ਰੀਜਨ ਆਫ਼ ਪੀਲ ਬਣਨਾ ਚਾਹੁੰਦਾ ਹੈ ਸੰਯੁਕਤ ਰਾਸ਼ਟਰ ਦਾ ਖੇਤਰੀ ਮੁਹਾਰਤ ਕੇਂਦਰ

Avatar photo

ਕੈਨੇਡਾ ਦੇ ਸਭ ਤੋਂ ਵੱਡੇ ਫ਼ਰੇਟ ਕੇਂਦਰ, ਰੀਜਨ ਆਫ਼ ਪੀਲ, ਨੇ ਕੌਮਾਂਤਰੀ ਅਧਿਕਾਰ ਖੇਤਰ ਦਾ ਹਿੱਸਾ ਬਣਨ ਦੀ ਚਾਹਤ ਦਾ ਪ੍ਰਗਟਾਵਾ ਕੀਤਾ ਹੈ ਜੋ ਕਿ ਨਿਰੰਤਰ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਇੱਕ ਉੱਚ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਪੀਲ ‘ਚ ਆਰ.ਸੀ.ਈ. ਸਥਾਪਤ ਹੋਣ ਨਾਲ ਟਿਕਾਊ ਆਵਾਜਾਈ ਅਤੇ ਵਸਤਾਂ ਦੀ ਢੋਆ-ਢੁਆਈ ਦੇ ਮਾਮਲੇ ‘ਤੇ ਧਿਆਨ ਕੇਂਦਰਤ ਕਰਨ ‘ਚ ਮੱਦਦ ਮਿਲੇਗੀ। (ਤਸਵੀਰ: ਆਰ.ਸੀ.ਈ. ਨੈੱਟਵਰਕ)

ਰੀਜਨ ਆਫ਼ ਪੀਲ ਦੇ ਚੇਅਰਮੈਨ ਨੈਂਡੋ ਈਆਨੀਕਾ ਨੇ ਸਮਾਰਟ ਫ਼ਰੇਟ ਸਿੰਪੋਜ਼ੀਅਮ 2020 ਨੂੰ ਦੱਸਿਆ ਕਿ ਪੀਲ ਨੇ ਨਿਰੰਤਰ ਵਿਕਾਸ ਲਈ ਸਿੱਖਿਆ ਬਾਰੇ ਸੰਯੁਕਤ ਰਾਸ਼ਟਰ ਦੇ ਖੇਤਰੀ ਮੁਹਾਰਤ ਕੇਂਦਰ (ਆਰ.ਸੀ.ਈ.) ‘ਚ ਨਾਮਜ਼ਦਗੀ ਲਈ ਬਿਨੈ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਅਗਲੇ ਮਹੀਨੇ ਆ ਜਾਵੇਗਾ।

ਆਰ.ਸੀ.ਈ. ਸੰਯੁਕਤ ਰਾਸ਼ਟਰ ਦੇ ਨਿਰੰਤਰ ਵਿਕਾਸ ਟੀਚਿਆਂ ਨੂੰ ਲਾਗੂ ਕਰਨ ‘ਚ ਪ੍ਰਮੁੱਖ ਭੂਮਿਕਾ ਅਦਾ ਕਰਦਾ ਹੈ। ਪੂਰੀ ਦੁਨੀਆਂ ‘ਚ 175 ਆਰ.ਸੀ.ਈ. ਹਨ ਅਤੇ ਕੈਨੇਡਾ ‘ਚ ਇਨ੍ਹਾਂ ਦੀ ਗਿਣਤੀ ਸਿਰਫ਼ ਛੇ ਹੈ।

ਈਆਨੀਕਾ ਨੇ ਕਿਹਾ ਕਿ ਪੀਲ ‘ਚ ਆਰ.ਸੀ.ਈ. ਦੀ ਸਥਾਪਨਾ ਟਿਕਾਊ ਆਵਾਜਾਈ ਅਤੇ ਵਸਤਾਂ ਦੀ ਢੋਆ-ਢੁਆਈ ਦੇ ਵਿਸ਼ੇ ‘ਤੇ ਕੇਂਦਰਤ ਹੋਵੇਗੀ।

ਉਨ੍ਹਾਂ ਕਿਹਾ, ”ਇਸ ਨਾਲ ਪੀਲ ਅਤੇ ਇਸ ਦੇ ਸਾਂਝੇਦਾਰਾਂ ‘ਚ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਅਤੇ ਸਾਰੇ ਭਾਈਚਾਰਿਆਂ ਦੇ ਸਾਂਝੇ ਵਿਕਾਸ ਅਤੇ ਵਿਸਤਾਰ ‘ਤੇ ਧਿਆਨ ਕੇਂਦਰਤ ਹੋਵੇਗਾ।”

