿਜਲੀ ’ਤੇ ਚੱਲਣਯੋਗ ਬਣਾਇਆ ਜਾ ਸਕਦਾ ਸੀ। ਇਸ ਨੂੰ ਕ੍ਰੇਨ ਕੈਰੀਅਰ ਕੰਪਨੀ ’ਚੋਂ ਗੱਡੀਆਂ ਮਿਲ ਗਈਆਂ ਅਤੇ ਇਸ ਵੱਲੋਂ ਪਿਛਲੇ ਸਾਲ ਹੀ ਇਹ ਟਰੱਕ ਨਿਰਮਾਤਾ ਕੰਪਨੀ ਖ਼ਰੀਦ ਲਈ ਗਈ।

ਬੈਟਲ ਦੇ ਮੌਜੂਦਾ ਟਰੱਕਾਂ ’ਚ ਸ਼ਾਮਲ ਹੈ ਸੀ.ਐਨ.ਜੀ., ਬੈਟਰੀ-ਇਲੈਕਟ੍ਰਿਕ, ਅਤੇ ਡੀਜ਼ਲ ’ਤੇ ਚੱਲਣ ਵਾਲੇ ਵੋਕੇਸ਼ਨਲ ਟਰੱਕ। ਨਿਊ ਫ਼ਿਲਾਡੈਲਫ਼ੀਆ ਪਲਾਂਟ ਦਾ ਆਕਾਰ ਲਗਭਗ ਤਿੰਨ ਗੁਣਾ ਵੱਧ ਕੇ 350,000 ਵਰਗ ਫ਼ੁੱਟ ਹੋ ਗਿਆ ਹੈ। ਰਸ਼ ਟਰੱਕ ਸੈਂਟਰ ਦੇ ਹੈਨਰੀ ਨੇ ਪਿੱਛੇ ਜਿਹੇ ਵਿਸਤਾਰਿਤ ਸਾਈਟ ਦਾ ਦੌਰਾ ਕੀਤਾ ਅਤੇ ਕਿਹਾ ਕਿ ਉੱਥੇ ਉਤਪਾਦਨ ਨੂੰ ਤੇਜ਼ ਕੀਤਾ ਜਾ ਰਿਹਾ ਹੈ।

ਪਹਿਲਾ ਕੈਨੇਡੀਅਨ ਬੈਟਲ ਮੋਟਰਜ਼ ਨਮੂਨਾ ਇਸ ਦੇ ਡਰਾਈਵਰ ਨੂੰ 18 ਇੰਚ ਦੀ ਪੌੜੀ ਅਤੇ ਸਹੂਲਤਜਨਕ ਥਾਂ ’ਤੇ ਲੱਗੇ ਹੈਂਡਲਾਂ ਨਾਲ ਕੈਬ ’ਚ ਆਸਾਨੀ ਨਾਲ ਵੜਨ ਦੀ ਸਹੂਲਤ ਦੇਵੇਗਾ।

ਰੇਡੀਏਟਰ ਅਤੇ ਹੋਰ ਮੂਹਰਲੇ ਪਾਸੇ ਵਾਲੇ ਉਪਕਰਨਾਂ ਨੂੰ ਕੈਬ ਦੇ ਪਿੱਛੇ ਸਥਾਪਤ ਕਰਨ ਦੀ ਬਦੌਲਤ ਨੀਵੀਂ ਉਚਾਈ ਪ੍ਰਾਪਤ ਕੀਤੀ ਜਾ ਸਕੀ ਹੈ। ਹੈਨਰੀ ਨੇ ਸਮਝਾਉਂਦਿਆਂ ਕਿਹਾ ਕਿ ਪੱਖੇ ਹਵਾ ਨੂੰ ਅੰਦਰ ਖਿੱਚਦੇ ਹਨ ਅਤੇ ਰੇਡੀਏਟਰ ’ਚ ਕਿਸੇ ਰੁਕਾਵਟ ਨੂੰ ਰੋਕਦੇ ਹਨ।

ਵਿਸ਼ਾਲ ਟੂ-ਪੀਸ ਵਿੰਡਸ਼ੀਲਡ ਬਿਹਤਰ ਦ੍ਰਿਸ਼ਟਤਾ ਪ੍ਰਦਾਨ ਕਰਦੀ ਹੈ ਅਤੇ ਕੰਟਰੋਲ ਆਸਾਨੀ ਨਾਲ ਡਰਾਈਵਰ ਦੀ ਪਹੁੰਚ ’ਚ ਆ ਸਕਣ ਵਾਲੀ ਥਾਂ ’ਤੇ ਲਾਏ ਗਏ ਹਨ। ਡੈਸ਼ ਬਹੁਤ ਲਾਹੇਵੰਦ ਅਤੇ ਰਵਾਇਤੀ ਹੈ। ਬੈਟਲ ਮੋਟਰਜ਼ ਦੇ ਇਲੈਕਟ੍ਰਿਕ ਟਰੱਕਾਂ ਦੀਆਂ ਤਸਵੀਰਾਂ ਜ਼ਰੂਰਤ ਅਨੁਸਾਰ ਜ਼ਿਆਦਾ ਤਕਨਾਲੋਜੀ ਭਰਪੂਰ ਹਨ ਜਿਨ੍ਹਾਂ ’ਚ ਡਿਜੀਟਲ ਡਿਸਪਲੇ ਅਤੇ ਆਨਬੋਰਡ ਟੈਲੀਮੈਟਿਕਸ ਲੱਗੇ ਹੋਏ ਹਨ।

