ਰਿਪਬਲਿਕ ਸਰਵੀਸਿਜ਼ ਨੂੰ ਮਿਲਿਆ ਪਹਿਲਾ ਕੂੜਾ ਢੋਣ ਵਾਲਾ ਇਲੈਕਟ੍ਰਿਕ ਟਰੱਕ

Avatar photo
(ਤਸਵੀਰ : ਮੈਕ ਟਰੱਕਸ)

ਰਿਪਬਲਿਕ ਸਰਵੀਸਿਜ਼ ਨੂੰ ਆਪਣੇ ਪਹਿਲੇ ਮੈਕ ਐਲ.ਆਰ. ਇਲੈਕਟ੍ਰਿਕ ਕੂੜਾ ਢੋਣ ਵਾਲੇ ਟਰੱਕ ਦੀ ਡਿਲੀਵਰੀ ਮਿਲ ਗਈ ਹੈ।

6 ਅਕਤੂਬਰ ਨੂੰ ਗ੍ਰੀਨਸਬੋਰੋ ਵਿਖੇ ਮੈਕ ਟਰੱਕਸ ਦੇ ਹੈੱਡਕੁਆਰਟਰ ‘ਚ ਹੋਏ ਇੱਕ ਵਰਚੂਅਲ ਸਮਾਗਮ ਅਤੇ ਪ੍ਰੈੱਸ ਕਾਨਫ਼ਰੰਸ ਦੌਰਾਨ ਚਾਬੀਆਂ ਸੌਂਪੀਆਂ ਗਈਆਂ। ਟਰੱਕ ਨੂੰ ਹਿਕੋਰੀ ਵਿਖੇ ਰਿਹਾਇਸ਼ੀ ਰੂਟ ‘ਤੇ ਸੇਵਾ ‘ਚ ਲਗਾਇਆ ਜਾਵੇਗਾ, ਜਦਕਿ ਮੈਕ ਇਸ ਨੂੰ 2021 ‘ਚ ਵਪਾਰਕ ਤੌਰ ‘ਤੇ ਮੁਹੱਈਆ ਕਰਵਾਉਣ ਤੋਂ ਪਹਿਲਾਂ ਇਸ ਦੀ ਕਾਰਗੁਜ਼ਾਰੀ ਦੀ ਜਾਂਚ ਕਰੇਗਾ।

ਮੈਕ ਟਰੱਕਸ ਲਈ ਉੱਤਰੀ ਅਮਰੀਕੀ ਸੇਲਜ਼ ਅਤੇ ਕਮਰਸ਼ੀਅਲ ਆਪਰੇਸ਼ਨ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਨੇ ਕਿਹਾ, ”ਮੈਕ ਟਰੱਕਸ ਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਰਿਪਬਲਿਕ ਦੀ ਪਹਿਲੀ ਪੂਰੀ ਤਰ੍ਹਾਂ ਇਲੈਕਟ੍ਰਿਕ ਰਿਫ਼ੀਊਜ਼ ਗੱਡੀ ਮੈਕ ਐਲ.ਆਰ. ਇਲੈਕਟ੍ਰਿਕ ਹੈ। ਐਲ.ਆਰ. ਇਲੈਕਟ੍ਰਿਕ ਦੇ ਕਈ ਲਾਭ ਹਨ ਜਿਨ੍ਹਾਂ ‘ਚ ਜ਼ੀਰੋ ਗ੍ਰੀਨ ਹਾਊਸ ਗੈਸਾਂ (ਜੀ.ਐਚ.ਜੀ.) ਦਾ ਉਤਸਰਜਨ ਅਤੇ ਘੱਟ ਸ਼ੋਰ ਸ਼ਾਮਲ ਹੈ, ਅਤੇ ਅਸੀਂ ਰਿਪਬਲਿਕ ਦੀਆਂ ਕਾਰੋਬਾਰੀ ਜ਼ਰੂਰਤਾਂ ਨੂੰ ਇਸ ਪੂਰੀ ਤਰ੍ਹਾਂ ਬਿਜਲੀ ‘ਤੇ ਚੱਲਣ ਵਾਲੇ ਟਰੱਕ ਨਾਲ ਪੂਰਾ ਕਰਨ ਲਈ ਸਾਂਝੇਦਾਰੀ ਦੀ ਉਮੀਦ ਰਖਦੇ ਹਾਂ।”

