ਰਾਜਵੀਰ ਸਿੰਘ – ਡਰਾਈਵਿੰਗ ਸਿਖਾਉਣ ਦਾ ਜਨੂੰਨ

Avatar photo

ਰਾਜਵੀਰ ਸਿੰਘ ਨੂੰ ਪਤਾ ਹੈ ਕਿ ਕਾਰੋਬਾਰ ‘ਚ ਉਸ ਦੀ ਸਫ਼ਲਤਾ ਦਾ ਸਿਹਰਾ ਕਿਸ ਨੂੰ ਮਿਲਣਾ ਚਾਹੀਦਾ ਹੈ।

ਰਾਜਵੀਰ ਸਿੰਘ: ਜਦੋਂ ਲੋਕ ਡਰਾਈਵਿੰਗ ਸਿੱਖ ਜਾਂਦੇ ਹਨ ਤਾਂ ਮੈਨੂੰ ਬਹੁਤ ਚੰਗਾ ਲਗਦਾ ਹੈ। ਤਸਵੀਰ : ਸਪਲਾਈਡ

ਸਮਾਰਟ ਟਰੱਕ ਟਰੇਨਿੰਗ ਅਕੈਡਮੀ ਚਲਾਉਣ ਵਾਲੇ ਰਾਜਵੀਰ ਸਿੰਘ ਨੇ ਮਿਸੀਸਾਗਾ, ਓਂਟਾਰੀਓ ‘ਚ ਕਿਹਾ, ”ਮੇਰੀ ਪਤਨੀ ਨੇ ਮੈਨੂੰ ਇਹ ਕੰਮ ਸ਼ੁਰੂ ਕਰਨ ਲਈ ਮਨਾਇਆ।”

ਓਂਟਾਰੀਓ ਵੱਲੋਂ ਟਰੱਕਿੰਗ ਉਦਯੋਗ ਨੂੰ ਯੋਗਤਾ ਪ੍ਰਾਪਤ ਡਰਾਈਵਰਾਂ ਦੀ ਨਿਰੰਤਰ ਸਪਲਾਈ ਕਰਨ ਲਈ ਲਾਜ਼ਮੀ ਦਾਖ਼ਲਾ ਪੱਧਰੀ ਸਿਖਲਾਈ (ਐਮ.ਈ.ਐਲ.ਟੀ.) ਪ੍ਰੋਗਰਾਮ ਸ਼ੁਰੂ ਕਰਨ ਤੋਂ ਇੱਕ ਸਾਲ ਬਾਅਦ ਸਕੂਲ ਨੂੰ 2018 ‘ਚ ਸਥਾਪਤ ਕੀਤਾ ਗਿਆ ਸੀ।

ਉਸ ਸਮੇਂ ਤਕ 39 ਵਰ੍ਹਿਆਂ ਦੇ ਰਾਜਵੀਰ ਸਿੰਘ ਨੂੰ ਪਹਿਲਾਂ ਹੀ ਇਸ ਕਾਰੋਬਾਰ ਦਾ ਕੁੱਝ ਤਜ਼ਰਬਾ ਹੋ ਚੁੱਕਾ ਸੀ – ਉਹ ਇੱਕ ਟਰੱਕ ਡਰਾਈਵਿੰਗ ਸਕੂਲ ਦਾ ਸਹਿ-ਮਾਲਕ ਸੀ। ਉਹ 14 ਸਾਲਾਂ ਤੋਂ ਟਰੱਕ ਡਰਾਈਵਿੰਗ ਦਾ ਕੰਮ ਵੀ ਕਰ ਰਿਹਾ ਸੀ।

2003 ‘ਚ ਭਾਰਤ ਤੋਂ ਇੱਥੇ ਆਉਣ ‘ਤੇ ਰਾਜਵੀਰ ਸਿੰਘ ਨੂੰ ਆਪਣੇ ਕਰੀਅਰ ਦੀ ਚੋਣ ਕਰਨ ‘ਚ ਕੋਈ ਸ਼ੱਕ ਨਹੀਂ ਸੀ।

ਰੋਡ ਟੂਡੇ ਨਾਲ ਇੰਟਰਵਿਊ ਦੌਰਾਨ ਪੁਰਾਣੇ ਵੇਲਿਆਂ ਨੂੰ ਯਾਦ ਕਰਦਿਆਂ ਉਸ ਨੇ ਕਿਹਾ, ”ਮੇਰਾ ਹਰ ਜਾਣੂ ਟਰੱਕ ਡਰਾਈਵਰ ਬਣ ਰਿਹਾ ਸੀ। ਉਨ੍ਹਾਂ ਕਿਹਾ ਕਿ ਟਰੱਕਿੰਗ ‘ਚ ਬਹੁਤ ਪੈਸਾ ਹੈ ਅਤੇ ਮੈਂ ਕਿਹਾ ਕਿ ਠੀਕ ਹੈ ਮੈਂ ਵੀ ਇਹੀ ਕੰਮ ਕਰਾਂਗਾ। ਇਸ ਲਈ ਮੈਂ ਵੀ ਟਰੱਕ ਡਰਾਈਵਰ ਬਣ ਗਿਆ।”