ਟਿਲਟਿੰਗ/ਟੈਲੀਸਕੋਪਿਕ ਸਟੀਅਰਿੰਗ ਵ੍ਹੀਲ ਨੂੰ ਆਪਰੇਟਰ ਦੀ ਸਹੂਲਤ ਅਨੁਸਾਰ ਆਦਰਸ਼ ਥਾਂ ’ਤੇ ਟਿਕਾਇਆ ਜਾ ਸਕਦਾ ਹੈ, ਅਤੇ ਪਾਵਰ ਵਿੰਡੋਜ਼ ਤੇ ਤਾਲਿਆਂ ਵਰਗੀਆਂ ਸਹੂਲਤਾਂ ਵੀ ਮੌਜੂਦ ਹਨ।

ਕੈਬ ਦਾ ਪੈਸੇਂਜਰ ਵਾਲਾ ਪਾਸਾ ਬਹੁਤ ਖੁੱਲ੍ਹਾ ਹੈ, ਜਿਸ ’ਚ ਦੋ ਜਣੇ ਵੀ ਬੈਠ ਸਕਦੇ ਹਨ। ਹੈਨਰੀ ਨੇ ਕਿਹਾ ਕਿ ਬੈਟਲ ਮੋਟਰਜ਼ ਦੇ ਟਰੱਕ ਨੂੰ ਕਈ ਵਿਕਲਪਾਂ ਨਾਲ ਖ਼ਰੀਦਿਆ ਜਾ ਸਕਦਾ ਹੈ ਅਤੇ ਇਹ ਕਸਟਮ-ਬਿਲਟ ਟਰੱਕ ਵਾਂਗ ਹੈ। ਇਹ ਰਸ਼ ਵੱਲੋਂ ਵੇਚੇ ਜਾਂਦੇ ਕਿਸੇ ਵੀ ਹੋਰ ਇੰਟਰਨੈਸ਼ਨਲ ਜਾਂ ਇਸੁਜ਼ੂ ਦੇ ਮਾਡਲਾਂ ਨਾਲ ਸਿੱਧੀ ਮੁਕਾਬਲੇਬਾਜ਼ੀ ਨਹੀਂ ਕਰਦਾ, ਪਰ ਸ਼੍ਰੇਣੀ 6 ਅਤੇ ਇਸ ਹੇਠਾਂ ਦੇ ਹਲਕੇ ਕੰਮਾਂ ਲਈ ਮੌਜੂਦ ਇਸੁਜ਼ੂ ਦੇ ਮਾਡਲਾਂ ਦੇ ਬਰਾਬਰ ਠਹਿਰਦਾ ਹੈ।

ਡੀਜ਼ਲ ਇੰਜਣ ਵਾਲੀਆਂ ਪੇਸ਼ਕਸ਼ਾਂ ’ਚ ਕਮਿੰਸ ਬੀ6.7 ਅਤੇ ਐਲ9 (ਮਾਡਲ ਦੇ ਆਧਾਰ ’ਤੇ) ਸ਼ਾਮਲ ਹਨ, ਜਿਨ੍ਹਾਂ ਦਾ ਐਚ.ਪੀ. 200-430 ਹੈ। ਐਲੀਸਨ 3000 ਅਤੇ 4500 ਆਰ.ਡੀ.ਐਸ. ਟਰਾਂਸਮਿਸ਼ਨ ਵੀ ਡਾਨਾ ਐਕਸਲ ਮਾਨਕਾਂ ਸਮੇਤ ਮੁਹੱਈਆ ਹਨ। ਲੋਅ ਨੈਰੋ ਟਿਲਟ ਦੀ ਕੈਬ ਚੌੜਾਈ 82 ਇੰਚ ਹੈ, ਜਦਕਿ ਲੋਅ ਐਂਟਰੀ ਟਿਲਟ 2 ਦੀ ਚੌੜਾਈ 94 ਇੰਚ ਹੈ।

 

ਜੇਮਸ ਮੈਂਜੀਜ਼ ਵੱਲੋਂ