ਇਸ ਟਰੱਕ ‘ਚ ਦੋ ਇਲੈਕਟ੍ਰਿਕ ਮੋਟਰਾਂ ਲੱਗੀਆਂ ਹਨ ਜੋ ਕਿ 536 ਹਾਰਸ ਪਾਵਰ ਅਤੇ 4051 ਪਾਊਂਡ-ਫ਼ੁੱਟ ਟੋਰਕ ਪੈਦਾ ਕਰ ਸਕਦੀਆਂ ਹਨ। ਇਸ ‘ਚ ਚਾਰ ਲੀਥੀਅਮ ਦੀਆਂ ਬੈਟਰੀਆਂ ਲੱਗੀਆਂ ਹਨ, ਜਿਨ੍ਹਾਂ ਨੂੰ 90 ਮਿੰਟਾਂ ‘ਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ। ਮੈਕ ਨੇ ਦੱਸਿਆ ਕਿ ਇਸ ਦੀ ਹੇਲ ਕਮਾਂਡਰ ਐਸ.ਟੀ. ਆਟੋਮੇਟਡ ਸਾਈਡ ਲੋਡਰ ਬਾਡੀ ਨੂੰ ਇਲੈਕਟ੍ਰਿਕ ਟਰੱਕਾਂ ਦੀ ਜ਼ਰੂਰਤ ਅਨੁਸਾਰ ਢਾਲਿਆ ਗਿਆ ਹੈ। ਇਹ ਹਲਕੀ ਬਾਡੀ ਹੈ ਜਿਸ ਨਾਲ ਇਸ ਦੀ ਭਾਰ ਢੋਣ ਦੀ ਸਮਰਥਾ ਵੱਧ ਤੋਂ ਵੱਧ ਹੁੰਦੀ ਹੈ ਅਤੇ ਇਹ ਸਿਰਫ਼ ਉਦੋਂ ਬਿਜਲੀ ਖ਼ਰਚ ਕਰਦੀ ਹੈ ਜਦੋਂ ਜ਼ਰੂਰਤ ਹੁੰਦੀ ਹੈ, ਜਿਸ ਨਾਲ ਇਸ ਦੀ ਬੈਟਰੀ ਦੀ ਉਮਰ ਵੱਧਦੀ ਹੈ। ਏ.ਐਸ.ਐਲ. ਬਾਡੀ-ਮਾਊਂਟਡ ਹੈ ਤਾਂ ਕਿ ਬੈਟਰੀਆਂ ਅਤੇ ਹੋਰ ਸਹਾਇਕ ਕਲਪੁਰਜ਼ਿਆਂ ਲਈ ਥਾਂ ਖ਼ਾਲੀ ਹੋ ਸਕੇ।

ਵੇਸਟ ਖੇਤਰ ‘ਚ ਹਰ ਸਾਲ 7,000 ਟਰੱਕ ਖ਼ਰੀਦੇ ਜਾਂਦੇ ਹਨ, ਜਿਨ੍ਹਾਂ ‘ਚੋਂ 55% ਐਲ.ਆਰ. ਵਰਗੇ ਕੈਬਓਵਰ ਹਨ। ਰੈਂਡਲ ਨੇ ਕਿਹਾ ਕਿ ਮੈਕ ਇੱਕੋ-ਇੱਕ ਓ.ਈ.ਐਮ. ਹੈ ਜੋ ਕਿ ਦੋ ਕੈਬਓਵਰ ਪਲੇਟਫ਼ਾਰਮ ਮੁਹੱਈਆ ਕਰਵਾਉਂਦਾ ਹੈ ਜਿਨ੍ਹਾਂ ‘ਚ ਐਲ.ਆਰ. ਅਤੇ ਟੈਰਾਪ੍ਰੋ ਸ਼ਾਮਲ ਹਨ। ਇਸ ਤੋਂ ਇਲਾਵਾ ਗ੍ਰੇਨਾਈਟ ਅਤੇ ਰੋਲਆਫ਼ ਕੁੱਝ ਹੋਰ ਇਕੱਠਾ ਕਰਨ ਵਾਲੇ ਕੰਮਾਂ ਲਈ ਹਨ।

ਮੱਧ-ਅਟਲਾਂਟਿਕ ਖੇਤਰ ਦੇ ਖੇਤਰ ਪ੍ਰੈਜ਼ੀਡੈਂਟ ਸ਼ੇਨ ਵਾਕਰ ਨੇ ਕਿਹਾ ਕਿ ਰਿਪਬਲਿਕ ਸਰਵੀਸਿਜ਼ ਕੋਲ 16,000 ਤੋਂ ਵੱਧ ਟਰੱਕਾਂ ਦਾ ਫ਼ਲੀਟ ਹੈ ਅਤੇ ਇਹ ਹਰ ਰੋਜ਼ 50 ਲੱਖ ਤੋਂ ਜ਼ਿਆਦਾ ਪਿਕਅੱਪ ਕਰਦੀ ਹੈ।

