ਰੋਡਚੈੱਕ ਇੰਸਪੈਕਸ਼ਨ ਬਲਿਟਜ਼ ਦੀ ਮਿਤੀ ਬਦਲੀ, ਡਰਾਈਵਰਾਂ ਦੀਆਂ ਜ਼ਰੂਰਤਾਂ ‘ਤੇ ਰਹੇਗਾ ਵਿਸ਼ੇਸ਼ ਧਿਆਨ

Avatar photo

ਕੋਵਿਡ-19 ਕਰਕੇ ਭਾਵੇਂ ਸਾਲਾਨਾ ਰੋਡਚੈੱਕ ਟਰੱਕ ਇੰਸਪੈਕਸ਼ਨ ਬਲਿਟਜ਼ ਦੀ ਮਿਤੀ ਅੱਗੇ ਪੈ ਗਈ ਹੋਵੇ, ਪਰ ਇਸ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਗਿਆ ਹੈ। ਨਵੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ (ਸੀ.ਵੀ.ਐਸ.ਏ.) ਨੇ ਕਿਹਾ ਕਿ ਰੋਡਚੈੱਕ ਹੁਣ 9-11 ਸਤੰਬਰ ਵਿਚਕਾਰ ਹੋਵੇਗਾ।

72 ਘੰਟੇ ਚੱਲਣ ਵਾਲੇ ਇਸ ਈਵੈਂਟ ‘ਚ ਕੈਨੇਡਾ, ਯੂ.ਐਸ. ਅਤੇ ਮੈਕਸੀਕੋ ਤੋਂ ਇੰਸਪੈਕਟਰ ਸ਼ਾਮਲ ਹੁੰਦੇ ਹਨ, ਜੋ ਕਿ ਉਪਕਰਨਾਂ ਦੀ ਹਾਲਤ ਦਾ ਉੱਤਰੀ ਅਮਰੀਕਾ ਦੇ ਅਸੁਰੱਖਿਅਤ ਗੱਡੀਆਂ ਬਾਰੇ ਮਾਨਕਾਂ ਦੇ ਪੈਮਾਨੇ ‘ਤੇ ਜਾਇਜ਼ਾ ਲੈਂਦੇ ਹਨ। ਇਸ ਪਹਿਲ ਦੌਰਾਨ ਇਨਫ਼ੋਰਸਮੈਂਟ ਟੀਮ ਆਮ ਤੌਰ ‘ਤੇ ਪ੍ਰਤੀ ਮਿੰਟ ਲਗਭਗ 17 ਟਰੱਕਾਂ ਦੀ ਜਾਂਚ ਕਰਦੀ ਹੈ।

ਇਸ ਸਾਲ ਦੇ ਬਲਿਟਜ਼ ‘ਚ ਵਿਸ਼ੇਸ਼ ਧਿਆਨ ਡਰਾਈਵਰਾਂ ਦੀਆਂ ਜ਼ਰੂਰਤਾਂ ‘ਤੇ ਕੇਂਦਰਤ ਹੋਵੇਗਾ ਜਿਵੇਂ ਕਿ ਲਾਇਸੰਸ ਦਸਤਾਵੇਜ਼, ਡਿਊਟੀ ਸਟੇਟਸ ਦਾ ਰੀਕਾਰਡ, ਮੈਡੀਕਲ ਜ਼ਰੂਰਤਾਂ ਅਤੇ ਹੋਰ।

ਡਰਾਈਵਰਾਂ ਬਾਰੇ ਜਾਂਚ ਕਰਨ ਸਮੇਂ ਡਰਾਈਵਰ ਦੇ ਦਸਤਾਵੇਜ਼ਾਂ ਦੀ ਪੜਤਾਲ, ਮੋਟਰ ਕੈਰੀਅਰ ਦੀ ਪਛਾਣ, ਡਰਾਈਵਰ ਦੇ ਲਾਇਸੈਂਸ ਦੀ ਜਾਂਚ, ਡਿਊਟੀ ਸਟੇਟਸ ਦੇ ਰੀਕਾਰਡ ਦੀ ਜਾਂਚ ਅਤੇ ਸਮੇਂ-ਸਮੇਂ ‘ਤੇ ਕੀਤੀਆਂ ਜਾਂਚਾਂ ਦੀ ਰੀਪੋਰਟ ਦੀ ਸਮੀਖਿਆ ਕਰਨਾ ਸ਼ਾਮਲ ਹੈ। ਇੰਸਪੈਕਟਰ ਮੈਡੀਕਲ ਜਾਂਚਕਰਤਾ ਦਾ ਸਰਟੀਫ਼ਿਕੇਟ, ਸਕਿੱਲ ਪਰਫ਼ਾਰਮੈਂਸ ਇਵੈਲਿਊਏਸ਼ਨ ਸਰਟੀਫ਼ਿਕੇਟ ਅਤੇ ਡਰਾਈਵਰ ਦੀ ਡੇਲੀ ਟਰਿੱਪ ਇੰਸਪੈਕਸ਼ਨ ਵੀ ਵੇਖ ਸਕਦੇ ਹਨ।

ਇੰਸਪੈਕਟਰ ਇਸ ਗੱਲ ਦੀ ਵੀ ਜਾਂਚ ਕਰਨਗੇ ਕਿ ਡਰਾਈਵਰ ਨੇ ਸੀਟ ਬੈਲਟ ਬੰਨ੍ਹੀ ਹੋਈ ਹੈ ਜਾਂ ਨਹੀਂ, ਉਹ ਬੀਮਾਰ, ਥਕਾਨ ਨਾਲ ਪੀੜਤ ਜਾਂ ਸ਼ਰਾਬ ਜਾਂ ਕਿਸੇ ਹੋਰ ਨਸ਼ੇ ‘ਚ ਤਾਂ ਨਹੀਂ ਹੈ।