2004 ਦੇ ਅੰਤ ਤਕ ਰਾਜਵੀਰ ਸਿੰਘ ਕਿਊਬੈੱਕ ਦੀ ਇੱਕ ਫ਼ਲੀਟ ਲਈ ਕੰਮ ਕਰਦਾ ਸੀ। ਦੋ ਸਾਲਾਂ ਬਾਅਦ ਉਸ ਦੇ ਰੁਜ਼ਗਾਰਦਾਤਾ ਨੇ ਉਸ ਨੂੰ ਨਵੇਂ ਡਰਾਈਵਰਾਂ ਨੂੰ ਸਿਖਲਾਈ ਦੇਣ ਲਈ ਕਿਹਾ ਅਤੇ ਇਸੇ ਕਰ ਕੇ ਉਸ ਦੀ ਸਿਖਲਾਈ ਦੇਣ ਵੱਲ ਰੁਚੀ ਵੱਧ ਗਈ।

ਸਿਖਲਾਈ ਦੇਣ ਦੀ ਗੱਲ ਕਰੀਏ ਤਾਂ ਰਾਜਵੀਰ ਸਿੰਘ ਨੂੰ ਲਗਦਾ ਹੈ ਕਿ ਐਮ.ਈ.ਐਲ.ਟੀ. ਪ੍ਰੋਗਰਾਮ ਨੂੰ ਲਾਜ਼ਮੀ ਤੌਰ ‘ਤੇ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ।

ਜਦੋਂ ਪ੍ਰੋਵਿੰਸ ਨੇ 2017 ‘ਚ ਪਹਿਲ ਜਾਰੀ ਕੀਤੀ, ਤਾਂ ਉੱਤਰੀ ਅਮਰੀਕਾ ‘ਚ  ਅਜਿਹਾ ਕਰਨ ਵਾਲਾ ਇਹ ਪਹਿਲਾ ਅਧਿਕਾਰ ਖੇਤਰ ਸੀ।

ਪ੍ਰੋਗਰਾਮ ਦਾ ਅਜੇ ਵੀ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਅਤੇ ਕੁੱਝ ਲੋਕ ਕਹਿੰਦੇ ਹਨ ਕਿ ਇਸ ‘ਚ ਅਜੇ ਵੀ ਕਮੀਆਂ ਹਨ।

ਰਾਜਵੀਰ ਸਿੰਘ ਵੀ ਇਸ ਨਾਲ ਸਹਿਮਤ ਹਨ। ਉਦਾਹਰਣ ਦੇ ਤੌਰ ‘ਤੇ ਉਨ੍ਹਾਂ ਕਿਹਾ ਕਿ ਕਲਾਸ ਅੰਦਰ ਹਦਾਇਤਾਂ ਦੇਣ ਲਈ 36 ਘੰਟਿਆਂ ਦਾ ਸਮਾਂ ਕਿਉਂ ਮਿੱਥਿਆ ਗਿਆ ਹੈ?

”ਇਸ ਦਾ ਕੀ ਮਤਲਬ ਹੈ?”

ਰਾਜਵੀਰ ਸਿੰਘ ਨੇ ਇਹ ਵੀ ਕਿਹਾ ਕਿ ਜੋ ਲੋਕ ਐਮ.ਈ.ਐਲ.ਟੀ. ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਘੱਟ ਕੀਮਤਾਂ ‘ਤੇ ਡਰਾਈਵਰ ਸਿਖਲਾਈ ਦੇ ਰਹੇ ਸਨ ਉਹ ਅਜੇ ਵੀ ਅਜਿਹਾ ਕਰ ਰਹੇ ਹਨ।

ਮਸ਼ਹੂਰ ਸਕੂਲ ਔਸਤਨ 8,000 ਡਾਲਰ ਲੈ ਕੇ ਸਿਖਲਾਈ ਦਿੰਦੇ ਹਨ, ਪਰ ਗ੍ਰੇਟਰ ਟੋਰਾਂਟੋ ਖੇਤਰ ‘ਚ ਇਹ ਕੋਰਸ 3,000 ਡਾਲਰ ਤਕ ਵੀ ਹੋ ਜਾਂਦਾ ਹੈ, ਜਿਸ ਨਾਲ ਪ੍ਰੋਗਰਾਮ ‘ਤੇ ਖ਼ਤਰਾ ਮੰਡਰਾ ਰਿਹਾ ਹੈ।

ਸਮੱਸਿਆ ਇਹ ਹੈ ਕਿ ਬਹੁਤ ਸਾਰੇ ਸਕੂਲ ਅਜਿਹੇ ਹਨ ਜੋ ਕਿ ਬਹੁਤ ਘੱਟ ਐਮ.ਈ.ਐਲ.ਟੀ. ਡਾਲਰ ਪ੍ਰਾਪਤ ਕਰਨ ਲਈ ਕੰਮ ਕਰਦੇ ਹਨ।