ਮੈਕ ਐਲ.ਆਰ. ਇਲੈਕਟ੍ਰਿਕ ਟਰੱਕ ਕੋਈ ਧੂੰਆਂ ਨਹੀਂ ਛੱਡੇਗਾ ਅਤੇ ਇਸ ਦੀ ਆਵਾਜ਼ ਵੀ ਘੱਟ ਹੋਵੇਗੀ। ਰੈਂਡਲ ਨੇ ਮਜ਼ਾਕ ਕਰਦਿਆਂ ਕਿਹਾ ਕਿ ਜੋ ਲੋਕ ਕੂੜਾ ਚੁੱਕਣ ਵਾਲੇ ਟਰੱਕ ਦੀ ਆਵਾਜ਼ ਸੁਣਨ ਮਗਰੋਂ ਹੀ ਘਰਾਂ ਦੇ ਬਾਹਰ ਕੂੜਾ ਲੈ ਆਉਂਦੇ ਸਨ ਉਨ੍ਹਾਂ ਨੂੰ ਹੁਣ ਟਰੱਕ ਦੇ ਆਉਣ ਦਾ ਸਮਾਂ ਯਾਦ ਕਰ ਕੇ ਰੱਖਣਾ ਪਵੇਗਾ।

ਮੈਕ ਟਰੱਕਸ ਦੇ ਤਕਨੀਕੀ ਪ੍ਰੋਡਕਟ ਮੈਨੇਜਰ ਸਕਾਟ ਬਾਰਾਕਲੋ ਨੇ ਕਿਹਾ ਕਿ ਐਲ.ਆਰ. ਇਲੈਕਟ੍ਰਿਕ ਨੂੰ ਪਹਿਲੇ ਮਾਡਲ ‘ਤੇ ਹੀ ਤਿਆਰ ਕੀਤਾ ਗਿਆ ਹੈ ਜਿਸ ‘ਚ ਪਹਿਲਾਂ ਹੀ ਬਿਹਤਰੀਨ ਵਿਊਂਤਬੰਦੀ, ਦ੍ਰਿਸ਼ਟਤਾ ਅਤੇ ਅੰਦਰ ਬੈਠਣ ਦੀ ਖੁੱਲ੍ਹੀ ਥਾਂ ਹੈ। ਇਲੈਕਟ੍ਰਿਕ ਮੈਕ ਟਰੱਕਾਂ ਦੇ ਹੁੱਡ ‘ਤੇ ਤਾਂਬੇ ਦਾ ਬੁੱਲਡੌਗ ਬਣਿਆ ਹੁੰਦਾ ਹੈ। ਰਿਪਬਲਿਕ ਸਰਵੀਸਿਜ਼ ਐਲ.ਆਰ. ਇਲੈਕਟ੍ਰਿਕ ਦਾ ਚਾਰ ਬੈਟਰੀਆਂ ਵਾਲਾ ਟਰੱਕ ਲੈ ਰਹੀ ਹੈ, ਜਿਨ੍ਹਾਂ ‘ਚੋਂ ਦੋ ਕੈਬ ਦੇ ਪਿੱਛੇ ਹਨ ਅਤੇ ਬਾਕੀ ਚੈਸਿਸ ‘ਤੇ ਹਨ। ਇਨ੍ਹਾਂ ਨੂੰ ਟੇਢੇ ਦਾਅ ਲਗਾਇਆ ਗਿਆ ਹੈ ਤਾਂ ਕਿ ਸਾਈਡ ਲੋਡਰ ਲਈ ਖੁੱਲ੍ਹੀ ਥਾਂ ਮਿਲ ਸਕੇ।