ਉਨ੍ਹਾਂ ਅੱਗੇ ਕਿਹਾ, ”ਪੀਲ ਖੇਤਰ ਦੀ ਸਥਿਤੀ (ਗ੍ਰੇਟਰ) ਟੋਰਾਂਟੋ ਅਤੇ ਹੈਮਿਲਟਨ ਖੇਤਰ (ਜੀ.ਟੀ.ਐਚ.ਏ.) ਵਿਚਕਾਰ ਸਥਿਤ ਹੈ ਜਿਸ ਦੇ ਨਤੀਜੇ ਵਜੋਂ ਸਾਡਾ ਭਾਈਚਾਰਾ ਆਵਾਜਾਈ ‘ਤੇੇ ਕੇਂਦਰਤ ਹੈ ਅਤੇ ਇਸ ਨੂੰ ਵਸਤਾਂ ਦੀ ਢੋਆ-ਢੁਆਈ ਦੇ ਮਾਮਲੇ ‘ਚ ਕਈ ਦਹਾਕਿਆਂ ਤਕ ਮੋਢੀ ਰਹਿਣ ਦਾ ਤਜ਼ਰਬਾ ਹੈ, ਜਿਸ ਨੂੰ ਕੌਮਾਂਤਰੀ ਭਾਈਚਾਰੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ।”

ਈਆਨੀਕਾ ਨੇ ਕਿਹਾ ਕਿ ਪੀਲ ਖੇਤਰ ‘ਚ 2,000 ਤੋਂ ਜ਼ਿਆਦਾ ਟਰੱਕਿੰਗ ਕੰਪਨੀਆਂ ਹਨ ਜਿਸ ‘ਚ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਟਾਊਨ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਇਸ ਖੇਤਰ ਤੋਂ, ਇਸ ਖੇਤਰ ਤਕ ਅਤੇ ਇਸ ‘ਚੋਂ 2 ਅਰਬ ਡਾਲਰ ਦੀਆਂ ਵਸਤਾਂ ਦੀ ਹਰ ਰੋਜ਼ ਆਵਾਜਾਈ ਹੁੰਦੀ ਹੈ। ਕੁਲ ਮਿਲਾ ਕੇ ਵਸਤਾਂ ਦੀ ਆਵਾਜਾਈ ਨਾਲ ਸੰਬੰਧਤ ਉਦਯੋਗ ਸਾਲਾਨਾ ਪੀਲ ਦੀ ਆਰਥਿਕਤਾ ‘ਚ 50 ਅਰਬ ਡਾਲਰ ਜਾਂ ਇਸ ਦੀ ਜੀ.ਡੀ.ਪੀ. ਦਾ 48% ਯੋਗਦਾਨ ਕਰਦਾ ਹੈ।

ਪੀਲ ਦੀ ਆਰਥਿਕਤਾ ‘ਚ ਵਸਤਾਂ ਦੀ ਆਵਾਜਾਈ ਨਾਲ ਸੰਬੰਧਤ ਉਦਯੋਗ ਹਰ ਸਾਲ 50 ਅਰਬ ਡਾਲਰ ਦਾ ਯੋਗਦਾਨ ਦਿੰਦੇ ਹਨ। (ਤਸਵੀਰ: ਆਰ.ਸੀ.ਈ. ਨੈੱਟਵਰਕ)

ਪੀਲ ਖੇਤਰ ‘ਚ ਯਾਤਰੀ ਅਤੇ ਕਾਰਗੋ ਟਰੈਫ਼ਿਕ ਪੱਖੋਂ ਦੇਸ਼ ਦਾ ਸਭ ਤੋਂ ਵੱਡਾ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਹਵਾਈ ਅੱਡਾ ਵੀ ਸਥਿਤ ਹੈ। ਇਸ ਦੇ ਨਾਲ ਸੀ.ਐਨ. ਰੇਲ ਦਾ ਸਭ ਤੋਂ ਵੱਡਾ ਅੰਤਰਮੋਡਲ ਟਰਮੀਨਲ ਬਰੈਂਪਟਨ ਯਾਰਡ ਵੀ ਇਥੇ ਹੀ ਸਥਿਤ ਹੈ।