ਹਾਲਾਂਕਿ ਰਾਜਵੀਰ ਸਿੰਘ ਨੂੰ ਉਮੀਦ ਹੈ ਕਿ ਐਮ.ਈ.ਐਲ.ਟੀ. ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਜੋ ਸਕੂਲ ਘਟੀਆ ਸਿਖਲਾਈ ਦਿੰਦੇ ਹਨ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ।

ਉਸ ਨੇ ਇਹ ਵੀ ਉਮੀਦ ਪ੍ਰਗਟਾਈ ਕਿ ਸਰਕਾਰ ਕੋਰਸ ਲਈ 5,000 ਡਾਲਰ ਦੀ ਘੱਟ ਤੋਂ ਘੱਟ ਫ਼ੀਸ ਮਿੱਥੇਗੀ ਤਾਂ ਕਿ ਜੋ ਲੋਕ ਨਿਯਮਾਂ ਅਧੀਨ ਕੰਮ ਨਹੀਂ ਕਰ ਰਹੇ ਉਹ ਬਾਹਰ ਨਿਕਲ ਜਾਣ।

ਹਾਲਾਂਕਿ ਇਨ੍ਹਾਂ ਚਿੰਤਾਵਾਂ ਨੇ ਰਾਜਵੀਰ ਸਿੰਘ ਦੇ ਡਰਾਈਵਿੰਗ ਸਿਖਾਉਣ ਦੇ ਜਨੂੰਨ ਨੂੰ ਘੱਟ ਨਹੀਂ ਹੋਣ ਦਿੱਤਾ।

”ਲੋਕ ਡਰਾਈਵਿੰਗ ਸਿੱਖ ਜਾਂਦੇ ਹਨ ਤਾਂ ਮੈਨੂੰ ਬਹੁਤ ਚੰਗਾ ਲਗਦਾ ਹੈ। ਜਦੋਂ ਉਹ ਖ਼ੁਸ਼ ਹੋ ਕੇ ਮੈਨੂੰ ਕਹਿੰਦੇ ਹਨ, ‘ਹੁਣ ਮੈਨੂੰ ਪਤੈ ਕਿ ਡਰਾਈਵਿੰਗ ਕਿੰਜ ਕਰਨੀ ਹੈ।’ ਇਸ ਤੋਂ ਮੈਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ।”

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀਆਂ ‘ਚ ਇੰਜੀਨੀਅਰ, ਡਾਕਟਰ, ਬੈਂਕਰ ਅਤੇ ਡਬਲ-ਐਮ.ਬੀ.ਏ. ਡਿਗਰੀਧਾਰਕ ਵੀ ਸ਼ਾਮਲ ਹਨ।

ਰਾਜਵੀਰ ਸਿੰਘ ਨੇ ਕਿਹਾ, ”ਮੇਰੇ ਦੋ ਵਿਦਿਆਰਥੀ ਬੈਂਕਰ ਸਨ। ਉਨ੍ਹਾਂ ਨੇ ਬੈਂਕਿੰਗ ਨੂੰ ਛੱਡ ਦਿੱਤਾ ਕਿਉਂਕਿ ਉਸ ‘ਚ ਕੋਈ ਚੰਗਾ ਭਵਿੱਖ ਨਜ਼ਰ ਨਹੀਂ ਆ ਰਿਹਾ ਸੀ। ਉਹ ਟਰੱਕਿੰਗ ਕਾਰੋਬਾਰੀ ਸਥਾਪਤ ਕਰਨ ਲਈ ਆਪਣੀ ਮੁਹਾਰਤ ਪ੍ਰਯੋਗ ਕਰਨਾ ਚਾਹੁੰਦੇ ਸਨ।”

ਸਿਖਲਾਈ ਸਕੂਲ ਤੋਂ ਪਰੇ ਉਹ ਆਪਣਾ ਸਮਾਂ ਬਾਸਕਿਟਬਾਲ ਖੇਡਦਿਆਂ, ਪਰਿਵਾਰ ਨਾਲ ਫ਼ਿਲਮਾਂ ਵੇਖਦਿਆਂ ਜਾਂ ਦੋਸਤਾਂ ਨਾਲ ਘੁੰਮਦਿਆਂ ਬਿਤਾਉਂਦੇ ਹਨ।

ਰਾਜਵੀਰ ਸਿੰਘ ਦੀ ਪਤਨੀ ਸ਼ਾਵੀਨਾ ਅਰੋੜਾ ਇੱਕ ਪੇਸ਼ੇਵਰ ਹੇਅਰ ਸਟਾਈਲਿਸਟ ਅਤੇ ਮੇਕਅੱਪ ਕਲਾਕਾਰ ਹੈ। ਉਹ ਬਰੈਂਪਟਨ ‘ਚ ਆਪਣੀ ਸੱਤ ਸਾਲਾਂ ਦੀ ਧੀ ਇਲੀਆਨਾ ਅਰੋੜਾ ਨਾਲ ਰਹਿੰਦੇ ਹਨ।

 

ਅਬਦੁਲ ਲਤੀਫ਼ ਵੱਲੋਂ