ਜਿਸ ਥਾਂ ‘ਤੇ ਆਮ ਤੌਰ ‘ਤੇ ਡੀਜ਼ਲ ਇੰਜਣ ਹੁੰਦਾ ਹੈ ਉੱਥੇ ਮਾਡਿਊਲਰ ਪਾਵਰ ਬਾਕਸ ਰੱਖਿਆ ਗਿਆ ਹੈ। ਇਸ ‘ਚ ਕੇਂਦਰੀ ਚਾਰਜਿੰਗ ਯੂਨਿਟ, ਇਲੈਕਟ੍ਰੋਨਿਕ ਕੰਟਰੋਲ ਯੂਨਿਟ, ਫ਼ਿਊਜ਼ ਪੈਨਲ, ਥਰਮਲ ਮੈਨੇਜਮੈਂਟ ਸਿਸਟਮ ਅਤੇ ਜੰਕਸ਼ਨ ਬਾਕਸ ਵੀ ਹੈ। ਪੂਰੀ ਗੱਡੀ ਦਾ ਭਾਰ ਡੀਜ਼ਲ ਇੰਜਣ ਮੈਕ ਐਲ.ਆਰ. ਤੋਂ ਜ਼ਿਆਦਾ ਹੈ ਪਰ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਇਹ ਕਿੰਨਾ ਜ਼ਿਆਦਾ ਹੋਵੇਗਾ। ਪੱਖੇ ਅਤੇ ਹੋਰ ਸਹਾਇਕ ਉਪਕਰਨ ਬਿਜਲੀ ਨਾਲ ਚੱਲਣ ਵਾਲੇ ਹਨ ਅਤੇ ਹਾਈਡ੍ਰੋਲਿਕਸ ਨੂੰ ਚਲਾਉਣ ਲਈ ਈ-ਪੀ.ਟੀ.ਓ. ਚੈਸਿਸ ‘ਤੇ ਲਗਾਇਆ ਜਾਵੇਗਾ। ਟਰੱਕ 536 ਦੀ ਸਿਖਰਲੀ ਹਾਰਸ ਪਾਵਰ (ਐਚ.ਪੀ.) ਜਾਂ 448 ਦੀ ਨਿਰੰਤਰ ਐਚ.ਪੀ. ਪੈਦਾ ਕਰ ਸਕਦਾ ਹੈ।

ਐਲ.ਆਰ. ਇਲੈਕਟ੍ਰਿਕ ਦੀ ਮੈਕ ਦੇ ਗਾਰਡਡੌਗ ਕੁਨੈਕਟ ਟੈਲੀਮੈਟਿਕਸ ਅਤੇ ਰਿਮੋਟ ਡਾਇਗਨੋਸਟਿਕਸ ਰਾਹੀਂ ਨਿਗਰਾਨੀ ਕੀਤੀ ਜਾ ਸਕਦੀ ਹੈ। ਰੈਂਡਲ ਨੇ ਕਿਹਾ ਕਿ ਇਸ ਰਾਹੀਂ ਮੈਕ ਟਰੱਕ ਦੀ ਕਾਰਗੁਜ਼ਾਰੀ ‘ਤੇ ਸਫ਼ਰ ਦੌਰਾਨ ਨਿਗਰਾਨੀ ਰੱਖ ਸਕਦਾ ਹੈ।

ਰਿਪਬਲਿਕ ਸਰਵੀਸਿਜ਼ ਨੂੰ ਇਲੈਕਟ੍ਰਿਕ ਟਰੱਕ ਨਾਲ ਫ਼ਿਊਲ ਦੀ ਬੱਚਤ ਤੋਂ ਇਲਾਵਾ ਮੁਰੰਮਤ ‘ਤੇ ਬੱਚਤ ਦੀ ਵੀ ਉਮੀਦ ਹੈ ਕਿਉਂਕਿ ਬ੍ਰੇਕਾਂ ਦਾ ਘਸਣਾ ਘੱਟ ਹੋਵੇਗਾ ਅਤੇ ਵਾਰ-ਵਾਰ ਤੇਲ ਬਦਲਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਅਸਲ ‘ਚ ਰੈਂਡਲ ਨੇ ਕਿਹਾ ਕਿ ਬੈਟਰੀ ‘ਤੇ ਚੱਲਣ ਵਾਲੇ ਟਰੱਕਾਂ ਲਈ ਕੂੜਾ ਚੁੱਕਣ ਦਾ ਕੰਮ ਬਿਹਤਰੀਨ ਰਹੇਗਾ ਕਿਉਂਕਿ ਇਹ ਟਰੱਕ ਹਰ ਰਾਤ ਚਾਰਜਿੰਗ ਲਈ ਘਰ ਪਰਤ ਸਕਦੇ ਹਨ ਅਤੇ ਸਫ਼ਰ ਦੌਰਾਨ ਕਈ ਵਾਰੀ ਰੁਕਣ ਨਾਲ ਬੈਟਰੀਆਂ ਤੋਂ ਇਕਸਾਰ ਪਾਵਰ ਮਿਲਦੀ ਰਹਿੰਦੀ ਹੈ।

ਮੈਕ ਦਾ ਪਹਿਲਾ ਐਲ.ਆਰ. ਇਲੈਕਟ੍ਰਿਕ ਟਰੱਕ ਇਸ ਸਾਲ ਨਿਊਯਾਰਕ ਸਿਟੀ ਡਿਪਾਰਟਮੈਂਟ ਆਫ਼ ਸੈਨੀਟੇਸ਼ਨ ਫ਼ਲੀਟ ‘ਚ ਲਗਾਇਆ ਗਿਆ ਸੀ।