ਈਆਨੀਕਾ ਨੇ ਕਿਹਾ ਕਿ 2019 ‘ਚ ਸਮਾਰਟ ਫ਼ਰੇਟ ਸੈਂਟਰ ਦੀ ਉਸਾਰੀ ਨੇ ਜੀ.ਟੀ.ਐਚ.ਏ. ‘ਚ ਵਸਤਾਂ ਦੀ ਆਵਾਜਾਈ ਬਿਹਤਰ ਕਰਨ ‘ਚ ਮੱਦਦ ਕੀਤੀ ਹੈ। ਉਨ੍ਹਾਂ ਕਿਹਾ, ”ਉਦਾਹਰਣ ਵਜੋਂ ਸਮਾਰਟ ਫ਼ਰੇਟ ਸੈਂਟਰ ‘ਚ ਮੁਕੰਮਲ ਬਹੁਤ ਸਾਰੇ ਸਫ਼ਲ ਪ੍ਰਾਜੈਕਟਾਂ ‘ਚ ਆਫ਼-ਪੀਕ ਡਿਲੀਵਰੀ ਪਾਈਲਟ ਪ੍ਰਾਜੈਕਟ ਸ਼ਾਮਲ ਹੈ ਜੋ ਕਿ ਉਤਸਰਜਨ ਘਟਾਉਣ ਦੇ ਨਾਲ ਨੈੱਟਵਰਕ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਨਵੀਂ ਕਾਢ ਹੈ।”

ਯੂਨੀਵਰਸਿਟੀਆਂ ਨੇ ਪਹਿਲ ਦਾ ਸਮਰਥਨ ਕੀਤਾ

ਪੀਲ ਵਿਖੇ ਟਰਾਂਸਪੋਰਟੇਸ਼ਨ ਸਿਸਟਮ ਯੋਜਨਾਬੰਦੀ ਦੇ ਮੈਨੇਜਰ ਸੱਬੀਰ ਸਈਅਦ ਨੇ ਸਾਡੇ ਗਰੁੱਪ ਦੀ ਪ੍ਰਕਾਸ਼ਨ ਟੂਡੇਜ਼ ਟਰੱਕਿੰਗ ਨੂੰ ਕਿਹਾ ਕਿ ਆਰ.ਸੀ.ਈ. ਦੀਆਂ ਪ੍ਰਮੁੱਖ ਜ਼ਰੂਰਤਾਂ ‘ਚ ਵਿੱਦਿਅਕ ਸੰਸਥਾਨਾਂ ਦੀ ਹਮਾਇਤ ਸ਼ਾਮਲ ਹੈ।

ਉਨ੍ਹਾਂ ਕਿਹਾ, ”ਸਾਨੂੰ ਟੋਰਾਂਟੋ ਯੂਨੀਵਰਸਿਟੀ, ਯੌਰਕ ਯੂਨੀਵਰਸਿਟੀ, ਮੈਕਮਾਸਟਰ ਯੂਨੀਵਰਸਿਟੀ ਅਤੇ ਰਾਇਰਸਨ ਯੂਨੀਵਰਸਿਟੀ ਤੋਂ ਹਮਾਇਤ ਪੱਤਰ ਮਿਲਿਆ ਹੈ।”

ਵਾਤਾਵਰਣ ਫ਼ੰਡ ਅਤੇ ਪੈਂਬੀਨਾ ਇੰਸਟੀਚਿਊਟ ਨੇ ਵੀ ਇਸ ਪਹਿਲ ਦਾ ਸਵਾਗਤ ਕੀਤਾ ਹੈ।

ਸਈਅਦ ਨੇ ਕਿਹਾ ਕਿ ਟਿਕਾਊ ਆਵਾਜਾਈ ਪੀਲ ਦੇ 2017-21 ਵਸਤਾਂ ਦੀ ਆਵਾਜਾਈ ਰਣਨੀਤੀ ਯੋਜਨਾ ਦਾ ਪ੍ਰਮੁੱਖ ਹਿੱਸਾ ਹੈ, ਜਿਸ ਨਾਲ ਇਸ ਨੂੰ ਲਾਗੂ ਕਰਨ ‘ਚ ਮੱਦਦ ਹੋਣ ਦੀ ਉਮੀਦ ਹੈ।

ਪੀਲ ਨੇ ਕਿਹਾ ਕਿ ਆਰ.ਸੀ.ਈ. ਨੈੱਟਵਰਕ ਰਾਹੀਂ ਪ੍ਰਾਪਤ ਜਾਣਕਾਰੀ ਟਿਕਾਊ ਪਹਿਲਾਂ ਲਾਗੂ ਕਰਨ ਦੇ ਮਾਮਲੇ ‘ਚ ਇਸ ਖੇਤਰ ਨੂੰ ਹੋਰਨਾਂ ਅਧਿਕਾਰ ਖੇਤਰਾਂ ਦੇ ਤਜਰਬੇ ਤੋਂ ਸਿੱਖਣ ‘ਚ ਮੱਦਦ ਕਰੇਗਾ।

ਇਸ ਨੇ ਕਿਹਾ ਕਿ ਇਸ ਨਾਮਜ਼ਦਗੀ ਨਾਲ ਕੋਈ ਵਿੱਤੀ ਬੋਝ ਨਹੀਂ ਪਵੇਗਾ।