ਪਿਛਲੇ ਸਾਲ ਦੇ ਰੋਡਚੈੱਕ ਦੌਰਾਨ ਕੈਨੇਡਾ ‘ਚ 7014 ਗੱਡੀਆਂ ਦੀ ਜਾਂਚ ਹੋਈ ਸੀ, ਜਿਨ੍ਹਾਂ ‘ਚੋਂ 19.9% ਗੱਡੀਆਂ ਸੇਵਾ ਦਾ ਸਮਾਂ ਟਪਾ ਚੁੱਕੀਆਂ ਸਨ ਅਤੇ 2% ਡਰਾਈਵਰ ਮਿੱਥੇ ਸਮੇਂ ਤੋਂ ਜ਼ਿਆਦਾ ਕੰਮ ਕਰ ਰਹੇ ਸਨ।

2019 ‘ਚ ਇਸ ਜਾਂਚ ਦਾ ਧਿਆਨ ਸਟੀਅਰਿੰਗ ਅਤੇ ਸਸਪੈਂਸ਼ਨ ਸਿਸਟਮ ‘ਤੇ ਸੀ ਅਤੇ ਇਸ ‘ਚ 2.5% ਗੱਡੀਆਂ ‘ਚ ਸਟੀਅਰਿੰਗ ਨਿਯਮਾਂ ਦੀ ਉਲੰਘਣਾ ਪਾਈ ਗਈ ਜਦਕਿ 4.3% ਗੱਡੀਆਂ ਸਸਪੈਂਸ਼ਨ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਸਨ।

ਯੂ.ਐਸ. ਫ਼ੈਡਰਲ ਮੋਟਰ ਕੈਰੀਅਰ ਸੁਰੱਖਿਆ ਪ੍ਰਸ਼ਾਸਨ ਵੱਲੋਂ 2019 ‘ਚ ਕੁਲ 3.36 ਮਿਲੀਅਨ ਜਾਂਚਾਂ ਵਿਚੋਂ 952,938 ਡਰਾਈਵਰਾਂ ਨੂੰ ਨਿਯਮਾਂ ਦੀ ਉਲੰਘਣਾ ਕਰਦਿਆਂ ਫੜ੍ਹਿਆ ਸੀ।

ਸੀ.ਵੀ.ਐਸ.ਏ. ਦੇ ਪ੍ਰੈਜ਼ੀਡੈਂਟ ਜੌਨ ਸੈਮਿਸ ਨੇ ਕਿਹਾ, ”ਭਾਵੇਂ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਸਾਡਾ ਧਿਆਨ ਅਤੇ ਬੰਦੇ ਕਿਸੇ ਹੋਰ ਪਾਸੇ ਲੱਗੇ ਹੋਏ ਸਨ, ਪਰ ਹੁਣ ਕਮਰਸ਼ੀਅਲ ਮੋਟਰ ਵਹੀਕਲ ਲਾਅ ਇਨਫ਼ੋਰਸਮੈਂਟ ਕਮਿਊਨਿਟੀ ਨੇ ਸੜਕਾਂ ਕਿਨਾਰੇ ਜਾਂਚ ਅਤੇ ਇਨਫ਼ੋਰਸਮੈਂਟ ਡਿਊਟੀਆਂ ਦੇ ਪ੍ਰੋਗਰਾਮ ਵੱਲ ਆਪਣਾ ਧਿਆਨ ਮੋੜ ਦਿੱਤਾ ਹੈ।” ਉਹ ਡੈਲਾਵੇਅਰ ਸਟੇਟ ਪੁਲਿਸ ‘ਚ ਸਾਰਜੈਂਟ ਹਨ।

”ਅਧਿਕਾਰ ਖੇਤਰ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਮੇਂ ਅਨੁਸਾਰ ਲਾਗੂ ਹੋ ਗਏ ਹਨ ਜਿਨ੍ਹਾਂ ਦਾ ਮੁੱਖ ਜ਼ੋਰ ਫ਼ੈਡਰਲ ਸੁਰੱਖਿਆ ਮਾਨਕਾਂ ਅਨੁਸਾਰ ਖਸਤਾਹਾਲ ਗੱਡੀਆਂ ਅਤੇ ਅਯੋਗ ਡਰਾਈਵਰਾਂ ਨੂੰ ਸੜਕਾਂ ਤੋਂ ਹਟਾਉਣਾ ਹੈ।”

ਕੈਨੇਡੀਅਨ ਇੰਸਪੈਕਟਰ ਨੈਸ਼ਨਲ ਸੇਫ਼ਟੀ ਕੋਡ ਅਤੇ ਪ੍ਰੋਵਿੰਸ ਦੇ ਕਾਨੂੰਨਾਂ ਦਾ ਪ੍ਰਯੋਗ ਕਰ ਕੇ ਕਾਨੂੰਨ ਦੀ ਪਾਲਣਾ ਯਕੀਨੀ ਕਰਦੇ ਹਨ, ਜਦਕਿ ਅਮਰੀਕੀ ਜਾਂਚਾਂ ਫ਼ੈਡਰਲ ਮੋਟਰ ਕੈਰੀਅਰ ਸੁਰੱਖਿਆ ਰੈਗੂਲੇਸ਼ਨਾਂ ‘ਤੇ ਅਧਾਰਤ ਹਨ।

ਰੋਡਚੈੱਕ ਦੌਰਾਨ ਕੀਤੀਆਂ ਗਈਆਂ ਜ਼ਿਆਦਾਤਰ ਜਾਂਚਾਂ 37-ਨੁਕਾਤੀ ਪੱਧਰ 1 ਦੀਆਂ ਜਾਂਚਾਂ ਹਨ।